Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਵੈਨੇਜ਼ੂਏਲਾ ਵਿਚ ਸਿਆਸੀ ਉਥਲ-ਪੁਥਲ ਅਤੇ ਅਮਰੀਕਾ - ਮਨਦੀਪ


    
  

Share
  
ਵੈਨੇਜ਼ੂਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਭ ਤੋਂ ਵੱਡਾ ਤੇਲ ਉਤਪਾਦਕ ਮੁਲਕ ਹੈ। ਤੇਲ ਆਧਾਰਿਤ ਆਰਥਿਕਤਾ ਵਾਲਾ ਇਹ ਮੁਲਕ ਗੈਸ ਭੰਡਾਰਨ ਵਿਚ ਸੰਸਾਰ ਵਿਚੋਂ ਚੌਥੇ ਨੰਬਰ ‘ਤੇ ਆਉਂਦਾ ਹੈ। ਇਸ ਤੋਂ ਇਲਾਵਾ ਉੱਥੇ ਸੋਨਾ, ਹੀਰੇ, ਐਲੂਮੀਨੀਅਮ, ਲੋਹਾ, ਪਾਣੀ ਅਤੇ ਕੌਲਟਨ ਦੇ ਵੀ ਬੇਥਾਹ ਭੰਡਾਰ ਹਨ। ਅਰਬ ਮੁਲਕਾਂ ਨਾਲੋਂ ਵੀ ਵਾਫਰ ਤੇਲ ਭੰਡਾਰ ਵਾਲਾ ਇਹ ਮੁਲਕ ਅੱਜ ਵਿਦੇਸ਼ੀ ਕਰਜ਼, ਭੁੱਖਮਰੀ, ਗੈਰ-ਬਰਾਬਰੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿਚ ਘਿਰਿਆ ਹੋਇਆ ਹੈ। ਸਾਲ 2010 ਤੋਂ ਡੂੰਘੇ ਆਰਥਿਕ ਸੰਕਟ ‘ਚ ਫਸਿਆ ਵੈਨੇਜ਼ੂਏਲਾ ਇਸ ਸਮੇਂ ਵੱਡੇ ਸਿਆਸੀ ਸੰਕਟ ਵਿਚ ਘਿਰ ਗਿਆ ਹੈ ਅਤੇ ਇਸ ਸਮੇਂ ਸੰਸਾਰ ਮੰਚ ‘ਤੇ ਦੋ ਵੱਡੀਆਂ ਵਿਚਾਰਧਾਰਾਵਾਂ ਦੇ ਆਪਸੀ ਖਹਿ-ਭੇੜ ਦਾ ਕੇਂਦਰ ਬਣਿਆ ਹੋਇਆ ਹੈ। ਇਹ ਕਤਾਰਬੰਦੀ ਮੁੱਖ ਤੌਰ ‘ਤੇ ਭਾਵੇਂ ਖੱਬੇਪੱਖੀ ਅਤੇ ਸੱਜੇਪੱਖੀ ਵਿਚਾਰਧਾਰਾ ਦੇ ਬੁਨਿਆਦੀ ਵਖਰੇਵੇਂ ਨੂੰ ਲੈ ਕੇ ਸਾਹਮਣੇ ਆਈ ਹੈ ਪਰ ਅਮਰੀਕਾ ਦੇ ਸਿੱਧੇ ਦਖਲ ਦੇ ਨਾਲ ਨਾਲ ਅੰਤਰ-ਸਾਮਰਾਜੀ ਟਕਰਾਅ ਵੀ ਦੇਖਣ ਨੂੰ ਮਿਲ ਰਿਹਾ ਹੈ।
ਮੁਲਕ ‘ਚ ਪਿਛਲੇ ਦੋ ਦਹਾਕਿਆਂ ਤੋਂ ਖੱਬੇਪੱਖੀ ਸਰਕਾਰ ਹੈ। ਤਾਜ਼ਾ ਘਟਨਾਕ੍ਰਮ ਇਹ ਹੈ ਕਿ ਮੌਜੂਦਾ ਖੱਬੇਪੱਖੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਵੱਡੇ ਆਰਥਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਅਮਰੀਕਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਹੇਠ ਜਾਰੀ ਅਧਿਕਾਰਤ ਬਿਆਨ ਤਹਿਤ ਵੈਨੇਜ਼ੂਏਲਾ ਦੇ ਮਾਦੁਰੋ ਦੇ ਮੁਕਾਬਲੇ ਵਿਰੋਧੀ ਧਿਰ ਦੇ ਆਗੂ ਖੂਆਨ ਗੁਆਇਦੋ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਅਤੇ ਅੱਠ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੀ ਚੋਣ ਦੀ ਰਸਮੀ ਕਰਵਾਈ ਪੂਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ। ਖੂਆਨ ਗੁਆਇਦੋ ਨੇ ਅਮਰੀਕੀ ਪ੍ਰਸ਼ਾਸਨ ਦੀ ਪ੍ਰਵਾਨਗੀ ਲੈ ਕੇ ਵੱਡਾ ਜਨਤਕ ਇਕੱਠ ਕਰਕੇ ਆਪਣੇ ਆਪ ਨੂੰ ਵੈਨੇਜ਼ੂਏਲਾ ਦਾ ਨਵਾਂ ਰਾਸ਼ਟਰਪਤੀ ਐਲਾਨ ਦਿੱਤਾ। ਇਸ ਦੌਰਾਨ ਵੈਨੇਜ਼ੂਏਲਾ ਦੇ ਲੋਕਾਂ ਦੀ ਰਾਇ ਅਤੇ ਕਿਸੇ ਵੀ ਤਰ੍ਹਾਂ ਦੀ ਲੋਕਤੰਤਰਿਕ ਵਿਧੀ ਨੂੰ ਅੱਖੋਂ-ਪਰੋਖੇ ਕਰਕੇ ਲੋਕਾਂ ਨੂੰ ਮਾਦੁਰੋ ਸਰਕਾਰ ਖਿਲਾਫ ਭੜਕਾ ਕੇ ਕੁਝ ਹਿੰਸਕ ਤੇ ਬਗਾਵਤੀ ਕਾਰਵਾਈਆਂ ਨੂੰ ਵੀ ਅੰਜਾਮ ਦਿੱਤਾ ਗਿਆ। ਇਸ ਪਿੱਛੇ ਮਕਸਦ ਇਹ ਸੀ ਕਿ ਸਰਕਾਰ ਅਤੇ ਹਜੂਮ ਵਿਚਕਾਰ ਟਕਰਾਅ ਪੈਦਾ ਕਰਕੇ ਸਰਕਾਰ ਖਿਲਾਫ ਆਮ ਬਗਾਵਤ ਦਾ ਮਹੌਲ ਸਿਰਜਿਆ ਜਾ ਸਕੇ ਅਤੇ ਕੌਮਾਂਤਰੀ ਮੀਡੀਆ ਤੇ ਸੰਸਥਾਵਾਂ-ਸੰਗਠਨਾਂ ਦੀ ਰਾਇ ਨੂੰ ਮਾਦੁਰੋ ਸਰਕਾਰ ਖਿਲਾਫ ਅਤੇ ਆਪਣੇ ਪੱਖ ‘ਚ ਭੁਗਤਾਇਆ ਜਾ ਸਕੇ।
ਮਾਦੁਰੋ ਸਰਕਾਰ ਵੱਲੋਂ ਹਿੰਸਕ ਭੀੜ ਨੂੰ ਦਬਾਉਣ ਲਈ ਕੀਤੀ ਪੁਲੀਸ ਤੇ ਫੌਜੀ ਕਾਰਵਾਈ ਵਿਚ ਕਈ ਮੌਤਾਂ ਤੇ ਗ੍ਰਿਫਤਾਰੀਆਂ ਹੋਈਆਂ। ਸਰਕਾਰ ਦੀ ਇਸ ਕਾਰਵਾਈ ਨੂੰ ਤਾਨਾਸ਼ਾਹ ਕਰਾਰ ਦੇ ਕੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਐਮਰਜੈਂਸੀ ਮੀਟਿੰਗ ਬੁਲਾ ਕੇ ਅਮਰੀਕਾ ਪੱਖੀ ਮੁਲਕਾਂ ਦੀ ਬਹੁਸੰਮਤੀ ਨੂੰ ਆਪਣੇ ਪੱਖ ‘ਚ ਭੁਗਤਾ ਕੇ 9-4 ਦੇ ਫਰਕ ਨਾਲ ਵੈਨੇਜ਼ੂਏਲਾ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ। ਅਮਰੀਕਾ ਨੇ ਵੈਨੇਜ਼ੂਏਲਾ ਨੂੰ ਮਾਫੀਆ ਸਟੇਟ ਐਲਾਨਦਿਆਂ ਲਾਤੀਨੀ ਅਮਰੀਕਾ ਦੇ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ ਆਦਿ ਮੁਲਕਾਂ ਦੀਆਂ ਅਮਰੀਕਾ ਪੱਖੀ ਸੱਜੇਪੱਖੀ ਸਰਕਾਰਾਂ ਨੂੰ ਵੈਨੇਜ਼ੂਏਲਾ ਖ਼ਿਲਾਫ਼ ਸ਼ਰੀਕ ਬਣਾ ਕੇ ਖੜ੍ਹੇ ਕਰ ਦਿੱਤਾ। ਬੈਂਕ ਆਫ ਇੰਗਲੈਂਡ ਜਿਸ ਕੋਲ ਵੈਨੇਜ਼ੂਏਲਾ ਦਾ 1.2 ਅਰਬ ਡਾਲਰ ਦਾ ਸੋਨਾ ਅਮਾਨਤ ਵਜੋਂ ਪਿਆ ਸੀ, ਨੇ ਅਮਰੀਕਾ ਦੇ ਇਸ਼ਾਰੇ ‘ਤੇ ਉਹ ਸੋਨਾ ਮਦੁਰੋ ਸਰਕਾਰ ਨੂੰ ਵਾਪਸ ਦੇਣ ਤੋਂ ਨਾਂਹ ਕਰ ਦਿੱਤੀ। ਅਮਰੀਕਾ ਦੀ ਵੈਨੇਜ਼ੂਏਲਾ ‘ਚ ਸਿੱਧੇ ਦਖਲ ਅਤੇ ਕੌਮਾਂਤਰੀ ਪੱਧਰ ‘ਤੇ ਵੈਨੇਜ਼ੂਏਲਾ ਖਿਲ਼ਾਫ਼ ਕੀਤੀ ਜਾ ਰਹੀ ਕਤਾਰਬੰਦੀ ਵੈਨੇਜ਼ੂਏਲਾ ਸਰਕਾਰ ਦਾ ਤਖਤਾ ਪਲਟ ਕੇ ਗੋਆਇਦੋ ਦੇ ਪ੍ਰਭਾਵ ਨੂੰ ਮਜ਼ਬੂਤ ਕਰਨ ਦੀਆਂ ਕਾਰਵਾਈਆਂ ਹਨ।ਅਮਰੀਕਾ-ਵੈਨੇਜ਼ੂਏਲਾ ਵਿਚਕਾਰ ਦੋ ਦਹਾਕਿਆਂ ਤੋਂ ਸੁਲਗਦੇ ਆ ਰਹੇ ਸਬੰਧਾਂ ਪਿੱਛੇ ਮੁੱਖ ਕਾਰਨ ਵੈਨੇਜ਼ੂਏਲਾ ਦੇ ਤੇਲ ਸਰੋਤ ਹਨ। ਮੌਜੂਦਾ ਸਮੇਂ ਤੇਲ ਨੂੰ ਤੀਲੀ ਡੋਨਲਡ ਟਰੰਪ ਪ੍ਰਸ਼ਾਸਨ ਨੇ ਲਾਈ ਹੈ। ਵੈਨੇਜ਼ੂਏਲਾ, ਅਮਰੀਕਾ ਦੇ ਸਭ ਤੋਂ ਵੱਡੇ ਦੋ ਸ਼ਰੀਕਾਂ ਰੂਸ ਤੇ ਚੀਨ ਨੂੰ ਤੇਲ ਬਰਾਮਦ ਕਰਦਾ ਹੈ। ਵੈਨੇਜ਼ੂਏਲਾ ਅਮਰੀਕਾ ਨੂੰ ਵੀ ਕੱਚਾ ਤੇਲ ਵੇਚਦਾ ਹੈ ਪਰ ਅਮਰੀਕਾ ਨੂੰ ਤੇਲ ਬਰਾਮਦ ਕਰਨ ਦੀਆਂ ਸੀਮਾਵਾਂ ਅਤੇ ਅਮਰੀਕਾ ਦੇ ਕੁਝ ਪੁਰਾਣੇ ਖਾਤੇ ਵੈਨੇਜ਼ੂਏਲਾ ਸਰਕਾਰ ਦੁਆਰਾ ਬਲੌਕ ਕੀਤੇ ਹੋਣ ਕਾਰਨ ਸਾਲ 2017 ‘ਚ ਟਰੰਪ ਪ੍ਰਸ਼ਾਸਨ ਨੇ ਵੈਨੇਜ਼ੂਏਲਾ ਸਰਕਾਰ ਖਿਲਾਫ ਆਰਥਿਕ ਨਾਕਾਬੰਦੀ ਦਾ ਐਲਾਨ ਕਰ ਦਿੱਤਾ। ਦੂਜਾ, ਆਰਥਿਕ ਸੰਕਟ ‘ਚ ਘਿਰੀ ਮਾਦੁਰੋ ਸਰਕਾਰ ਤੇ ਦਬਾਅ ਪਾਉਣ ਲਈ ਇਹ ਸ਼ਰਤ ਰੱਖ ਦਿੱਤੀ ਗਈ ਕਿ ਜੇਕਰ ਵੈਨੇਜ਼ੂਏਲਾ ਬਲੌਕ ਹੋਏ ਖਾਤਿਆਂ ‘ਚ ਪੈਸੇ ਜਮ੍ਹਾਂ ਕਰਵਾਉਂਦਾ ਹੈ ਤਾਂ ਅਗਾਂਹ ਤੋਂ ਤੇਲ ਦੀ ਖਰੀਦ ਜਾਰੀ ਰਹੇਗੀ, ਨਹੀਂ ਤਾਂ ਉਹ ਵੈਨੇਜ਼ੂਏਲਾ ਤੋਂ ਤੇਲ ਨਹੀਂ ਖਰੀਦਣਗੇ।ਇਸ ਸੂਰਤ ਵਿਚ ਮਾਦੁਰੋ ਸਰਕਾਰ ਬੁਰੀ ਤਰ੍ਹਾਂ ਘਿਰ ਗਈ। ਜੇ ਉਹ ਟਰੰਪ ਪ੍ਰਸ਼ਾਸਨ ਦੀਆਂ ਸ਼ਰਤਾਂ ਲਾਗੂ ਕਰਦੀ ਤਾਂ ਵੈਨੇਜ਼ੂਏਲਾ ਸਰਕਾਰ ਨੂੰ 1.10 ਕਰੋੜ ਡਾਲਰ ਦਾ ਤੇਲ ਬਰਾਮਦ ਕਰਨਾ ਪੈਣਾ ਸੀ ਅਤੇ 7 ਅਰਬ ਡਾਲਰ ਦੀ ਜਾਇਦਾਦ ਵੇਚਣੀ ਪੈਣੀ ਸੀ ਪਰ ਪਹਿਲਾਂ ਹੀ 15 ਕਰੋੜ ਡਾਲਰ ਦੇ ਵਿਦੇਸ਼ੀ ਕਰਜ਼ ‘ਚ ਡੁੱਬੀ ਸਰਕਾਰ ਲਈ ਇਹ ਸ਼ਰਤਾਂ ਮੰਨਣੀਆਂ ਆਤਮਘਾਤੀ ਕਦਮ ਬਰਾਬਰ ਸੀ। ਇਸ ਲਈ ਮਾਦੁਰੋ ਸਰਕਾਰ ਨੇ ਰੂਸ ਅਤੇ ਚੀਨ ਨਾਲ ਹੋਰ ਨੇੜਤਾ ਕਰ ਲਈ। ਇਹ ਨੇੜਤਾ ਅਮਰੀਕਾ ਲਈ ਨਾ-ਬਰਦਾਸ਼ਤ ਕਰਨ ਯੋਗ ਸੀ। ਇਸ ਲਈ ਉਹ ਲਗਾਤਾਰ ਮਾਦੁਰੋ ਸਰਕਾਰ ਖਿਲਾਫ ਵੈਨੇਜ਼ੂਏਲਾ ‘ਚ ਤਾਇਨਾਤ ਕੀਤੇ ਆਪਣੇ ਸੀਆਈਏ ਏਜੰਟਾਂ ਰਾਹੀਂ ਸਾਜ਼ਿਸ਼ਾਂ ਰਚ ਰਹੇ ਸਨ। 4 ਅਗਸਤ 2018 ‘ਚ ਜਨਤਕ ਇਕੱਠ ਦੌਰਾਨ ਮਾਦੁਰੋ ਉਪਰ ਵਿਸਫੋਟਕ ਡਰੋਨ ਰਾਹੀਂ ਜਾਨਲੇਵਾ ਹਮਲਾ ਕਰਵਾਇਆ। ਹੁਣ ਜਨਵਰੀ ‘ਚ ਅਮਰੀਕਾ ਨੇ ਵੈਨੇਜ਼ੂਏਲਾ ਦੇ ਆਰਥਿਕ ਸੰਕਟ ‘ਚ ਘਿਰੇ ਹੋਣ ਦਾ ਲਾਹਾ ਲੈਂਦਿਆਂ ਆਪਣੀ ਕਠਪੁਤਲੀ ਸਰਕਾਰ ਰਾਹੀਂ ਰਾਜ ਪਲਟਾ ਕਰਵਾਉਣ ਦੀ ਕੋਸ਼ਿਸ਼ ਕੀਤੀ।
ਵੈਨੇਜ਼ੂਏਲਾ ‘ਚ ਅਮਰੀਕਾ ਸਰਕਾਰ ਦਾ ਦਖਲ ਅਸਲ ਵਿਚ ਪੂਰੇ ਲਾਤੀਨੀ ਮਹਾਂਦੀਪ ਵਿਚ ਅਮਰੀਕੀ ਸਾਮਰਾਜ ਦੇ ਦਖਲ ਦੀ ਅਹਿਮ ਨੀਤੀ ਦਾ ਅੰਗ ਹੈ। ਅਮਰੀਕਾ ਨੇ ਹੁਣ ਤੱਕ ਲਾਤੀਨੀ ਮਹਾਂਦੀਪ ਦੇ ਵੱਖ ਵੱਖ ਮੁਲਕਾਂ ‘ਚ 56 ਵਾਰ ਸਿੱਧੇ ਫੌਜੀ ਦਖਲ ਨਾਲ ਰਾਜ ਪਲਟੇ, ਕਠਪੁਤਲੀ ਸਰਕਾਰਾਂ ਅਤੇ ਆਮ ਬਗਾਵਤਾਂ ਕਰਵਾਈਆਂ ਹਨ। ਅਮਰੀਕਾ ਅਤੇ ਵੈਨੇਜ਼ੂਏਲਾ ਦੇ ਆਪਸੀ ਸਬੰਧ ਉਸ ਸਮੇਂ ਤੋਂ ਵਿਗੜਨੇ ਸ਼ੁਰੂ ਹੋਏ, ਜਦੋਂ ਵੈਨੇਜ਼ੂਏਲਾ ਅੰਦਰ ਹਿਊਗੋ ਸ਼ਾਵੇਜ਼ ਲਾਤੀਨੀ ਅਮਰੀਕੀ ਸਿਆਸੀ ਮੰਚ ‘ਤੇ ਜਾਦੂਈ ਸ਼ਖਸੀਅਤ ਬਣ ਕੇ ਉਭਰਨ ਲੱਗਾ। ਉਹ ਉੱਘਾ ਟਰੇਡ ਯੂਨੀਅਨ ਆਗੂ ਸੀ, ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਉਹ ਲਗਾਤਾਰ ਤੇਲ ਦੀਆਂ ਕੀਮਤਾਂ ਘਟਾਉਣ, ਗੈਰਕਾਨੂੰਨੀ ਮਾਇਨਿੰਗ ਬੰਦ ਕਰਨ, ਅਮਰੀਕੀ ਤੇਲ ਕੰਪਨੀ ਸਟੈਂਡਰਡ ਆਇਲ ਕੰਪਨੀ ਨੂੰ ਮੁਲਕ ਚੋਂ ਬਾਹਰ ਕੱਢ ਕੇ ਕੌਮੀ ਤੇਲ ਕੰਪਨੀ ਬਣਾ ਕੇ ਉਸ ਦਾ ਕੌਮੀਕਰਨ ਕਰਨ, ਖੇਤੀ ਸੁਧਾਰ ਲਾਗੂ ਕਰਨ, ਸਰਕਾਰੀ ਸਿੱੱਖਿਆ ਤੇ ਸਿਹਤ ਸਹੂਲਤਾਂ ਮੁਹੱੱਇਆ ਕਰਵਾਉਣ ਆਦਿ ਬੁਨਿਆਦੀ ਮੁੱੱਦਿਆਂ ਨੂੰ ਉਭਾਰਦਾ ਰਿਹਾ। 1999 ‘ਚ ਜਿੱਤ ਤੋਂ ਬਾਅਦ ਉਸ ਨੇ ਆਪਣੇ ਕਿਊਬਾ ਦੌਰੇ ਤੋਂ ਬਾਅਦ ਕਿਊਬਾ ਸਰਕਾਰ ਦੇ ਸਹਿਜੋਗ ਨਾਲ ਵੈਨੇਜ਼ੂਏਲਾ ‘ਚ ‘ਸਮਾਜਵਾਦੀ ਕਿਸਮ’ ਦਾ ਮਾਡਲ ਅਮਲੀ ਤੌਰ ‘ਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ।
2002 ‘ਚ ਜਾਰਜ ਬੁਸ਼ ਦੀ ਹਕੂਮਤ ਸਮੇਂ ਉਸ ਨੂੰ ਕੌਮਾਂਤਰੀ ਮੀਡੀਆ ਵਿਚ ‘ਰਾਖਸ਼’ ਦੇ ਰੂਪ ‘ਚ ਪੇਸ਼ ਕਰਕੇ ਉਸ ਖਿਲਾਫ ਫੌਜੀ ਕਾਰਵਾਈ ਕਰਕੇ ਗੱਦੀ ਤੋਂ ਲਾਹ ਦਿੱਤਾ ਗਿਆ ਪਰ ਲੋਕਾਂ ਦੇ ਤਿੱਖੇ ਵਿਰੋਧ ਕਾਰਨ 48 ਘੰਟਿਆਂ ਦੇ ਅੰਦਰ ਹੀ ਉਹ ਫਿਰ ਸੱਤਾ ‘ਚ ਆ ਗਿਆ। ਅਮਰੀਕਾ ਦੇ ਇਸ ਫੌਜੀ ਦਖਲ ਨੂੰ ਸ਼ਾਵੇਜ਼ ਨੇ ਆਪਣੀ ਫੌਜੀ ਕੂਟਨੀਤੀ ਅਤੇ ਸੰਗੀ ਖੱਬੇਪੱਖੀ ਮੁਲਕਾਂ ਦੇ ਸਹਿਯੋਗ ਨਾਲ ਅਸਫਲ ਕਰ ਦਿੱਤਾ। ਵੈਨੇਜ਼ੂਏਲਾ ਕਿਊਬਾ ਤੋਂ ਬਾਅਦ ਦੂਜਾ ਅਜਿਹਾ ਮੁਲਕ ਸੀ ਜੋ ਅਮਰੀਕਾ ਨੂੰ ਤਿੱਖੀ ਚੁਣੌਤੀ ਪੇਸ਼ ਕਰ ਰਿਹਾ ਸੀ ਅਤੇ ਸ਼ਾਵੇਜ਼ ਬਾਕੀ ਲਾਤੀਨੀ ਅਮਰੀਕੀ ਮੁਲਕਾਂ ਦੇ ਖੱਬੇਪੱਖੀਆਂ ਨੂੰ ਇਕਜੁੱਟ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਅਮਰੀਕਾ ਲਈ ਇਹ ਵੱਡੀ ਚੁਣੌਤੀ ਸੀ।
ਫੌਜੀ ਕਾਰਵਾਈ ਦੀ ਨਾਕਾਮੀ ਤੋਂ ਬਾਅਦ ਅਮਰੀਕਾ ਨੇ ਵੈਨੇਜ਼ੂਏਲਾ ਦੀ ਆਰਥਿਕ ਨਾਕਾਬੰਦੀ ਸ਼ੁਰੂ ਕਰ ਦਿੱਤੀ। ਇਸ ਨਾਕਾਬੰਦੀ ਅਤੇ ਸ਼ਾਵੇਜ਼ ਦੇ ਅਸਪੱਸ਼ਟ ਵਿਚਾਰਧਾਰਕ-ਸਿਆਸੀ ਪ੍ਰੋਗਰਾਮ ਦੇ ਸਿੱਟੇ ਵਜੋਂ ਵੈਨੇਜ਼ੂਏਲਾ ਦੀ ਆਰਥਿਕਤਾ ‘ਚ ਤੇਲ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਉਸ ਦੁਆਰਾ ਹੋਰ ਖੇਤਰਾਂ ‘ਚ ਕੀਤੇ ਸੁਧਾਰਾਂ ਨਾਲ ਜੋ ਵਕਤੀ ਤੇਜ਼ੀ ਆਈ ਸੀ, ਉਸ ਦਾ ਪਤਨ ਸ਼ੁਰੂ ਹੋ ਗਿਆ। ਉਹ ਭਾਵੇਂ ਸਮਾਜਵਾਦੀ ਵਿਚਾਰਧਾਰਾ ਦਾ ਧਾਰਨੀ ਸੀ ਪਰ ਉਹ ਵੈਨੇਜ਼ੂਏਲਾ ਦੀ ਆਰਥਿਕਤਾ ‘ਚ ਕੁਝ ਕੁ ਕ੍ਰਾਂਤੀਕਾਰੀ ਸੁਧਾਰ ਕਰਨ ਤੋਂ ਇਲਾਵਾ ਬੁਨਿਆਦੀ ਤੌਰ ‘ਤੇ ਸਮਾਜਵਾਦੀ ਆਰਥਿਕਤਾ ਦਾ ਮਾਡਲ ਕਾਇਮ ਨਹੀਂ ਕਰ ਸਕਿਆ। ਇਸ ਲਈ ਮੌਜੂਦਾ ਸੰਕਟ ਪਿੱਛੇ ਬੁਨਿਆਦੀ ਕਾਰਨ ਵੈਨੇਜ਼ੂਏਲਾ ਅੰਦਰ ਸਮਾਜਵਾਦ ਅਤੇ ਸੋਸ਼ਲ ਡੈਮੋਕਰੇਸੀ ਦੇ ਨਾਂ ਹੇਠ ਪੂੰਜੀਵਾਦੀ ਵਿਵਸਥਾ ਦਾ ਸਦਾ ਕਾਇਮ ਤੇ ਵਧਦੇ-ਫੁਲਦੇ ਰਹਿਣਾ ਹੈ। ਨਿਕੋਲਸ ਮਾਦੁਰੋ ਜੋ ਸ਼ਾਵੇਜ਼ ਦਾ ਪੈਰੋਕਾਰ ਹੈ, ਨੇ ਵੀ ਵੈਨੇਜ਼ੂਏਲਾ ਨੂੰ ਰਵਾਇਤੀ ਲੀਹਾਂ ਉੱਤੇ ਹੀ ਅੱਗੇ ਵਧਾਇਆ।
ਤੇਲ ਦੇ ਅਥਾਹ ਭੰਡਾਰ ਜਿੱਥੇ ਵੈਨੇਜ਼ੂਏਲਾ ਦੀ ਆਰਥਿਕਤਾ ਦੀ ਰੀੜ੍ਹ ਹਨ, ਉੱਥੇ ਇਹ ਤੇਲ ਮੁਲਕ ਦੀ ਬਰਬਾਦੀ ਦਾ ਵੀ ਵੱਡਾ ਕਾਰਨ ਬਣਿਆ ਹੋਇਆ ਹੈ। ਤੇਲ ਕਾਰਨ ਸਪੇਨੀ ਸਾਮਰਾਜ ਤੋਂ ਲੈ ਕੇ ਅਮਰੀਕਾ, ਚੀਨ ਤੇ ਰੂਸ ਦੀ ਇਸ ਖਿੱਤੇ ਉੁੱਤੇ ਅੱਖ ਹੈ। ਅਮਰੀਕਾ ਇਸ ਮਾਮਲੇ ਵਿਚ ਸਭ ਤੋਂ ਉਤਾਵਲਾ ਹੈ। ਇਕ ਤਾਂ ਇਹ ਖਿੱਤਾ ਉਸ ਦੀ ਬਗਲ ‘ਚ ਹੈ ਤੇ ਉਸ ਨੂੰ ਕੱਚਾ ਤੇਲ ਦਰਾਮਦ ਕਰਨ, ਸਸਤੀ ਢੋਆ-ਢੁਆਈ, ਕੌਮੀ ਤੇ ਕੌਮਾਂਤਰੀ ਟੈਕਸ ਅਤੇ ਬਿਨਾ ਜੰਗ ਲੜੇ ਹਾਸਲ ਕਰਨਾ ਸੌਖਾ ਹੈ। ਅਰਬ ਦੇ ਤੇਲ ਵਾਲੇ ਖਾੜੀ ਮੁਲਕਾਂ ਦੇ ਮੁਕਾਬਲੇ ਉਸ ਨੂੰ ਇਸ ਖਿੱਤੇ ਅੰਦਰ ਤਿੱਖੇ ਵਿਰੋਧ ਅਤੇ ਵੱਡੀਆਂ ਬਗਾਵਤਾਂ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇਹ ਚਾਹੁੰਦਾ ਹੈ ਕਿ ਤੇਲ ਟੈਕਸਾਂ ਵਿਚ ਕਟੌਤੀ ਕਰਕੇ ਵੈਨੇਜ਼ੂਏਲਾ ਨੂੰ ਖੁੱਲੀ੍ਹ ਮੰਡੀ ‘ਚ ਤਬਦੀਲ ਕੀਤਾ ਜਾਵੇ। ਉੱੱਧਰ ਰੂਸ ਅਤੇ ਚੀਨ ਆਪਣੇ ਸਸਤਾ ਤੇਲ ਹਾਸਲ ਕਰਨ ਦੇ ਹਿੱਤਾਂ ਅਤੇ ਅਮਰੀਕਾ ਨਾਲ ਵਿਰੋਧ ਵਿਚੋਂ ਵੈਨੇਜ਼ੂਏਲਾ ਦੀ ਪੋਲੀ-ਪਤਲੀ ਪਿੱਠ ਥਾਪੜ ਰਹੇ ਹਨ। ਸਿੱਟੇ ਵਜੋਂ ਅਮਰੀਕੀ ਹਕੂਮਤ ਸੰਕਟ ‘ਚ ਘਿਰੇ ਵੈਨੇਜ਼ੂਏਲਾ ਦੇ ਲੋਕਾਂ ਦੀ ਮਦਦ ਦੀ ਬਜਾਏ ਸੰਕਟ ਦਾ ਲਾਹਾ ਲੈਣ ਦੀ ਤਾਕ ‘ਚੋਂ ਹਾਲਾਤ ਵਿਗਾੜ ਰਹੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ