Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਆਸਮਾਨ ਵਿੱਚ ਫੁੱਟਬਾਲ, ਦੇਸ਼ ਮਹਾਨ ਵਿੱਚ ਚੋਣ ਪ੍ਰਚਾਰ--ਐੱਸ.ਪੀ. ਸਿੰਘ*


    
  

Share
  ਲਗਭਗ ਫੁੱਟਬਾਲ ਜਿੱਡਾ ਸੀ, ਬਿਲਕੁਲ ਗੋਲ, ਪਰ ਤਰਥੱਲੀ ਮਚ ਗਈ ਸੀ। 4 ਅਕਤੂਬਰ 1957 ਵਾਲਾ ਸ਼ੁੱਕਰਵਾਰ। ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਵਿਗਿਆਨੀ ਅਤੇ ਕੂਟਨੀਤਿਕ ਅਧਿਕਾਰੀ ਕੁਝ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਤਕਨੀਕੀ ਡਾਟਾ ਦੇ ਆਦਾਨ-ਪ੍ਰਦਾਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਕਿਉਂ ਜੋ 1957-58 ਨੂੰ ਅੰਤਰਰਾਸ਼ਟਰੀ ਜਿਓਫਿਜ਼ੀਕਲ ਸਾਲ ਦੇ ਤੌਰ ’ਤੇ ਮਨਾਇਆ ਜਾ ਰਿਹਾ ਸੀ। ਅਚਾਨਕ ਨਿਊਯਾਰਕ ਟਾਈਮਜ਼ ਅਖ਼ਬਾਰ ਦੇ ਪੱਤਰਕਾਰ ਵਾਲਟਰ ਸੁਲੀਵਾਨ ਨੂੰ ਇੱਕ ਫੋਨ ਆਇਆ ਤਾਂ ਉਹਨੇ ਭਰੇ ਕਮਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਠੀਕ ਐਸ ਵੇਲੇ ਧਰਤੀ ਤੋਂ 600 ਕਿਲੋਮੀਟਰ ਉੱਪਰ ਫੁੱਟਬਾਲ ਜਿੱਡਾ ਸੋਵੀਅਤ ਸੈਟੇਲਾਈਟ ਗਰਦਿਸ਼ ਕਰ ਰਿਹਾ ਹੈ। ਤਾੜੀਆਂ ਵੱਜੀਆਂ। ਅਮਰੀਕੀ ਵਿਗਿਆਨੀਆਂ ਨੇ ਸੋਵੀਅਤ ਨੁਮਾਇੰਦਿਆਂ ਨੂੰ ਸਪੁਤਨਿਕ-1 ਦੀ ਵਧਾਈ ਦਿੱਤੀ। ਡਵਾਈਟ ਡੀ. ਆਈਜ਼ਨਹਾਵਰ ਅਮਰੀਕੀ ਰਾਸ਼ਟਰਪਤੀ ਸਨ। ਵਿਗਿਆਨ ਅੱਗੇ ਵਧ ਰਿਹਾ ਸੀ। ਸੀਤ ਯੁੱਧ ਨੇ ਆਪਣਾ ਰੰਗ ਦਿਖਾਉਣਾ ਹੀ ਸੀ, ਪਰ ਚੋਣਾਂ ਦੂਰ ਸਨ।
1960 ਦੀਆਂ ਚੋਣਾਂ ਨੇ ਪੀੜ੍ਹੀ ਬਦਲਦੀ ਦੇਖੀ। 70 ਸਾਲਾ ਆਈਜ਼ਨਹਾਵਰ ਤੋਂ ਬਾਅਦ 43 ਸਾਲ ਦੇ ਜੌਹਨ ਐੱਫ. ਕੈਨੇਡੀ ਰਾਸ਼ਟਰਪਤੀ ਬਣੇ। ਦੌੜ ਸ਼ੁਰੂ ਹੋ ਚੁੱਕੀ ਸੀ। ਵੀਅਤਨਾਮ ਭਖ ਚੁੱਕਿਆ ਸੀ। ਧਰਤੀ ’ਤੇ ਇਸ ਜੰਗ ਵਿੱਚ ਅਮਰੀਕਾ ਫਸ ਚੁੱਕਿਆ ਸੀ। ਜੰਗ ਦਾ ਦੂਜਾ ਮੁਹਾਜ਼ ਪੁਲਾੜ ਵਿੱਚ ਸੀ। ਭਾਵੇਂ ਅਮਰੀਕੀ ਸੈਟੇਲਾਈਟ ਅਤੇ ਤਕਨੀਕ ਰੂਸ ਦੇ ਮੁਕਾਬਲੇ ਬਹੁਤ ਅੱਗੇ ਸੀ, ਪਰ ਬਿਆਨੀਆ ਇਹ ਬਣ ਗਿਆ ਕਿ ਅਮਰੀਕਾ ਪਛੜ ਗਿਆ ਹੈ। ਅਪਰੈਲ 1961 ਵਿਚ ਰੂਸੀ ਯੂਰੀ ਗਾਗਰਿਨ ਪੁਲਾੜ ਦੀ ਉਡਾਣ ’ਤੇ ਗਿਆ। ਸੋਵੀਅਤ ਯੂਨੀਅਨ ਨੇ ਸਕੂਲਾਂ ’ਚ ਛੁੱਟੀ ਕੀਤੀ, ਫੈਕਟਰੀਆਂ ਵਿੱਚੋਂ ਘੜੀ ਨਾਲ ਬੱਧੇ ਮਜ਼ਦੂਰ ਕੁਝ ਘੰਟਿਆਂ ਲਈ ਵਿਹਲੇ ਕੀਤੇ। ਜਾਓ, ਆਸਮਾਨ ਵੱਲ ਵੇਖੋ। ਸਾਡਾ ਬੰਦਾ 18,000 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤਾਰਿਆਂ ਵਿਚਦੀ ਲੰਘ ਰਿਹਾ ਹੈ।ਅਮਰੀਕਾ ਵਿੱਚ ਰੌਲਾ ਪੈ ਗਿਆ। ਹਾਏ ਦੁਸ਼ਮਣ ਜਿੱਤ ਚੱਲਿਆ ਜੇ। ਵਿਰੋਧੀਆਂ ਨੇ ਰਾਸ਼ਟਰਪਤੀ ਕੈਨੇਡੀ ਦੇ ਨੱਕ ’ਚ ਦਮ ਕਰ ਦਿੱਤਾ। ਮਈ 1961 ਵਿੱਚ ਐਲਨ ਸ਼ੈਪਰਡ ਅਮਰੀਕਾ ਦੇ ਪ੍ਰਾਜੈਕਟ ਮਰਕਰੀ ਅਧੀਨ ਪੁਲਾੜ ਜਾ ਕੇ ਆਇਆ। ਅਮਰੀਕੀ ਕਿਹੜਾ ਰੂਸ ਤੋਂ ਘੱਟ ਸਨ- ਸਕੂਲਾਂ ’ਚ ਛੁੱਟੀ, ਅਦਾਲਤਾਂ ’ਚ ਛੁੱਟੀ। ਪੰਦਰਾਂ ਮਿੰਟ ਉਹ ਖਲਾਅ ਵਿਚ ਲਾ ਕੇ ਆਇਆ। ਦਿਨਾਂ ਤੱਕ ਅਮਰੀਕੀ ਸ਼ਹਿਰਾਂ ਵਿੱਚ ਉਹਦੇ ਸਨਮਾਨ ਵਿੱਚ ਪਰੇਡਾਂ ਨਿਕਲਦੀਆਂ ਰਹੀਆਂ। ਕੁਝ ਸਕੂਲਾਂ ਦਾ ਨਾਮ ਉਹਦੇ ਨਾਮ ’ਤੇ ਰੱਖਿਆ ਗਿਆ।
ਇਸ ਦੌਰਾਨ ਪੂਰੇ ਦੇਸ਼ ਵਿੱਚ ਸਰਕਾਰ ਦੀ ਤੋਏ-ਤੋਏ ਹੋ ਰਹੀ ਸੀ ਕਿਉਂ ਜੋ ਮਹੀਨਾ ਪਹਿਲਾਂ ਕਿਊਬਾ ਉੱਤੇ ਇਕ ਹਮਲੇ ਵਿੱਚ ਵਾਸ਼ਿੰਗਟਨ ਦਾ ਨੱਕ ਵੱਢਿਆ ਗਿਆ ਸੀ। ਇੱਜ਼ਤ ਅਤੇ ਇਕਬਾਲ ਬਚਾਉਣ ਲਈ ਦੇਸ਼ਭਗਤੀ ਦਾ ਬਿਆਨੀਆ ਬਣਾਇਆ ਗਿਆ। ਬੱਸ, ਹੁਣ ਚੰਦਰਮਾ ਤੋਂ ਘੱਟ ਨਹੀਂ। ਅੰਨ੍ਹਾ ਸਰਮਾਇਆ ਝੋਕ ਦਿੱਤਾ ਗਿਆ। ਰਾਸ਼ਟਰਪਤੀ ਕੈਨੇਡੀ ਨੂੰ ਗਿੱਦੜਸਿੰਗੀ ਲੱਭ ਪਈ ਸੀ- ਚੰਦ ਉੱਤੇ ਆਦਮੀ! ਦੌੜ ਭਖ ਗਈ ਸੀ। ਰੂਸੀਆਂ ਦਾ ਮੇਜਰ ਗਿਰਮਨ ਚਿਤੋਵ ਅਗਸਤ ਵਿੱਚ 17 ਵਾਰੀ ਧਰਤੀ ਦੁਆਲੇ ਘੁੰਮ ਆਇਆ। ਜਵਾਬ ਵਿੱਚ ਅਮਰੀਕੀ ‘ਨਾਸਾ’ ਦਾ ਚਿੰਪੈਂਜ਼ੀ ਨਵੰਬਰ ਵਿੱਚ ਪੁਲਾੜ ਦੇ ਦੋ ਚੱਕਰ ਲਾ ਆਇਆ। ਬੰਦੇ ਬਦਲੇ ਬਾਂਦਰ ਸਹੀ, ਮੁਕਾਬਲਾ ਰੁਕ ਨਹੀਂ ਸੀ ਸਕਦਾ। ਪ੍ਰਚਾਰ ਵਿੱਚ ਖ਼ਲਾਅ ਬਰਦਾਸ਼ਤ ਨਹੀਂ ਸੀ।
ਵੀਹ ਫਰਵਰੀ 1962 ਨੂੰ ਲੈਫਟੀਨੈਂਟ ਕਰਨਲ ਜੌਹਨ ਐੱਚ. ਗਲੈੱਨ ਜੂਨੀਅਰ ਪੁਲਾੜ ਵੱਲ ਹੋ ਟੁਰਿਆ। ਟੀਵੀ ਫੈਲ ਚੁੱਕਿਆ ਸੀ, ਧੁੱਤੂ ਵੱਡਾ ਹੋ ਗਿਆ ਸੀ। ਗਲੈੱਨ ਨੂੰ ਕਿਹਾ ਗਿਆ ਕਿ ਉਹ ਆਪਣੀ ਹਰ ਸੈਂਸੇਸ਼ਨ ਨੂੰ ਬਿਆਨ ਕਰੇ। ਗਲੈੱਨ ਪੁਲਾੜ ਤੋਂ ਸਿੱਧਾ ਮੁਖ਼ਾਤਬ ਸੀ। ਪੂਰਾ ਮੁਲਕ ਵੇਖ ਰਿਹਾ ਸੀ। ਲੋਕਾਂ ਨੇ ਇਹ ਸ਼ੋਅ ਵੇਖਣ ਲਈ ਬੜਾ ਪੈਸਾ ਖ਼ਰਚਿਆ। ਟੀਵੀ ’ਤੇ ਗਲੈੱਨ ਬੋਲ ਰਿਹਾ ਸੀ: ‘‘ਹੁਣ ਸੂਰਜ ਦੀ ਰੌਸ਼ਨੀ ਤੇਜ਼ ਹੈ, ਹੁਣ ਇਹ ਮੱਧਮ ਹੋ ਗਈ ਹੈ, ਹੁਣ ਸੰਤਰੀ ਹੋ ਗਈ ਹੈ। ਥੱਲੇ ਨੀਲਾ-ਨੀਲਾ ਹੈ, ਹੁਣ ਰਤਾ ਕਾਲਾ ਹੋ ਗਿਆ ਹੈ।’’ ਖ਼ਲਕਤ ਇੱਕ-ਟੱਕ ਵੇਖ ਰਹੀ ਸੀ, ਕੰਨ ਲਾਈ ਸੁਣ ਰਹੀ ਸੀ। ਅਮਰੀਕਾ ਮਹਾਨ ਹੋ ਰਿਹਾ ਸੀ। ‘‘ਅੱਜ ਮੈਂ ਇੱਕੋ ਦਿਨ ਵਿੱਚ ਚਾਰ ਵਾਰੀ ਸੂਰਜ ਚੜ੍ਹਦਾ ਵੇਖਿਆ!’’ ਵਾਹ! ਪੈਸਾ ਚੋਖਾ ਖਰਚਿਆ ਸੀ ਅਮਰੀਕਨਾਂ, ਲੁਤਫ਼ ਪੂਰਾ ਆ ਰਿਹਾ ਸੀ। ਅਚਾਨਕ ਇੱਕ ਬੱਤੀ ਜਗੀ, ਗਲੈੱਨ ਨੇ ਕਿਹਾ ਸਮਝ ਨਹੀਂ ਆ ਰਿਹਾ, ਕੁਝ ਗੜਬੜ ਹੋਈ ਹੈ। ਮੁਲਕ ਨੇ ਸਾਹ ਰੋਕ ਲਿਆ। ਪਤਾ ਲੱਗਿਆ ਸਭ ਠੀਕ ਹੈ, ਸਾਹ ਦੁਬਾਰਾ ਲੈਣਾ ਸ਼ੁਰੂ ਕੀਤਾ। ਰਾਸ਼ਟਰਪਤੀ ਕੈਨੇਡੀ ਸਮਝ ਚੁੱਕੇ ਸਨ ਕਿ ਤਮਾਸ਼ੇ ਵਿੱਚ ਤਾਕਤ ਕਿੰਨੀ ਹੈ।
ਗਲੈੱਨ ਵਾਪਸ ਆਇਆ ਤਾਂ ਉਹਦੇ ਕਦਮਾਂ ਦੇ ਨਿਸ਼ਾਨਾਂ ਦੁਆਲੇ ਚਿੱਟਾ ਪੇਂਟ ਲਾ ਕੇ ਸਦਾ ਲਈ ਨਿਸ਼ਾਨੀ ਸਾਂਭ ਲਈ ਗਈ। ਉਹਦੀ ਪਤਨੀ ਅਤੇ ਬੱਚਿਆਂ ਉਹਨੂੰ ਘੁੱਟ ਗਲਵੱਕੜੀ ਪਾਈ। ਗਲੈੱਨ ਨੇ ਰੁਮਾਲ ਨਾਲ ਅੱਖੀਆਂ ਪੂੰਝੀਆਂ। ਸਾਈਆਂ ਰੁਮਾਲ ਸਾਂਭ ਕੇ ਸ਼ੀਸ਼ੇ ਦੇ ਡੱਬੇ ਵਿੱਚ ਜੜ੍ਹ ਦਿੱਤਾ। ਅੱਜਕੱਲ੍ਹ ਇਹ ਵੀ ਅਜਾਇਬਘਰ ਵਿੱਚ ਸੁਸ਼ੋਭਿਤ ਹੈ। ਉਪ-ਰਾਸ਼ਟਰਪਤੀ ਲਿੰਡਨ ਬੀ. ਜੌਨਸਨ ਨੇ ਆਖਿਆ, ‘‘ਤੂੰ ਰੱਬ ਦੇ ਸਭ ਤੋਂ ਨੇੜੇ ਜਾਣ ਵਾਲਾ ਹੋ ਨਿਬੜਿਆ ਹੈਂ।’’ ਕੇਪ ਕੈਨੇਵਰਲ ’ਤੇ ਰਾਸ਼ਟਰਪਤੀ ਕੈਨੇਡੀ ਆਪ ਆਏ।
ਗਲੈੱਨ ਨੂੰ ਵੱਡਾ ਕਰਨਾ ਸਿਆਸੀ ਲੋੜ ਲਈ ਜ਼ਰੂਰੀ ਸੀ। ਜੋ ਕਦੀ ਨਹੀਂ ਸੀ ਹੋਇਆ, ਉਹ ਵੀ ਹੋ ਗਿਆ। ਗਲੈੱਨ ਨੇ ਅਮਰੀਕੀ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ। ਉਹਨੂੰ ਸਾਰੇ ਮਹਾਂਦੀਪਾਂ ਵਿੱਚ ਭੇਜਿਆ ਗਿਆ। ਪਾਬਲੋ ਪਿਕਾਸੋ ਆਖਿਆ: ਉਹ ਮੇਰਾ ਭਰਾ ਹੈ।
ਇੱਥੋਂ ਅੱਗੇ ਦੀ ਰਾਮ-ਕਹਾਣੀ ਜਾਂ ਚੰਦ-ਕਥਾ ਦਾ ਅੰਦਾਜ਼ਾ ਤੁਸੀਂ ਆਪੇ ਲਾ ਲਵੋ ਕਿਉਂ ਜੋ ਮੈਂ ਤਾਂ ਇਹ ਦੱਸਣਾ ਚਾਹ ਰਿਹਾ ਹਾਂ ਕਿ ਠੀਕ ਉਸ ਵੇਲੇ ਧਰਤੀ ’ਤੇ ਕੀ ਹੋ ਰਿਹਾ ਸੀ। ਯੂਰੀ ਗਾਗਰਿਨ ਦੀ ਉਡਾਣ ਤੋਂ ਤਿੰਨ ਹਫ਼ਤੇ ਬਾਅਦ ਨਸਲੀ ਵਿਤਕਰੇ ਦੇ ਵਿਰੋਧ ਵਿੱਚ ਸੱਤ ਜਣਿਆਂ ਦਾ ਇੱਕ ਜਥਾ ਵਾਸ਼ਿੰਗਟਨ ਤੋਂ ਬੱਸ ਵਿੱਚ ਬੈਠ ਦੇਸ਼ ਦੇ ਧੁਰ ਦੱਖਣ ਨੂੰ ਚੱਲ ਪਿਆ। ਇਰਾਦਾ ਸਪੱਸ਼ਟ ਸੀ। ਉਹ ਵਰਜੀਨੀਆ, ਉੱਤਰੀ ਕੈਰੋਲੀਨਾ, ਦੱਖਣੀ ਕੈਰੋਲੀਨਾ, ਐਟਲਾਂਟਾ, ਅਲਬਾਮਾ, ਫਿਰ ਮਿਸੀਸਿਪੀ ਤੇ ਨਿਊ ਆਰਲੀਅੰਜ਼ ਵੱਲ ਕੂਚ ਕਰਨਗੇ।
ਇੱਕ ਬੱਸ ਵਿੱਚ ਸੱਤ ਮੁਸਾਫ਼ਿਰ। ਮੁਲਕ ਪਾਟ ਗਿਆ। ਕਿਊਬਾ ਵਾਲੀ ਨੱਕ-ਵਢਾਈ ਹੋ ਚੁੱਕੀ ਸੀ। ਬੱਸ ਦੇ ਮੁਸਾਫ਼ਿਰਾਂ ਨੇ ਪਖ਼ਾਨੇ ਦੇ ਬਾਹਰ ਲੱਗੀਆਂ ਤਖ਼ਤੀਆਂ ਪੜ੍ਹਨੋਂ ਇਨਕਾਰ ਕਰ ਦਿੱਤਾ ਜਿਨ੍ਹਾਂ ’ਤੇ ਲਿਖਿਆ ਸੀ ਕਿ ਕਿਹੜਾ ਕਾਲਿਆਂ ਲਈ ਹੈ ਅਤੇ ਕਿਹੜਾ ਗੋਰਿਆਂ ਲਈ। ਉੱਤਰੀ ਕੈਰੋਲੀਨਾ ਵਿੱਚ ਗੋਰਿਆਂ ਦੇ ਨਾਈ ਨੇ ਉਨ੍ਹਾਂ ਦੇ ਵਾਲ ਕੱਟਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਦੁਕਾਨ ’ਚੋਂ ਬਾਹਰ ਨਾ ਨਿਕਲਣ ਦੀ ਜ਼ਿੱਦ ਫੜ ਲਈ। ਦੱਖਣੀ ਕੈਰੋਲੀਨਾ ਵਿੱਚ ਭੜਕੀ ਭੀੜ ਨੇ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ। ਪੁਲੀਸ, ਪੱਤਰਕਾਰ ਅਤੇ ਸਦੀਆਂ ਦੇ ਸੱਭਿਆਚਾਰ ਦੀ ਦੁਹਾਈ। ਅਲਬਾਮਾ ਵਿੱਚ ਕੂ ਕਲੱਕਸ ਕਲੈਨ ਦੇ ਬੁਰਛਾਗਰਦ ਆ ਪਏ। ਬੱਸ ਵਿੱਚ ਬੰਬ ਡਿੱਗਿਆ। ਭੱਜਦੇ ਯਾਤਰੀਆਂ ਨੂੰ ਭੀੜ ਨੇ ਕੁੱਟਿਆ। ਬਰਮਿੰਘਮ ਵਿੱਚ ਹਾਲਾਤ ਹੋਰ ਵੀ ਖਰਾਬ ਸਨ। ਪੁਲੀਸ ਵੀ ਵਿਤਕਰਾ ਕੀਤਾ। ਸੀਨੀਅਰ ਅਧਿਕਾਰੀਆਂ ਕਿਹਾ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਾਮਨੀ ਨਹੀਂ ਦੇ ਸਕਦੇ। ਦੱਖਣੀ ਰਾਜਾਂ ਦੇ ਗਵਰਨਰਾਂ ਨੇ ਰਾਸ਼ਟਰਪਤੀ ਅਤੇ ਉਹਦੇ ਅਟਾਰਨੀ ਜਨਰਲ ਭਰਾ ਬੌਬ ਕੈਨੇਡੀ ਦੇ ਟੈਲੀਫ਼ੋਨ ਸੁਣਨੇ ਬੰਦ ਕਰ ਦਿੱਤੇ।
ਓਧਰ ਪੁਲਾੜ ਵਿੱਚ ਮੁਲਕ ਮਹਾਨ ਹੁੰਦਾ ਰਿਹਾ। ਨਸਲੀ ਭਿੰਨ-ਭੇਦ ਨੂੰ ਤੋੜਨ ਵਾਲਿਆਂ ਨਵੀਂ ਬੱਸ ਦਾ ਇੰਤਜ਼ਾਮ ਕਰ ਲਿਆ। ਅਲਬਾਮਾ ਦੇ ਮੌਂਟਗੌਮਰੀ ਵਿੱਚ ਬੁਰਛਾਗਰਦਾਂ ਬਸ ਘੇਰ ਲਈ। ਰੰਗ-ਭੇਦ ਨੇ ਰੰਗ ਵਿਖਾ ਦਿੱਤਾ ਸੀ। ਅਮਰੀਕਾ ਪਾਟਿਆ ਪਿਆ ਸੀ। ਮਾਰਟਨ ਲੂਥਰ ਕਿੰਗ ਜੂਨੀਅਰ ਮੌਂਟਗੌਮਰੀ ਪਹੁੰਚ ਗਿਆ ਸੀ। ਕੋਈ ਸੁਰੱਖਿਆ ਦੀ ਗਾਰੰਟੀ ਲੈਣ ਨੂੰ ਤਿਆਰ ਨਹੀਂ ਸੀ। ਜਦੋਂ ਰਾਜ ਦੇ ਗਵਰਨਰ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਤਾਂ ਰਾਸ਼ਟਰਪਤੀ ਕੈਨੇਡੀ ਨੇ ਕਿਹਾ ਕਿ ਅਮਰੀਕੀ ਫ਼ੌਜ ਦੇ ਜਰਨੈਲ ਜਨਰਲ ਗ੍ਰਾਹਮ ਨੂੰ ਕਹੋ ਕਿ ਉਹ ਮੈਨੂੰ ਮੂੰਹ ’ਤੇ ਕਹੇ ਕਿ ਸਾਰੀ ਅਮਰੀਕੀ ਫ਼ੌਜ ਰਲ ਕੇ ਮਾਰਟਿਨ ਲੂਥਰ ਕਿੰਗ ਦੀ ਰੱਖਿਆ ਨਹੀਂ ਕਰ ਸਕਦੀ।
ਜੰਗ ਦਾ ਇੱਕ ਮੁਹਾਜ਼ ਪੁਲਾੜ ਵਿੱਚ ਸੀ ਤਾਂ ਦੂਜਾ ਅਮਰੀਕਾ ਦੀ ਧਰਤੀ ’ਤੇ। ਬੱਸ ਦੇ ਯਾਤਰੀਆਂ ਅੰਤ ਨੂੰ ਜੰਗ ਜਿੱਤੀ, ਨਸਲੀ ਵਿਤਕਰੇ ਵਾਲੇ ਜਿਮ ਕਰੋਅ ਕਾਨੂੰਨ ਹਕੀਕੀ ਰੂਪ ਵਿੱਚ ਖ਼ਤਮ ਹੋਏ, ਪਰ ਬੀਤੇ ਦੀ ਇਹ ਕਥਾ ਕਿਉਂ?
ਇਸ ਲਈ ਕਿਉਂ ਜੋ ਵਕਤ ਬੀਤਣ ਨਾਲ ਇਤਿਹਾਸਕਾਰਾਂ ਨੇ ਵਿਸ਼ਲੇਸ਼ਣ ਕੀਤਾ ਕਿ ਅਮਰੀਕੀ ਸਰਕਾਰ ਦਾ ਧਿਆਨ ਪੁਲਾੜ ਵਿੱਚ ਰਿਹਾ ਅਤੇ ਮੁਲਕ ਵਿੱਚ ਪਾਟੋਧਾੜ ਰਹੀ। ਉਹ ਅਮਰੀਕਨਾਂ ਨੂੰ ਰੂਸੀਆਂ ਤੋਂ ਉੱਤਮ ਜਚਾਉਣ ਲਈ ਪੁਲਾੜੀ ਜੰਗ ਵਿੱਚ ਰੁੱਝੀ ਰਹੀ। ਨਸਲੀ ਵਿਤਕਰਿਆਂ ਬਾਰੇ ਘਟਨਾਕ੍ਰਮ ਦੇ ਪ੍ਰਚਾਰ ਨੇ ਦੁਨੀਆਂ ਭਰ ਵਿੱਚ ਅਮਰੀਕਾ ਦਾ ਮਾੜਾ ਅਕਸ ਬੰਨ੍ਹਿਆ। ਵਿਸ਼ਲੇਸ਼ਕ ਕਹਿੰਦੇ ਹਨ ਕਿ ਪ੍ਰਚਾਰ ਦੀ ਲੜਾਈ ਜਨਤਕ ਪਿੜ ਵਿੱਚ ਹੋ ਰਹੀ ਸੀ ਕਿਉਂ ਜੋ ਟੀਵੀ ਅਤੇ ਰੇਡੀਓ ਵਿਆਪਕ ਪੱਧਰ ’ਤੇ ਫੈਲ ਚੁੱਕੇ ਸਨ।
ਹੁਣ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ। ਪ੍ਰਚਾਰਿਆ ਬਿਆਨੀਆ ਅੱਜ ਦੀ ਅਸਲੀਅਤ ਹੈ। ਚੋਣਾਂ ਵੱਲ ਨੂੰ ਦੌੜਦੇ ਮੁਲਕ ਨੂੰ ‘‘ਅਸੀਂ ਮਹਾਨ ਹਾਂ’’ ਜਾਂ ‘‘ਅਸੀਂ ਮਹਾਨ ਬਣਾ ਦਿਆਂਗੇ’’ ਵਾਲਾ ਬਿਆਨੀਆ ਦੱਸਣ ਦੀ ਅੱਗ ਲੱਗੀ ਹੋਈ ਹੈ। ਕਿਸੇ ਨੂੰ ਦੁਸ਼ਮਣ, ਫਿਰ ਦੁਸ਼ਮਣ ਨੂੰ ਤਾਕਤਵਰ ਦੱਸਿਆ ਜਾ ਰਿਹਾ ਹੈ। ਫਿਰ ਉਹਦੇ ’ਤੇ ਜਿੱਤ ਪ੍ਰਾਪਤ ਕੀਤੀ ਜਾ ਰਹੀ ਹੈ। ਕਦੀ ਹਵਾਈ ਹਮਲੇ ਕਰ, ਕਦੀ ਵਾਪਸ ਮੁੜੇ ਪਾਇਲਟ ਨੂੰ ਪੋਸਟਰਾਂ ’ਤੇ ਚਿਪਕਾ, ਕਦੀ ਲਾਂਘੇ ਉੱਤੇ ‘‘ਸਾਡਾ ਹੱਥ ਉੱਚਾ’’ ਦੇ ਸੁਰ ਵਿੱਚ ਗੱਲਬਾਤ ਕਰ।
ਨੇਤਾ ਆਸਮਾਨ ਵਿੱਚ ਵੀ ਲੜ ਰਿਹਾ ਹੈ, ਜ਼ਮੀਨ ਉੱਤੇ ਲੜੀਵਾਰ ਉਦਘਾਟਨਾਂ ਤੋਂ ਬਾਅਦ ਭਾਸ਼ਣ ਜੜ੍ਹ ਰਿਹਾ ਹੈ। ਚੁਰਾਸੀ ਦੇ ਇਨਸਾਫ਼ ਲਈ ਲੜਦਾ ਕੋਈ ਗੁਜਰਾਤ ਬਾਰੇ ਚੁੱਪ ਰੱਖ ਪਦਮ ਸ੍ਰੀ ਫੜ ਰਿਹਾ ਹੈ। ਦਹਾਕਿਆਂ ਬਾਅਦ ਗੱਫਿਆਂ ਵਾਲੀਆਂ ਯਾਰੀਆਂ ਛੱਡ ਕੋਈ ਟਕਸਾਲੀ ਬਣ ਰਿਹਾ ਹੈ। ‘‘ਪਹਿਲੇ ਆਪ, ਪਹਿਲੇ ਆਪ’’ ਕਰਦਾ ਕੋਈ ਹੁਣ ਕੇਜਰੀ-ਆਪ ਨੂੰ ਗਾਲ੍ਹ ਕੱਢ ਰਿਹਾ ਹੈ। ਡਰਿਆ ਮੁਸਲਿਮ ਭਾਈਚਾਰਾ ਦੜ੍ਹ ਵੱਟ ਅੰਦਰ ਵੜ ਰਿਹਾ ਹੈ। ਹਰ ਕੋਈ ਕਿਸੇ ਰਿਸ਼ਵਤ ਦਾ ਇਲਜ਼ਾਮ ਕਿਸੇ ਦੂਜੇ ਸਿਰ ਮੜ੍ਹ ਰਿਹਾ ਹੈ। ਕਿਸਾਨ ਸੂਲੀ, ਅਧਿਆਪਕ ਟੈਂਕੀ ’ਤੇ ਚੜ੍ਹ ਰਿਹਾ ਹੈ। ਮੁਲਕ ਮਹਾਨ ਬਣ ਰਿਹਾ ਹੈ। ਬੰਦਾ ਚੰਦ ’ਤੇ ਭੇਜਣ ਦਾ ਤਹੱਈਆ ਅਸੀਂ ਵੀ ਕਰ ਲਿਆ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ