Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਪੰਜਾਬੀ ਔਰਤ ਦੇ ਮੁੱਦੇ ਅਤੇ ਚੋਣ ਪਾਰਟੀਆਂ--ਨਿਕਿਤਾ ਆਜ਼ਾਦ


    
  

Share
  ਭਾਰਤ ਵਿਚ ਔਰਤਾਂ ਨੂੰ ਚੋਣਾਂ ਵਿਚ ਹਿੱਸਾ ਲੈਣ ਅਤੇ ਆਪਣੇ ਉਮੀਦਵਾਰ ਚੁਣਨ ਦਾ ਹੱਕ 1947 ਵਿਚ ਮਿਲ ਗਿਆ ਸੀ। ਅੱਜ 72 ਸਾਲ ਬਾਅਦ ਮੁਲਕ ਵਿਚ ਤਕਰੀਬਨ 65% ਔਰਤਾਂ ਵੋਟ ਪਾਉਂਦੀਆਂ ਹਨ ਅਤੇ ਮੁਲਕ ਦਾ ਭਵਿੱਖ ਤੈਅ ਕਰਨ ਦੀ ਸਮਰੱਥਾ ਰੱਖਦੀਆਂ ਹਨ ਪਰ ਕੀ ਸਿਆਸੀ ਪਾਰਟੀਆਂ ਅਤੇ ਸਿਆਸਤ ਦੇ ਭਖੇ ਹੋਏ ਮਾਹੌਲ ਵਿਚ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਔਰਤਾਂ ਦੀ ਅਹਿਮ ਭੂਮਿਕਾ ਮੁਤਾਬਕ ਚਰਚਾ ਕੀਤੀ ਜਾਂਦੀ ਹੈ?
ਅੱਜ ਭਾਵੇਂ ਔਰਤ ਨੂੰ ਚੋਣਾਂ ਵਿਚ ਭਾਗ ਲੈਣ ਦੇ ਕਾਨੂੰਨੀ ਹੱਕ ਮਿਲੇ ਹੋਏ ਹਨ ਪਰ ਜ਼ਿਆਦਾਤਰ ਮੁੱਖਧਾਰਾਈ ਸਿਆਸੀ ਪਾਰਟੀਆਂ ਲਈ ਉਹ ਅਜੇ ਵੀ ਦੂਜੇ ਦਰਜੇ ਦੀ ਨਾਗਰਿਕ ਹੈ ਜਿਸ ਦੇ ਮੁੱਦਿਆਂ ਨੂੰ ਖ਼ੁਦਮੁਖ਼ਤਾਰੀ ਨਾਲ ਸੰਬੋਧਨ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਜਾਂਦੀ। ਅਕਸਰ ਘਰ ਦੇ ਮੁਖੀ ਮਰਦ ਨੂੰ ਸਮੁੱਚੇ ਪਰਿਵਾਰ ਦਾ ਨੁਮਾਇੰਦਾ ਮੰਨਿਆ ਜਾਂਦਾ ਹੈ ਜਿਸ ਅਨੁਸਾਰ ਘਰ ਦੇ ਬਾਕੀ ਜੀਅ ਵੋਟ ਪਾਉਂਦੇ ਹਨ। ਔਰਤ ਨੂੰ ਸੁਤੰਤਰ ਸਿਆਸੀ ਨੁਮਾਇੰਦੇ ਵਾਂਗ ਅਹਿਮੀਅਤ ਹੀ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਉਸ ਦੇ ਮੁੱਦੇ ਸੁਤੰਤਰ ਰੂਪ ਵਿਚ ਉਜਾਗਰ ਨਹੀਂ ਹੁੰਦੇ। ਉਂਜ, ਹਰ ਨਾਗਰਿਕ ਵਾਂਗ ਸਿਆਸਤ ਅਤੇ ਚੋਣਾਂ ਉਸ ਦੇ ਜੀਵਨ ਨੂੰ ਪ੍ਰਤੱਖ ਰੂਪ ਵਿਚ ਪ੍ਰਭਾਵਿਤ ਕਰਦੀਆਂ ਹਨ, ਇਸ ਲਈ ਇਹ ਮੰਗ ਕਰਨੀ ਬਣਦੀ ਹੈ ਕਿ ਸਿਆਸੀ ਪਾਰਟੀਆਂ ਔਰਤ ਨੂੰ ਆਜ਼ਾਦ ਤਜਵੀਜ਼ ਰੱਖਣ ਵਾਲੀ ਜਾਗਰੂਕ ਨਾਗਰਿਕ ਵਾਂਗ ਤਰਜੀਹ ਦੇਣ ਅਤੇ ਔਰਤ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸਵਾਲ ਪੁੱਛੇ। ਪੰਜਾਬ ਵਿਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਔਰਤਾਂ ਕੀ ਸਵਾਲ ਪੁੱਛ ਸਕਦੀਆਂ ਹਨ? ਪੰਜਾਬੀ ਔਰਤ ਦੇ ਮੁੱਦੇ ਕੀ ਹਨ?
ਪੰਜਾਬ ਵਿਚ ਲੜਕੀਆਂ ਦੀ ਮੁਫ਼ਤ ਉੱਚ ਸਿੱਖਿਆ ਦਾ ਮੁੱਦਾ ਕਿਸੇ ਕਚਹਿਰੀ ਵਿਚ ਤਰੀਕ ‘ਤੇ ਤਰੀਕ ਪੈਣ ਨਾਲੋਂ ਘੱਟ ਨਹੀਂ ਹੈ। ਹਰ ਸਿਆਸੀ ਪਾਰਟੀ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਫ਼ਤ ਸਿੱਖਿਆ ਦਾ ਵਾਅਦਾ ਕਰਦੀ ਹੈ ਪਰ ਇਹ ਪੂਰਾ ਹੋਣ ਦੀ ਥਾਂ ਅਗਲੀਆਂ ਚੋਣਾਂ ਲਈ ਜਨਤਾ ਨੂੰ ਭਾਵੁਕ ਕਰਕੇ ਹਮਾਇਤ ਲੈਣ ਦਾ ਕੰਮ ਹੀ ਕਰਦਾ ਹੈ। ਖ਼ੈਰ, ਪਿਛਲੇ ਸਾਲਾਂ ਦੌਰਾਨ ਪੰਜਾਬ ਵਿਚ ਚੰਗਾ ਬਦਲਾਓ ਆਇਆ ਹੈ ਕਿ ਲੜਕੀਆਂ ਵਧ-ਚੜ੍ਹ ਕੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਪਰ ਇਹ ਸਿੱਖਿਆ ਕਿਸ ਤਰ੍ਹਾਂ ਦੀ ਹੈ, ਇਸ ‘ਤੇ ਗੌਰ ਫਰਮਾਉਣ ਦੀ ਲੋੜ ਹੈ।

ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਵੰਡਣਾ ਨਹੀਂ ਸਗੋਂ ਮਨੁੱਖ ਦੀ ਸਿਰਜਣਾਤਮਕ ਅਤੇ ਆਲੋਚਨਾਤਮਕ ਸ਼ਕਤੀ ਦੀ ਚਿਣਗ ਲਾ ਕੇ ਉਸ ਦੀ ਸ਼ਖਸੀਅਤ ਦਾ ਬਹੁਪੱਖੀ ਵਿਕਾਸ ਕਰਨਾ ਹੁੰਦਾ ਹੈ। ਅਫ਼ਸੋਸ, ਪੰਜਾਬ ਦੇ ਜ਼ਿਆਦਾਤਰ ਵਿੱਦਿਅਕ ਅਦਾਰੇ ਇਹ ਭੂਮਿਕਾ ਨਿਭਾਉਣ ਦੀ ਥਾਂ ਪਿਤਰਕੀ ਦੇ ਪੂਰਕ ਬਣ ਰਹੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਲੜਕੀਆਂ ਨੂੰ ਉਨ੍ਹਾਂ ਦੇ ਮੂਲ ਸੰਵਿਧਾਨਿਕ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਦੇ ਨਿਜੀ ਫੈਸਲੇ – ਕਿਹੜੇ ਕੱਪੜੇ ਪਾਉਣੇ ਹਨ, ਕਿੰਨੇ ਵਜੇ ਹੋਸਟਲ ਜਾਣਾ ਹੈ, ਕਿਸ ਨਾਲ ਕੀ ਰਿਸ਼ਤਾ ਰੱਖਣਾ ਹੈ, ਪਿਆਰ ਕਰਨਾ ਹੈ ਜਾਂ ਨਹੀਂ, ਕਿਹੜਾ ਸੰਚਾਰ ਯੰਤਰ ਇਸਤੇਮਾਲ ਕਰਨਾ ਹੈ – ਸਭ ਕੁਝ ਵਿੱਦਿਅਕ ਅਦਾਰੇ ਤੈਅ ਕਰਦੇ ਹਨ ਅਤੇ ਲੜਕੀਆਂ ਦੀ ਸੁਤੰਤਰ ਹੋਂਦ ਦੇ ਵਿਕਸਿਤ ਹੋਣ ਦੇ ਰਸਤੇ ਵਿਚ ਅੜਿੱਕੇ ਖੜ੍ਹੇ ਕਰਦੇ ਹਨ। ਕੀ ਕੋਈ ਸਿਆਸੀ ਪਾਰਟੀ ਲੜਕੀਆਂ ਦੀ ਸਿੱਖਿਆ ਦੇ ਇਸ ਪੱਖ ਬਾਰੇ ਸੋਚ ਰਹੀ ਹੈ? ਕੀ ਕੋਈ ਪਾਰਟੀ ਲੜਕੀਆਂ ਨੂੰ ਬਹੁਪੱਖੀ ਸਿੱਖਿਆ ਦੇਣ ਦੇ ਹੱਕ ਵਿਚ ਹੈ?
ਪੰਜਾਬ ਦੇ ਪਿੰਡਾਂ ਵਿਚ ਪਿਛਲੇ ਸਾਲਾਂ ਵਿਚ ਦਲਿਤਾਂ ਦਾ ਸੰਘਰਸ਼ ਤਿੱਖਾ ਹੋਇਆ ਹੈ। ਪੰਚਾਇਤੀ ਜ਼ਮੀਨ ਦੇ ਐਕਟ ਅਧੀਨ ਦਲਿਤਾਂ ਦਾ ਪਿੰਡ ਦੀ 33% ਪੰਚਾਇਤੀ ਜ਼ਮੀਨ ਉੱਤੇ ਹੱਕ ਹੈ ਪਰ ਜਦੋਂ ਵੀ ਉਨ੍ਹਾਂ ਇਸ ਹੱਕ ਦੇ ਅਮਲ ਲਈ ਆਵਾਜ਼ ਉਠਾਈ ਹੈ, ਉਨ੍ਹਾਂ ਨੂੰ ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਚ ਪਿੰਡ ਦੇ ਸਾਰੇ ਦਲਿਤ ਭਾਈਚਾਰੇ ਦੇ ਸਮਾਜਿਕ ਬਾਈਕਾਟ ਅਤੇ ਮਾਰ ਕੁੱਟ ਤੋਂ ਇਲਾਵਾ ਦਲਿਤ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਘਿਨਾਉਣਾ ਸੱਚ ਵੀ ਸਾਹਮਣੇ ਆਇਆ ਹੈ।
ਕੱਖ-ਕੰਡਾ ਚੁਗਣ ਜਾਂਦੀਆਂ ਦਲਿਤ ਔਰਤਾਂ ਉੱਤੇ ਨਿਤ ਦਿਨ ਸਰੀਰਕ ਅਤੇ ਮਾਨਸਿਕ ਤਸ਼ੱਦਦ ਢਾਹਿਆ ਜਾਂਦਾ ਹੈ ਜਿਸ ਵਿਚ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਵੱਡੇ ਪੱਧਰ ‘ਤੇ ਮੌਜੂਦ ਹੈ। ਅਖੌਤੀ ਉੱਚ ਜਾਤੀ ਵਾਲਿਆਂ ਦੇ ਖੇਤਾਂ ਵਿਚ ਦਿਹਾੜੀ ਕਰਦੀਆਂ ਦਲਿਤ ਔਰਤਾਂ ਨੂੰ ਮਰਦਾਂ ਦੀ ਤੁਲਨਾ ਵਿਚ ਦਿਹਾੜੀ ਘੱਟ ਦਿੱਤੀ ਜਾਂਦੀ ਹੈ। ਉਨ੍ਹਾਂ ਤੋਂ ਘਰ ਦਾ ਕੰਮ ਵੀ ਕਰਵਾਇਆ ਜਾਂਦਾ ਹੈ। ਵਿੱਦਿਅਕ ਅਦਾਰਿਆਂ ਵਿਚ ਪੜ੍ਹਦੀਆਂ ਅਤੇ ਨੌਕਰੀ ਕਰ ਰਹੀਆਂ ਦਲਿਤ ਔਰਤਾਂ ਨੂੰ ਵੀ ਜਾਤ ਅਤੇ ਲਿੰਗ ਆਧਾਰਿਤ ਦੋਹਰੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਕੀ ਕਿਸੇ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਦਲਿਤ ਔਰਤ ਦੀ ਇਸ ਡਰਾਉਣੀ ਹਾਲਤ ਦਾ ਜ਼ਿਕਰ ਅਤੇ ਬਦਲ ਦੀ ਕੋਈ ਗੱਲ ਹੈ?
ਅੱਜ ਸਾਨੂੰ ਇਹ ਵਹਿਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬ ਅਮੀਰ ਸੂਬਾ ਹੈ। ਪੰਜਾਬ ਦੀਆਂ ਬਹੁਤ ਔਰਤਾਂ ਨੌਕਰੀਪੇਸ਼ਾ ਹਨ ਅਤੇ ਫੈਕਟਰੀਆਂ ਵਿਚ ਕੰਮ ਕਰਦੀਆਂ ਹਨ। ਦਿਹਾੜੀ ਕਰਦੀ ਔਰਤ ਨੂੰ ਮਰਦ ਦੇ ਮੁਕਾਬਲੇ ਅਕਸਰ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਅਖੌਤੀ ‘ਔਖੇ/ਮਰਦਾਂ ਵਾਲੇ’ ਪੇਸ਼ਿਆਂ ਵਿਚ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ। ਜੇ ਕੋਈ ਔਰਤ ਇਸ ਤਰ੍ਹਾਂ ਦਾ ਕੋਈ ਕੰਮ ਚੁਣ ਵੀ ਲਵੇ, ਮਸਲਨ – ਆਟੋ-ਡਰਾਇਵਰ, ਮਕੈਨਿਕ – ਤਾਂ ਉਸ ਨੂੰ ਕੰਮ ਤਾਂ ਘੱਟ ਮਿਲਦਾ ਹੀ ਹੈ, ਉਪਰੋਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਵੀ ਸਹਿਣਾ ਪੈਂਦਾ ਹੈ। ਜੇ ਫੈਕਟਰੀਆਂ ਵਿਚ ਔਰਤਾਂ ਨੂੰ ਕੰਮ ਮਿਲਦਾ ਹੈ ਤਾਂ ਉਨ੍ਹਾਂ ਲਈ ਗੁਸਲਖ਼ਾਨੇ ਨਹੀਂ ਹੁੰਦੇ ਅਤੇ ਉਨ੍ਹਾਂ ਤੋਂ ਗੈਰ-ਮਨੁੱਖੀ ਹਾਲਾਤ ਵਿਚ ਕੰਮ ਕਰਵਾਇਆ ਜਾਂਦਾ ਹੈ।
ਜ਼ਿਆਦਾਤਰ ਵੱਡੀ ਕੰਪਨੀਆਂ ਔਰਤਾਂ ਨੂੰ ਬੇਤਰਤੀਬੇ ਅਤੇ ਗੈਰ-ਸੰਗਠਿਤ ਕੰਮ ਦਿੰਦੀਆਂ ਹਨ ਜੋ ਉਹ ਘਰ ਬੈਠ ਕੇ ਕਰ ਸਕਦੀਆਂ ਹਨ। ਇਸ ਨੂੰ ਕਿਰਤ ਦਾ ਨਾਰੀਤਵਕਰਨ (feminisation of labour) ਵੀ ਕਹਿ ਲਿਆ ਜਾਂਦਾ ਹੈ। ਲੁਧਿਆਣਾ ਵਿਚ ਕੱਪੜੇ ਅਤੇ ਜਲੰਧਰ ਵਿਚ ਖੇਡਾਂ ਦੇ ਸਮਾਨ ਦਾ ਕਾਰੋਬਾਰ ਔਰਤਾਂ ਦੀ ਆਰਥਿਕ ਲੁੱਟ ਉੱਤੇ ਹੀ ਚੱਲ ਰਿਹਾ ਹੈ; ਹਾਲਾਂਕਿ ਨਵ-ਉਦਾਰਵਾਦ ਕਾਰਨ ਦੇਸੀ ਉਤਪਾਦਨ ਵਿਚ ਕਾਫ਼ੀ ਗਿਰਾਵਟ ਆਈ ਹੈ, ਕਿਉਂਕਿ ਘਰੇ ਬੈਠੀ ਔਰਤ ਲਈ ਫੈਕਟਰੀਆਂ ਨੂੰ ਲੇਬਰ ਦੀ ਸਾਂਭ ਅਤੇ ਉਤਪਾਦਨ ਦੇ ਸਾਧਨਾਂ ਦੀ ਦੇਖਭਾਲ (ਜਿਵੇਂ ਵੱਡੀ ਫੈਕਟਰੀ ਖੋਲ੍ਹਣਾ, ਮਸ਼ੀਨਰੀ ਸਾਂਭਣਾ) ਉੱਤੇ ਕੋਈ ਖਰਚਾ ਨਹੀਂ ਕਰਨਾ ਪੈਂਦਾ ਸਗੋਂ ਔਰਤ ਨੂੰ ਬਾਹਰ ਜਾਣ ਤੋਂ ਰੋਕਣ ਵਾਲੀ ਮਰਦ ਪ੍ਰਧਾਨ ਵਿਚਾਰਧਾਰਾ ਦਾ ਫਾਇਦਾ ਲੈਂਦਿਆਂ ਪੂੰਜੀਵਾਦੀ-ਪਿਤਰਕੀ, ਔਰਤਾਂ ਦਾ ਦੋਹਰਾ ਸ਼ੋਸ਼ਣ ਕਰਦੀ ਹੈ। ਕੀ ਕਿਸੇ ਪਾਰਟੀ ਦੇ ਨੁਮਾਇੰਦੇ ਨੇ ਇਹ ਮੁੱਦਾ ਉਠਾਇਆ ਹੈ?
ਇਹ ਜਾਣ ਕੇ ਪਾਠਕਾਂ ਨੂੰ ਹੈਰਾਨੀ ਹੋ ਸਕਦੀ ਹੈ ਪਰ ਔਰਤਾਂ ਦੇ ਕੈਂਸਰ ਵਿਚ ਚੰਡੀਗੜ੍ਹ ਮੁਲਕ ਭਰ ਵਿਚ ਅਵੱਲ ਹੈ। ਪੰਜਾਬ ਵਿਚ ਬ੍ਰੈਸਟ ਕੈਂਸਰ, ਓਵੇਰੀਅਨ ਕੈਂਸਰ ਅਤੇ ਸਰਵਿਕਲ ਕੈਂਸਰ ਦੇ ਕੇਸ ਦਿਨੋ-ਦਿਨ ਵੱਧ ਰਹੇ ਹਨ ਜਿਸ ਦਾ ਜੈਵਿਕ-ਵਿਗਿਆਨਕ ਕਾਰਨ ਦੇ ਨਾਲ ਨਾਲ ਸਮਾਜਿਕ ਪ੍ਰਸੰਗ ਵੀ ਹੈ। ਪੰਜਾਬ ਦੇ ਪਿਤਰਕੀ ਸੱਤਾ ਵਾਲੇ ਢਾਂਚੇ ਦੀ ਮੁੱਖ ਵਿਚਾਰਧਾਰਾ ਜੋ ਸਮਾਜ, ਪਰਿਵਾਰ, ਜਾਤ, ਜਮਾਤ ਦੀ ਇੱਜ਼ਤ ਔਰਤ ਦੇ ਸਰੀਰ ਵਿਚ ਦੇਖਦੀ ਹੈ, ਔਰਤ ਨੂੰ ਆਪਣੇ ਸਰੀਰ ਬਾਰੇ ਜਾਗਰੂਕ ਹੋਣ ਦਾ ਮੌਕਾ ਨਹੀਂ ਦਿੰਦੀ। ਇਹ ਔਰਤ ਨੂੰ ਆਪਣੀ ਸਰੀਰਕ ਪ੍ਰੇਸ਼ਾਨੀ ਬਾਰੇ ਚਰਚਾ ਕਰਨ ਤੋਂ ਰੋਕਦੀ ਹੈ, ਖੁੱਲ੍ਹ ਕੇ ਸਵਾਲ ਕਰ ਸਕਣ ਦਾ ਇਜਾਜ਼ਤ ਹੀ ਨਹੀਂ ਦਿੰਦੀ ਅਤੇ ਸਮੱਸਿਆ ਆਉਣ ‘ਤੇ ਹੀ ਡਾਕਟਰ ਕੋਲ ਜਾਣ ਦੇ ਰਸਤੇ ਬੰਦ ਕਰਨ ਦਾ ਕੰਮ ਕਰਦੀ ਹੈ।
ਸਰੀਰ ਬਾਰੇ ਗੱਲ ਕਰਨ, ਆਪਣੇ ਸਰੀਰ ਨੂੰ ਜਾਣਨ, ਇਸ ਦੀਆਂ ਕਾਮੁਕ ਲੋੜਾਂ ਨੂੰ ਸਮਝਣ ਨੂੰ ਚਰਿੱਤਰਹੀਣ ਹੋਣਾ ਕਰਾਰ ਦੇ ਦਿੱਤਾ ਜਾਂਦਾ ਹੈ ਜਿਸ ਦਾ ਨਤੀਜਾ ਕਈ ਵਾਰ ਔਰਤਾਂ ਨੂੰ ਆਪਣੀ ਜ਼ਿੰਦਗੀ ਗੁਆ ਕੇ ਭੁਗਤਣਾ ਪੈਂਦਾ ਹੈ। ਜਿਸ ਕੈਂਸਰ ਦਾ ਪਹਿਲੀ ਸਟੇਜ ‘ਤੇ ਪਤਾ ਲੱਗ ਸਕਦਾ ਸੀ, ਉਹ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਹਾਲਾਤ ਡਾਕਟਰਾਂ ਦੇ ਵੱਸੋਂ ਬਾਹਰ ਹੋ ਜਾਂਦੇ ਹਨ। ਪੰਜਾਬ ਦੀਆਂ ਔਰਤਾਂ ਇੱਜ਼ਤ ਦੀ ਰੂੜੀਵਾਦੀ ਸੋਚ ਕਾਰਨ ਮਾਨਸਿਕ ਹੀ ਨਹੀਂ, ਸਰੀਰਕ ਰੂਪ ਵਿਚ ਵੀ ਬਿਮਾਰ ਹੋ ਜਾਂਦੀਆਂ ਹਨ। ਜਿਹੜੀਆਂ ਪਾਰਟੀਆਂ ਹਰ ਵੇਲੇ ਸਾਡੀਆਂ ਭੈਣਾਂ-ਸਾਡੀਆਂ ਮਾਵਾਂ ਕਰਦੀਆਂ ਰਹਿੰਦੀਆਂ ਹਨ, ਕੀ ਉਨ੍ਹਾਂ ਨੇ ਇਸ ਬਾਰੇ ਕੋਈ ਪ੍ਰੋਗਰਾਮ ਤਿਆਰ ਕੀਤਾ ਹੈ?
ਸਵਾਲ ਬਹੁਤ ਹਨ, ਲੇਖ ਦਾ ਘੇਰਾ ਘੱਟ ਪਰ ਆਖ਼ਿਰੀ ਨੁਕਤਾ ਔਰਤ ‘ਤੇ ਹੁੰਦੀ ਹਿੰਸਾ ਦਾ ਹੈ ਜੋ ਸ਼ਾਇਦ ਕੁਝ ਪਾਰਟੀਆਂ ਨੇ ਚੁੱਕਿਆ ਹੋਵੇ। ਉਂਜ, ਕੀ ਉਹ ਪਾਸੇ ਵਾਕਈ ਇਮਾਨਦਾਰੀ ਨਾਲ ਤਵੱਜੋ ਦੇਣ ਲਈ ਤਿਆਰ ਹਨ? ਬਲਾਤਕਾਰ, ਜਿਨਸੀ ਹਿੰਸਾ, ਵਿਆਹ ਤੋਂ ਬਾਅਦ ਬਲਾਤਕਾਰ, ਘਰੇਲੂ ਹਿੰਸਾ, ਦਹੇਜ, ਭਰੂਣ ਹੱਤਿਆ, ਇੱਜ਼ਤ ਦੇ ਨਾਂ ‘ਤੇ ਹੱਤਿਆ (ਆਨਰ ਕਿਲਿੰਗ) ਵਰਗੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਅਤਿਆਚਾਰ; ਸੂਖਮ ਤੇ ਨਿੱਕੇ ਪੱਧਰ ਦੀ ਪਿਤਰਕੀ ਜਿਵੇਂ ਔਰਤਾਂ ਨੂੰ ਬੱਚਾ ਸਮਝਣਾ, ਵਾਰ ਵਾਰ ਗੱਲ ਕੱਟਣਾ, ਔਰਤ ਨੂੰ ਬੇਵਕੂਫ ਸਮਝ ਕੇ ਗਿਆਨ ਘੋਟਣਾ; ਬੁਨਿਆਦੀ-ਸੰਸਥਾਈ ਪਿਤਰਕੀ ਜਿਵੇਂ ਔਰਤ ਨੂੰ ਜ਼ਮੀਨ ਤੇ ਹੋਰ ਆਰਥਿਕ/ਉਤਪਾਦਨ ਦੇ ਸਾਧਨਾਂ ਵਿਚ ਵਿਚ ਬਰਾਬਰ ਹਿੱਸਾ ਨਾ ਦੇਣਾ, ਔਰਤ ਨੂੰ ਵਿਆਹ ਕਰਵਾ ਕੇ ਕਿਸੇ ਹੋਰ ਘਰ ਨੌਕਰਾਣੀ ਬਣਾ ਕੇ ਭੇਜਣਾ ਤੇ ਔਰਤ ਦੀ ਜ਼ਿੰਦਗੀ ਨੂੰ ਮਰਦਾਂ ਨਾਲ ਰਿਸ਼ਤਿਆਂ ਮੁਤਾਬਕ ਪ੍ਰੀਭਾਸ਼ਿਤ ਕਰਨਾ, ਇਹ ਸਭ ਉਹ ਵਰਤਾਰੇ ਹਨ ਜੋ ਔਰਤ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਹਨ।
ਕੀ ਕਿਸੇ ਸਿਆਸੀ ਪਾਰਟੀ ਨੇ ਇਨ੍ਹਾਂ ਔਰਤਾਂ ਬਾਰੇ ਗੱਲ ਕੀਤੀ ਹੈ? ਕੀ ਕਿਸੇ ਪਾਰਟੀ ਨੇ ਇਸ ਵਾਰਚੋਣਾਂ ਵਿਚ ਔਰਤ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਹੈ? ਕੀ ਕਿਸੇ ਸਿਆਸੀ ਆਗੂ ਨੇ ਸਮਕਾਲੀ ਔਰਤ ਦੀ ਹਾਲਤ ਲਈ ਕੋਈ ਢੁੱਕਵਾਂ ਅਗਾਂਹਵਧੂ ਬਦਲ ਪੇਸ਼ ਕੀਤਾ ਹੈ? ਕੀ ਪ੍ਰੋਗਰਾਮ ਹੈ ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਔਰਤਾਂ ਲਈ? ਇਹ ਕੁਝ ਸਵਾਲ ਹਨ ਜਿਨ੍ਹਾਂ ਬਾਰੇ ਸੋਚਣਾ ਇਸ ਸੂਬੇ ਦੀ ਹਰ ਜਾਗਰੂਕ ਔਰਤ ਦੀ ਲੋੜ ਅਤੇ ਫ਼ਰਜ਼ ਹੈ।

  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ