Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਭਾਰਤ ’ਚ ਬਹੁਗਿਣਤੀ ਦੀ ਸਿਆਸਤ--- ਰਾਮਚੰਦਰ ਗੁਹਾ


    
  

Share
  ਰਾਜਨੀਤੀ ਸ਼ਾਸਤਰੀ ਸਟੀਵਨ ਵਿਲਕਿੰਸਨ ਨੇ 2008 ਵਿਚ ਲੇਖ ਲਿਖਿਆ ਜਿਸ ਦਾ ਸਿਰਲੇਖ ਸੀ ‘ਆਜ਼ਾਦ ਭਾਰਤ ਵਿਚ ਮੁਸਲਮਾਨ’। ਉਨ੍ਹਾਂ ਸਿੱਟਾ ਕੱਢਿਆ: ‘‘ਭਾਰਤ ਅਤੇ ਇਸ ਦੇ 13 ਕਰੋੜ ਮੁਸਲਮਾਨਾਂ ਲਈ ਖ਼ੁਸ਼ਖ਼ਬਰੀ ਵਾਲੀ ਗੱਲ ਹੈ ਕਿ ਅਜਿਹੇ ਅਨੇਕਾਂ ਤੱਤ ਹਨ ਜਿਹੜੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਹਿੰਦੂ ਰਾਸ਼ਟਰਵਾਦੀ ਕੋਸ਼ਿਸ਼ਾਂ ਨੂੰ ਸੰਭਵ ਤੌਰ ’ਤੇ ਰੋਕ ਦੇਣਗੇ, ਕਿਉਂਕਿ ਹਿੰਦੂ ਰਾਸ਼ਟਰ ਬਣਨ ਨਾਲ ਭਾਰਤ ਵਿਚਲੇ ਮੁਸਲਮਾਨ ਪੱਕੇ ਤੌਰ ’ਤੇ ਦੋਇਮ ਦਰਜੇ ਦੇ ਸ਼ਹਿਰੀ ਬਣ ਜਾਣਗੇ। ਪਹਿਲਾ, ਵੱਖ ਵੱਖ ਸਰਵੇਖਣਾਂ ਵਿਚ ਲਗਾਤਾਰ ਦੋ-ਤਿਹਾਈ ਭਾਰਤੀ ਇਸ ਰਾਇ ਨੂੰ ਰੱਦ ਕਰਦੇ ਆ ਰਹੇ ਹਨ ਅਤੇ ਭਾਰਤੀ ਲੋਕ ਅਨੇਕਤਾਵਾਦ ਲਈ ਸਮਰਪਿਤ ਹਨ। ਦੂਜਾ, ਭਾਰਤ ਦੇ ਮਜ਼ਬੂਤ ਕਾਨੂੰਨੀ ਅਦਾਰਿਆਂ ਅਤੇ ਸ਼ਹਿਰੀ ਸਮਾਜ ਵੱਲੋਂ ਸਿਆਸਤਦਾਨਾਂ ਉੱਤੇ ਅਜਿਹੀਆਂ ਹਕੀਕੀ ਬੰਦਸ਼ਾਂ ਆਇਦ ਹਨ ਕਿ ਉਹ ਸੱਤਾ ਵਿਚ ਬਣੇ ਰਹਿਣ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾ ਸਕਦੇ। ਤੀਜਾ, 1980ਵਿਆਂ ਦੇ ਸ਼ੁਰੂ ਤੋਂ ਚੋਣਾਵੀ ਪਰਿਵਰਤਨਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿਚ ਹੋਇਆ ਇਜ਼ਾਫ਼ਾ ਵੀ ਮੁਸਲਮਾਨਾਂ ਦੇ ਹੱਕ ਵਿਚ ਭੁਗਤ ਰਿਹਾ ਹੈ ਕਿਉਂਕਿ ਸਿਆਸੀ ਪਾਰਟੀਆਂ ਦੀ ਮੁਕਾਬਲੇਬਾਜ਼ੀ ਦਾ ਉਚੇਰਾ ਪੱਧਰ ਉਨ੍ਹਾਂ ਨੂੰ ਮੁਸਲਿਮ ਵੋਟਾਂ ਲਈ ਜ਼ਿਆਦਾ ਜ਼ੋਰ ਅਜ਼ਮਾਇਸ਼ ਲਈ ਮਜਬੂਰ ਕਰਦਾ ਹੈ।’’
ਜੇ ਸਿਆਸਤ ਵਿਚ ਇਕ ਹਫ਼ਤਾ ਕਾਫ਼ੀ ਲੰਬਾ ਅਰਸਾ ਹੈ ਤਾਂ ਇਕ ਮੁਲਕ ਲਈ ਦਹਾਕੇ ਦਾ ਸਮਾਂ ਅਨੰਤ ਕਾਲ ਵਰਗੀ ਗੱਲ ਹੈ। ਪ੍ਰੋਫ਼ੈਸਰ ਵਿਲਕਿੰਸਨ 2008 ਵਿਚ ਉਪਰੋਕਤ ਗੱਲਾਂ ਲਿਖਦਾ ਹੋਇਆ ਭਾਰਤ ਵਿਚ ਅਨੇਕਤਾਵਾਦ ਦੇ ਜਾਰੀ ਰਹਿਣ ਤੇ ਵਧਣ-ਫੁੱਲਣ ਲਈ ਆਸ਼ਾਵਾਦੀ ਸੀ। ਪਰ 2019 ਵਿਚ ਲਿਖਦਿਆਂ ਅਜਿਹਾ ਆਸ਼ਾਵਾਦ ਅਸੰਭਵ ਹੈ। ਭਾਰਤ ਦੇ ਅਨੇਕਤਾਵਾਦ ਪ੍ਰਤੀ ਨਿਰਾਸ਼ਾਵਾਦੀ ਹੋਣ ਦਾ ਪਹਿਲਾ ਕਾਰਨ ਉਹ ਹੈ, ਜੋ ਇਤਿਹਾਸ ਸਾਨੂੰ ਸਿਖਾਉਂਦਾ ਹੈ, ਕਿ ਜੇ ਇਕ ਵਾਰ ਸੱਤਾ ਦੀ ਚਾਬੀ ਹੱਥ ਆ ਜਾਵੇ ਤਾਂ ਕੋਈ ਦ੍ਰਿੜ੍ਹ ਸੰਕਲਪ ਤੇ ਮਿਥ ਕੇ ਚੱਲਣ ਵਾਲੀ ਘੱਟ-ਗਿਣਤੀ ਵੀ ਕਮਜ਼ੋਰ ਤੇ ਉਦਾਸੀਨ ਬਹੁਗਿਣਤੀ ਨੂੰ ਪਛਾੜ ਸਕਦੀ ਹੈ। ਅਜਿਹਾ ਰੂਸ ਵਿਚ 1917 ਤੋਂ ਬਾਅਦ ਸੱਚ ਸਾਬਤ ਹੋਇਆ, ਜਦੋਂ ਲੈਨਿਨ ਤੇ ਸਟਾਲਿਨ ਦੇ ਬਹੁਗਿਣਤੀ ਬੋਲਸ਼ਵਿਕ ਧੜੇ ਨੇ ਉਸ ਆਬਾਦੀ ਉੱਤੇ ਕਹਿਰ ਢਾਹਿਆ ਜੋ ਇਹ ਸ਼ਾਸਨ ਨਹੀਂ ਸੀ ਚਾਹੁੰਦੀ। ਅਜਿਹਾ 1933 ਤੋਂ ਬਾਅਦ ਜਰਮਨੀ ਵਿਚ ਵੀ ਸੱਚ ਸਾਬਤ ਹੋਇਆ। ਇਸੇ ਤਰ੍ਹਾਂ ਭਾਰਤ, ਜਿੱਥੇ ਭਾਜਪਾ ਕੋਲ ਸੰਸਦੀ ਚੋਣਾਂ ਜਿੱਤਣ (ਭਾਵੇਂ 31 ਫ਼ੀਸਦੀ ਵੋਟਾਂ ਨਾਲ ਹੀ ਸਹੀ) ਦੀ ਵਾਧੂ ਵਾਜਬੀਅਤ ਵੀ ਸੀ, ਵਿਚ ਇਸ ਪਾਰਟੀ ਨੇ 2014 ਤੋਂ ਬਾਅਦ ਗਿਣ-ਮਿੱਥ ਕੇ ਹਿੰਦੂ ਗੌਰਵ ਤੇ ਹਿੰਦੂ ਸਰਬਉੱਚਤਾ ਦਾ ਏਜੰਡਾ ਅੱਗੇ ਵਧਾਇਆ।ਬੀਤੇ ਕੁਝ ਸਾਲਾਂ ਦੌਰਾਨ ਅਸੀਂ ਭਾਰਤ ਵਿਚ ਜਨਤਕ ਸੰਵਾਦ ਦੀ ਬਹੁਤ ਹੀ ਮਾੜੀ ਹਾਲਤ ਦੇਖੀ ਹੈ। ਸੰਪਾਦਕ ਸਿਧਾਰਥ ਵਰਧਰਾਜਨ ਨੇ ਬੜੇ ਭਾਵਨਾਤਮਕ ਢੰਗ ਨਾਲ ਲਿਖਿਆ ਹੈ ਕਿ ਕਿਵੇਂ ਹਿੰਦੂ ਫ਼ਿਰਕਾਪ੍ਰਸਤਾਂ ਨੇ ਉਨ੍ਹਾਂ ਦੀ ਹਾਂ ਵਿਚ ਹਾਂ ਨਾ ਮਿਲਾਉਣ ਵਾਲੇ ਭਾਰਤੀਆਂ ਨੂੰ ਗਾਲੀ-ਗਲੋਚ ਕਰ ਕੇ, ਡਰਾ-ਧਮਕਾ ਕੇ ਅਤੇ ਹਮਲਿਆਂ ਦਾ ਨਿਸ਼ਾਨਾ ਬਣਾ ਕੇ ‘ਕੌਮ ਦੀਆਂ ਨਾੜਾਂ ਵਿਚ ਗੰਦ-ਮੰਦ ਧੱਕਿਆ’ ਹੈ। ਲੋਕ ਸਭਾ ਚੋਣਾਂ ਦੀ ਕਵਰੇਜ ਲਈ ਉੱਤਰੀ ਭਾਰਤ ਦੇ ਪਿੰਡਾਂ ਨੂੰ ਗਾਹੁਣ ਵਾਲੇ ਪੱਤਰਕਾਰ ਐਮ.ਐਨ. ਪਾਰਥ ਨੇ ਬਹੁਤੇ ਹਿੰਦੂਆਂ ਵਿਚ ਬੇਲੋੜਾ ‘ਇਸਲਾਮੀ ਫੋਬੀਆ’ ਦੇਖਿਆ। ਉਸ ਨੇ ਲਿਖਿਆ: ‘‘ਭਾਜਪਾ ਦਾ ਪਾਗਲਪਣ ਦੀ ਹੱਦ ਤੱਕ ਅਸਰਦਾਰ ਤੇ ਡੂੰਘਾਈ ਤੱਕ ਪਹੁੰਚਦਾ ਸੋਸ਼ਲ ਮੀਡੀਆ ਢਾਂਚਾ, ਬਹੁਗਿਣਤੀ ਭਾਈਚਾਰੇ ਦੇ ਦਿਲਾਂ ਵਿਚ ਪੀੜਤ ਹੋਣ ਦਾ ਅਹਿਸਾਸ ਭਰਨ ਅਤੇ ਅਸੁਰੱਖਿਆ ਤੇ ਡਰ ਦਾ ਮਾਹੌਲ ਸਿਰਜਣ ਵਿਚ ਸਫਲ ਰਿਹਾ ਹੈ।’’ ਉਹ ਨਾਲ ਹੀ ਲਿਖਦਾ ਹੈ: ‘‘ਜ਼ਮੀਨੀ ਪੱਧਰ ਉੱਤੇ ਮੈਂ ਜੋ ਸਭ ਤੋਂ ਵੱਧ ਪ੍ਰੇਸ਼ਾਨਕੁਨ ਗੱਲ ਦੇਖੀ, ਉਹ ਇਹ ਹੈ ਕਿ ਹਿੰਦੂਆਂ ਦੀ ਬਹੁਤ ਵੱਡੀ ਬਹੁਗਿਣਤੀ ਮੁਸਲਮਾਨਾਂ ਉੱਤੇ ਹੋਣ ਵਾਲੀਆਂ ਜ਼ੁਲਮ-ਜ਼ਿਆਦਤੀਆਂ ਨੂੰ ਗ਼ਲਤ ਨਹੀਂ ਮੰਨਦੀ, ਭਾਵੇਂ ਮਾਮਲਾ ਉਨ੍ਹਾਂ ਦੇ ਹਜੂਮੀ ਕਤਲਾਂ ਵਰਗਾ ਸੰਗੀਨ ਕਿਉਂ ਨਾ ਹੋਵੇ। ਅਜਿਹਾ ਨਹੀਂ ਕਿ ਹਰ ਕੋਈ ਮੁਸਲਮਾਨਾਂ ਦੇ ਹਜੂਮੀ ਕਤਲਾਂ ਦਾ ਹਾਮੀ ਹੈ, ਪਰ ਬਹੁਗਿਣਤੀ ਨੂੰ ਅਜਿਹਾ ਹੋਣ ’ਤੇ ਕੋਈ ਫ਼ਰਕ ਵੀ ਨਹੀਂ ਪੈਂਦਾ।’’
ਭਾਰਤ ਦੇ ਅਨੇਕਤਾਵਾਦ ਪ੍ਰਤੀ ਨਿਰਾਸ਼ਾਵਾਦ ਦੂਜਾ ਕਾਰਨ ਇਹ ਹੈ ਕਿ ਸਾਡੇ ਕਾਨੂੰਨੀ ਅਦਾਰੇ ਓਨੇ ਮਜ਼ਬੂਤ ਨਹੀਂ, ਜਿੰਨੇ ਹੋਣੇ ਚਾਹੀਦੇ ਹਨ (ਜਾਂ ਜਿੰਨੇ ਮਜ਼ਬੂਤ ਹੋਣ ਦੀ ਗੱਲ 2008 ਵਿਚ ਪ੍ਰੋ. ਵਿਲਕਿੰਸਨ ਨੇ ਕੀਤੀ ਸੀ)। ਬਹੁਤੇ ਉੱਤਰ ਭਾਰਤੀ ਸੂਬਿਆਂ ’ਚ ਪੁਲੀਸ ਦੀ ਹਾਲਤ ਬਹੁਤ ਮਾੜੀ ਹੈ, ਭਾਵ ਇਹ ਪੂਰੀ ਤਰ੍ਹਾਂ ਫ਼ਿਰਕੂ ਹੋ ਚੁੱਕੀ ਹੈ। ਜਦੋਂ ਵਿਧਾਇਕ, ਐੱਮਪੀ ਹੀ ਨਹੀਂ, ਕੇਂਦਰੀ ਮੰਤਰੀ ਤੱਕ ਖੁੱਲ੍ਹੇਆਮ ਕਥਿਤ ਹਜੂਮੀ ਕਾਤਲਾਂ ਦਾ ਮਾਣ-ਸਨਮਾਨ ਕਰਨਗੇ ਤਾਂ ਪੁਲੀਸ ਹੀ ਨਹੀਂ, ਹੇਠਲੀਆਂ ਅਦਾਲਤਾਂ ਦਾ ਵੀ ਇਨਸਾਫ਼ ਦੇ ਤਕਾਜ਼ੇ ਮੁਤਾਬਿਕ ਫੁਰਤੀ ਤੇ ਨਿਰਪੱਖ ਢੰਗ ਨਾਲ ਕੰਮ ਕਰਨਾ ਮੁਸ਼ਕਿਲ ਹੈ। ਇਸ ਹਾਲਾਤ ਵਿਚ ਬੇਗੁਨਾਹ ਮੁਸਲਮਾਨਾਂ ਦੇ ਬਹੁਤ ਹੀ ਘੱਟ ਕਾਤਲਾਂ ਨੂੰ ਉਨ੍ਹਾਂ ਦੇ ਜੁਰਮਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਸਜ਼ਾਵਾਂ ਦਿੱਤੀਆਂ ਗਈਆਂ ਹਨ।
ਭਾਰਤੀ ਅਨੇਕਤਾਵਾਦ ਤੋਂ ਨਿਰਾਸ਼ ਹੋਣ ਦਾ ਤੀਜਾ ਕਾਰਨ ਇਹ ਹੈ ਕਿ ਜਿੱਥੋਂ ਤੱਕ ਸਾਡੀਆਂ ਦੋ ਕੌਮੀ ਪਾਰਟੀਆਂ ਦਾ ਸਵਾਲ ਹੈ ਤਾਂ ਇਨ੍ਹਾਂ ਦੇ ਮਾਮਲੇ ਵਿਚ ‘ਸਿਆਸੀ ਪਾਰਟੀਆਂ ਦੀ ਮੁਕਾਬਲੇਬਾਜ਼ੀ ਦੇ ਉਚੇਰੇ ਪੱਧਰ ਕਾਰਨ ਮੁਸਲਿਮ ਵੋਟਾਂ ਲਈ ਜ਼ਿਆਦਾ ਜ਼ੋਰ ਅਜ਼ਮਾਇਸ਼’ ਵਾਲੀ ਗੱਲ ਵੀ ਹੁਣ ਨਹੀਂ ਹੈ। ਜਦੋਂ 2014 ਵਿਚ ਨਰਿੰਦਰ ਮੋਦੀ ਨੇ ‘ਸਬ ਕਾ ਸਾਥ ਸਬ ਕਾ ਵਿਕਾਸ’ ਦਾ ਨਾਅਰਾ ਦਿੱਤਾ ਸੀ ਤਾਂ ਉਸ ਨੇ ਘੱਟੋ-ਘੱਟ ਕਹਿਣ ਲਈ ਹੀ ਸਹੀ, ਹਿੰਦੂਆਂ ਦੇ ਨਾਲ ਹੀ ਮੁਸਲਮਾਨਾਂ ਦੀਆਂ ਵੋਟਾਂ ਵੀ ਮੰਗੀਆਂ ਸਨ। ਪਰ ਹੁਣ 2019 ਵਿਚ ਭਾਜਪਾ ਦੀ ਚੋਣ ਮੁਹਿੰਮ ਮਹਿਜ਼ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਵੱਲ ਹੀ ਸੇਧਿਤ ਹੈ ਅਤੇ ਇਸ ਲਈ ਬਹੁਗਿਣਤੀ ਭਾਈਚਾਰੇ ਦੇ ਤੌਖ਼ਲਿਆਂ ਤੇ ਅਸੁਰੱਖਿਆ ਦੀ ਭਾਵਨਾ ਨੂੰ ਹਵਾ ਦਿੱਤੀ ਜਾ ਰਹੀ ਹੈ। ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਨੂੰ ‘ਸਿਓਂਕ’ ਕਰਾਰ ਦੇਣਾ, ਅਦਿੱਤਿਆਨਾਥ ਦੀ ਬਜਰੰਗ ਬਲੀ ਤੇ ਅਲੀ ਵਾਲੀ ਟਿੱਪਣੀ ਅਤੇ ਮੋਦੀ ਵੱਲੋਂ ਲਾਇਆ ਗਿਆ ਇਹ ਹੈਰਾਨਕੁਨ ਦੋਸ਼ ਕਿ ਪੱਛਮੀ ਬੰਗਾਲ ਵਿਚ ਤਾਂ ਹਿੰਦੂ ‘ਜੈ ਸ੍ਰੀ ਰਾਮ’ ਵੀ ਨਹੀਂ ਬੋਲ ਸਕਦੇ, ਇਸੇ ਗੱਲ ਨੂੰ ਸਾਬਿਤ ਕਰਦੇ ਹਨ।
ਇਸ ਦੌਰਾਨ ਕਾਂਗਰਸ ਵੀ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ‘ਹਿੰਦੂ’ ਸਾਬਤ ਕਰਨ ਵਿਚ ਲੱਗੀ ਹੋਈ ਹੈ। ਰਾਹੁਲ ਗਾਂਧੀ ਦਾ ਐਲਾਨ ਕਿ ਉਹ ‘ਸ਼ਿਵ ਭਗਤ’ ਤੇ ਜਨੇਊਧਾਰੀ ਹਿੰਦੂ ਹੈ ਅਤੇ ਨਾਲ ਹੀ ਉੱਤਰੀ ਭਾਰਤ ਵਿਚ ਬਣੀਆਂ ਨਵੀਆਂ ਕਾਂਗਰਸ ਸਰਕਾਰਾਂ ਵੱਲੋਂ ਗਊਸ਼ਾਲਾਵਾਂ ਦੀ ਉਸਾਰੀ ਦੇ ਵਾਅਦੇ ਇਸੇ ਦਿਸ਼ਾ ਵਿਚ ਹਨ। ਇਸ ਤਰ੍ਹਾਂ ਜ਼ਾਹਰਾ ਤੌਰ ’ਤੇ ਭਾਜਪਾ-ਕਾਂਗਰਸ ਦਾ ਵਿਰੋਧ ਤਾਂ ਹਿੰਦੂ ਵੋਟਾਂ ਲਈ ਮੁਕਾਬਲੇਬਾਜ਼ੀ ਹੈ। ਇਹ ਗੱਲ ਭੋਪਾਲ ਸੰਸਦੀ ਹਲਕੇ ’ਚ ਉਦੋਂ ਬਿਲਕੁਲ ਸਾਫ਼ ਹੋ ਗਈ, ਜਦੋਂ ਭਾਜਪਾ ਵੱਲੋਂ ਗਰਮ ਖ਼ਿਆਲੀ ਹਿੰਦੂਵਾਦੀ ਪ੍ਰਗਿਆ ਠਾਕੁਰ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਵਿਚ ਸੱਤ ਤੋਂ ਵੱਧ ਮੰਦਰ ਹਨ ਜਿਨ੍ਹਾਂ ਵਿਚੋਂ ਚਾਰ ਵਿਚ ਲਗਾਤਾਰ ਜੋਤ ਜਗਦੀ ਹੈ। ਉਸ ਨੇ ਵੱਖ-ਵੱਖ ਸਾਧਾਂ ਨੂੰ ਸੱਦ ਕੇ ਆਪਣੀ ਜਿੱਤ ਲਈ ਹਵਨ ਕਰਵਾਏ ਅਤੇ ਕਾਂਗਰਸ ਦੀਆਂ ਰੈਲੀਆਂ ਵਿਚ ਭਾਸ਼ਣ ਦਿਵਾਏ। ਜਿੱਥੇ ਦਿਗਵਿਜੈ ਸਿੰਘ ਵਿਧਾਇਕ ਵਜੋਂ ਆਪਣੇ ਲੰਬੇ ਕਾਰਜਕਾਲ ਅਤੇ ਦੋ ਵਾਰ ਮੁੱਖ ਮੰਤਰੀ ਵਜੋਂ ਆਪਣੇ ਤਜਰਬੇ ਬਾਰੇ ਬੋਲ ਸਕਦਾ ਸੀ ਅਤੇ ਆਪਣੀ ਵਿਰੋਧੀ ਉਮੀਦਵਾਰ ਕੋਲ ਪ੍ਰਸ਼ਾਸਕੀ ਤਜਰਬੇ ਦੀ ਘਾਟ ਦਾ ਮੁੱਦਾ ਉਠਾ ਸਕਦਾ ਸੀ, ਉੱਥੇ ਉਹ ਉਲਟਾ ਪ੍ਰਗਿਆ ਠਾਕੁਰ ਦੀ ਭਗਵਾ ਦਿੱਖ ਤੋਂ ਘਬਰਾ ਗਿਆ ਅਤੇ ਇਸ ਕਾਰਨ ਉਸ ਨੇ ਸਾਰਾ ਜ਼ੋਰ ਆਪਣੇ ਆਪ ਨੂੰ ਉਸ ਤੋਂ ਵੀ ਵੱਧ ‘ਸ਼ਰਧਾਵਾਨ’ ਹਿੰਦੂ ਸਾਬਤ ਕਰਨ ਲਈ ਲਾ ਦਿੱਤਾ।
ਜਦੋਂ ਅਗਸਤ 1947 ਵਿਚ ਭਾਰਤ ਆਜ਼ਾਦ ਹੋਇਆ ਅਤੇ ਕਾਂਗਰਸ ਨੇ ਦੇਸ਼ ਦੀ ਸੱਤਾ ਸੰਭਾਲੀ ਤਾਂ ਮਹਾਤਮਾ ਗਾਂਧੀ ਦੀ ਇਸ ਪਾਰਟੀ ਨੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਬਰਾਬਰ ਹੱਕ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਿਸ਼ਾਨੇ ਅਤੇ ਮੰਤਵਾਂ ਦਾ ਸਭ ਤੋਂ ਵੱਧ ਅਰਥਪੂਰਨ ਪ੍ਰਗਟਾਵਾ ਉਸ ਪੱਤਰ ਤੋਂ ਹੁੰਦਾ ਹੈ ਜਿਹੜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਸੰਬਰ 1947 ਵਿਚ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਿਖਿਆ ਸੀ। ਨਹਿਰੂ ਨੇ ਲਿਖਿਆ ਸੀ: ‘‘ਮੈਂ ਜਾਣਦਾ ਹਾਂ ਕਿ ਦੇਸ਼ ਵਿਚ ਅਜਿਹਾ ਪ੍ਰਭਾਵ ਹੈ… ਕਿ ਕੇਂਦਰ ਸਰਕਾਰ ਕਿਸੇ ਇਕ ਜਾਂ ਦੂਜੇ ਕਾਰਨ ਕਰਕੇ ਕਮਜ਼ੋਰ ਹੈ ਅਤੇ ਮੁਸਲਮਾਨਾਂ ਨੂੰ ਖ਼ੁਸ਼ ਕਰਨ ਵਾਲੀਆਂ ਨੀਤੀਆਂ ਉੱਤੇ ਚੱਲ ਰਹੀ ਹੈ। ਇਹ ਗੱਲ ਪੂਰੀ ਤਰ੍ਹਾਂ ਬੇਹੂਦਾ ਹੈ। ਨਾ ਤਾਂ ਕਮਜ਼ੋਰੀ ਦਾ ਕੋਈ ਸਵਾਲ ਉੱਠਦਾ ਹੈ, ਨਾ ਹੀ ਖ਼ੁਸ਼ ਕਰਨ ਦਾ। ਸਾਡੇ ਦੇਸ਼ ਵਿਚ ਮੁਸਲਿਮ ਇਕ ਘੱਟਗਿਣਤੀ ਹੈ ਜਿਹੜੀ ਗਿਣਤੀ ਪੱਖੋਂ ਇੰਨੀ ਵੱਡੀ ਹੈ ਕਿ ਉਹ ਚਾਹ ਕੇ ਵੀ ਇੱਥੋਂ ਕਿਤੇ ਹੋਰ ਨਹੀਂ ਜਾ ਸਕਦੀ। ਉਨ੍ਹਾਂ ਭਾਰਤ ਵਿਚ ਹੀ ਰਹਿਣਾ ਹੈ। ਇਹ ਅਜਿਹਾ ਬੁਨਿਆਦੀ ਤੱਥ ਹੈ ਜਿਸ ਉੱਤੇ ਕੋਈ ਬਹਿਸ ਨਹੀਂ ਹੋ ਸਕਦੀ। ਪਾਕਿਸਤਾਨ ਕਿੰਨੀਆਂ ਵੀ ਭੜਕਾਹਟਾਂ ਪੈਦਾ ਕਰਦਾ ਰਹੇ, ਉਸ ਮੁਲਕ ਵਿਚ ਗ਼ੈਰ-ਮੁਸਲਮਾਨਾਂ ਨੂੰ ਕਿੰਨੇ ਵੀ ਅਪਮਾਨ ਤੇ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪਵੇ, ਸਾਨੂੰ ਇਸ ਘੱਟਗਿਣਤੀ ਨਾਲ ਸੱਭਿਅਕ ਵਿਹਾਰ ਕਰਨਾ ਹੋਵੇਗਾ। ਸਾਡੇ ਲਈ ਲਾਜ਼ਮੀ ਹੈ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਆ ਅਤੇ ਜਮਹੂਰੀ ਮੁਲਕ ਦੇ ਨਾਗਰਿਕਾਂ ਵਾਲੇ ਹੱਕ ਦੇਈਏ।’’
ਦੂਜੇ ਲਫ਼ਜ਼ਾਂ ਵਿਚ ਆਖੀਏ ਤਾਂ ਕਿਹਾ ਜਾ ਸਕਦਾ ਹੈ ਕਿ ਭਾਰਤ ਦੇ ਕਦੇ ਵੀ ਹਿੰਦੂ ਪਾਕਿਸਤਾਨ ਬਣਨ ਦੀ ਉਮੀਦ ਨਹੀਂ ਸੀ ਕੀਤੀ ਜਾਂਦੀ। ਜੇ ਪਾਕਿਸਤਾਨ ਆਪਣੇ ਹਿੰਦੂਆਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਦਾ ਹੈ ਤਾਂ ਵੀ ਭਾਰਤ ਵਿਚ ਮੁਸਲਮਾਨਾਂ ਨਾਲ ਹਰ ਪੱਖ ਤੋਂ ਬਰਾਬਰੀ ਵਾਲਾ ਸਲੂਕ ਹੋਣਾ ਚਾਹੀਦਾ ਹੈ। ਨਹਿਰੂ ਨੇ ਕਾਂਗਰਸ ਲਈ ਇਹੋ ਸਿਧਾਂਤ ਤੈਅ ਕੀਤੇ ਸਨ। ਇਸ ਦੇ ਬਾਵਜੂਦ, ਇਹ ਦੋਸ਼ ਕਿ ‘ਕਾਂਗਰਸ ਵੱਲੋਂ ਮੁਸਲਮਾਨਾਂ ਨੂੰ ਖ਼ੁਸ਼ ਰੱਖਣ ਵਾਲੀ ਨੀਤੀ ਅਪਣਾਈ ਗਈ ਸੀ’ ਬਿਲਕੁਲ ਵੀ ਦਰੁਸਤ ਨਹੀਂ। ਹਾਂ, ਇਸ ਗੱਲ ਨੂੰ ਹੁਲਾਰਾ ਬਾਅਦ ਵਿਚ ਨਹਿਰੂ ਦੀ ਸੰਵਿਧਾਨਕ ਵਾਅਦੇ ਮੁਤਾਬਿਕ ਇਕਸਾਰ ਸਿਵਲ ਕੋਡ ਲਾਗੂ ਕਰਨ ਵਿਚ ਨਾਕਾਮੀ ਸਣੇ ਕੁਝ ਹੋਰ ਘਟਨਾਵਾਂ ਕਾਰਨ ਮਿਲਿਆ। ਅਜਿਹੇ ਹੋਰ ਮਾਮਲਿਆਂ ਵਿਚ ਸ਼ਾਮਲ ਹਨ- ਇੰਦਰਾ ਗਾਂਧੀ ਵੱਲੋਂ ਇਮਾਮਾਂ ਤੋਂ ਚੋਣਾਂ ਵਿਚ ਕਾਂਗਰਸ ਦੀ ਹਮਾਇਤ ਲਈ ਅਪੀਲਾਂ ਕਰਵਾਉਣਾ, ਰਾਜੀਵ ਗਾਂਧੀ ਵੱਲੋਂ ਸ਼ਾਹ ਬਾਨੋ ਕੇਸ ਵਿਚ ਮੌਲਾਣਿਆਂ ਨੂੰ ਖ਼ੁਸ਼ ਕਰਨਾ ਅਤੇ ਮਨਮੋਹਨ ਸਿੰਘ ਦਾ ਬਿਆਨ ਕਿ ਮੁਲਕ ਦੇ ਵਸੀਲਿਆਂ ਉੱਤੇ ‘ਪਹਿਲਾ ਹੱਕ’ ਧਾਰਮਿਕ ਘੱਟਗਿਣਤੀਆਂ ਦਾ ਹੈ, ਨਾ ਕਿ ਔਰਤਾਂ ਤੇ ਗ਼ਰੀਬਾਂ ਦਾ।
ਇਹ ਅਜਿਹੀਆਂ ਘਟਨਾਵਾਂ ਸਨ ਜਿਨ੍ਹਾਂ ਨੇ ਮੁੱਖ ਵਿਰੋਧੀ ਪਾਰਟੀ ਭਾਜਪਾ ਨੂੰ ਕਾਂਗਰਸ ਉੱਤੇ ਮੁਸਲਮਾਨਾਂ ਦੇ ਤੁਸ਼ਟੀਕਰਨ ਵਾਲੀ ਪਾਰਟੀ ਹੋਣ ਦਾ ਦੋਸ਼ ਮੜ੍ਹਨ ਦਾ ਮੌਕਾ ਦਿੱਤਾ। ਇਸ ਦੋਸ਼ ਨੇ ਕਾਫ਼ੀ ਅਸਰ ਕੀਤਾ; ਅਤੇ 2014 ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਕਾਂਗਰਸ ਨੇ ਆਪਣੇ ਉੱਤੇ ਲੱਗਾ ਇਹ ਠੱਪਾ ਧੋਣ ਲਈ ਆਪਣੇ ਵਿੱਤ ਤੋਂ ਵੱਧ ਕੰਮ ਕੀਤਾ ਹੈ। ਇੰਨਾ ਹੀ ਨਹੀਂ, ਹੁਣ ਤਾਂ ਪਾਰਟੀ ਦੂਜੇ ਸਿਰੇ ਉੱਤੇ ਪੁੱਜ ਗਈ ਹੈ ਅਤੇ ਇਸ ਦੀ ਕੋਸ਼ਿਸ਼ ਆਪਣੇ ਆਪ ਨੂੰ ਹਿੰਦੂਆਂ ਦੀ ਓਨੀ ਹੀ ਖ਼ੈਰਖਾਹ ਸਾਬਤ ਕਰਨਾ ਚਾਹੁੰਦੀ ਹੈ, ਜਿੰਨੀ ਭਾਜਪਾ ਹੈ।
ਇਸ ਤਰ੍ਹਾਂ ਭਾਰਤੀ ਗਣਰਾਜ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ‘ਹਿੰਦੂ’ ਮੁਲਕ ਬਣਦਾ ਜਾ ਰਿਹਾ ਹੈ; ਉਸ ਲਿਹਾਜ਼ ਤੋਂ ਜਿਵੇਂ ਇਸ ਦੇ ਨਾਗਰਿਕ ਸੋਚਦੇ ਤੇ ਮਹਿਸੂਸ ਕਰਦੇ ਹਨ, ਜਿਵੇਂ ਇਸ ਦੇ ਅਧਿਕਾਰੀ ਸੋਚਦੇ ਤੇ ਕੰਮ ਕਰਦੇ ਹਨ, ਜਿਵੇਂ ਇਸ ਦੀਆਂ ਪ੍ਰਮੁੱਖ ਪਾਰਟੀਆਂ ਵੋਟਾਂ ਲਈ ਪ੍ਰਚਾਰ ਕਰਦੀਆਂ ਹਨ ਤੇ ਚੋਣਾਂ ਲੜਦੀਆਂ ਹਨ। ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਹੁਣ ਉਨ੍ਹਾਂ ਭਾਰਤੀਆਂ ਵਿਚ ਸਾਫ਼ ਡਰ ਅਤੇ ਅਸੁਰੱਖਿਆ ਪਾਈ ਜਾ ਰਹੀ ਹੈ ਜਿਹੜੇ ਜਨਮ ਜਾਂ ਪਾਲਣ-ਪੋਸ਼ਣ ਪੱਖੋਂ ਹਿੰਦੂ ਨਹੀਂ ਹਨ। ਅਨੇਕਤਾਵਾਦ ਲਈ ਸੰਵਿਧਾਨਕ ਯਕੀਨਦਹਾਨੀ ਹਾਲੇ ਵੀ ਉਵੇਂ ਹੀ ਕਾਇਮ ਹੈ; ਪਰ ਜ਼ਮੀਨੀ ਤੌਰ ’ਤੇ ਅਤੇ ਰੋਜ਼ਮਰ੍ਹਾ ਜ਼ਿੰਦਗੀ ਵਿਚ ਹਕੂਮਤ ਬਹੁਗਿਣਤੀਵਾਦ ਦੀ ਹੀ ਹੈ। ਭਾਰਤ ਹਾਲੇ ਵੀ ਹਿੰਦੂ ਪਾਕਿਸਤਾਨ ਨਹੀਂ ਬਣਿਆ; ਪਰ ਇਹ ਆਪਣੀ ਹੋਂਦ ਤੋਂ ਬਾਅਦ ਅਜਿਹਾ ਬਣਨ ਦੇ ਸਭ ਤੋਂ ਵੱਧ ਕਰੀਬ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ