Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਰੋਟੀ ਦੀ ਸਿਆਸਤ ਅਤੇ ਸਮਕਾਲੀ ਔਰਤ----ਨਿਕਿਤਾ ਆਜ਼ਾਦ
ਨਿਕਿਤਾ ਆਜ਼ਾਦਸਰਕਾਰੀ ਅੰਕੜੇ ਦੱਸਦੇ ਹਨ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਔਰਤਾਂ ਦੀ ਵੋਟ ਫ਼ੀਸਦ ਮਰਦਾਂ ਨੂੰ ਟੱਕਰ ਦੇਣ ਲਈ ਤਿਆਰ ਹੈ। ਮੁਲਕ ਦੇ ਇਤਿਹਾਸ ਵਿਚ ਪਹਿਲੀ ਵਾਰ ਐਮਰਜੈਂਸੀ ਤੋਂ ਬਾਅਦ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਚੋਣਾਂ ਵਿਚ ਤਕਰੀਬਨ 68% ਔਰਤਾਂ ਨੇ ਸ਼ਮੂਲੀਅਤ ਕੀਤੀ ਹੈ ਪਰ ਸੱਤਾ ਵਿਚ ਆਈ ਭਾਰਤੀ ਜਨਤਾ ਪਾਰਟੀ ਕੋਲ ਔਰਤ ਵੋਟਰਾਂ ਲਈ ਕੀ ਮਾਡਲ ਹੈ, ਇਹਦਾ ਜਵਾਬ ਦੇਣ ਲਈ ਮੇਰੇ ਕੋਲ ‘ਰੋਟੀ’ ਤੋਂ ਬਿਹਤਰ ਹੋਰ ਕੋਈ ਬਿੰਬ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੋਲ ਔਰਤ ਸ਼ਕਤੀਕਰਨ ਦਾ ਇਕੋ-ਇਕ ਮਾਡਲ ਹੈ – ਰੋਟੀ ਬਣਾਉਣਾ ਅਤੇ ਬਣਵਾਉਣਾ। ਹੁਣ ਮੈਂ ਆਪਣੀ ਗੱਲ ਵਿਸਥਾਰ ਵਿਚ ਰੱਖਦੀ ਹਾਂ।
ਮੁਲਕ ਵਿਚ ਔਰਤਾਂ ਖ਼ਿਲਾਫ਼ ਹੁੰਦੇ ਜੁਰਮ ਸਭ ਹੱਦਾਂ-ਬੰਨੇ ਟੱਪ ਗਏ ਹਨ; ਪੰਜਾਬ ਵਿਚ ਪਿਛਲੇ ਦਿਨਾਂ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਜਿਨਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਨਿੱਕੀਆਂ ਬਾਲੜੀਆਂ ਨੂੰ ਸ਼ਿਕਾਰ ਬਣਾਇਆ ਗਿਆ ਹੈ। ਸੱਤਾਧਾਰੀ ਪਾਰਟੀ ਲਈ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਕਿੰਨੀ ਤਰਜੀਹ ਰੱਖਦਾ ਹੈ, ਇਹ ਉਸ ਦੇ ਚੋਣ ਜ਼ਾਬਤੇ ਵਿਚ ਹੋਈ ਗ਼ਲਤੀ (ਫਰਾਇਡਅਨ ਸਲਿਪ?) ਤੋਂ ਸਪਸ਼ਟ ਹੋ ਜਾਂਦਾ ਹੈ ਜਿੱਥੇ ਇਹ ਲਿਖਣ ਦੀ ਬਜਾਏ ਕਿ ਔਰਤਾਂ ਖ਼ਿਲਾਫ਼ ਜੁਰਮਾਂ ਨੂੰ ਠੱਲ੍ਹ ਪਾਈ ਜਾਵੇਗੀ, ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ ਕਹਿੰਦਾ ਹੈ ਕਿ ਔਰਤਾਂ ਖ਼ਿਲਾਫ਼ ਜੁਰਮ ‘ਕਰਨ’ ਦੇ ਕਨੂੰਨ ਬਣਾਏ ਜਾਣਗੇ।
ਇਸ ਨੂੰ ਭੋਲੀ ਗ਼ਲਤੀ ਸਮਝ ਕੇ ਮੁਆਫ਼ ਕਰ ਦਿੱਤਾ ਜਾਂਦਾ ਪਰ ਪੰਜ ਸਾਲਾਂ ਵਿਚ ਪਾਰਟੀ ਦੇ ਵੱਖ ਵੱਖ ਅੰਗਾਂ ਦੇ ਚਲਾਏ ਔਰਤ ਵਿਰੋਧੀ ਮੋਰਚੇ – ਰੋਮੀਓ ਸਕੁਐਡ, ਸ਼ਬਰੀਮਾਲਾ ਵਿਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ, ਕਠੂਆ ਵਿਚ ਬਲਾਤਕਾਰੀਆਂ ਨੂੰ ਸ਼ਹਿ ਦੇਣਾ, ਔਰਤਾਂ ਨੂੰ ਪੰਜ ਪੰਜ ਹਿੰਦੂ ਬੱਚੇ ਪੈਦਾ ਕਰਨ ਦੀ ਹਦਾਇਤਾਂ ਆਦਿ ਚੋਣ ਜ਼ਾਬਤੇ ਦੀ ਭੁੱਲ ਨੂੰ ਸੱਚ ਵਿਚ ਤਬਦੀਲ ਕਰਨ ਵਾਲੇ ਹਾਲਾਤ ਵੱਲ ਇਸ਼ਾਰਾ ਕਰਦੇ ਹਨ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਪਾਰਟੀ ਨੇ ਅਗਲੇ 5 ਸਾਲਾਂ ਲਈ ਜੋ 75 ਮੀਲਪੱਥਰ ਤੈਅ ਕੀਤੇ ਹਨ, ਉਨ੍ਹਾਂ ਵਿਚ ਕੇਵਲ ਦੋ ਨਾਰੀ ਸ਼ਕਤੀਕਰਨ ਨਾਲ ਸਬੰਧਿਤ ਹਨ। ਪਹਿਲਾ ਔਰਤਾਂ ਦੀ ਪੂੰਜੀਪਤੀ ਅਰਥਚਾਰੇ ਵਿਚ ਸ਼ਮੂਲੀਅਤ ਵਧਾਉਣ ਅਤੇ ਦੂਜਾ ਮੁਸਲਮਾਨ ਔਰਤਾਂ ਨੂੰ ਤਿੰਨ-ਤਲਾਕ ਅਤੇ ਨਿਕਾਹ-ਹਲਾਲ ਤੋਂ ਆਜ਼ਾਦ ਕਰਵਾਉਣ ਬਾਰੇ ਹੈ। ਜਿਹੜਾ ਮੁਲਕ ਦੁਨੀਆ ਭਰ ਵਿਚ ਔਰਤਾਂ ਦੇ ਦਰਦਨਾਕਹਾਲਾਤ ਲਈ ਬਦਨਾਮ ਹੈ, ਉਸ ਦੀ ਸਰਕਾਰ ਲਈਇਸ ਵਕਤ ਔਰਤਾਂ ਦੇ ਹਾਲਾਤ ਦੇ ਬਹਾਨੇ ਫ਼ਿਰਕਾਪ੍ਰਸਤੀ ਨੂੰ ਅੱਗ ਦੇਣਾ, ਪਹਿਲ ਬਣੀ ਹੋਈ ਹੈ।ਉਂਝ, ਇਸ ਵਾਰ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ 429 ਵਿਚੋਂ ਸਿਰਫ 53 ਔਰਤਾਂ ਨੂੰ ਹੀ ਉਮੀਦਵਾਰ ਬਣਾਇਆ ਸੀ; ਸੋ ਬਹੁਤੀ ਉਮੀਦ ਕਰਨਾ ਵੀ ਗੈਰ ਕੁਦਰਤੀ ਹੀ ਹੋਵੇਗਾ। ਫਿਰ ਵੀ, ਭੈਣਾਂ-ਬੇਟੀਆਂ-ਮਾਤਾਵਾਂ ਪਾਰਟੀ ਦੇ ਹਰ ਆਗੂ ਦੇ ਭਾਸ਼ਨ ਵਿਚ ਜ਼ਰੂਰ ਆਉਂਦੀਆਂ ਹਨ, ਭਾਵੇਂ ਵਾਕ ਦੇ ਅੰਤ ਜਾਂ ਮਰਦ ਕਰਤਾ ਦੇ ਸਬੰਧ ਵਿਚ ਕੋਈ ਲਾਗ ਬਣ ਕੇ ਹੀ। ਔਰਤਾਂ ਉਹ ਹਨ ਜੋ ਰੋਟੀ ਬਣਾਉਂਦੀਆਂ ਹਨ ਜਦੋਂ ਮਰਦ ਜ਼ਰੂਰੀ ਸਿਆਸੀ ਕੰਮ ਕਰ ਰਹੇ ਹੁੰਦੇ ਹਨ; ਜਿਵੇਂ ਨਿਰਮਲਾ ਸੀਤਾਰਾਮਨ ਜੋ ਪੁਲਵਾਮਾ ਅਤੇ ਬਾਲਾਕੋਟ ਹਮਲਿਆਂ ਦੌਰਾਨ ਭਾਰਤ ਦੀ ਰੱਖਿਆ ਮੰਤਰੀ ਸੀ, ਨੂੰ ਸ਼ਾਇਦ ਰੋਟੀ ਬਣਾਉਣ ਲਈ ਭੇਜ ਦਿੱਤਾ ਸੀ ਅਤੇ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ‘ਜਵਾਬ’ ਦਿੱਤੇ ਸੀ।
ਰੋਟੀ… ਇਹੋ ਕੰਮ ਹੈ ਜੋ ਔਰਤਾਂ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਵਿਚ ਬਾਖੂਬੀ ਨਿਭਾ ਸਕਦੀਆਂ ਹਨ। ਇਸੇ ਲਈ ਉਜਵਲਾ ਸਕੀਮ – ‘ਮਹਿਲਾਓਂ ਕੋ ਮਿਲਾ ਸਨਮਾਨ’ ਦੇ ਸਾਰੇ ਪੋਸਟਰਾਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬੁੜ੍ਹੀਆਂ ਤਕ ਸਿਲੰਡਰ ਅੱਗੇ ਬੈਠ ਕੇ ਰੋਟੀਆਂ ਸੇਕ ਰਹੀਆਂ ਹਨ। ਉਜਵਲਾ ਦੀ ਸਚਾਈ ਇਹ ਹੈ ਕਿ ਇਕ ਵਾਰ ਮੁਫ਼ਤ ਸਿਲੰਡਰ ਦੇ ਕੇ ਕੋਈ ਉਨ੍ਹਾਂ ਔਰਤਾਂ ਵੱਲ ਝਾਕਦਾ ਵੀ ਨਹੀਂ, ਬਾਕੀ ਮਹੀਨਿਆਂ ਲਈ ਕਿਸੇ ਕਿਸਮ ਦੀ ਸਬਸਿਡੀ ਨਹੀਂ ਹੈ ਅਤੇ ਔਰਤਾਂ ਮੁੜ ਕੇ ਚੁੱਲ੍ਹੇ ਦੀ ਅੱਗ ਦਾ ਧੂੰਆਂ ਖਾਣ ਲਈ ਮਜਬੂਰ ਹੋ ਜਾਂਦੀਆਂ ਹਨ। ਉਜਵਲਾ ਦੀ ਪਿਤਰਕੀ ਇਸ ਹੱਦ ਤਕ ਸਾਫ਼ ਹੈ ਕਿ ਇਕ ਪੋਸਟਰ ਵਿਚ ਤਕਰੀਬਨ 10 ਸਾਲ ਦੀ ਬੱਚੀ ਆਪਣੀ ਮਾਂ ਨਾਲ ਖੜ੍ਹੀ ਸਿਲੰਡਰ ਵੱਲ ਝਾਕ ਰਹੀ ਹੈ। ਇਸ ਬੱਚੀ ਨੂੰ ਪਾਇਲਟ, ਪ੍ਰੋਫੈਸਰ, ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਨਹੀਂ, ਸਿਲੰਡਰ ਅੱਗੇ ਰੋਟੀ ਬਣਾਉਣ ਵਾਲੀ ਤੀਵੀਂ ਬਣਨ ਦੇ ਸੁਪਨੇ ਦਿਖਾਏ ਜਾ ਰਹੇ ਹਨ।
ਵਿਕਾਸ ਦੇ ਨਾਮ ਤੇ ਚੱਲਣ ਵਾਲੀਆਂ ਕਈ ਸਕੀਮਾਂ ਵਿਚ ਔਰਤਾਂ ਨੂੰ ਮਾਈਕਰੋ-ਫਾਇਨਾਂਸ ਅਤੇ ਲਘੂ ਉਦਯੋਗ ਲਈ ਪ੍ਰਧਾਨ ਮੰਤਰੀ ਸੁਵਿਧਾ ਯੋਜਨਾ ਅਤੇ ਸਤ੍ਰੀ ਸਵਾਭਿਮਾਨ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਵਾਰ ਵੀ ਇਨ੍ਹਾਂ ਸਕੀਮਾਂ ਨੂੰ ਵਧਾਉਣ ਦਾ ਜ਼ਿਕਰ ਹੈ ਪਰ ਪੱਤਰਕਾਰਾਂ ਦੇ ਖੁਲਾਸੇ ਦੱਸਦੇ ਹਨ ਕਿ ਮਾਈਕਰੋ-ਫਾਇਨਾਂਸ ਨੇ ਔਰਤਾਂ ਨੂੰ ਕਰਜ਼ੇ ਵਿਚ ਡੋਬਣ ਦਾ ਕੰਮ ਹੀ ਕੀਤਾ ਹੈ। ‘ਹਫਿੰਗਟਨ ਪੋਸਟ’ ਦੀ ਇਕ ਰਿਪੋਰਟ ਮੁਤਾਬਿਕ, ਪਿਛਲੇ ਪੰਜ ਸਾਲਾਂ ਵਿਚ ਸਤ੍ਰੀ ਸਵਾਭਿਮਾਨ ਤਹਿਤ ਮੁਲਕ ਦੇ 173 ਸ਼ਹਿਰਾਂ ਵਿਚ, ਖਾਸ ਕਰ ਪੇਂਡੂ ਔਰਤਾਂ ਨੂੰ ਛੋਟੇ ਪੱਧਰ ਦੇ ਸੈਨਟਰੀ ਨੈਪਕਿਨ ਬਣਾਉਣ ਵਾਲੇ ਯੂਨਿਟ ਬਣਾਉਣ ਲਈ ਸਰਕਾਰ ਨੇ ਸਬਸਿਡੀ ਅਤੇ ਕਰਜ਼ੇ ਦਿੱਤੇ ਹਨ। ਸਰਕਾਰੀ ਵੈੱਬਸਾਈਟ ਉੱਤੇ ਜਿਨ੍ਹਾਂ ਔਰਤਾਂ ਦੇ ਨਾਮ ਅਤੇ ਕਹਾਣੀਆਂ ਦੇ ਹਵਾਲੇ ਨਾਲ ਇਸ ਸਕੀਮ ਨੂੰ ਸਫ਼ਲਤਾ ਅਤੇ ਨਾਰੀ ਸ਼ਕਤੀਕਰਨ ਦੀ ਸਿਖ਼ਰ ਦੱਸਿਆ ਜਾ ਰਿਹਾ ਹੈ, ਅਸਲ ਵਿਚ ਇਹ ਸਿਰਫ਼ ਅੱਖਾਂ ਵਿਚ ਪਾਇਆ ਘੱਟਾ ਹੈ। ਰਿਪੋਰਟ ਦੱਸਦੀ ਹੈ ਕਿ ਔਰਤਾਂ ਨੂੰ ਮੁਨਾਫ਼ੇ ਦੀ ਥਾਂ ਘਰਵਾਲਿਆਂ ਅਤੇ ਬੈਂਕ ਤੋਂ ਕਰਜ਼ਾ ਚੁੱਕਣਾ ਪਿਆ ਹੈ ਜਿਸ ਵਿਚ ਜਲੰਧਰ ਦੇ ਕੁਝ ਪਿੰਡ ਵੀ ਸ਼ਾਮਲ ਹਨ। ਇਹ ਨੈਪਕਿਨ ਸਰਕਾਰੀ ਸਕੂਲਾਂ ਵਿਚ ਵੀ ਨਹੀਂ ਵਿਕਦੇ, ਕਿਉਂਕਿ ਇਨ੍ਹਾਂ ਵਿਚ ਵਰਤੇ ਮਾਲ ਦੀ ਮਿਆਦ ਬਹੁਤ ਹੇਠਲੀ ਪੱਧਰ ਦੀ ਹੁੰਦੀ ਹੈ। ਇਨ੍ਹਾਂ ਦੀ ਕੀਮਤ ਵੀ ਬਾਜ਼ਾਰ ਤੋਂ ਮਿਲਦੇ ਨੈਪਕਿਨ ਦੇ ਬਰਾਬਰ ਦੀ ਹੁੰਦੀ ਹੈ।
ਸੋਚਿਆ ਜਾਵੇ ਤਾਂ ਸਰਕਾਰਾਂ ਅਤੇ ਪੂੰਜੀਪਤੀਆਂ ਨੇ ਹਮੇਸ਼ਾ ਔਰਤਾਂ ਨੂੰ ਖਾਸ ਕਿਸਮ ਦੇ ‘ਔਰਤਾਂ’ ਵਾਲੇ ਕੰਮਾਂ ਵੱਲ ਧੱਕਿਆ ਹੈ। ਸਿਲਾਈ ਮਸ਼ੀਨਾਂ ਦੇ ਤਜਰਬੇ ਕੁਝ ਹੱਦ ਤਕ ਦਰਸਾਉਂਦੇ ਹਨ ਕਿ ਪਿੰਡ ਵਿਚ ਸਿਲਾਈ-ਕਢਾਈ ਸਿਖਾ ਕੇ ਔਰਤਾਂ ਨੂੰ ਕੱਪੜਾ ਉਦਯੋਗਾਂ ਦੀ ਮੰਡੀ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਜੋ ਸਸਤੇ ਅਤੇ ਘਰੇ ਰਹਿਣ ਵਾਲੇ ਮਜ਼ਦੂਰ ਮਿਲ ਸਕਣ ਜਿਨ੍ਹਾਂ ਦੀ ਲਸ਼ਕਰ, ਮੰਡੀ ਦੇ ਬਾਰਡਰ ਤੇ ਸੇਵਾ ਲਈ ਤਿਆਰ ਰਹੇ (reserved army of labour)। ਸੈਨਟਰੀ ਨੈਪਕਿਨ ਉਦਯੋਗ ਵੀ ਪੂਰੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੀ ਲੇਬਰ ਦਾ 90% ਹਿੱਸਾ ਔਰਤਾਂ ਹਨ ਪਰ ਇਸ ਤੱਥ ਪਿੱਛੇ ਮੁਨਾਫ਼ੇ ਦੀ ਜੋ ਮਾਨਸਿਕਤਾ ਕੰਮ ਕਰਦੀ ਹੈ, ਉਹ ਇਹ ਹੈ ਕਿ ਔਰਤਾਂ ਮਰਦਾਂ ਮੁਕਾਬਲੇ ਭਾਰੀ ਉਦਯੋਗਾਂ ਵਿਚ ਕੰਮ ਨਹੀਂ ਕਰ ਸਕਦੀਆਂ ਅਤੇ ਉਨ੍ਹਾਂ ਲਈ ਪੈਡ ਵਰਗੇ ਸੂਖਮ ਕੰਮ ਹੀ ਬਿਹਤਰ ਹਨ ਜਿੱਥੇ ਦਿਹਾੜੀ ਵੀ ਘੱਟ ਦੇਣੀ ਪਵੇਗੀ ਅਤੇ ਔਰਤਪੁਣੇ ਦੀ ਵਿਚਾਰਧਾਰਾ ਵੀ ਬਣੀ ਰਹੇਗੀ।
ਔਰਤਪੁਣੇ ਦਾ ਕੰਮ ਸਿਰਫ਼ ਸਸਤੀ ਲੇਬਰ ਦੀ ਭੂਮਿਕਾ ਨਿਭਾਉਣਾ ਨਹੀਂ ਸਗੋਂ ਮੌਜੂਦਾ ਲੇਬਰ ਦੀ ਦੇਖ-ਰੇਖ ਅਤੇ ਪ੍ਰਜਨਨ ਵੀ ਹੈ। ਬੱਚੇ (ਨਵੀਂ ਲੇਬਰ) ਪੈਦਾ ਕਰਨਾ, ਘਰ ਦੀ ਦੇਖ-ਰੇਖ ਕਰਨਾ, ਬਚੇ ਸਾਂਭਣਾ, ਕੱਪੜੇ ਧੋਣਾ, ਖਾਣਾ ਬਣਾਉਣਾ – ਇਹ ਉਹ ਕੰਮ ਹਨ ਜੋ ਹਰ ਮਨੁੱਖ ਨੂੰ ਅਗਲੀ ਸਵੇਰ ਨੌਕਰੀ ਤੇ ਜਾਣ ਲਈ ਪੂਰੇ ਚਾਹੀਦੇ ਹਨ, ਤੇ ਔਰਤਪੁਣਾ ਇਹ ਕੰਮ ਔਰਤਾਂ ਤੋਂ ਸਦੀਆਂ ਤੋਂ ਮੁਫ਼ਤ ਕਰਵਾ ਰਿਹਾ ਹੈ। ਅੱਜ ਭਾਵੇਂ ਔਰਤ ਕੱਪੜਾ ਫੈਕਟਰੀ ਵਿਚ ਕੰਮ ਕਰੇ ਜਾਂ ਪਿੰਡ ਵਿਚ ਆਪਣਾ ਸੈਨਟਰੀ ਨੈਪਕਿਨ ਉਦਯੋਗ ਚਲਾਏ, ਘਰ ਦਾ ਰੋਟੀ-ਪਾਣੀ ਉਸ ਦੀ ਇਤਿਹਾਸਕ ਜ਼ਿੰਮੇਵਾਰੀ ਅਤੇ ਕਰਤਵ ਹੈ। ਔਰਤਾਂ ਨੂੰ ਇਨ੍ਹਾਂ ਕੰਮਾਂ ਤੱਕ ਸੀਮਤ ਕਰਨਾ ਉਨ੍ਹਾਂ ਨੂੰ ਸੁਤੰਤਰ ਬਣਾਉਣ ਦੀ ਥਾਂ ਸ਼ੋਸ਼ਣ ਨੂੰ ਵਧਾਉਣਾ ਹੈ ਜੋ ਭਾਰਤੀ ਜਨਤਾ ਪਾਰਟੀ ਉਜਵਲਾ, ਸੁਵਿਧਾ, ਮਾਈਕਰੋ ਫਾਇਨਾਂਸ ਆਦਿ ਸਕੀਮਾਂ ਰਾਹੀਂ ਕਰ ਰਹੀ ਹੈ।
ਘੜੀ-ਮੁੜੀ ਸੁਸ਼ੀਲ ਭਾਰਤੀ ਨਾਰੀ ਦਾ ਬਿੰਬ ਘੜਨਾ ਜੋ ਔਰਤਾਂ ਵਾਲੇ ਕੰਮ ਕਰਦੀ ਹੈ, ਆਪਣੇ ਪਤੀ ਦੀ ਸੇਵਾ ਕਰਦੀ ਹੈ, ਅਤੇ ਮੁਲਕ ਲਈ ਕੁਰਬਾਨ ਹੋਣ ਵਾਲੇ (ਪੜ੍ਹੋ: ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਲੇ) ਵੀਰ ਪੁੱਤਰ ਪੈਦਾ ਕਰਦੀ ਹੈ, ਔਰਤਾਂ ਨੂੰ ਫਿਰ ਚਕਲੇ ਬੇਲਣੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ। ਇਕ ਜਰਮਨ ਰਿਪੋਰਟ ਮੁਤਾਬਕ, ਭਾਰਤ ਵਿਚ ਮਰਦ ਘਰ ਦੇ ਕੰਮਾਂ ਉੱਤੇ ਦਿਨ ਦੇ ਕੁੱਲ 36 ਮਿੰਟ ਲਗਾਉਂਦੇ ਹਨ ਅਤੇ ਔਰਤਾਂ ਨੌਕਰੀ ਕਰਨ ਤੋਂ ਇਲਾਵਾ ਤਕਰੀਬਨ 6 ਘੰਟੇ ਘਰ ਦੇ ਕੰਮਾਂ (ਸਫ਼ਾਈ ਆਦਿ) ਵਿਚ ਰੁੱਝੀਆਂ ਰਹਿੰਦੀਆਂ ਹਨ। ਔਰਤ ਦੋਹਰੇ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ ਅਤੇ ਔਰਤਪੁਣੇ ਦੇ ਮਲਬੇ ਹੇਠ ਉਸ ਦੀ ਆਵਾਜ਼ ਦਬਦੀ ਰਹਿੰਦੀ ਹੈ।
‘ਬੇਟੀ ਬਚਾਓ ਬੇਟੀ ਪੜ੍ਹਾਓ’ ਵਿਚ ਬੇਸ਼ੱਕ, ਔਰਤ-ਮਰਦ ਦੇ ਕੰਮ ਨੂੰ ਬਰਾਬਰ ਕਰਨ ਦੀ ਚਰਚਾ ਕੀਤੀ ਗਈ ਸੀ ਪਰ ਮੁਹਿੰਮ ਦਾ 56% ਫੰਡ ਪ੍ਰਚਾਰ ਉੱਤੇ ਹੀ ਲੱਗ ਗਿਆ ਅਤੇ ਸਿਰਫ਼ 24% ਹੀ ਰਾਜਾਂ ਤੱਕ ਪਹੁੰਚ ਸਕਿਆ। ਉਂਝ ਵੀ ਇਸ ਸਕੀਮ ਵਿਚ ਵੀ ਔਰਤ ਦੀ ਹੋਂਦ ਬੇਟੀ ਅਤੇ ਪਰਿਵਾਰ ਕਰਕੇ ਮਹੱਤਵਪੂਰਨ ਮੰਨੀ ਗਈ ਹੈ, ਉਸ ਦੀ ਆਪਣੀ ਆਜ਼ਾਦੀ ਅਤੇ ਸ਼ਖ਼ਸੀਅਤ ਕਰਕੇ ਨਹੀਂ। ਜੇ ਭਾਰਤ ਵਿਚ ਔਰਤਾਂ ਪ੍ਰਤੀ ਅਗਾਂਹਵਧੂ ਸੋਚ ਦਾ ਪ੍ਰਸਾਰ ਹੋ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਘਟਾਓਵਾਦੀ ਅਤੇ ਲਿੰਗਵਾਦੀ ਪ੍ਰਵਚਨਾਂ ਨਾਲ ਔਰਤ-ਮਰਦ ਵਿਚਕਾਰ ਫ਼ੈਸਲੇ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ।
ਭਾਜਪਾ ਕਦੇ ਕਦਾਈਂ ਸਮ੍ਰਿਤੀ ਇਰਾਨੀ ਦੇ ਦੋਸਤ ਦੀ ਅਰਥੀ ਨੂੰ ਮੋਢਾ ਦੇਣ ਨੂੰ ਨਾਰੀ ਸ਼ਕਤੀਕਰਨ ਦਾ ਚਿੰਨ੍ਹ ਬਣਾ ਕੇ ਪਖੰਡ ਰਚਣ ਦੀ ਕੋਸ਼ਿਸ਼ ਕਰਦੀ ਹੈ ਪਰ ਸਮ੍ਰਿਤੀ ਦੇ ਨਿਜੀ ਜੀਵਨ ਦੀ ਚਰਚਾ ਅਤੇ ਭਾਰਤੀ ਜਨਤਾ ਪਾਰਟੀ ਅੰਦਰ ਪਿਤਰਕੀ ਨਾਲ ਸੰਘਰਸ਼ ਬਾਰੇ ਚਰਚਾ ਫ਼ਿਰ ਸਹੀ। ਫ਼ਿਲਹਾਲ, ਇਹ ਕਹਿਣਾ ਕਾਫ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਔਰਤਾਂ ਰੋਟੀਆਂ ਬਣਾਉਂਦੀਆਂ ਜਾਂ ਮੁਸਲਮਾਨਾਂ ਖ਼ਿਲਾਫ਼ ਅੱਗ ਉਗਲਦੀਆਂ (ਸਾਧਵੀ ਪ੍ਰੱਗਿਆ) ਹੀ ਸੋਹੰਦੀਆਂ ਹਨ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback