Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਭਰੋਸੇ ਨਾਲ ਭਰਿਆ ਅਟੈਚੀਕੇਸ--- ਸੰਜੀਵ ਕੁਮਾਰ ਸ਼ਰਮਾ


    
  

Share
  ਗੱਲ 1989 ਅਗਸਤ-ਸਤੰਬਰ ਦੀ ਹੈ। ਮੇਰੀ ਉਮਰ 17 ਤੋਂ ਕੁਝ ਮਹੀਨੇ ਉੱਪਰ ਸੀ। ਭਾਪਾ ਜੀ ਪਾਰਟੀ ਦੇ ਕੁਲਵਕਤੀ (whole timer) ਹੋਣ ਕਰਕੇ ਮੈਨੂੰ ਉਚੇਰੀ ਸਿੱਖਿਆ ਲਈ ਕਿਸੇ ਕਮਿਊਨਿਸਟ ਮੁਲਕ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ। ਮੇਰਾ ਸੋਵੀਅਤ ਸੰਘ ਜਾਣਾ ਤੈਅ ਹੋ ਗਿਆ। ਬਾਰ੍ਹਵੀਂ ਜਮਾਤ ਨਾਨ-ਮੈਡੀਕਲ ਵਿਚੋਂ ਚੰਗੇ ਨੰਬਰਾਂ ਵਿਚ ਪਾਸ ਕਰਨ ਤੋਂ ਬਾਅਦ ਕੰਪਿਊਟਰ ਇੰਜਨੀਅਰਿੰਗ ਕਰਨ ਲਈ ਛੇ ਵਰ੍ਹਿਆਂ ਲਈ ਜਾਣਾ ਸੀ।
ਸਾਮਾਨ ਪੈਕ ਕਰਨ ਲਈ ਬੈਗ ਅਤੇ ਅਟੈਚੀ ਦੀ ਲੋੜ ਸੀ। ਪਰਿਵਾਰ ਦੀ ਮਾਲੀ ਹਾਲਤ ਕਮਜ਼ੋਰ ਸੀ, ਭਾਪਾ ਜੀ ਨਾਲ ਸੈਕਟਰ 19 ਦੀ ਰੇਹੜੀ ਮਾਰਕਿਟ ਚਲੇ ਗਏ ਖਰੀਦਣ। ਇਕ ਅਟੈਚੀ ਦੇਖੀ, ਬਹੁਤ ਸਸਤੀ ਜਿਹੀ, ਰੈਕਸੀਅਨ ਦੀ। ਅੰਦਰ ਗੱਤਾ ਲੱਗਾ ਸੀ। ਭਾਪਾ ਜੀ ਕਹਿੰਦੇ- ਵਧੀਆ ਹੈ, ਲੈ ਲੈਂਦੇ ਹਾਂ। ਦੁਕਾਨਦਾਰ ਨੇ ਵੀ ਯਕੀਨ ਦਿਵਾਇਆ ਕਿ ਬਹੁਤ ਮਜ਼ਬੂਤ ਹੈ, ਸੋ ਖਰੀਦ ਲਈ। ਘਰ ਆ ਕੇ ਸਾਮਾਨ ਪਾਇਆ। ਦੋ ਸਤੰਬਰ ਦੀ ਫਲਾਈਟ ਸੀ ਦਿੱਲੀ ਤੋਂ।
ਦਿੱਲੀ ਮੇਰੇ ਮਾਮਾ ਜੀ ਦਾ ਘਰ ਸੀ। ਦੋ ਦਿਨ ਪਹਿਲਾਂ ਜਾਣਾ ਤੈਅ ਹੋਇਆ ਤਾਂ ਕਿ ਜ਼ਰੂਰੀ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣ। ਮੈਂ ਤੇ ਭਾਪਾ ਜੀ ਬੱਸ ਰਾਹੀਂ ਚੱਲ ਪਏ। ਅਟੈਚੀ ਦਾ ਹੈਂਡਲ ਕਮਜ਼ੋਰ ਸੀ। ਦੋ-ਤਿੰਨ ਵਾਰ ਅਟੈਚੀ ਚੁੱਕਣ-ਰੱਖਣ ਨਾਲ ਹੀ ਉਹ ਹੱਥ ਵਿਚ ਆ ਗਿਆ। ਦਿੱਲੀ ਉੱਤਰ ਕੇ ਮੋਚੀ ਤੋਂ ਸੁਆ ਲਿਆ। ਉਹਨੇ ਆਪਣੇ ਵੱਲੋਂ ਕੁਝ ਚਮੜਾ ਜਿਹਾ ਲਾ ਕੇ ਮਜ਼ਬੂਤ ਵੀ ਕਰ ਦਿੱਤਾ। ਨਿਸ਼ਚਿਤ ਦਿਨ ਫਲਾਈਟ ਫੜ ਕੇ ਮਾਸਕੋ ਪਹੁੰਚਿਆ। ਕਨਵੇਅਰ ‘ਤੇ ਜਦੋਂ ਮੇਰਾ ਅਟੈਚੀ ਆਇਆ ਤਾਂ ਦੇਖਿਆ, ਉਹਦਾ ਹੈਂਡਲ ਗ਼ਾਇਬ ਸੀ।
ਖੈਰ! ਅਟੈਚੀ ਨੂੰ ਇਕ ਕੱਛ ਵਿਚ ਫਸਾਇਆ ਅਤੇ ਦੂਜੇ ਮੋਢੇ ‘ਤੇ ਬੈਗ ਟੰਗਿਆ। ਸਾਨੂੰ ਮਾਸਕੋ ਦੇ ਹੋਸਟਲਾਂ ‘ਚ ਕੁਝ ਦਿਨ ਰੱਖਿਆ ਗਿਆ। ਉਥੋਂ ਹੀ ਵੱਖ ਵੱਖ ਮੁਲਕਾਂ ਤੋਂ ਆਏ ਵਿਦਿਆਰਥੀਆਂ ਨੂੰ ਸੋਵੀਅਤ ਸੰਘ ਦੇ ਵੱਖ ਵੱਖ ਰਾਜਾਂ (ਜਿਹੜੇ ਹੁਣ ਵੱਖ ਵੱਖ ਮੁਲਕ ਬਣ ਗਏ ਹਨ), ਵੱਖ ਵੱਖ ਇੰਸਟੀਚਿਊਟਾਂ/ ਯੂਨੀਵਰਸਿਟੀਆਂ ਵਿਚ ਰੂਸੀ ਭਾਸ਼ਾ ਸਿੱਖਣ ਲਈ ਭੇਜਿਆ ਜਾਂਦਾ ਸੀ। ਪਹਿਲੇ ਵਰ੍ਹੇ ਰੂਸੀ ਭਾਸ਼ਾ ਸਿੱਖਣ ਤੋਂ ਬਾਅਦ ਪੰਜ ਵਰ੍ਹੇ ਉਸੇ ਜਾਂ ਕਿਸੇ ਹੋਰ ਸ਼ਹਿਰ/ ਇੰਸਟੀਚਿਊਟ ਵਿਚ ਅੱਗੇ ਦੀ ਪੜ੍ਹਾਈ ਲਈ ਭੇਜਿਆ ਜਾਣਾ ਸੀ।
ਮਾਲੀ ਹਾਲਤ ਚੰਗੀ ਨਾ ਹੋਣ ਕਰਕੇ ਮੇਰੇ ਕੱਪੜੇ ਵੀ ਕੁਝ ਜ਼ਿਆਦਾ ਹੀ ਸਾਧਾਰਨ ਸਨ। ਉੱਚਾ ਜਿਹਾ ਕੋਟ, ਸਾਧਾਰਨ ‘ਸਪੋਰਟਸ ਸ਼ੂਜ’। ਸਤੰਬਰ ਵਿਚ ਹੀ ਮਾਸਕੋ ਠੰਢਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਲਈ ਮੇਰੇ ਇਹ ਕੱਪੜੇ ਨਾਕਾਫੀ ਸਨ। ਪੈਸੇ ਦੇ ਨਾਂ ਤੇ ਵੀ ਇੰਦਰਾ ਗਾਂਧੀ ਏਅਰਪੋਰਟ ਤੋਂ ਲਏ 20 ਡਾਲਰ ਪੈਂਟ ਦੀ ਅੰਦਰਲੀ ਜੇਬ ਵਿਚ ਚੰਗੇ-ਮਾੜੇ ਸਮੇਂ ਲਈ ਲੁਕੋਏ ਹੋਏ ਸਨ। ਮੇਰੇ ਨਾਲ ਦਿਆਂ ਕੋਲ ਚੰਗੇ ਸੂਟਕੇਸ, ਵਧੀਆ ਕੱਪੜੇ ਅਤੇ ਖਰਚਣ ਲਈ ਖੁੱਲ੍ਹੇ ਪੈਸੇ ਸਨ। ਮੇਰੇ ਕੋਲ, ਕੇਵਲ ਭਾਪਾ ਜੀ ਦੇ ਭਰੋਸੇ ਨਾਲ ਭਰਿਆ ਅਟੈਚੀਕੇਸ ਅਤੇ ਚੰਗੇ ਸੰਸਕਾਰਾਂ ਨਾਲ ਭਰਿਆ ਬੈਗ ਸੀ।
ਹਰ ਰੋਜ਼ ਅਸੀਂ ਨਿਸ਼ਚਿਤ ਥਾਂ ਤੇ ਇਕੱਠੇ ਕਰ ਲਏ ਜਾਂਦੇ, ‘ਸਾਮਾਨ’ ਸਮੇਤ। ਮੈਂ ਵੀ ਉਸੇ ਤਰ੍ਹਾਂ ਕੱਛ ਵਿਚ ਅਟੈਚੀਕੇਸ ਅਤੇ ਦੂਜੇ ਮੋਢੇ ਤੇ ਬੈਗ ਟੰਗ ਕੇ ਪਹੁੰਚ ਜਾਂਦਾ। ਕੱਛ ਵਿਚ ਲਗਾਤਾਰ ਦੱਬੇ ਰਹਿਣ ਕਰਕੇ ਅਟੈਚੀ ਦੀ ਹਾਲਤ ਕੁਝ ਜ਼ਿਆਦਾ ਹੀ ਨਾਜ਼ੁਕ ਹੋ ਚੁੱਕੀ ਸੀ। ਕੁਝ ਤੈਅਸ਼ੁਦਾ ਨਿਯਮਾਂ ਅਨੁਸਾਰ ਵਿਦਿਆਰਥੀਆਂ ਦੀ ਚੋਣ ਹੁੰਦੀ ਅਤੇ ਉਸੇ ਅਨੁਸਾਰ ਉਨ੍ਹਾਂ ਨੂੰ ਕਿਸੇ ਸ਼ਹਿਰ/ਇੰਸਟੀਚਿਊਟ ਵਿਚ ਭੇਜ ਦਿੱਤਾ ਜਾਂਦਾ। ਜਿਨ੍ਹਾਂ ਦੀ ਵਾਰੀ ਨਾ ਆਉਂਦੀ, ਉਹ ਫਿਰ ਆਪਣੇ ਹੋਸਟਲਾਂ/ਕਮਰਿਆਂ ਵਿਚ ਵਾਪਿਸ ਪੁੱਜ ਜਾਂਦੇ। ਮੇਰੀ ਵਾਰੀ 9-10 ਦਿਨਾਂ ਬਾਅਦ ਬਾਕੂ (ਅਜ਼ਰਬਾਇਜਾਨ ਦੀ ਰਾਜਧਾਨੀ) ਸ਼ਹਿਰ ਲਈ ਆਈ। ਸਾਨੂੰ ਰੇਲ ਰਾਹੀਂ ਮਾਸਕੋ ਤੋਂ ਬਾਕੂ ਭੇਜਿਆ ਗਿਆ। ਕੁੱਲ 44 ਘੰਟੇ ਦਾ ਸਫਰ ਸੀ। ਇਕ ਸਾਲ ਉਥੇ ਪੜ੍ਹਨ ਤੋਂ ਬਾਅਦ ਮੈਨੂੰ ਆਪਣੀ ਅਸਲ ਪੜ੍ਹਾਈ ਲਈ ਯੂਕਰੇਨ ਦੇ ਖਮਿਲਨਿਤਸਕੀ ਸ਼ਹਿਰ ਵਿਚ ਪੜ੍ਹਨ ਭੇਜਿਆ ਗਿਆ ਜਿਥੇ ਪੰਜ ਸਾਲ ਰਹਿ ਕੇ ਪੜ੍ਹਾਈ ਪੂਰੀ ਕੀਤੀ।
ਭਾਪਾ ਜੀ ਦੇ ਕੁਲਵਕਤੀ ਹੋਣ ਕਰਕੇ ਘਰ ਵਿਚ ਤੰਗੀ ਅਕਸਰ ਰਹਿੰਦੀ ਸੀ। ਇਕ ਇਕ ਦੋ ਦੋ ਡੰਗ ਖਾ ਕੇ ਵੀ ਸਾਰਿਆ। ਤਾਹੀਓਂ ਤਾਂ ਇਥੇ ਆ ਕੇ ਕੇਵਲ ਸਟਾਇਪੈਂਡ ਨਾਲ, ਜਿਹੜਾ ਬਾਮੁਸ਼ਕਿਲ 20-22 ਦਿਨ ਹੀ ਚਲਦਾ ਸੀ, ਮੈਂ ਮਹੀਨਾ ਕਿਰਸ ਕਰ ਕਰ ਕੇ ਲੰਘਾਉਂਦਾ। ਅਜ਼ਰਬਾਇਜਾਨ-ਆਰਮੇਨਿਆ ਵਿਚਕਾਰ ਉਨ੍ਹਾਂ ਹੀ ਦਿਨਾਂ ਵਿਚ ਲੱਗੀ ਜੰਗ ਨੇ ਇਸ ਤੰਗੀ ਵਿਚ ਹੋਰ ਵੀ ਵਾਧਾ ਕੀਤਾ ਪਰ ਮੈਂ ਹਿੰਮਤ ਨਹੀਂ ਹਾਰੀ। ਬਚਪਨ ਤੋਂ ਹੀ ਘਰ ਤੇ ਬਾਹਰ ਦੇ ਸਾਰੇ ਕੰਮਾਂ ਵਿਚ ਹੱਥ ਵਟਾਉਣ ਦੀ ਵੀ ਆਦਤ ਸੀ। ਸੋ, ਸਾਰੇ ਕੰਮ ਆਪ ਕਰਨ ਵਿਚ ਕੋਈ ਦਿੱਕਤ ਨਹੀਂ ਆਈ।
ਉਨ੍ਹੀਂ ਦਿਨੀਂ ਚਿੱਠੀ ਤੋਂ ਇਲਾਵਾ ਸੰਵਾਦ ਦਾ ਕੋਈ ਹੋਰ ਸਾਧਨ ਨਹੀਂ ਸੀ ਹੁੰਦਾ। ਭਾਪਾ ਜੀ ਨੇ ਨਿਯਮ ਬਣਾਇਆ ਹੋਇਆ ਸੀ, ਹਰ ਮਹੀਨੇ ਦੀ ਪਹਿਲੀ ਅਤੇ ਪੰਦਰਾਂ ਤਾਰੀਕ ਨੂੰ ਚਿੱਠੀ ਲਿਖਣੀ; ਬਿਨਾ ਇੰਤਜ਼ਾਰ ਕੀਤਿਆਂ ਕਿ ਜੁਆਬ ਆਉਂਦਾ ਹੈ ਜਾਂ ਨਹੀਂ। ਹਰ ਚਿੱਠੀ ਵਿਚ ਦੇਸ਼ ਭਗਤਾਂ, ਮਹਾਨ ਸ਼ਖ਼ਸੀਅਤਾਂ ਬਾਰੇ ਲਿਖਦੇ। ਸਮਾਜ ਵਿਚ ਕਿਵੇਂ ਵਿਚਰਨਾ ਹੈ, ਦੱਸਦੇ। ਕਈ ਵਾਰ ਮੈਨੂੰ ਚੰਗਾ ਜਿਹਾ ਵੀ ਨਾ ਲਗਦਾ ਪਰ ਉਹ ਕਹਿੰਦੇ ਹਨ ਕਿ ਤੁਸੀਂ ਬੱਚਿਆਂ ਨੂੰ ਚੰਗੀਆਂ ਗੱਲਾਂ ਲਗਾਤਾਰ ਦੱਸਦੇ ਰਹੋ। ਜੇ ਉਹ ਤੁਹਾਡੀ ਗੱਲ ਵੱਲ ਜ਼ਾਹਿਰਾ ਤੌਰ ‘ਤੇ ਨਹੀਂ ਵੀ ਧਿਆਨ ਦੇ ਰਹੇ, ਤਾਂ ਵੀ ਉਨ੍ਹਾਂ ਦੇ ਅੰਤਰ-ਮਨ ਵਿਚ ਕਿਤੇ ਨਾ ਕਿਤੇ ਇਹ ਗੱਲਾਂ ਬੈਠ ਜਾਂਦੀਆਂ ਹਨ ਅਤੇ ਔਖੇ-ਸੌਖੇ ਵੇਲੇ ਉਹ ਇਨ੍ਹਾਂ ‘ਤੇ ਅਮਲ ਵੀ ਕਰਦੇ ਹਨ।
ਚਿੱਠੀਆਂ ਲਿਖਣ ਦਾ ਇਹ ਨਿਯਮ ਬਿਨਾ ਨਾਗਾ ਛੇ ਵਰ੍ਹੇ ਕਾਇਮ ਰਿਹਾ। ਚਿੱਠੀਆਂ ਉਦੋਂ ਇੱਕ-ਡੇਢ ਮਹੀਨਾ ਲਾਉਂਦੀਆਂ ਸਨ ਆਉਣ-ਜਾਣ ਵਿਚ। ਕੋਈ ਫੋਨ ਨਹੀਂ, ਕੋਈ ਇੰਟਰਨੈੱਟ ਨਹੀਂ। ਛੇ ਸਾਲਾਂ ਵਿਚ ਸ਼ਾਇਦ 2-3 ਵਾਰੀ ਹੀ ਫੋਨ ਤੇ ਗੱਲ ਕੀਤੀ ਹੋਣੀ ਹੈ ਘਰ ਦਿਆਂ ਨਾਲ, ਉਹ ਵੀ ਪਾਰਟੀ ਦਫਤਰ ਟ੍ਰੰਕ-ਕਾਲ ਬੁੱਕ ਕਰਕੇ। ਇਥੇ ਆਉਣ ਲਈ ਔਖੇ-ਸੌਖੇ ਹੋ ਕੇ ਭਾਪਾ ਜੀ ਵੀ ਕੁਝ ਨਾ ਕੁਝ ਬਿਹਤਰ ਚੀਜ਼ਾਂ ਲੈ ਕੇ ਦੇ ਸਕਦੇ ਸਨ ਪਰ ਉਨ੍ਹਾਂ ਨੂੰ ਮੇਰੇ ਉੱਤੇ ਭਰੋਸਾ ਸੀ ਕਿ ਅਜਿਹੀਆਂ ਔਕੜਾਂ ਨੂੰ ਮੈਂ ਸਹਿਜੇ ਹੀ ਪਾਰ ਕਰ ਲਵਾਂਗਾ। ਭਰੋਸੇ ਦਾ ਅਟੈਚੀਕੇਸ ਜੋ ਭਰਿਆ ਹੋਇਆ ਸੀ!
ਅੱਜ ਅਸੀਂ ਆਪਣੇ ਬੱਚਿਆਂ ਉੱਤੇ ਇਹ ਭਰੋਸਾ ਕਰਨਾ ਛੱਡ ਦਿੱਤਾ ਹੈ। ਲੋੜ ਤੋਂ ਵੱਧ ਲਾਡ-ਪਿਆਰ ਸਦਕਾ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਰੱਖਦੇ ਹਾਂ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਬਾਰੇ ਵੀ ਨਹੀਂ ਦੱਸਦੇ। ਉਹ ਘਰ ਤੇ ਬਾਹਰ ਦੇ ਕੰਮਾਂ ਵਿਚ ਵੀ ਹੱਥ ਨਹੀਂ ਵੰਡਾਉਂਦੇ। ਲੋੜ ਹੈ, ਬੱਚਿਆਂ ਨੂੰ ਪਿਆਰ ਦੇ ਨਾਲ-ਨਾਲ ਉਨ੍ਹਾਂ ਦੇ ਅਟੈਚੀਕੇਸ ਉਸੇ ਤਰ੍ਹਾਂ ਭਰੋਸੇ ਨਾਲ ਤੁੰਨ ਤੁੰਨ ਕੇ ਭਰੋ ਜਿਸ ਤਰ੍ਹਾਂ ਭਾਪਾ ਜੀ ਨੇ ਮੇਰੇ ਲਈ ਭਰਿਆ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ