Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਿਆਸਤ ਅਤੇ ਸਿਹਤ ਦੀ ਮੰਡੀ ਵਿਚ ਬੱਚੇ---ਡਾ. ਕੁਲਦੀਪ ਕੌਰ


    
  

Share
  ਕ‍ਿਹਾ ਜਾਂਦਾ ਹੈ ਕਿ ਸਭ ਤੋਂ ਛੋਟੇ ਕਫ਼ਨ ਸਭ ਤੋਂ ਭਾਰੀ ਹੁੰਦੇ ਹਨ। ਬਿਹਾਰ ਚਮਕੀ ਬੁਖਾਰ ਕਾਰਨ ਬੱਚਿਆਂ ਦੀਆਂ ਮੌਤਾਂ ਕਾਰਨ ਚਰਚਾ ਵਿਚ ਆਇਆ। ਉਪਰਲੀ ਸਤਹਿ ਤੋਂ ਦੇਖਿਆਂ ਇਨ੍ਹਾਂ ਮੌਤਾਂ ਦਾ ਕਾਰਨ ਹਸਪਤਾਲ ਦੇ ਅਮਲੇ ਦੀ ਨਾਅਹਿਲੀਅਤ, ਮੌਸਮੀ ਫਲ ਲੀਚੀ ਅਤੇ ਉੱਚ ਤਾਪਮਾਨ ਭਾਸਦੇ ਹਨ ਪਰ ਇਹ ਮਸਲਾ ਸਿਹਤ ਬਾਰੇ ਕੌਮੀ ਨੀਤੀਆਂ, ਸਰਕਾਰ ਦੇ ਕਾਰਪੋਰੇਟ ਪੱਖੀ ਆਰਥਿਕ ਸੁਧਾਰਾਂ ਅਤੇ ਨਿੱਜੀਕਰਨ ਦੇ ਨਾਮ ਉੱਤੇ ਸਰਕਾਰੀ ਸਿਹਤਤੰਤਰ ਨੂੰ ਨਿਕੰਮਾ ਅਤੇ ਗੈਰ ਜ਼ਿੰਮੇਵਾਰ ਸਾਬਿਤ ਕਰਨ ਦੀ ਉਦਾਰਵਾਦੀ ਸੋਚ ਨਾਲ ਜੁੜਿਆ ਹੋਇਆ ਹੈ।
1991 ਵਿਚ ਕਾਂਗਰਸ ਸਰਕਾਰ ਦੁਆਰਾ ਲਾਗੂ ਆਰਥਿਕ ਸੁਧਾਰਾਂ ਨਾਲ ਜਿੱਥੇ ਇਕ ਪਾਸੇ ਭਾਰਤੀ ਸੰਵਿਧਾਨ ਵੱਲੋਂ ਨਾਗਰਿਕਾਂ ਨੂੰ ਦਿੱਤੇ ਮੂਲ ਅਧਿਕਾਰਾਂ ਤੋਂ ਪਾਸਾ ਵੱਟਣ ਦੀ ਸਰਕਾਰੀ ਨੀਤੀ ਉੱਤੇ ਮੋਹਰ ਲੱਗ ਗਈ, ਉੱਥੇ ਸਿਹਤ, ਸਿੱਖਿਆ ਅਤੇ ਵਿਕਾਸ ਦੇ ਖੇਤਰਾਂ ਵਿਚ ਪ੍ਰਾਈਵੇਟ ਪੂੰਜੀ ਦੇ ਪਸਾਰ ਨੇ ਇਨ੍ਹਾਂ ਤਿੰਨ੍ਹਾਂ ਜ਼ਰੂਰੀ ਮੱਦਾਂ ਨੂੰ ਪ੍ਰਾਈਵੇਟ ਕਾਰੋਬਾਰੀਆਂ ਅਤੇ ਕਾਰਪੋਰੇਟਾਂ ਦੇ ਹੱਥਾਂ ਵਿਚ ਸੌਂਪ ਦਿੱਤਾ। ਸਰਕਾਰੀ ਅਦਾਰਿਆਂ ਤੇ ਇਕਾਈਆਂ, ਬੈਂਕਾਂ, ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ, ਆਵਾਜਾਈ ਦੇ ਸਾਧਨਾਂ ਤੇ ਬਿਜਲੀ-ਪਾਣੀ-ਗੈਸ ਵਾਲੀਆਂ ਸੰਸਥਾਵਾਂ ਬਾਰੇ ਗਿਣੇ-ਮਿਥੇ ਢੰਗ ਨਾਲ ਪ੍ਰਾਈਵੇਟ ਪ੍ਰਚਾਰ ਸਾਧਨਾਂ ਦੁਆਰਾ ਦੁਰਪ੍ਰਚਾਰ ਕੀਤਾ ਗਿਆ ਜਿਸ ਨਾਲ ਆਜ਼ਾਦੀ ਅੰਦੋਲਨ ਦੇ ਮੂਲ ਸਿਧਾਤਾਂ ਅਤੇ ਕ੍ਰਾਂਤੀਕਾਰੀਆਂ ਦੇ ਸੁਪਨਿਆਂ ਨੂੰ ਵਿਸਾਰਦਿਆਂ ਸਟੇਟ ਨੇ ਇਨ੍ਹਾਂ ਸੇਵਾਵਾਂ ਤੋਂ ਆਪਣਾ ਹੱਥ ਖਿੱਚ ਲਿਆ।
ਇਸ ਦਲੀਲ ਦਾ ਸਿਧਾਂਤਕ ਪੱਖ ਪਰਖਣਾ ਜ਼ਰੂਰੀ ਹੈ। ਹੁਣ ਤੱਕ ਹੋਏ ਜ਼ਿਆਦਾਤਰ ਸਮਾਜਿਕ-ਸਿਆਸੀ ਅਧਿਐਨਾਂ ਵਿਚ ਮੁਲਕ ਦੇ ਆਜ਼ਾਦੀ ਅੰਦੋਲਨ ਦੇ ਸਿਰਫ ਸਿਆਸੀ ਉਦੇਸ਼ਾਂ ਅਤੇ ਜਮਹੂਰੀਅਤ ਦੇ ਸਿਆਸੀ ਅਮਲਾਂ ਨੂੰ ਘੋਖਿਆ ਗਿਆ ਹੈ। ਇਸ ਨਾਲ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਆਰਥਿਕ-ਸਮਾਜਿਕ ਏਜੰਡੇ, ਕਾਂਗਰਸ ਪਾਰਟੀ ਤੇ ਜਵਾਹਰ ਲਾਲ ਨਹਿਰੂ ਦੀ ਆਧੁਨਿਕ ਤੇ ਸਮਾਜਵਾਦੀ ਮੁੱਲਾਂ ਉੱਤੇ ਆਧਾਰਤ ਸਿਹਤ-ਸਿੱਖਿਆ-ਵਿਕਾਸ ਦਾ ਢਾਂਚਾ ਸਿਰਜਣ ਦੀ ਕਲਪਨਾ, ਡਾਥ ਅੰਬੇਦਕਰ ਦੀ ਸਮਾਜਿਕ ਬਰਾਬਰੀ ਤੇ ਵਿਤਕਰੇ ਰਹਿਤ ਪ੍ਰਸ਼ਾਸਕੀ ਤੰਤਰ ਸਿਰਜਣ ਦੀ ਜੱਦੋਜਹਿਦ ਅਤੇ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਦੇ ਭਾਰਤੀ ਗਣਤੰਤਰ ਨੂੰ ਦੁਨੀਆ ਦੇ ਮੋਹਰੀ ਮੁਲਕਾਂ ਦੀ ਕਤਾਰ ਵਿਚ ਦੇਖਣ ਦੇ ਸੁਪਨਿਆਂ ਨੂੰ ਤਿਲਾਂਜਲੀ ਦੇ ਦਿੱਤੀ ਗਈ। ਸੱਤਾ ਦੀ ਹਵਸ ਅਤੇ ਚੋਣਾਂ ਜਿੱਤਣ ਦੇ ਅਮਲ ਨੇ ਭਾਰਤੀ ਜਮਹੂਰੀਅਤ ਨੂੰ ਉਨ੍ਹਾਂ ਮੂਲ ਆਦਰਸ਼ਾਂ ਅਤੇ ਨੈਤਿਕ ਮੁੱਲਾਂ ਤੋਂ ਭਟਕਾ ਦਿੱਤਾ ਜਿਨ੍ਹਾਂ ਦੇ ਆਧਾਰ ਉੱਤੇ ਨਾਗਰਿਕਾਂ ਨੂੰ ਸਿਹਤ, ਸਿੱਖਿਆ ਅਤੇ ਹਰ ਕਿਸਮ ਦੇ ਸਾਧਨਾਂ/ਮੌਕਿਆਂ ਦੀ ਬਰਾਬਰੀ ਦਾ ਸੰਵਿਧਾਨਕ ਟੀਚਾ ਪੂਰਾ ਕੀਤਾ ਜਾਣਾ ਸੀ।ਇਸ ਟੀਚੇ ਦੀ ਸੰਰਚਨਾ ਸਾਧਾਰਨ ਨਹੀਂ ਸੀ। ਇਹ ਉਨ੍ਹਾਂ ਸਾਲਾਂ ਵਿਚ ਪੂੰਜੀਵਾਦੀ ਮਾਡਲ ਦੇ ਖ਼ਿਲਾਫ਼ ਕੌਮਾਂਤਰੀ ਪੱਧਰ ਉੱਤੇ ਚੱਲ ਰਹੇ ਆਮ ਲੋਕਾਂ ਦੇ ਅਨੇਕਾਂ ਸੰਘਰਸ਼ਾਂ ਤੋਂ ਉਪਜੀ ਮਾਨਵਤਾ ਪੱਖੀ ਸੂਝ-ਬੂਝ ਦੇ ਆਧਾਰ ਤੇ ਸਾਮਰਾਜਵਾਦੀ ਮੁਨਾਫਾ ਪੱਖੀ ਆਲਮੀਕਰਨ-ਉਦਾਰੀਵਾਦ ਖਿਲਾਫ ਲੋਕਾਈ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ ਸੀ। ਇਸ ਸੰਰਚਨਾ ਨੂੰ ਸਮਝਣ ਲਈ ਉਸ ਦੌਰ ਦੀ ਸੰਵੇਦਨਸ਼ੀਲਤਾ ਨੂੰ ਸਮਝਣਾ ਜ਼ਰੂਰੀ ਹੈ। ਇਸ ਵਿਚ ਦੂਜੀ ਸੰਸਾਰ ਜੰਗ ਵਿਚ ਸ਼ਾਮਿਲ ਦੋਵੇ ਧਿਰਾਂ ਦੀ ਸਿਆਸਤ ਦੇ ਨਾਲ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਉਨ੍ਹਾਂ ਨੇ ਆਪੋ-ਆਪਣੇ ਸਮਾਜਾਂ ਵਿਚ ਕਿਸ ਤਰ੍ਹਾਂ ਦੇ ਸਮਾਜਿਕ ਮੁੱਲਾਂ ਦੀ ਸਿਰਜਣਾ ਕੀਤੀ। ਜੰਗ, ਫੌਜਾਂ, ਸਰਹੱਦਾਂ, ਹਥਿਆਰਾਂ ਤੇ ਜਿੱਤਣ-ਹਾਰਨ ਉੱਤੇ ਆਧਾਰਤ ‘ਰਾਸ਼ਟਰਵਾਦ’ ਤੋਂ ਪਾਰ ਆਪਣੀਆਂ ਸਰਹੱਦਾਂ ਅੰਦਰ ਵੱਸ ਰਹੀ ਲੋਕਾਈ ਲਈ ਕਿਹੋ ਜਿਹੇ ਘਰਾਂ, ਸਕੂਲਾਂ,ਹਸਪਤਾਲਾਂ, ਯੂਨੀਵਰਸਿਟੀਆਂ, ਅਦਾਰਿਆਂ ਅਤੇ ਇਕਾਈਆਂ ਦੀ ਨੀਂਹ ਰੱਖੀ ਗਈ।ਇਸ ਤੋਂ ਇਹ ਅਹਿਮ ਨੁਕਤਾ ਉੱਭਰਦਾ ਹੈ ਕਿ ਆਖ਼ਿਰ ਰਾਜ ਪ੍ਰਬੰਧ ਅਤੇ ਸਟੇਟ ਦੀ ਹੋਂਦ ਦੀ ਜ਼ਰੂਰਤ ਅਤੇ ਅਰਥ ਕੀ ਹੈ? ਕੀ ਕੋਈ ਸਟੇਟ ਮਹਿਜ਼ ਆਪਣੇ ਹਥਿਆਰਾਂ, ਸਾਧਨਾਂ ਅਤੇ ਸਰਹੱਦਾਂ ਦੀ ਰਾਖੀ ਦਾ ਹੀ ਮਾਧਿਅਮ ਹੈ? ਕੀ ਸਟੇਟ ਦਾ ਉਦੇਸ਼ ਨਸਲੀ, ਧਾਰਮਿਕ, ਸਮਾਜਿਕ, ਆਰਥਿਕ, ਜਾਤ ਆਧਾਰਤ ਜਾਂ ਲਿੰਗਕ ਪਛਾਣ ਦੀ ਕਥਿਤ ‘ਉੱਚਤਾ/ਸੁੱਚਤਾ’ ਬਰਕਰਾਰ ਰੱਖਣਾ ਹੈ? ਜੇ ਅਜਿਹਾ ਹੈ ਵੀ, ਤਾਂ ਕੀ ਅਜਿਹੇ ਪ੍ਰਬੰਧਾਂ ਅੰਦਰ ਆਜ਼ਾਦੀ, ਬਰਾਬਰੀ, ਭਾਈਚਾਰਾ ਅਤੇ ਖ਼ੁਦਮੁਖ਼ਤਾਰੀ ਵਰਗੇ ਮਾਨਵੀ ਹੋਂਦ ਦੇ ਜਟਿਲ ਸਵਾਲ ਹੱਲ ਕੀਤੇ ਜਾਣ ਦੀ ਕੋਈ ਸੰਭਾਵਨਾ ਬਚੀ ਹੋਈ ਹੈ? ਹੁਣ ਤੱਕ ਦਾ ਇਤਿਹਾਸ ਇਸ ਸਵਾਲ ਦਾ ਜਵਾਬ ਨਾਂਹ ਵਿਚ ਦਿੰਦਿਆਂ ‘ਸਮੂਹਿਕਤਾ’ ਅਤੇ ‘ਸਾਂਝੀਵਾਲਤਾ’ ਦੀ ਹਾਮੀ ਭਰਦਾ ਹੈ।
ਹੁਣ ਇਸ ਸਮੂਹਿਕਤਾ ਅਤੇ ਸਾਂਝੀਵਾਲਤਾ ਦੀ ਧਾਰਨਾ ਦਾ ਕੀ ਅਰਥ ਬਣਦਾ ਹੈ? ਇਸ ਬਾਬਤ ਉੱਘਾ ਚਿੰਤਕ ਸਮੀਰ ਅਮੀਨ ਦੋ ਅਹਿਮ ਨੁਕਤਿਆਂ ਦਾ ਹਵਾਲਾ ਦਿੰਦਾ ਹੈ। ਪਹਿਲੇ ਨੁਕਤੇ ਅਨੁਸਾਰ, 1950-60 ਦੇ ਦਹਾਕੇ ਵਿਚ ਆਜ਼ਾਦ ਹੋਏ ਮੁਲਕਾਂ ਅੱਗੇ ਜਿੱਥੇ ਨਵੇਂ ਸਿਰਿਉਂ ਆਪੋ-ਆਪਣੇ ਮੁਲਕਾਂ ਦੇ ਸਿਹਤ, ਸਿੱਖਿਆ ਅਤੇ ਵਿਕਾਸ ਦੇ ਢਾਂਚਿਆਂ ਦੇ ਪੁਨਰ-ਨਿਰਮਾਣ ਦਾ ਤਤਕਾਲੀ ਕਾਰਜ ਸੀ, ਉੱਥੇ ਸੁਤੰਤਰਤਾ ਸੰਘਰਸ਼ ਦੌਰਾਨ ਜਿਵੇਂ ਕ੍ਰਾਂਤੀਕਾਰੀਆਂ ਨੇ ਧਰਮਾਂ, ਜਾਤਾਂ, ਨਸਲਾਂ, ਖੇਤਰੀ ਸ਼ਨਾਖ਼ਤ ਅਤੇ ਹੋਰ ਵੰਡੀਆਂ ਨੂੰ ਦਰਕਿਨਾਰ ਕਰਦੇ ਹੋਏ ਬਸਤੀਵਾਦ, ਫਾਸ਼ੀਵਾਦ ਅਤੇ ਸਾਮਰਾਜਵਾਦੀ ਤਾਕਤਾਂ ਦਾ ਗਰੂਰ ਤੋੜਿਆ ਸੀ, ਉਸ ਜਜ਼ਬੇ ਅਤੇ ਸੋਚ ਨੂੰ ਸਿਆਸਤੀ ਨੀਤੀਆਂ ਵਿਚ ਢਾਲਣਾ ਜ਼ਰੂਰੀ ਸੀ। ਦੂਜੀ ਸੰਸਾਰ ਜੰਗ ਦੇ ਨਤੀਜਿਆਂ ਨੇ ਵੈਸੇ ਵੀ ਸਾਰੇ ਮੁਲਕਾਂ ਅੱਗੇ ਸਾਬਤ ਕਰ ਦਿੱਤਾ ਸੀ ਕਿ ਜਨੂਨੀ ਰਾਸ਼ਟਰਵਾਦ ਅਤੇ ‘ਦੂਜਿਆਂ’ ਨਾਲ ਨਫਰਤ ਦੋ-ਧਾਰੀ ਅਤੇ ਆਤਮਘਾਤੀ ਹੁੰਦੀ ਹੈ।
ਦੂਜੇ ਨੁਕਤੇ ਅਨੁਸਾਰ, ਇਹ ਸਮਝਣਾ ਜ਼ਰੂਰੀ ਹੈ ਕਿ ਸ਼ੋਸ਼ਣ ਪ੍ਰਣਾਲੀ, ਬਸਤੀਵਾਦ ਤੇ ਸਾਮਰਾਜਵਾਦੀ ਧਿਰਾਂ ਪੂਰੀ ਤਰ੍ਹਾਂ ਜਥੇਬੰਦ, ਨਵੀਆਂ ਤਕਨੀਕਾਂ ਨਾਲ ਲੈਸ, ਬਾਜ਼ਾਰੀ ਤਾਕਤਾਂ ਨਾਲ ਇਕਜੁੱਠ, ਪ੍ਰਾਪੇਗੰਡਾ ਦੇ ਜ਼ਹਿਰੀਲੇ ਪ੍ਰਚਾਰ ਨੂੰ ਪ੍ਰਨਾਈਆਂ ਅਤੇ ਗਿਆਨ-ਸਿਰਜਣ ਦੀ ਪ੍ਰਕਿਰਿਆ ਉੱਤੇ ਕਾਬਜ਼ ਹੁੰਦੀਆਂ ਹਨ ਜਿਨ੍ਹਾਂ ਦਾ ਟਾਕਰਾ ਜਥੇਬੰਦ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੁਕਤਿਆਂ ਦੇ ਆਧਾਰ ਤੇ ਅਗਲਾ ਸਵਾਲ ਇਹ ਬਣਦਾ ਹੈ ਕਿ ਇਉਂ ਜਥੇਬੰਦ ਹੋਣ ਦਾ ਆਧਾਰ ਕੀ ਹੋਵੇ? ਕੀ ਅਜਿਹਾ ਹੋਣਾ ਸਿਰਫ ਯੂਟੋਪੀਆ ਵਿਚ ਹੀ ਸੰਭਵ ਹੈ? ਕਿਸੇ ਸਟੇਟ ਵਿਚ ਜੀਅ ਰਹੇ ਨਾਗਰਿਕਾਂ ਲਈ ਸਿਹਤ, ਸਿੱਖਿਆ, ਵਧੀਆ ਮਕਾਨ, ਰੁਜ਼ਗਾਰ, ਆਵਾਜਾਈ ਦੇ ਸਾਧਨਾਂ ਅਤੇ ਜ਼ਿੰਦਗੀ ਦੀਆਂ ਬਾਕੀ ਸਹੂਲਤਾਂ ਮੁਹਈਆ ਕਰਵਾਉਣ ਨਾਲ ਕਿਸੇ ਰਾਸ਼ਟਰ ਦੀ ਸੁਰੱਖਿਆ, ਖੁਸ਼ਹਾਲੀ ਅਤੇ ਜਮਹੂਰੀਅਤ ਦਾ ਕੀ ਸਬੰਧ ਬਣਦਾ ਹੈ? ਕੀ ਕਿਸੇ ਮਨੁੱਖੀ ਸਮਾਜ ਦਾ ਅਜਿਹਾ ਸੰਤੁਲਤ ਵਿਕਾਸ ਕਿਸੇ ਰਾਸ਼ਟਰ ਦੀ ਤਰਕਸ਼ੀਲ ਜ਼ਹਿਨੀਅਤ, ਆਜ਼ਾਦੀ, ਮਨੁੱਖੀ ਹਕੂਕ ਅਤੇ ਸਮਾਜਿਕ ਤਬਦੀਲੀ ਵਿਚ ਕਿਸੇ ਕਿਸਮ ਦੀ ਰੁਕਾਵਟ ਪੈਦਾ ਕਰਦਾ ਹੈ?
ਇੱਥੇ ਬਿਹਾਰ ਵਿਚ ਆਸਾਨੀ ਨਾਲ ਕੰਟਰੋਲ ਕੀਤੀ ਜਾ ਸਕਣ ਵਾਲੀ ਬਿਮਾਰੀ ਨਾਲ ਮਰ ਰਹੇ ਬੱਚਿਆਂ ਦਾ ਸਵਾਲ ਆ ਜਾਂਦਾ ਹੈ। ਆਉਣ ਵਾਲੀਆਂ ਨਸਲਾਂ ਦੀ ਮਾਨਸਿਕ, ਸਮਾਜਿਕ ਅਤੇ ਸਰੀਰਕ ਸਿਹਤ ਦੇ ਆਧਾਰ ਉੱਤੇ ਹੀ ਕੋਈ ਰਾਸ਼ਟਰ ਆਪਣੀਆਂ ਸਿਆਸੀ, ਆਰਥਿਕ ਤੇ ਸਮਾਜਿਕ ਨੀਤੀਆਂ ਅਤੇ ਭਵਿੱਖ ਦੀਆਂ ਸਫਲਤਾਵਾਂ ਦਾ ਖਾਕਾ ਉਲੀਕ ਸਕਦਾ ਹੈ। ਇਤਿਹਾਸਕ ਤੌਰ ਤੇ ਦੇਖਿਆ ਜਾਵੇ ਤਾਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਸਿਹਤਤੰਤਰ ਵਿਚ ਸਿਹਤ ਸਹੂਲਤਾਂ ਤੱਕ ਪਹੁੰਚ, ਉਨ੍ਹਾਂ ਨੂੰ ਹਾਸਲ ਕਰ ਸਕਣ ਦੀ ਸਮਰੱਥਾ ਅਤੇ ਵਰਤ ਸਕਣ ਦੀ ਸਹੂਲਤ ਦਾ ਸਿੱਧਾ ਸਬੰਧ ਜਮਾਤੀ, ਜਾਤੀ, ਫਿਰਕੂ, ਆਰਥਿਕ, ਧਾਰਮਿਕ, ਸੱਭਿਆਚਾਰਕ, ਨਸਲੀ, ਖੇਤਰੀ ਪਛਾਣਾਂ ਅਤੇ ਇਨ੍ਹਾਂ ਸਾਰੇ ਗੈਰ ਕੁਦਰਤੀ ਦਾਇਰਿਆਂ ਦੀ ਸੱਤਾ ਤੱਕ ਰਸਾਈ ਨਾਲ ਹੈ।
ਬਸਤੀਵਾਦੀ ਮੁਲਕਾਂ ਵਿਚ ਖਾਸ ਤੌਰ ਤੇ ਜਿਹੜੇ ਦੂਜੀ ਸੰਸਾਰ ਜੰਗ ਤੋਂ ਬਾਅਦ ‘ਆਜ਼ਾਦ’ ਹੋਏ ਹਨ, ਉਨ੍ਹਾਂ ਦੀ ਵੱਡੀ ਤਰਾਸਦੀ ਅਤੇ ਚੁਣੌਤੀ ਉਪਰੋਕਤ ਗੈਰ ਮਾਨਵੀ ਵੰਡੀਆਂ ਦੇ ਨਾਲ ਨਾਲ ਆਪਣੇ ਹੀ ਮੁਲਕਾਂ ਦੀ ਉਸ ਧਿਰ ਨੂੰ ਜਮਹੂਰੀਅਤ ਦੇ ਦਾਇਰੇ ਵਿਚ ਲਿਆਉਣਾ ਰਿਹਾ ਹੈ ਜਿਹੜੀ ਨਾ ਸਿਰਫ ਵੱਡੇ ਪੱਧਰ ਤੇ ਇਨ੍ਹਾਂ ਮੁਲਕਾਂ ਦੀਆਂ ਸਿਆਸਤੀ ਸਫਾ ਵਿਚ ਆਪਣਾ ਬਸਤੀਵਾਦੀ ਗਲਬਾ ਅਤੇ ਵਿਚਾਰਧਾਰਕ ਧੌਂਸ ਥੋਪਣ ਵਿਚ ਕਾਮਯਾਬ ਰਹੀ ਹੈ ਸਗੋਂ ਇਸ ਨੇ ਉਤਪਾਦਨ ਦੇ ਸਾਧਨਾਂ (ਜਲ-ਜੰਗਲ-ਜ਼ਮੀਨ), ਤਕਨੀਕੀ ਅਦਾਰਿਆਂ, ਆਰਥਿਕ ਸੰਸਥਾਵਾਂ, ਸਮਾਜਿਕ ਜਥੇਬੰਦੀਆਂ ਨੂੰ ਆਪਣੇ ਗੈਰ ਜਮਹੂਰੀ ਅਤੇ ਮੁਨਾਫਾ ਆਧਾਰਤ ਹਿੱਤਾਂ ਲਈ ਲਗਾਤਾਰ ਵਰਤਿਆ ਹੈ। ਇਨ੍ਹਾਂ ਨੂੰ ਤੁਸੀਂ ਗਾਂਧੀ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਗੋਲਮੇਜ਼ ਕਾਨਫਰੰਸਾਂ ਵਿਚ ਹੱਥ ਜੋੜੀ ਖੜ੍ਹੇ ਦੇਖ ਸਕਦੇ ਹੋ; ਇਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਦੀਆਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਤੀਆਂ ਵਿਦੇਸ਼ ਫੇਰੀਆਂ ਦੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ। ਇੰਦਰਾ ਗਾਂਧੀ ਦੇ ਰਾਜ ਦੌਰਾਨ ਵੰਡੇ ਪਰਮਿਟਾਂ ਤੇ ਲਾਇਸੈਂਸਾਂ ਦੇ ਲਾਭ-ਪਾਤਰੀਆਂ ਦੀਆਂ ਸੂਚੀਆਂ ਤੇ ਰਤਾ ਨਜ਼ਰ ਮਾਰੋ। ਮਨਮੋਹਨ ਸਿੰਘ ਦੇ ਪਬਲਿਕ-ਪ੍ਰਾਈਵੇਟ ਸਹਿਯੋਗ ਦੇ ਨਾਅਰੇ, ਸਬਸਿਡੀਆਂ ਖਤਮ ਕਰਨ ਦੇ ਫੈਸਲਿਆਂ, ਰਾਸ਼ਨ ਪ੍ਰਣਾਲੀ ਵਿਚੋਂ ਰਾਸ਼ਨ ਗਾਇਬ ਕਰਨ, ਰਾਤੋ-ਰਾਤ ਨਵੇਂ ਮੀਡੀਆਂ ਚੈਨਲ ਖੋਲ੍ਹਣ ਅਤੇ ਵਿਦੇਸ਼ੀ ਨਿਵੇਸ਼ ਤੇ ਮੁਸਕਰਾ ਰਹੇ ਕੌਣ ਲੋਕ ਹਨ?
ਸੰਵਿਧਾਨ ’ਚ ਲਿਖਿਆ ਭਾਰਤੀ ਗਣਤੰਤਰ ਤੇ ਮੌਜੂਦਾ ਦੌਰ ਵਿਚ ਵੱਖ ਵੱਖ ਕੰਪਨੀਆਂ ਦੁਆਰਾ ਚਲਾਇਆ ਜਾ ਰਿਹਾ ‘ਭਾਰਤਵਰਸ਼’ ਅਲੱਗ ਅਲੱਗ ਧਾਰਨਾਵਾਂ ਹਨ। ਨਾਗਰਿਕਾਂ ਦੀ ਜਾਨ-ਮਾਲ-ਜ਼ਮੀਰ ਦੀ ਰਾਖੀ ਲਈ ਸੰਵਿਧਾਨ ਦੁਆਰਾ ਤੈਅ ਬਹੁਤੀਆਂ ਪੇਸ਼ਬੰਦੀਆਂ ਖੁਰ ਗਈਆਂ ਹਨ। ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਭਾਰਤਵਰਸ਼ ਦੀ ਆਤਮਾ ਸਿਰਫ ਇਸ ਲਈ ਨਹੀਂ ਜਾਗ ਸਕੀ, ਕਿਉਂਕਿ ਉਹ ਬਾਗ਼ਾਂ ਅਤੇ ਖੇਤਾਂ ਵਿਚ ਕੰਮ ਕਰਦੇ ਗਰੀਬ ਦਿਹਾੜੀਦਾਰਾਂ ਦੇ ਬੱਚੇ ਸਨ। ਉਨ੍ਹਾਂ ਲਈ ਜਾਨ ਬਚਾਉਣ ਦੀ ਇਕ ਮਾਤਰ ਉਮੀਦ ਉਹ ਨਿਕੰਮਾ ਅਤੇ ਸਹੂਲਤਾਂ ਤੋਂ ਸੱਖਣਾ ਸਰਕਾਰੀ ਹਸਪਤਾਲ ਹੀ ਸੀ।
ਇਨ੍ਹਾਂ ਮਾਸੂਮਾਂ ਦੀਆਂ ਮੌਤਾਂ ਬਾਬਤ ਇੰਨਾ ਤਾਂ ਪੁੱਛਿਆ ਜਾਣਾ ਬਣਦਾ ਹੈ ਕਿ ਸਿਹਤ ਦੀ ਕਥਿਤ ਆਧੁਨਿਕ ਮੰਡੀ ਦੀਆਂ ਉਹ ਚਮਕਦੀਆਂ ਬਿਲਡਿੰਗਾਂ ਵਾਲੇ ‘ਅਤਿ ਆਧੁਨਿਕ ਕੌਮਾਂਤਰੀ ਸਿਹਤ ਸਹੂਲਤਾਂ’ ਦਾ ਦਾਅਵਾ ਕਰਣ ਵਾਲੇ ਹਸਪਤਾਲ ਰਾਤੋ-ਰਾਤ ਕਿੱਥੇ ਗਾਇਬ ਹੋ ਗਏ? ਕੀ ਇਨ੍ਹਾਂ ਹਸਪਤਾਲਾਂ ਦਾ ਉਦਘਾਟਨ ਕਰਨ ਵਾਲਿਆਂ, ਦਿਨ-ਰਾਤ ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਮੀਡੀਆ ਕਰਮੀਆਂ, ਇਨ੍ਹਾਂ ਨੂੰ ਰਿਆਇਤੀ ਦਰਾਂ ਉੱਤੇ ਮਹਿੰਗੀਆਂ ਜ਼ਮੀਨਾਂ ਵੰਡਣ ਵਾਲੇ ਸਰਕਾਰੀ ਅਮਲੇ-ਫੈਲੇ ਦੀ ਜਵਾਬਦੇਹੀ ਨਹੀਂ ਹੋਣੀ ਚਾਹੀਦੀ? ਇਸ ਤੋਂ ਵੀ ਵੱਡਾ ਸਵਾਲ: ਅਸੀਂ ਨਾਗਰਿਕਾਂ ਵਜੋਂ ਆਪੋ-ਆਪਣੇ ਇਲਾਕਿਆਂ ਦੇ ਹਸਪਤਾਲਾਂ ਬਾਰੇ ਇਹ ਸਵਾਲ ਕਦੋਂ ਪੁੱਛਣੇ ਹਨ? ਅਸੀਂ ਇਸ ਸਵਾਲ ਨੂੰ ਸਿਹਤ, ਵਿਕਾਸ, ਆਵਾਜਾਈ, ਸੀਵਰੇਜ, ਪਾਣੀ, ਬਿਜਲੀ ਨਾਲ ਜੋੜ ਕੇ ਕਦੋਂ ਸਮਝਣਾ ਹੈ?
ਇਸ ਵਕਤ ਆਲਮੀ ਪੱਧਰ ਉੱਤੇ ਵਿਕਾਸ ਦੇ ਮੌਜੂਦਾ ਮਾਡਲਾਂ ਦੀ ਅਸਫਲਤਾ, ਆਲਮੀਕਰਨ ਦੀ ਟੀਰ ਵਾਲੀ ਤਰੱਕੀ, ਵਾਤਾਵਰਨ ਨਾਲ ਸਬੰਧਤ ਮਸਲਿਆਂ ਤੇ ਸਰਕਾਰਾਂ ਦੀ ਗੈਰ ਜ਼ਿੰਮੇਵਾਰੀ, ਸਿਹਤ ਤੇ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਅਤੇ ਸਰਮਾਰੇਦਾਰੀ ਦੇ ਸਿਰ ਉੱਤੇ ਉੱਭਰ ਰਹੇ ਨਵ-ਫਾਸ਼ੀਵਾਦ ਖਿਲਾਫ ਲਾਮਬੰਦ ਹੋਣ ਦੀ ਕਨਸੋਆਂ ਹਨ। ਮਾੜੇ ਪ੍ਰਬੰਧਾਂ ਅਤੇ ਗੈਰ ਮਨੁੱਖੀ ਹਾਲਾਤ ਨੇ ਬੇਥਵੇ ਪਰਵਾਸ, ਮਨੁੱਖੀ ਤਸਕਰੀ, ਹਥਿਆਰਾਂ ਅਤੇ ਨਸ਼ਿਆਂ ਦੇ ਜ਼ਹਿਰੀਲੇ ਕੁਚੱਕਰ ਨੂੰ ਜਨਮ ਦਿੱਤਾ ਹੈ। ਹੁਣ ਘਰ ਘਰ ਮੁਜ਼ੱਫਰਪੁਰ ਬਣ ਸਕਦਾ ਹੈ। ਇਹ ਅਸੀਂ ਤੈਅ ਕਰਨਾ ਹੈ ਕਿ ਅਸੀਂ ਕਿੰਨੀਆਂ ਹੋਰ ਲਾਸ਼ਾਂ ਢੋਅ ਸਕਦੇ ਹਾਂ?
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ