Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਭਾਰਤ-ਪਾਕਿ ਵਿਚਾਲੇ ਗੱਲਬਾਤ ਹੀ ਇਕੋ-ਇਕ ਰਾਹ--ਸੰਜੀਵ ਪਾਂਡੇ


    
  

Share
  ਪਾਕਿਸਤਾਨ ਨੂੰ ਥੋੜ੍ਹੀ ਰਾਹਤ ਮਿਲੀ ਹੈ। ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ਼) ਨੇ ਉਸ ਨੂੰ ਸਖ਼ਤ ਸ਼ਰਤਾਂ ਤਹਿਤ ਛੇ ਅਰਬ ਡਾਲਰ ਦਾ ਕਰਜ਼ਾ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਕਰਜ਼ਾ ਕਿਸ਼ਤਾਂ ਵਿਚ ਮਿਲੇਗਾ। ਇਕ ਅਰਬ ਡਾਲਰ ਦੀ ਪਹਿਲੀ ਕਿਸ਼ਤ ਛੇਤੀ ਹੀ ਮਿਲ ਜਾਵੇਗੀ। ਆਈਐੱਮਐੱਫ਼ ਨਾਲ ਕਰਜ਼ਾ ਇਕਰਾਰਨਾਮੇ ਵਿਚ ਪਾਕਿਸਤਾਨ ਨੇ ਜਿਹੜੀਆਂ ਸ਼ਰਤਾਂ ਮੰਨੀਆਂ ਹਨ, ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਅਮਲ ਵਿਚ ਲਿਆਂਦੇ ਜਾਣ ਦੀ ਜਾਂਚ ਆਈਐੱਮਐੱਫ਼ ਸਮੇਂ ਸਮੇਂ ‘ਤੇ ਬਾਰੀਕੀ ਨਾਲ ਕਰੇਗਾ।
ਪਾਕਿਸਤਾਨ ਨੇ ਕੌਮਾਂਤਰੀ ਏਜੰਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਨਾ ਸਿਰਫ਼ ਆਈਐੱਮਐੱਫ਼ ਦੀਆਂ ਸ਼ਰਤਾਂ ਮੰਨੇਗਾ ਸਗੋਂ ਆਪਣੀ ਸਰਜ਼ਮੀਨ ‘ਤੇ ਸਰਗਰਮ ਦਹਿਸ਼ਤੀ ਜਥੇਬੰਦੀਆਂ ਨੂੰ ਵੀ ਸਖ਼ਤੀ ਨਾਲ ਨੱਥ ਪਾਵੇਗਾ। ਪਾਕਿਸਤਾਨ ਨੇ ਲਸ਼ਕਰ-ਏ-ਤੋਇਬਾ ਤੇ ਹਾਫ਼ਿਜ਼ ਸਈਦ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਵੀ ਦਿੱਤੀ ਹੈ। ਹਾਫ਼ਿਜ਼ ਸਈਦ, ਉਸ ਦੇ ਸਹਿਯੋਗੀਆਂ ਤੇ ਉਸ ਨਾਲ ਸਬੰਧਤ ਕਈ ਟਰਸਟਾਂ ਖ਼ਿਲਾਫ਼ ਲਹਿੰਦੇ ਪੰਜਾਬ ਦੇ ਦਹਿਸ਼ਤਗਰਦੀ-ਰੋਕੂ ਮਹਿਕਮੇ ਨੇ ਕਾਰਵਾਈ ਆਰੰਭੀ ਹੈ। ਹਾਫ਼ਿਜ਼ ਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਲਾਹੌਰ, ਗੁਜਰਾਂਵਾਲਾ ਤੇ ਮੁਲਤਾਨ ਵਿਚ 23 ਮੁਕੱਦਮੇ ਦਰਜ ਕੀਤੇ ਗਏ ਹਨ। ਕੌਮਾਂਤਰੀ ਸੰਸਥਾ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਚਿਤਾਵਨੀ ਤੋਂ ਬਾਅਦ ਪਾਕਿਸਤਾਨ ਉਤੇ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਲਈ ਵਿਆਪਕ ਦਬਾਅ ਸੀ। ਟਾਸਕ ਫੋਰਸ ਨੇ ਪਿਛਲੇ ਮਹੀਨੇ ਆਪਣੀ ਮੀਟਿੰਗ ਵਿਚ ਪਾਕਿਸਤਾਨ ਨੂੰ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਲਈ ਆਖ਼ਰੀ ਮੌਕਾ ਦਿੱਤਾ ਸੀ।
ਪਾਕਿਸਤਾਨ ਉਤੇ ਭਾਵੇਂ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਤੇ ਇਨ੍ਹਾਂ ਦੀਆਂ ਜਥੇਬੰਦੀਆਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਲਈ ਲੰਬੇ ਸਮੇਂ ਤੋਂ ਦਬਾਅ ਸੀ ਪਰ ਪਾਕਿਸਤਾਨ ਇਨ੍ਹਾਂ ਖ਼ਿਲਾਫ਼ ਕਾਰਵਾਈ ਦਾ ਮਹਿਜ਼ ਦਿਖਾਵਾ ਹੀ ਕਰਦਾ ਰਿਹਾ ਹੈ। ਇਸ ਵਾਰ ਵੀ ਇਹੋ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਇਹ ਕਾਰਵਾਈ ਮਹਿਜ਼ ਦਿਖਾਵਾ ਹੋ ਸਕਦੀ ਹੈ, ਕਿਉਂਕਿ ਜ਼ੋਰਦਾਰ ਮਾਲੀ ਸੰਕਟ ਵਿਚ ਘਿਰੇ ਪਾਕਿਸਤਾਨ ਕੋਲ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਸੀ। ਦੂਜੇ ਪਾਸੇ ਕੌਮਾਂਤਰੀ ਅਦਾਰੇ ਇਨ੍ਹਾਂ ਸੰਸਥਾਵਾਂ ਖ਼ਿਲਾਫ਼ ਪੁਖ਼ਤਾ ਕਾਰਵਾਈ ਦੇ ਚਾਹਵਾਨ ਹਨ ਕਿਉਂਕਿ ਇਸ ਸਬੰਧੀ ਪਿਛਲਾ ਤਜਰਬਾ ਕਾਫ਼ੀ ਮਾੜਾ ਰਿਹਾ ਹੈ।
ਇਸ ਦਾ ਮੁੱਖ ਕਾਰਨ, ਪਾਕਿਸਤਾਨ ਦੇ ਸਾਰੇ ਸੰਵਿਧਾਨਿਕ ਅਦਾਰਿਆਂ ਵਿਚ ਇਨ੍ਹਾਂ ਦਹਿਸ਼ਤੀ ਜਥੇਬੰਦੀਆਂ ਦੀ ਘੁਸਪੈਠ ਹੋਣਾ ਹੈ। ਦੱਸਿਆ ਜਾਂਦਾ ਹੈ ਕਿ ਹਾਫ਼ਿਜ਼ ਸਈਦ ਤੇ ਲਸ਼ਕਰ-ਏ-ਤੋਇਬਾ ਖਿਲਾਫ਼ ਪਾਕਿਸਤਾਨੀ ਜਾਂਚ ਏਜੰਸੀਆਂ ਨੇ ਮੁੰਬਈ ਹਮਲਿਆਂ ਸਬੰਧੀ ਪੱਕੇ ਸਬੂਤ ਦਿੱਤੇ ਸਨ। ਕਈ ਅਫ਼ਸਰਾਂ ਨੇ ਲਸ਼ਕਰ ਖ਼ਿਲਾਫ਼ ਗਵਾਹੀ ਵੀ ਦਿੱਤੀ ਸੀ ਪਰ ਉਸ ਵਕਤ ਹਾਫ਼ਿਜ਼ ਨੂੰ ਅਦਾਲਤਾਂ ਦਾ ਸਹਾਰਾ ਮਿਲ ਗਿਆ ਸੀ। ਹਾਫ਼ਿਜ਼ ਤੇ ਮਸੂਦ ਅਜ਼ਹਰ ਵਰਗੇ ਦਹਿਸ਼ਤੀਆਂ ਨੂੰ ਪਾਕਿਸਤਾਨੀ ਫ਼ੌਜੀ ਢਾਂਚੇ ਦੀ ਪਹਿਲਾਂ ਹੀ ਸਰਪ੍ਰਸਤੀ ਮਿਲਦੀ ਰਹੀ ਹੈ ਕਿਉਂਕਿ ਦੋਵਾਂ ਦੇ ਏਜੰਡੇ ਵਿਚ ਜੰਮੂ ਕਸ਼ਮੀਰ ਸ਼ਾਮਲ ਹੈ।
ਉਂਜ ਪਾਕਿਸਤਾਨੀ ਫ਼ੌਜ ਖ਼ੁਦ ਵੀ ਇਸ ਵੇਲੇ ਸੰਕਟ ਵਿਚ ਹੈ। ਇਮਰਾਨ ਖ਼ਾਨ ਸਰਕਾਰ ਆਉਣ ਪਿੱਛੋਂ ਵਧਦੇ ਮਾਲੀ ਸੰਕਟ ਨੇ ਫ਼ੌਜੀ ਬਜਟ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸਾਲ 2019-20 ਦੇ ਆਮ ਬਜਟ ਵਿਚ ਸਰਕਾਰ ਨੇ ਫ਼ੌਜੀ ਬਜਟ ਨਹੀਂ ਵਧਾਇਆ। ਫ਼ੌਜ ਨੂੰ ਮਾਲੀ ਸੰਕਟ ਦਾ ਸੇਕ ਲੱਗਾ ਤਾਂ ਫ਼ੌਜੀ ਮੁਖੀ ਕਮਰ ਜਾਵੇਦ ਬਾਜਵਾ ਲੰਡਨ ਪਹੁੰਚ ਗਿਆ ਤੇ ਉਸ ਨੇ ਕੌਮਾਂਤਰੀ ਭਾਈਚਾਰੇ ਨੂੰ ਕਈ ਸੰਦੇਸ਼ ਦਿੱਤੇ ਜੋ ਭਾਰਤ-ਪਾਕਿਸਤਾਨ, ਪਾਕਿ-ਅਫ਼ਗ਼ਾਨ ਰਿਸ਼ਤਿਆਂ ਬਾਰੇ ਸਨ। ਬਾਜਵਾ ਨੇ ਉਥੇ ਬ੍ਰਿਟਿਸ਼ ਤੇ ਅਮਰੀਕੀ ਅਧਿਕਾਰੀਆਂ ਨੂੰ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਮੁਲਕ ਭਾਰਤ ਨਾਲ ਰਿਸ਼ਤੇ ਸੁਧਾਰਨਾ ਚਾਹੁੰਦਾ ਹੈ ਤੇ ਸਰਹੱਦ ‘ਤੇ ਤਣਾਅ ਘੱਟ ਕਰਨ ਦਾ ਖ਼ਾਹਿਸ਼ਮੰਦ ਹੈ। ਉਨ੍ਹਾਂ ਇਹ ਸੁਨੇਹਾ ਵੀ ਦਿੱਤਾ ਕਿ ਅਫ਼ਗ਼ਾਨ ਅਮਨ ਵਾਰਤਾ ਵਿਚ ਪਾਕਿਸਤਾਨ ਲਗਾਤਾਰ ਹਾਂਪੱਖੀ ਕਿਰਦਾਰ ਨਿਭਾ ਰਿਹਾ ਹੈ। ਉਹ ਅਮਰੀਕਾ, ਰੂਸ, ਚੀਨ ਆਦਿ ਦੀ ਤਾਲਿਬਾਨ ਨਾਲ ਹੋਣ ਵਾਲੀ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇੰਨਾ ਹੀ ਨਹੀਂ, ਉਸ ਨੇ ਪਾਕਿਸਤਾਨ ਤੇ ਅਮਰੀਕਾ ਦੇ ਵਿਗੜ ਰਹੇ ਰਿਸ਼ਤਿਆਂ ਨੂੰ ਮੁੜ ਸੁਧਾਰਨ ਦਾ ਸੁਨੇਹਾ ਵੀ ਅੱਪੜਦਾ ਕੀਤਾ।
ਇਰਾਨ ਤੇ ਅਫ਼ਗ਼ਾਨਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਲਈ ਪਾਕਿਸਤਾਨ ਨੇ ਕੁਝ ਸੰਜੀਦਾ ਕੋਸ਼ਿਸ਼ਾਂ ਕੀਤੀਆਂ ਹਨ। ਹਾਲ ਹੀ ਵਿਚ ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਨੇ ਪਾਕਿਸਤਾਨ ਦਾ ਦੌਰਾ ਕੀਤਾ। ਦੋਵਾਂ ਮੁਲਕਾਂ ਦਰਮਿਆਨ ਅਫ਼ਗ਼ਾਨਿਸਤਾਨ ਵਿਚ ਅਮਨ ਲਈ ਗੰਭੀਰ ਵਿਚਾਰ-ਵਟਾਂਦਰਾ ਹੋਇਆ। ਇਰਾਨ ਦੇ ਦੌਰੇ ‘ਤੇ ਗਏ ਇਮਰਾਨ ਖ਼ਾਨ ਨੇ ਆਪਣੀ ਮਾੜੀ ਮਾਲੀ ਹਾਲਤ ਦੇ ਹਵਾਲੇ ਨਾਲ ਇਰਾਨੀ ਲੀਡਰਸ਼ਿਪ ਨੂੰ ਸਰਹੱਦ ਉਤੇ ਅਮਨ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਭਾਰਤੀ ਸਰਹੱਦ ਉਤੇ ਅਮਨ ਲਈ ਪਾਕਿਸਤਾਨ ਵਾਲੇ ਪਾਸਿਉਂ ਹਾਲੇ ਤੱਕ ਸੰਜੀਦਾ ਕੋਸ਼ਿਸ਼ਾਂ ਦਿਖਾਈ ਨਹੀਂ ਦਿੱਤੀਆਂ, ਹਾਲਾਂਕਿ ਜਨਰਲ ਬਾਜਵਾ ਨੇ ਲੰਡਨ ਵਿਚ ਸੰਕੇਤ ਦਿੱਤੇ ਸਨ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ।
ਉਂਜ ਬਾਜਵਾ ਇਸੇ ਸਾਲ ਰਿਟਾਇਰ ਹੋ ਰਿਹਾ ਹੈ ਤੇ ਉਸ ਦੀ ਫ਼ੌਜ ਦੇ ਬਾਕੀ ਜਰਨੈਲ ਉਸ ਨਾਲ ਕਿੰਨੇ ਕੁ ਰਜ਼ਾਮੰਦ ਹਨ, ਇਹ ਵੀ ਸਵਾਲ ਹੈ। ਉੱਧਰ ਭਾਰਤ ਵਿਚ ਦੂਜੀ ਵਾਰ ਆਈ ਨਰਿੰਦਰ ਮੋਦੀ ਸਰਕਾਰ ਨੇ ਆਪਣੀ ਜੰਮੂ ਕਸ਼ਮੀਰ ਨੀਤੀ ‘ਤੇ ਸਾਫ਼ ਰਵੱਈਆ ਅਖ਼ਤਿਆਰ ਕੀਤਾ ਹੈ, ਜਦੋਂਕਿ ਪਾਕਿਸਤਾਨ ਭਾਰਤ ਨਾਲ ਹੋਣ ਵਾਲੀ ਗੱਲਬਾਤ ਵਿਚ ਕਸ਼ਮੀਰ ਮੁੱਦੇ ਦੇ ਹੱਲ ਦੀ ਪਹਿਲੀ ਸ਼ਰਤ ਰੱਖਦਾ ਹੈ। ਭਾਰਤ ਦਾ ਤਰਕ ਹੈ ਕਿ ਪਾਕਿਸਤਾਨ ਪਹਿਲਾਂ ਆਪਣੀ ਸ਼ਹਿ ਵਾਲੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਦਾ ਵਾਅਦਾ ਕਰੇ, ਤਾਂ ਹੀ ਉਸ ਨਾਲ ਕੋਈ ਫ਼ੈਸਲਾਕੁਨ ਗੱਲਬਾਤ ਹੋ ਸਕਦੀ ਹੈ।
ਇਸ ਤਣਾਅ ਤੇ ਸ਼ਰਤਾਂ ਦੌਰਾਨ ਦੋਵਾਂ ਮੁਲਕਾਂ ਦੀ ਸਰਹੱਦ ਉਤੇ ਵਪਾਰ ਕਾਫ਼ੀ ਘਟ ਚੁੱਕਾ ਹੈ। ਫ਼ਿਲਹਾਲ ਦੋਵਾਂ ਮੁਲਕਾਂ ਦਰਮਿਆਨ 2.4 ਅਰਬ ਡਾਲਰ ਦਾ ਸਾਲਾਨਾ ਵਪਾਰ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਤਰਜੀਹੀ ਮੁਲਕ ਦਾ ਦਰਜਾ ਵਾਪਸ ਲੈ ਲਿਆ। ਪਾਕਿਸਤਾਨ ਤੋਂ ਦਰਾਮਦ ਉਤੇ ਡਿਊਟੀ ਵਧਾ ਕੇ 200 ਫ਼ੀਸਦੀ ਕਰ ਦਿੱਤੀ। ਇਸ ਨਾਲ ਪਾਕਿਸਤਾਨ ਦੀਆਂ ਛੋਟੀਆਂ ਸਨਅਤਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜੇ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਠੀਕ ਹੋਣ ਤਾਂ ਆਪਸੀ ਵਪਾਰ ਸਾਲਾਨਾ 35 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਭਾਰਤ ਨੂੰ ਵੀ ਪਾਕਿਸਤਾਨੀ ਵਿਰੋਧ ਵਾਲੀ ਰਾਸ਼ਟਰਵਾਦੀ ਮਾਨਸਿਕਤਾ ਤੋਂ ਬਾਹਰ ਆਉਣਾ ਹੋਵੇਗਾ। ਯਕੀਨਨ ਪਾਕਿਸਤਾਨ ਨੇ ਬੀਤੇ 40 ਸਾਲਾਂ ਤੋਂ ਭਾਰਤ ਖ਼ਿਲਾਫ਼ ਲੁਕਵੀਂ ਜੰਗ ਛੇੜੀ ਹੋਈ ਹੈ ਪਰ ਇਸ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਗੱਲਬਾਤ ਦਾ ਰਾਹ ਖੁੱਲ੍ਹਾ ਰਹਿਣਾ ਚਾਹੀਦਾ ਹੈ। ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਇਸ ਹਕੀਕਤ ਨੂੰ ਤਸਲੀਮ ਕਰਨਾ ਪਵੇਗਾ। ਆਪਣੇ ਇਕ ਹੋਰ ਗੁਆਂਢੀ ਚੀਨ ਨਾਲ ਵੀ ਭਾਰਤ ਦੇ ਰਿਸ਼ਤੇ ਲੰਬੇ ਚਿਰਾਂ ਤੋਂ ਖ਼ਰਾਬ ਹਨ ਪਰ ਚੀਨ ਨਾਲ ਭਾਰਤ ਦੇ ਸਫ਼ਾਰਤੀ ਢੰਗ-ਤਰੀਕਿਆਂ ਦਾ ਮਿਜ਼ਾਜ ਵੱਖਰਾ ਹੁੰਦਾ ਹੈ ਤੇ ਪਾਕਿਸਤਾਨ ਨਾਲ ਵੱਖਰਾ। ਹਾਲਾਂਕਿ ਚੀਨ ਵੀ ਸਮੇਂ ਸਮੇਂ ਭਰਤੀ ਸਰਹੱਦ ਅੰਦਰ ਘੁਸਪੈਠ ਕਰਦਾ ਰਿਹਾ ਹੈ। ਇਸ ਦੇ ਬਾਵਜੂਦ ਦਿਲਚਸਪ ਹਾਲਾਤ ਇਹ ਹਨ ਕਿ ਇਨ੍ਹਾਂ ਸਾਰੇ ਤਣਾਵਾਂ ਦੇ ਦੌਰਾਨ ਵੀ ਭਾਰਤ ਤੇ ਚੀਨ ਦੇ ਵਪਾਰਕ ਰਿਸ਼ਤੇ ਮਜ਼ਬੂਤ ਹੋਏ ਹਨ।
ਦੂਜੇ ਪਾਸੇ ਪਾਕਿਸਤਾਨ ਨਾਲ ਤਣਾਅ ਕਾਰਨ ਵਪਾਰਕ ਰਿਸ਼ਤੇ ਵਿਗੜੇ ਹਨ, ਹਾਲਾਂਕਿ ਇਸ ਦਾ ਨੁਕਸਾਨ ਦੋਵਾਂ ਭਾਰਤ ਤੇ ਪਾਕਿਸਤਾਨ ਨੂੰ ਹੈ। ਇਸ ਨੂੰ ਇਕ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ। ਪਾਕਿਸਤਾਨ ਦੇ ਬਾਲਾਕੋਟ ਦਹਿਸ਼ਤੀ ਕੈਂਪ ਉਤੇ ਭਾਰਤੀ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਵਿਚ ਭਾਰਤੀ ਹਵਾਈ ਜਹਾਜ਼ਾਂ ‘ਤੇ ਪਾਬੰਦੀ ਲਾ ਦਿੱਤੀ। ਇਸ ਕਾਰਨ ਭਾਰਤੀ ਹਵਾਈ ਕੰਪਨੀਆਂ ਨੂੰ ਹੁਣ ਤੱਕ 550 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ, ਕਿਉਂਕਿ ਭਾਰਤੀ ਹਵਾਈ ਅੱਡਿਆਂ ਤੋਂ ਮੱਧ ਏਸ਼ੀਆ, ਯੂਰਪ ਤੇ ਉੱਤਰੀ ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ਦਾ ਰਸਤਾ ਬਦਲਣਾ ਪੈਂਦਾ ਹੈ।
ਕਈ ਏਅਰਲਾਈਨਜ਼ ਨੇ ਤਾਂ ਇਸ ਕਾਰਨ ਫ਼ਿਲਹਾਲ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਨਾਲ ਹਵਾਈ ਮੁਸਾਫ਼ਰਾਂ ਨੂੰ ਵੀ ਪ੍ਰੇਸ਼ਾਨੀ ਆ ਰਹੀ ਹੈ, ਕਿਉਂਕਿ ਹਵਾਈ ਸਫ਼ਰ ਮਹਿੰਗਾ ਹੋ ਗਿਆ ਹੈ ਤੇ ਨਾਲ ਹੀ ਟਿਕਾਣੇ ਉਤੇ ਪਹੁੰਚਣ ਲਈ ਸਮਾਂ ਵੀ ਜ਼ਿਆਦਾ ਲੱਗਦਾ ਹੈ। ਸਭ ਤੋਂ ਵੱਧ ਨੁਕਾਸਨ ਜਨਤਕ ਖੇਤਰ ਦੀ ਕੰਪਨੀ ਏਅਰ ਇੰਡੀਆ ਨੂੰ ਹੋਇਆ ਹੈ। ਇਹ ਗੱਲ ਖ਼ੁਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਕਬੂਲੀ ਹੈ। ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਏਅਰ ਇੰਡੀਆ ਨੂੰ 491 ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਇੰਡੀਗੋ, ਸਪਾਈਸ ਜੈੱਟ ਵਰਗੀਆਂ ਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ।
ਭਾਰਤ ਤੇ ਪਾਕਿਸਤਾਨ, ਦੋਵਾਂ ਨੂੰ ਇਹ ਸੱਚਾਈ ਮੰਨਣੀ ਪਵੇਗੀ। ਦੋਵਾਂ ਦੀਆਂ ਸਰਹੱਦਾਂ ਹੁਣ ਬਦਲ ਨਹੀਂ ਸਕਦੀਆਂ। ਕਿਸੇ ਵੀ ਤਣਾਅ ਦੀ ਹਾਲਤ ਵਿਚ ਦੋਵਾਂ ਨੂੰ ਆਪੋ-ਆਪਣੇ ਫ਼ੌਜੀ ਬਜਟ ਵਧਾਉਣੇ ਪੈਣਗੇ ਤੇ ਆਪਣੇ ਵਸੀਲਿਆਂ ਦਾ ਵੱਡਾ ਹਿੱਸਾ ਫ਼ੌਜੀ ਖ਼ਰਚਿਆਂ ਦੀ ਭੇਟ ਚੜ੍ਹਾਉਣਾ ਹੋਵੇਗਾ, ਜਦੋਂਕਿ ਦੋਵਾਂ ਮੁਲਕਾਂ ਦੇ ਮਾਲੀ ਹਾਲਾਤ ਠੀਕ ਨਹੀਂ ਹਨ। ਜੇ ਭਾਰਤ ਪੰਜ ਲੱਖ ਕਰੋੜ ਡਾਲਰ ਦਾ ਅਰਥਚਾਰਾ ਬਣਨਾ ਚਾਹੁੰਦਾ ਹੈ ਤਾਂ ਇਸ ਨੂੰ ਸਰਹੱਦ ‘ਤੇ ਤਣਾਅ ਅਤੇ ਫ਼ੌਜੀ ਖ਼ਰਚੇ ਘਟਾਉਣੇ ਹੋਣਗੇ। ਇਸ ਵਕਤ ਭਾਰਤ ਆਪਣੇ ਫ਼ੌਜੀ ਬਜਟ ‘ਤੇ ਕਰੀਬ 65 ਅਰਬ ਡਾਲਰ ਸਾਲਾਨਾ ਖ਼ਰਚਦਾ ਹੈ; ਜੇ ਇਸ ਦਾ ਇਕ ਹਿੱਸਾ ਖੇਤੀ, ਸਨਅਤ, ਸਿੱਖਿਆ ਤੇ ਸਿਹਤ ਉਤੇ ਖ਼ਰਚ ਕੀਤਾ ਜਾਵੇ ਤਾਂ ਯਕੀਨਨ ਭਾਰਤ ਪੰਜ ਲੱਖ ਕਰੋੜ ਡਾਲਰ ਦਾ ਅਰਥਚਾਰਾ ਬਣ ਜਾਵੇਗਾ।
ਲੰਬੇ ਸਮੇਂ ਤੋਂ ਬਹਿਸ ਜਾਰੀ ਹੈ ਕਿ ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਉਤੇ ਖ਼ਰਚਿਆ ਪੈਸਾ ਅਜਾਈਂ ਜਾ ਰਿਹਾ ਹੈ, ਕਿਉਂਕਿ ਦੋਵਾਂ ਮੁਲਕਾਂ ਦਰਮਿਆਨ ਜੰਗ ਦਾ ਖ਼ਦਸ਼ਾ ਨਾਂਮਾਤਰ ਹੈ। ਦੋਵੇਂ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ ਜਿਸ ਕਾਰਨ ਦੋਵਾਂ ਦਰਮਿਆਨ ਮੁਕੰਮਲ ਜੰਗ ਦੀ ਥਾਂ ਸਮੇਂ ਸਮੇਂ ‘ਤੇ ਨਿੱਕੀਆਂ ਮੋਟੀਆਂ ਲੜਾਈਆਂ ਹੋਣਗੀਆਂ। ਜੇ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਛੋਟੇ-ਮੋਟੇ ਟਕਰਾਅ ਵੀ ਖ਼ਤਮ ਹੋ ਜਾਣਗੇ ਪਰ ਸ਼ਾਇਦ ਦੁਨੀਆ ਦੀਆਂ ਕਈ ਤਾਕਤਾਂ ਅਜਿਹਾ ਨਾ ਹੋਣ ਦੇਣ। ਉਂਜ ਪਾਕਿਸਤਾਨ ਨੇ ਆਪਣੇ ਫ਼ੌਜੀਕਰਨ ਦਾ ਨਤੀਜਾ ਦੇਖ ਲਿਆ ਹੈ ਤੇ ਅੱਜ ਪਾਕਿਸਤਾਨ ਕੰਗਾਲੀ ਦੇ ਕੰਢੇ ‘ਤੇ ਹੈ। ਪਾਕਿਸਤਾਨ ਸਰਕਾਰ ਕੋਲ ਮੁਲਕ ਚਲਾਉਣ ਲਈ ਪੈਸਾ ਨਹੀਂ ਹੈ। ਸਰਕਾਰੀ ਸ਼ਹਿ ਵਾਲੀ ਦਹਿਸ਼ਤਗਰਦੀ ਨੇ ਪਾਕਿਸਤਾਨ ਨੂੰ ਕੰਗਾਲ ਕਰ ਦਿੱਤਾ ਹੈ। ਹੁਣ ਕੌਮਾਂਤਰੀ ਏਜੰਸੀਆਂ ਪਾਕਿਸਤਾਨ ਉਤੇ ਦਬਾਅ ਪਾ ਰਹੀਆਂ ਹਨ ਕਿ ਉਸ ਨੂੰ ਮਾਲੀ ਇਮਦਾਦ ਉਦੋਂ ਹੀ ਮਿਲੇਗੀ, ਜਦੋਂ ਉਹ ਆਪਣੀ ਧਰਤੀ ‘ਤੇ ਸਰਗਰਮ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਕਰੇਗਾ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ