Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਟਰੰਪ ਦੀਆਂ ਟਵੀਟਾਂ ਕਾਰਨ ਮੱਚਦੀ ਖਲਬਲੀ-- ਜੀ ਪਾਰਥਾਸਾਰਥੀ


    
  

Share
  ਦੁਨੀਆ ਭਰ ਦੀਆਂ ਸਰਕਾਰਾਂ, ਖਾਸ ਤੌਰ ‘ਤੇ ਅਮਰੀਕਾ, ਹਕੂਮਤੀ ਤਾਕਤ ਦੇ ਢੰਗਾਂ ਜਿਵੇਂ ਫ਼ੌਜੀ ਦਬਾਅ, ਸਫ਼ਾਰਤੀ ਅਲਹਿਦਗੀ, ਸਫ਼ਰ ਬੰਦਸ਼ਾਂ, ਮਾਲੀ ਪਾਬੰਦੀਆਂ ਆਦਿ ਨੂੰ ਹੱਲਾਸ਼ੇਰੀ ਦੇਣ ਜਾਂ ਡਰਾਉਣ-ਧਮਕਾਉਣ ਦੇ ਸੰਦਾਂ ਵਜੋਂ ਇਸਤੇਮਾਲ ਕਰਦੀਆਂ ਹਨ। ਅਮਰੀਕੀ ਸਦਰ ਡੋਨਲਡ ਟਰੰਪ ਨੇ ਹਕੂਮਤੀ ਜ਼ੋਰ-ਜ਼ਬਰਦਸਤੀ ਦੇ ਨਵੇਂ ਸੰਦ ਈਜ਼ਾਦ ਕਰ ਲਏ ਹਨ ਤਾਂ ਕਿ ਉਹ ਆਪਣੀ ਨਾਖ਼ੁਸ਼ੀ ਦਾ ਇਜ਼ਹਾਰ ਤੇ ਨਾਲ ਹੀ ਆਪਣੀ ਤਜਵੀਜ਼ਸ਼ੁਦਾ ਕਾਰਵਾਈਆਂ ਦਾ ਐਲਾਨ ਕਰ ਸਕੇ। ਰਾਸ਼ਟਰਪਤੀ ਟਰੰਪ ਵੱਲੋਂ ਇੱਕੀਵੀਂ ਸਦੀ ਦੀ ਕੱਢੀ ਗਈ ਇਹ ਕਾਢ ਹੈ ਉਸ ਦਾ ‘ਟਵਿੱਟਰ ਹੈਂਡਲ’।
ਅਮਰੀਕੀ ਰਾਸ਼ਟਰਪਤੀ ਦੀ ਪਿਛਲੀ ਚੋਣ ਲਈ ਬੜੀ ਤਲਖ਼ੀ ਭਰੀ ਪ੍ਰਚਾਰ ਮੁਹਿੰਮ ਦੌਰਾਨ, ਜਦੋਂ ਟਰੰਪ ਦਾ ਇਸ ਅਹੁਦੇ ਲਈ ਹਿਲੇਰੀ ਕਲਿੰਟਨ ਨਾਲ ਸਖ਼ਤ ਮੁਕਾਬਲਾ ਸੀ, ਟਰੰਪ ਵੱਲੋਂ ਟਵਿੱਟਰ ਦਾ ਇਸਤੇਮਾਲ ਘਰੇਲੂ ਸਿਆਸਤ ਲਈ ਸੰਚਾਰ ਤੇ ਰਾਬਤਾ ਕਰਨ ਵਾਸਤੇ ਕੀਤਾ ਗਿਆ। ਹੁਣ ਇਹ ਅਮਰੀਕਾ ਦੇ ਦੁਸ਼ਮਣਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਦੋਸਤਾਂ ਨੂੰ ਹੁਲਾਰਾ ਦੇਣ ਲਈ ਉਸ ਦਾ ਪਸੰਦੀਦਾ ਹਥਿਆਰ ਬਣ ਗਿਆ ਹੈ। ਉਸ ਦੇ ਅਜਿਹੇ ਸ਼ਿਕਾਰ ਬਣਨ ਵਾਲਿਆਂ ਵਿਚ ਚੀਨ ਅਤੇ ਇਰਾਨ ਤੋਂ ਲੈ ਕੇ ਅਮਰੀਕਾ ਦੇ ਗੁਆਂਢੀ ਕੈਨੇਡਾ ਤੇ ਮੈਕਸਿਕੋ ਹੀ ਨਹੀਂ ਸਗੋਂ ਅਮਰੀਕਾ ਦੀ ਜੋਟੀਦਾਰ ਯੂਰੋਪੀਅਨ ਯੂਨੀਅਨ (ਈਯੂ) ਅਤੇ ਭਾਰਤ ਵਰਗੇ ਭਾਈਵਾਲ ਸ਼ਾਮਲ ਹਨ। ਉਂਜ, ਅਮਰੀਕਾ ਦੇ ਦੋਸਤਾਂ ਦਾ ਦਾਅਵਾ ਹੈ ਕਿ ਟਰੰਪ ਵੱਲੋਂ ਵਿਦੇਸ਼ੀ ਹਾਕਮਾਂ ਨੂੰ ਮੁਖ਼ਾਤਿਬ ਹੋਣ ਲਈ ਇਸ ਨਿਵੇਕਲੀ ਤਕਨੀਕ ਦਾ ਇਸਤੇਮਾਲ ਮੁੱਖ ਤੌਰ ‘ਤੇ ਆਪਣੇ ਘਰੇਲੂ ਹਮਾਇਤੀਆਂ ਨੂੰ ਖ਼ੁਸ਼ ਕਰਨ ਲਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਉਹ ਪਿਛਲੇ ਪਹਿਰਾਂ ਦੌਰਾਨ ਆਪਣੇ ਮਨ ਵਿਚ ਆਏ ਖ਼ਿਆਲਾਂ ਨੂੰ ਵੀ ਜੱਗ ਜ਼ਾਹਰ ਕਰਨ ਵਿਚ ਕਾਮਯਾਬ ਰਹਿੰਦਾ ਹੈ!
ਟਰੰਪ ਪਹਿਲਾਂ ਵੀ ਆਪਣੀ ਅਜਿਹੀ ਕਮਾਲ ਦਿਖਾ ਚੁੱਕਾ ਹੈ, ਜਦੋਂ ਉਸ ਨੇ ਆਪਣੇ ਮੁਲਕ ਦੇ ਸਭ ਤੋਂ ਵੱਧ ਵਫ਼ਾਦਾਰ ਭਾਈਵਾਲ, ਯੂਕੇ (ਯੂਨਾਈਟਿਡ ਕਿੰਗਡਮ) ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਉਮੀਦ ਵੀ ਨਹੀਂ ਸੀ ਕੀਤੀ ਜਾ ਸਕਦੀ। ਉਸ ਨੇ ਵਾਸ਼ਿੰਗਟਨ ਵਿਚ ਬਰਤਾਨਵੀ ਰਾਜਦੂਤ ਕਿਮ ਡਰੌਚ ਪ੍ਰਤੀ ਨਫ਼ਰਤ ਦਾ ਇਜ਼ਹਾਰ ਕਰਦਿਆਂ ਖੁੱਲ੍ਹੇਆਮ ਉਸ ਦਾ ਮਜ਼ਾਕ ਉਡਾਇਆ, ਜੋ ਬਿਨਾਂ ਸ਼ੱਕ ਆਪਣੇ ਆਪ ਨੂੰ ਵਾਸ਼ਿੰਗਟਨ ਦੀ ਡਿਪਲੋਮੈਟਿਕ ਕੋਰ ਦਾ ਮੋਹਰੀ ਸਮਝਦਾ ਹੈ। ਟਰੰਪ ਨੇ ਬਰਤਾਨੀਆ ਦੀ ਤਤਕਾਲੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ‘ਤੇ ਵੀ ਵਾਰ ਕਰਦਿਆਂ, ਉਸ ਨੂੰ ਬ੍ਰਿਐਗਜ਼ਿਟ ਗੱਲਬਾਤ ਨੂੰ ਗ਼ਲਤ ਢੰਗ ਨਾਲ ਨਜਿੱਠਣ ਦੀ ਦੋਸ਼ੀ ਠਹਿਰਾਇਆ ਤਾਂ ਕਿ ਯੂਰੋਪੀਅਨ ਯੂਨੀਅਨ ਤੋਂ ਬਰਤਾਨੀਆ ‘ਸੌਖੇ ਢੰਗ ਨਾਲ’ ਰੁਖ਼ਸਤ ਹੋ ਸਕੇ।
ਟਰੰਪ ਨੇ ਡਰੌਚ ਨੂੰ ਬਰਤਾਨੀਆ ਦਾ ‘ਸਨਕੀ ਰਾਜਦੂਤ’, ‘ਬਹੁਤ ਬੇਵਕੂਫ਼ ਬੰਦਾ’, ‘ਮੂਰਖ’ ਆਦਿ ਵਰਗੇ ਵਿਸ਼ੇਸ਼ਣ ਦਿੱਤੇ। ਟੈਰੇਜ਼ਾ ਮੇਅ ਨੂੰ ਵੀ ‘ਆਪਣੀ ਨਾਕਾਮ ਰਹੀ ਬ੍ਰਿਐਗਜ਼ਿਟ ਗੱਲਬਾਤ’ ਲਈ ਟਰੰਪ ਦੀ ਬਦਜ਼ੁਬਾਨੀ ਦਾ ਗੱਫਾ ਮਿਲਿਆ। ਉਸ ਨੇ ਮੇਅ ਦੀ ਕੂਟਨੀਤੀ ਨੂੰ ‘ਗ਼ਲਤ’ ਕਰਾਰ ਦਿੱਤਾ ਅਤੇ ਉਸ ਉਤੇ ‘ਆਪਣੀ ਹੀ ਬੇਵਕੂਫ਼ਾਨਾ ਮਨਮਰਜ਼ੀ’ ਕਰਨ ਦਾ ਦੋਸ਼ ਲਾਇਆ। ਟਰੰਪ ਮੁਤਾਬਕ, ਬੀਬੀ ਮੇਅ ਨੇ ਆਪਣੇ ਮੁਲਕ ਨੂੰ ‘ਮੁਸੀਬਤ’ ਵਿਚ ਪਾ ਦਿੱਤਾ। ਟਰੰਪ ਦੀ ਟਵੀਟ ਅਮਰੀਕਾ ਦੀ ਫ਼ੌਜੀ ਤੇ ਮਾਲੀ ਤਾਕਤ ਸਬੰਧੀ ਸ਼ੇਖ਼ੀਆਂ ਨਾਲ ਖ਼ਤਮ ਹੁੰਦੀ ਹੈ!! ਇਹ ਸਭ ਉਦੋਂ ਹੋਇਆ ਜਦੋਂ ਰਾਜਦੂਤ ਡਰੌਚ ਨੇ ਲੀਕ ਹੋਈਆਂ ਉਹ ਖ਼ੁਫ਼ੀਆ ਰਿਪੋਰਟਾਂ ਬਰਤਾਨਵੀ ਸਰਕਾਰ ਕੋਲ ਭੇਜ ਦਿੱਤੀਆਂ, ਜਿਹੜੀਆਂ ਟਰੰਪ ਦੀ ਸੋਚ ਦੇ ਮਿਆਰ ਦਾ ਜਲੂਸ ਕੱਢਣ ਵਾਲੀਆਂ ਸਨ ਤੇ ਇਸ ਕਾਰਨ ਟਰੰਪ ਆਪੇ ਤੋਂ ਬਾਹਰ ਹੋ ਗਿਆ!!ਟਰੰਪ ਦੇ ਇਨ੍ਹਾਂ ‘ਕੌੜੇ ਬੋਲਾਂ ਤੇ ਝੱਲਪੁਣੇ’ ਤੋਂ ਹਾਲੇ ਤੱਕ ਮਹਿਜ਼ ਦੋ ਮੁਲਕ – ਇਸਰਾਈਲ ਤੇ ਸਾਊਦੀ ਅਰਬ ਹੀ ਬਚੇ ਜਾਪਦੇ ਹਨ। ਵਾਸ਼ਿੰਗਟਨ ਵਿਚ ਕਈਆਂ ਦਾ ਦਾਅਵਾ ਹੈ ਕਿ ਇਸ ਦਾ ਕਾਰਨ ਸਾਊਦੀ ਅਰਬ ਤੇ ਇਸਰਾਈਲ ਦੇ ਹਾਕਮਾਂ ਦੀ ਟਰੰਪ ਦੇ ਜਵਾਈ ਜੈਰਡ ਕੁਸ਼ਨਰ ਨਾਲ ਨਜ਼ਦੀਕੀ ਹੋ ਸਕਦੀ ਹੈ। ਕੁਸ਼ਨਰ ਪਿਛਲੇ ਦਿਨੀਂ ਬਹਿਰੀਨ ਵਿਚ ਸੀ, ਜਿਥੇ ਉਸ ਨੇ ਅਰਬ ਆਗੂਆਂ ਅੱਗੇ ਮੱਧ ਪੂਰਬ ਵਿਚ ਅਮਨ ਬਹਾਲੀ ਲਈ ਆਪਣੇ ਵੱਲੋਂ ਹੱਲ ਪੇਸ਼ ਕੀਤਾ। ਉਸ ਦੇ ਇਸ ‘ਹੱਲ’ ਵਿਚ ਕਿਹਾ ਗਿਆ ਹੈ ਕਿ ਫਲਸਤੀਨੀ ਆਪਣਾ ਯੋਰੋਸ਼ਲਮ ਅਤੇ ਪੱਛਮੀ ਕਿਨਾਰੇ ‘ਤੇ ਦਾਅਵਾ ਛੱਡ ਦੇਣ, ਇਸ ਦੇ ਇਵਜ਼ ਵਿਚ ਉਨ੍ਹਾਂ ਨੂੰ ਤੇਲ ਦੇ ਭਰੇ ਭੰਡਾਰਾਂ ਵਾਲੇ ਅਰਬ ਮੁਲਕਾਂ ਤੋਂ ਤੇਲ ਦੀ ਕਮਾਈ ਦਾ ਹਿੱਸਾ ਹਾਸਲ ਹੋਵੇਗਾ। ਬਹਿਰੀਨ ਵਿਚ ਕੁਸ਼ਨਰ ਦੀਆਂ ਤਜਵੀਜ਼ਾਂ ਨੂੰ ਕਿਸੇ ਨੇ ਹੁੰਗਾਰਾ ਨਾ ਭਰਿਆ, ਇਥੋਂ ਤੱਕ ਕਿ ਅਮਰੀਕੀ ਭਾਈਵਾਲ ਸਾਊੁਦੀ ਅਰਬ ਨੇ ਵੀ ਸਾਫ਼ ਕਰ ਦਿੱਤਾ ਕਿ ਫਲਸਤੀਨੀ ਮੁੱਦੇ ਬਾਰੇ ਇਹ ਪਹੁੰਚ ਬਿਲਕੁਲ ਵੱਖਰੀ ਹੈ। ਅਹਿਮ ਸਮਕਾਲੀ ਮੁੱਦਿਆਂ ਬਾਬਤ ਟਰੰਪ ਦੀ ਪਹੁੰਚ ਨੂੰ ਬੜੀ ਘੱਟ ਕੌਮਾਂਤਰੀ ਹਮਾਇਤ ਹਾਸਲ ਹੈ। ਇਹੀ ਨਹੀਂ, ਅਮਰੀਕਾ ਦੇ ਨਾਟੋ ਭਾਈਵਾਲਾਂ ਦੇ ਵੀ ਜਲਵਾਯੂ ਤਬਦੀਲੀ ਅਤੇ ਇਰਾਨ ਉਤੇ ਪਾਬੰਦੀਆਂ ਵਰਗੇ ਅਹਿਮ ਹਿੱਸਿਆਂ ਉਤੇ ਟਰੰਪ ਨਾਲ ਮਤਭੇਦ ਹਨ।ਵਪਾਰ ਨਾਲ ਸਬੰਧਤ ਮੁੱਦਿਆਂ ਉਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਟਰੰਪ ਦੀ ਖ਼ਾਹਿਸ਼ ਉਦੋਂ ਜ਼ਾਹਰ ਹੋ ਗਈ ਜਦੋਂ ਮਾਰਚ 2018 ਵਿਚ ਉਸ ਨੇ ਭਾਰਤੀ ਸਟੀਲ ਤੇ ਐਲੂਮੀਨੀਅਮ ਉਤਪਾਦਾਂ ਉਤੇ ਤਰਤੀਬਵਾਰ 25 ਤੇ 10 ਫ਼ੀਸਦੀ ਦਰਾਮਦੀ ਕਰ ਮੜ੍ਹ ਦਿੱਤੇ। ਉਦੋਂ ਤੋਂ ਭਾਰਤ ਦੀ ਅਮਰੀਕਾ ਨੂੰ 76.1 ਕਰੋੜ ਡਾਲਰ ਦੀ ਸਟੀਲ ਬਰਾਮਦ ਵਿਚ 46 ਫ਼ੀਸਦੀ ਦੀ ਕਮੀ ਆਈ ਹੈ। ਟਰੰਪ ਨੇ ਭਾਰਤ ਨੂੰ ਵਿਕਾਸਸ਼ੀਲ ਮੁਲਕ ਵਜੋਂ ਮਿਲ ਰਿਹਾ ਤਰਜੀਹੀ ਕਰਾਂ ਦਾ ਲਾਭ ਵੀ ਖ਼ਤਮ ਕਰ ਦਿੱਤਾ। ਟਰੰਪ ਵੱਲੋਂ ਇਉਂ ਭਾਰਤੀ ਸਾਮਾਨ ਉਤੇ ਟੈਕਸ ਵਧਾਏ ਜਾਣ ਕਾਰਨ ਭਾਰਤ ਦੀ ਮਕੈਨੀਕਲ ਤੇ ਇਲੈਕਟਰੀਕਲ ਮਸ਼ੀਨਰੀ, ਰਸਾਇਣਾਂ, ਸਟੀਲ ਅਤੇ ਆਟੋ ਹਿੱਸੇ-ਪੁਰਜ਼ਿਆਂ ਦੀ ਬਰਾਮਦ ਉਤੇ ਮਾੜਾ ਅਸਰ ਪਿਆ ਹੈ। ਭਾਰਤ ਨੇ ਇਸ ਖ਼ਿਲਾਫ਼ ਬਹੁਤ ਹੀ ਨਪੇ-ਤੁਲੇ ਢੰਗ ਨਾਲ ਕਾਰਵਾਈ ਕੀਤੀ ਹੈ ਜਿਸ ਤਹਿਤ ਮਹਿਜ਼ ਇਕ ਮਹੀਨਾ ਪਹਿਲਾਂ ਉਸ ਸਨਅਤੀ ਤੇ ਖੇਤੀ ਸਾਮਾਨ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦੀ ਪੈਦਾਵਾਰ ਟਰੰਪ ਦੇ ਸਿਆਸੀ ਤੇ ਚੋਣ ਹਮਾਇਤੀਆਂ ਵੱਲੋਂ ਕੀਤੀ ਜਾਂਦੀ ਹੈ। ਇਸ ਵਿਚ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਬਦਾਮਾਂ, ਅਖਰੋਟਾਂ ਤੋਂ ਲੈ ਕੇ ਸਟੀਲ ਉਤਪਾਦ ਤੱਕ ਸ਼ਾਮਲ ਹਨ।
ਦੋਵੇਂ ਮੁਲਕਾਂ ਨੇ ਓਸਾਕਾ (ਜਪਾਨ) ਵਿਚ ਹੋਏ ਮੋਦੀ-ਟਰੰਪ ਸਿਖਰ ਸੰਮੇਲਨ ਵਿਚ ਇਨ੍ਹਾਂ ਮਤਭੇਦਾਂ ਨੂੰ ਦੁਵੱਲੇ ਢੰਗ ਨਾਲ ਹੱਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸ਼ੁਰੂਆਤੀ ਗੱਲਬਾਤ ਹਾਲ ਹੀ ਵਿਚ ਭਾਰਤ ਦੌਰੇ ‘ਤੇ ਆਏ ਅਮਰੀਕੀ ਵਫ਼ਦ ਨਾਲ ਨਵੀਂ ਦਿੱਲੀ ਵਿਚ ਹੋਈ ਹੈ। ਉਂਝ ਭਾਰਤ ਨੂੰ ਇਹ ਗੱਲ ਜ਼ਹਿਨ ਵਿਚ ਰੱਖਣੀ ਚਾਹੀਦੀ ਹੈ ਕਿ ਅਮਰੀਕਾ, ਵਪਾਰ ਸਬੰਧੀ ਭਾਰਤ ਦੇ ਜਿਹੜੇ ਕਦਮਾਂ ਨੂੰ ਰੱਖਿਆਵਾਦੀ ਸਮਝਦਾ ਹੈ, ਉਨ੍ਹਾਂ ਤੋਂ ਇਹ ਇਕੱਲਾ ਹੀ ਨਾਖ਼ੁਸ਼ ਨਹੀਂ ਹੈ। ਟਰੰਪ ਦੀਆਂ ਰੱਖਿਆਵਾਦੀ ਨੀਤੀਆਂ ਤੋਂ ਜਿਹੜੀ ਸਮੱਸਿਆ ਭਾਰਤ ਨੂੰ ਪੇਸ਼ ਆ ਰਹੀ ਹੈ, ਉਹ ਅਮਰੀਕਾ ਵੱਲੋਂ ਚੀਨੀ ਬਰਾਮਦਾਂ ਉਤੇ ਟੈਕਸ ਵਧਾਏ ਜਾਣ ਕਾਰਨ ਚੀਨ ‘ਤੇ ਪੈ ਰਹੇ ਅਸਰ ਦੇ ਮੁਕਾਬਲੇ ਕੁਝ ਵੀ ਨਹੀਂ ਹਨ। ਭਾਰਤ ਦੀਆਂ ਅਮਰੀਕਾ ਨੂੰ ਸਾਲਾਨਾ ਬਰਾਮਦਾਂ ਕਰੀਬ 54.3 ਅਰਬ ਡਾਲਰ ਹਨ, ਜਦੋਂਕਿ ਚੀਨ ਦੀਆਂ ਅਮਰੀਕਾ ਨੂੰ ਸਾਲਾਨਾ ਬਰਾਮਦਾਂ 539.67 ਅਰਬ ਡਾਲਰ ਹਨ।
ਇਹੀ ਨਹੀਂ, ਟਰੰਪ ਪ੍ਰਸ਼ਾਸਨ ਵੱਲੋਂ ਲਾਈਆਂ ਗਈਆਂ ਹਾਲੀਆ ਪਾਬੰਦੀਆਂ ਕਾਰਨ ਅਮਰੀਕਾ ਦੇ ਉੱਚ-ਤਕਨਾਲੋਜੀ ਉਤਪਾਦਾਂ ਤੱਕ ਚੀਨ ਦੀ ਪਹੁੰਚ ਬਹੁਤ ਔਖੀ ਹੋ ਗਈ ਹੈ। ਇਨ੍ਹਾਂ ਪਾਬੰਦੀਆਂ ਦਾ ਅਸਰ ਚੀਨ ਵਿਚ ਵੱਡੇ ਪੱਧਰ ‘ਤੇ ਮਹਿਸੂਸ ਕੀਤਾ ਜਾ ਰਿਹਾ ਹੈ, ਜਿਸ ਦੀ ਜ਼ੋਰਦਾਰ ਸਨਅਤੀ ਅਤੇ ਤਕਨਾਲੋਜੀਕਲ ਤਰੱਕੀ ਦਾ ਰਾਹ ਮੁੱਖ ਤੌਰ ‘ਤੇ ਅਮਰੀਕੀ ਉੱਚ-ਤਕਨਾਲੋਜੀ ਤੱਕ ਆਸਾਨ ਪਹੁੰਚ ਨੇ ਹੀ ਪੱਧਰਾ ਕੀਤਾ ਹੈ।
ਅਮਰੀਕਾ ਵੱਲੋਂ ਭਾਰਤ ਖ਼ਿਲਾਫ਼ ਆਇਦ ਰੱਖਿਆਵਾਦੀ ਪਾਬੰਦੀਆਂ ਦੇ ਮੁਕਾਬਲੇ ਉਸ ਦੇ ਚੀਨ ਨਾਲ ਜਾਰੀ ਉਪਰੋਕਤ ਮਾਮਲਿਆਂ ਦਾ ਹੱਲ ਕਿਤੇ ਔਖਾ ਜਾਪਦਾ ਹੈ। ਹੁਣ ਜਦੋਂ ਚੀਨ ਨੂੰ ਭਾਰਤੀ ਬਰਾਮਦਾਂ ਵਿਚ ਇਜ਼ਾਫ਼ੇ ਦੇ ਸੰਕੇਤ ਮਿਲਣ ਲੱਗੇ ਹਨ, ਤਾਂ ਭਾਰਤ ਨੂੰ ਅਜਿਹੀਆਂ ਰਣਨੀਤੀਆਂ ਅਪਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਰਾਹੀਂ ਇਹ ਚੀਨ ਦੇ 5ਜੀ ਨੈਟਵਰਕ ਦਾ ਵੱਧ ਤੋਂ ਵੱਧ ਲਾਭਕਾਰੀ ਇਸਤੇਮਾਲ ਕਰ ਸਕੇ ਅਤੇ ਨਾਲ ਹੀ ਇਸ ਨੂੰ ਭਾਰਤੀ ਸਨਅਤੀ ਸੈਕਟਰ ਵਿਚ ਚੀਨੀ ਨਿਵੇਸ਼ ਨੂੰ ਹੁਲਾਰਾ ਦੇਣਾ ਚਾਹੀਦਾ ਹੈ। ਅਜਿਹਾ ਕਰਦਿਆਂ ਨਾਲ ਹੀ ਇਹ ਗੱਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਭਾਰਤ ਦੀ ਕੌਮੀ ਸਲਾਮਤੀ ਨਾਲ ਕੋਈ ਸਮਝੌਤਾ ਨਾ ਹੋਵੇ।
ਇਸ ਦੌਰਾਨ ਭਾਰਤ ਹੋਰ ਚੁਣੌਤੀਆਂ ਦਾ ਸਾਹਮਣਾ ਕਰਨ ਜਾ ਰਿਹਾ ਹੈ ਜਿਹੜੀਆਂ ਟਰੰਪ ਪ੍ਰਸ਼ਾਸਨ ਦੀ ਨਹੀਂ ਸਗੋਂ ਅਮਰੀਕੀ ਕਾਂਗਰਸ ਦੀ ਪੈਦਾਵਾਰ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਹਨ, ਭਾਰਤ ਵੱਲੋਂ ਰੂਸੀ ਹਥਿਆਰ ਖ਼ਰੀਦਣ ਕਾਰਨ ਇਸ ਉਤੇ ਅਮਰੀਕੀ ਪਾਬੰਦੀਆਂ ਲੱਗਣ ਦਾ ਖ਼ਦਸ਼ਾ। ਭਾਰਤ ਨੇ ਇਸ ਚੁਣੌਤੀ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਹ ਰੂਸੀ ਹਥਿਆਰ ਅਤੇ ਰੱਖਿਆ ਸਿਸਟਮ ਖ਼ਰੀਦਣ ਦੇ ਮਾਮਲੇ ਵਿਚ ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ। ਭਾਰਤ ਵੱਲੋਂ ਰੂਸ ਨਾਲ ਅਤਿ ਆਧੁਨਿਕ ਏਕੇ 203 ਰਾਈਫ਼ਲਾਂ ਤੋਂ ਲੈ ਕੇ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲਾ ਐਸ400 ਮਿਜ਼ਾਈਲ ਸਿਸਟਮ, ਸਮੁੰਦਰੀ ਜੰਗੀ ਬੇੜੇ ਅਤੇ ਪਣਡੁੱਬੀਆਂ ਆਦਿ ਖ਼ਰੀਦਣ ਦੇ ਸੌਦੇ ਕੀਤੇ ਜਾ ਰਹੇ ਹਨ।
ਰੂਸੀ ਸਦਰ ਵਲਾਦੀਮੀਰ ਪੂਤਿਨ ਦੀ ਹਾਲੀਆ ਭਾਰਤ ਫੇਰੀ ਦੌਰਾਨ ਦੋਵਾਂ ਮੁਲਕਾਂ ਨੇ ਉਨ੍ਹਾਂ ਬੈਂਕਿੰਗ ਤੇ ਵਿੱਤੀ ਕਦਮਾਂ ਉਤੇ ਵਿਚਾਰਾਂ ਕੀਤੀਆਂ, ਜਿਨ੍ਹਾਂ ਰਾਹੀਂ ਅਮਰੀਕੀ ਪਾਬੰਦੀਆਂ ਤੋਂ ਬਚਿਆ ਜਾ ਸਕੇ। ਇਸ ਤੋਂ ਬਾਅਦ ਇਨ੍ਹਾਂ ਪ੍ਰਬੰਧਾਂ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਅਮਰੀਕਾ ਨੇ ਜਿਥੇ ਤੁਰਕੀ ਨੂੰ ਰੂਸੀ ਐਸ400 ਮਿਜ਼ਾਈਲ ਸਿਸਟਮ ਖ਼ਰੀਦਣ ਦੀ ਸੂਰਤ ਵਿਚ ਆਪਣੇ ਪੰਜਵੀਂ ਪੀੜ੍ਹੀ ਦੇ ਐਫ਼35 ਜੰਗੀ ਜਹਾਜ਼ਾਂ ਦੀ ਤਜਵੀਜ਼ਸ਼ੁਦਾ ਸਪਲਾਈ ਰੋਕ ਦੇਣ ਦੀ ਧਮਕੀ ਦਿੱਤੀ ਹੈ, ਉਥੇ ਭਾਰਤ ਨੇ ਸਮਝਦਾਰੀ ਦਿਖਾਉਂਦਿਆਂ ਅਮਰੀਕਾ ਤੋਂ ਅਜਿਹਾ ਸਾਜ਼ੋ-ਸਾਮਾਨ ਖ਼ਰੀਦਣ ਦੀ ਕੋਸ਼ਿਸ਼ ਹੀ ਨਾ ਕਰਨਾ ਬਿਹਤਰ ਸਮਝਿਆ ਹੈ। ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਇਸ ਨੂੰ ਜਪਾਨ, ਦੱਖਣੀ ਕੋਰੀਆ, ਵੀਅਤਨਾਮ, ਇੰਡੋਨੇਸ਼ੀਆ ਅਤੇ ਭਾਰਤ ਵਰਗੇ ਮੁਲਕਾਂ ਤੋਂ ਮਿਲਣ ਵਾਲੀ ਹਮਾਇਤ ਉਤੇ ਆਧਾਰਤ ਹੈ – ਪਰ ਇਹ ਰਣਨੀਤੀ ਭਾਰਤ ਦੀ ਦੋਸਤਾਨਾ ਸ਼ਮੂਲੀਅਤ ਤੋਂ ਬਿਨਾ ਕੋਈ ਅਰਥ ਨਹੀਂ ਰੱਖੇਗੀ।
ਅਮਰੀਕੀਆਂ ਵੱਲੋਂ ਕੌਮਾਂਤਰੀ ਵਿੱਤੀ ਪ੍ਰਬੰਧ ਵਿਚ ਅਮਰੀਕੀ ਡਾਲਰ ਦੇ ਦਬਦਬੇ ਨੂੰ ਹੋਰ ਮੁਲਕਾਂ ਨੂੰ ਦਬਾਉਣ ਲਈ ਆਪਣੇ ਮੁੱਖ ਹਥਿਆਰ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹ ਅਕਸਰ ਕੌਮਾਂਤਰੀ ਮਨਜ਼ੂਰੀ ਹਾਸਲ ਕੀਤੇ ਬਿਨਾ ਵਿੱਤੀ ਤੇ ਬੈਂਕਿੰਗ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਦਿੰਦੇ ਹਨ। ਹੁਣ ਸ਼ਾਇਦ ਉਹ ਸਮਾਂ ਆ ਗਿਆ ਹੈ, ਜਦੋਂ ਅਮਰੀਕੀ ਤਾਕਤ ਦੀ ਦਬਾਉਕਾਰੀ ਵਰਤੋਂ ਦੇ ਟਾਕਰੇ ਲਈ ਆਲਮੀ ਲੈਣ-ਦੇਣ ਵਾਸਤੇ ਯੂਰੋਪੀਅਨ ਯੂਨੀਅਨ ਦੀ ਕਰੰਸੀ ਯੂਰੋ ਅਤੇ ਚੀਨੀ ਕਰੰਸੀ ਰੇਨਮਿਨਬੀ ਦੀ ਵਰਤੋਂ ਵਧਾਈ ਜਾਣੀ ਚਾਹੀਦੀ ਹੈ (ਚੀਨ ਦੀ ਅਧਿਕਾਰਤ ਕਰੰਸੀ ਦਾ ਨਾਂ ਰੇਨਮਿਨਬੀ ਹੈ, ਜਦੋਂਕਿ ਯੂਆਨ ਇਸ ਦੀ ਮੁੱਢਲੀ ਇਕਾਈ ਹੈ)। ਅਮਰੀਕਾ ਵੱਲੋਂ ਇਰਾਨ ਖ਼ਿਲਾਫ਼ ਆਇਦ ਇਕਪਾਸੜ ਪਾਬੰਦੀਆਂ ਨਾਲ ਬੱਝੇ ਜਾਣ ਕਾਰਨ ਈਯੂ ਮੁਲਕ ਵੀ ਬਹੁਤੇ ਖ਼ੁਸ਼ ਨਹੀਂ, ਜਦੋਂਕਿ ਇਰਾਨ ਵੱਲੋਂ ਯੂਰੋਪੀਅਨ ਯੂਨੀਅਨ ਸਣੇ ਰੂਸ, ਚੀਨ ਅਤੇ ਓਬਾਮਾ ਪ੍ਰਸ਼ਾਸਨ ਨਾਲ ਸਹੀਬੰਦ ਕੀਤੇ ਗਏ ਇਕਰਾਰਨਾਮੇ ਦੀਆਂ ਸਾਰੀਆਂ ਮੱਦਾਂ ਦਾ ਪਾਲਣ ਕੀਤਾ ਜਾ ਰਿਹਾ ਸੀ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ