Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਇੱਕ ਪੱਤਰ ਜੋ ਰੂਹ ਨੂੰ ਅੱਜ ਵੀ ਤਾਜ਼ਗੀ ਦਿੰਦਾ ਹੈ..! "--ਮੁਹੰਮਦ ਅੱਬਾਸ ਧਾਲੀਵਾਲ


    
  

Share
  

ਇਕ ਜ਼ਰੂਰੀ ਕਾਗ਼ਜ਼ ਵੇਖਣ ਲਈ ਅੱਜ ਜਦੋਂ ਆਪਣੇ ਸਰਟੀਫਿਕੇਟਾਂ ਵਾਲੀ ਫਾਈਲ ਫਰੋਲ ਰਿਹਾ ਸਾਂ, ਤਾਂ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਮੇਰੇ ਨਾਂ ਇਕ ਲਿਖਿਆ ਪੱਤਰ ਲੰਮੇ ਅਰਸੇ ਬਾਅਦ ਨਜ਼ਰੀਂ ਪਿਆ, ਉਸ ਨੂੰ ਦੁਬਾਰਾ ਤੋਂ ਪੜ੍ਹਿਆ, ਜਿਵੇਂ ਫਿਰ ਤੋਂ ਰੂਹ ਨੇ ਉੁਹੀਉ ਪਹਿਲਾਂ ਵਾਲੀ ਤਾਜ਼ਗੀ ਮਹਿਸੂਸ ਕੀਤੀ।
ਗੱਲ ਤਿੰਨ ਦਹਾਕੇ ਪਹਿਲਾਂ ਦੀ ਹੈ ਜਦ ਮੈਂ ਹਾਲੇ ਨੌਵੀਂ-ਦਸਵੀਂ ਦਾ ਵਿਦਿਆਰਥੀ ਸਾਂ। ਸਾਡੇ ਸਾਹਮਣੇ ਕਿਰਾਏ ’ਤੇ ਰਹਿੰਦੇ ਇਕ ਮਾਸਟਰ ਜੀ, ਜਿਨ੍ਹਾਂ ਦੇ ਪਾਸ ਇੱਕ ਰੋਜ਼ਾਨਾ ਅਖਬਾਰ ਆਇਆ ਕਰਦਾ ਸੀ, ਮੇਰਾ ਅਕਸਰ ਮਾਸਟਰ ਜੀ ਪਾਸ ਜਾਣਾ ਆਉਣਾ ਰਹਿੰਦਾ ਸੀ। ਉਹਨ੍ਹਾਂ ਪਾਸੋਂ ਕਦ ਮੈਨੂੰ ਅਖਬਾਰ ਪੜ੍ਹਨ ਦੀ ਚੇਟਕ ਲੱਗ ਗਈ, ਇਸ ਦਾ ਪਤਾ ਹੀ ਨਾ ਲੱਗਾ। ਕੁੱਝ ਅਰਸੇ ਬਾਅਦ ਉਹ ਘਰ ਛੱਡ ਕੇ ਕਿਸੇ ਹੋਰ ਪਾਸੇ ਸ਼ਿਫਟ ਹੋ ਗਏ।

ਇਸ ਤੋਂ ਮੈਂ ਸ਼ਹਿਰ ਦੇ ਪ੍ਰਸਿੱਧ ਤੇਲੀਆਂ ਵਾਲੇ ਬਾਜ਼ਾਰ ਨੇੜੇ ਇਕ ਅਖਬਾਰਾਂ ਦੀ ਲਾਇਬ੍ਰੇਰੀ ਵਿਖੇ ਜਾਣਾ ਸ਼ੁਰੂ ਕਰ ਦਿੱਤਾ, ਕਿਉਂਕਿ ਘਰ ਦੀ ਆਰਥਿਕ ਸਥਿਤੀ ਠੀਕ-ਠਾਕ ਹੋਣ ਕਾਰਨ ਅਖਬਾਰ ਲਗਵਾੳਣਾ ਮੇਰੇ ਲਈ ਸੰਭਵ ਨਹੀਂ ਸੀ। ਪਰ ਆਪਣੀ ਜੇਬ ਖਰਚੀ ਚੋਂ ਪੈਸੇ ਬਚ, ਅਕਸਰ ਆਪਣੇ ਸ਼ਹਿਰ ਮਾਲੇਰਕੋਟਲਾ ਦੇ ਬੱਸ ਸਟੈਂਡ ਤੋਂ ਸਪੈਸ਼ਲ ਅਖਬਾਰ ਦਾ ਐਤਵਾਰੀ ਅੰਕ ਖਰੀਦਣ ਲਈ ਜਾਇਆ ਕਰਦਾ ਸਾਂ। ਉਹਨੀਂ ਦਿਨੀਂ ਇਕ ਅਖਬਾਰ ਵਿਚ ਅਕਸਰ ਨਰਿੰਦਰ ਸਿੰਘ ਕਪੂਰ ਦਾ ਲੇਖ ਛਪਿਆ ਕਰਦਾ ਸੀ।
ਤੇ ਮੈਨੂੰ ਕਪੂਰ ਸਾਹਿਬ ਦੀਆਂ ਰਚਨਾਵਾਂ ਪੜ੍ਹਨ ਦਾ ਬੇਹੱਦ ਸ਼ੌਕ ਹੁੰਦਾ ਸੀ। ਜੇ ਕਰ ਇਹ ਕਿਹਾ ਜਾਵੇ ਕਿ ਮੈਂ ਕਪੂਰ ਸਾਹਿਬ ਦੀਆਂ ਰਚਨਾਵਾਂ ਦਾ ਖਤਰਨਾਕ ਹੱਦ ਤੱਕ ਕਾਇਲ (ਫੈਨ) ਸਾਂ , ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਮੇਰੇ ਲਈ ਕਪੂਰ ਸਾਹਿਬ ਇਕ ਅਜਿਹਾ ਲੇਖਕ ਸੀ ਜਿਸ ਨੂੰ ਪੜ੍ਹਦਿਆਂ , ਮੈਨੂੰ ਆਪਣੇ ਜ਼ਹਿਨ ਦੇ ਕਿਵਾੜ ਖੁੱਲ੍ਹਦੇ ਮਹਿਸੂਸ ਹੁੰਦੇ। ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਅਕਸਰ ਇਕ ਪ੍ਰਕਾਰ ਦੀ ਪ੍ਰੇਰਨਾ ਮਿਲਦੀ ਤੇ ਅਜਿਹਾ ਪ੍ਰਤੀਤ ਹੁੰਦਾ ਜਿਵੇਂ ਮੈਂ ਜੀਵਨ ਰੂਪੀ ਤਜ਼ਰਬਿਆਂ ਦੇ ਦਰਿਆ ਵਿਚ ਗੋਤੇ ਮਾਰ ਰਿਹਾ ਹੋਵਾਂ, ਜਿਵੇਂ ਹਰ ਗੋਤੇ ਪਿੱਛੋਂ ਜ਼ਿੰਦਗੀ ਦੀ ਫਿਲੌਸਫੀ ਕੁਝ ਕੁਝ ਸਮਝ ਆ ਰਹੀ ਹੋਵੇ। ਦਸਵੀਂ ਉਪਰੰਤ ਮੈਂ ਸਰਕਾਰੀ ਕਾਲਜ ਵਿਖੇ ਦਾਖਲਾ ਲਿਆ, ਤੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਕਪੂਰ ਸਾਹਿਬ ਨੂੰ ਪੜ੍ਹਨਾ ਵੀ। ਇਸ ਤੋਂ ਇਲਾਵਾ ਉਰਦੂ ਦੇ ਪ੍ਰਸਿੱਧ ਨਾਵਲ-ਨਿਗਾਰ ਨਸੀਮ ਹਜਾਜ਼ੀ ਅਤੇ ਗਿਆਨਪੀਠ ਕੁਰਅਤੁਲ ਐਨ ਹੈਦਰ ਦੀਆਂ ਰਚਨਾਵਾਂ ,ਰਾਜਿੰਦਰ ਸਿੰਘ ਬੇਦੀ ਦੇ ਨਾਲ ਨਾਲ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਨੂੰ ਵੀ ਚਾਅ ਨਾਲ ਪੜ੍ਹਿਆ ਕਰਦਾ ਸਾਂ। ਗੁਰਦਿਆਲ ਸਿੰਘ ਦੇ ਨਾਵਲ ਪਰਸਾ ਨੇ ਬੇਹੱਦ ਮੁਤਾਸਰ ਕੀਤਾ ਅਤੇ ਕੁੱਰਅਤੁਲਐਨ ਹੈਦਰ ਦੇ ਨਾਵਲ "ਆਗ ਕਾ ਦਰਿਆ" ਨੇ ਭਾਰਤ ਦੀ ਢਾਈ ਹਜ਼ਾਰ ਸੱਭਿਅਤਾ ਨੂੰ ਜਿਵੇਂ ਅੱਖਾਂ ਸਾਹਮਣੇ ਲਿਆ ਖੜ੍ਹਾ ਕੀਤਾ।
ਬੀ.ਏ. ਚ' ਹੋਇਆ ਤਾਂ ਪਤਾ ਲੱਗਾ ਕਿ ਜਿਸ ਨਰਿੰਦਰ ਕਪੂਰ ਦਾ ਮੈਂ ਫੈਨ ਹਾਂ ਉਹ ਸਾਡੇ ਹੀ ਕਾਲਜ ਦੀ ਯੂਨੀਵਰਸਿਟੀ ਵਿਖੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਹੈੱਡ ਹਨ। ਇਹ ਜਾਣ ਕੇ ਡਾਢੀ ਖੁਸ਼ੀ ਹੋਈ ਤੇ ਨਾਲ ਹੀ ਇਹ ਇੱਛਾ ਵੀ ਜਾਗੀ ਕਿ ਕਪੂਰ ਸਾਹਿਬ ਨੂੰ ਜਾ ਕੇ ਕਦੇ ਮਿਲਿਆ ਜਾਵੇ ਅਤੇ ਉਹਨ੍ਹਾਂ ਨੂੰ ਦੱਸਾਂ ਕਿ ਮੈਂ ਉਨ੍ਹਾਂ ਦਾ ਕਿੰਨਾ ਵੱਡਾ ਫੈਨ ਹਾਂ। ਫਿਰ ਇਹ ਵੀ ਸੋਚਿਆ ਕਿ ਇੰਨੇ ਵੱਡੇ ਆਦਮੀ ਨੂੰ ਕਿਵੇਂ ਅਤੇ ਕੀ ਕਹਿ ਕੇ ਮਿਲਾਂਗਾ।

ਇਸੇ ਉਧੇੜ-ਬੁਣ ਵਿਚ ਦਿਨ, ਹਫਤਿਆਂ ਅਤੇ ਮਹੀਨਿਆਂ ਦਾ ਸਫਰ ਤੈਅ ਕਰਦੇ ਹੋਏ ਸਾਲਾਂ ਵਿਚ ਤਬਦੀਲ ਹੁੰਦੇ ਰਹੇ ਤੇ ਇੰਝ ਸਮਾਂ ਅਪਣੀ ਰਫਤਾਰ ਚਲਦਾ ਰਿਹਾ। ਫਿਰ ਇਤਫਾਕਨ ਮੈਨੂੰ ਇਕ ਦਿਨ ਯੂਨੀਵਰਸਿਟੀ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਘਰੋਂ ਮੈਂ ਮੱਥ ਕੇ ਚੱਲਿਆ ਕਿ ਅੱਜ ਕਪੂਰ ਸਾਹਿਬ ਨੂੰ ਮਿਲ ਕੇ ਹੀ ਆਵਾਂਗਾ। ਯੂਨੀਵਰਸਿਟੀ ਜਾ ਕੇ ਮੈਂ ਕਪੂਰ ਸਾਹਿਬ ਬਾਰੇ ਪੁੱਛਦੇ ਪੁਛਾਉਂਦੇ ਉਨ੍ਹਾਂ ਦਾ ਵਿਭਾਗ ਜਾ ਲੱਭ ਲਿਆ। ਇਸ ਤੋਂ ਪਹਿਲਾਂ ਕਿ ਉਹਨ੍ਹਾਂ ਦੇ ਦਫਤਰ ਵਿੱਚ ਦਾਖਲ ਹੁੰਦਾ, ਮੇਰਾ ਦਿਲ ਇਕ ਅਕਹਿ ਖੁਸ਼ੀ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ ਅਤੇ ਨਾਲੇ ਹੀ ਦਿਲ ਦੀ ਧੜਕਨਾਂ ਨੇ ਤੇਜ਼ੀ ਫੜ ਲਈ। ਜਿਵੇਂ ਮੰਨ ਇੱਕ ਵੱਖਰੀ ਹੀ ਕਿਸਮ ਦੀ ਖੁਸ਼ੀ ਨਾਲ ਝੂੰਮਣ ਲੱਗਾ। ਖੁਸ਼ੀ ਦੀਆਂ ਲਹਿਰਾਂ ਦੇ ਵਿਚਕਾਰ ਘਿਰਿਆ ਜਦ ਮੈਂ ਕਪੂਰ ਸਾਹਿਬ ਦੇ ਦਫਤਰ ਨੇੜੇ ਪਹੁੰਚਿਆ ਤਾਂ ਉਨ੍ਹਾਂ ਦੇ ਕੈਬਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਇਕ ਬਾਬੂ ( ਕਲਰਕ) ਨੂੰ ਕਪੂਰ ਸਾਹਿਬ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਕਪੂਰ ਸਾਹਿਬ ਤਾਂ ਯੂਨੀਵਰਸਿਟੀ ਵਿੱਚ ਸੈਨਟ ਦੀ ਮੀਟਿੰਗ ਵਿਚ ਹਿੱਸਾ ਲੈਣ ਗਏ ਹੋਏ ਨੇ, ਨਾਲ ਹੀ ਉਸਨੇ ਇਹ ਵੀ ਆਖਿਆ ਕਿ ਅਗਰ ਮਿਲਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਸੈਨਟ ਹਾਲ ਵਿੱਚ ਜਾ ਕੇ ਉਨ੍ਹਾਂ (ਕਪੂਰ ਸਾਹਿਬ) ਨੂੰ ਮਿਲ ਸਕਦੇ ਹੋ। ਕੁੱਝ ਪਲਾਂ ਲਈ ਮੈਂ ਜਿਵੇਂ ਸੁੰਨ ਹੋਗਿਆ..! ਜਿਵੇਂ ਕਿਸੇ ਨੇ ਕੋਈ ਕੋਈ ਹਸੀਨ ਸੁਪਨਾ ਤੋੜ ਦਿੱਤਾ ਹੋਵੇ। ਅੰਦਰੋ ਅੰਦਰੀ ਸੋਚਿਆ ਕਿ ਮੈਂ ਕਪੂਰ ਸਾਹਿਬ ਨੂੰ ਕੀ ਕਹਿ ਕਿ ਮਿਲਾਂਗਾ? ਕੀ ਪਤਾ ਉਹ ਕਿੰਨੀ ਕੁ ਜ਼ਰੂਰੀ ਮੀਟਿੰਗ ਵਿੱਚ ਬਿਜ਼ੀ ਹੋਣ। ਕੀ ਪਤਾ ਉਨ੍ਹਾਂ ਨੂੰ ਮੀਟਿੰਗ ਵਿੱਚ ਇਸ ਪ੍ਰਕਾਰ ਕਿਸੇ ਅਜਨਬੀ ਵਿਅਕਤੀ ਦਾ ਡਿਸਟਰਬ ਕਰਨਾ ਕਿੰਨਾ ਕੁ ਨਾ-ਗਵਾਰ ਗੁਜਰੇ।
ਅਖੀਰ ਮੇਰੇ ਮੰਨ ਨੇ ਫੈਸਲਾ ਲਿਆ ਕਿ ਅੱਜ ਉਨ੍ਹਾਂ ਨੂੰ ਨਾ ਮਿਲਾਂ, ਤੇ ਫਿਰ ਦੂਸਰੇ ਹੀ ਪਲ ਮੈਂ ਉਨ੍ਹਾਂ ( ਨਰਿੰਦਰ ਕਪੂਰ) ਦੇ ਬਾਬੂ ਤੋਂ ਇਕ ਖਾਲੀ ਪੇਪਰ ਮੰਗਿਆ ਤਾਂ ਉਸਨੇ ਇਕ ਛੋਟੀ ਜਿਹੀ ਪੈਡ ਮੇਰੇ ਸਾਹਮਣੇ ਕਰ ਦਿੱਤੀ। ਮੈਂ ਉਸ ਵਿੱਚੋਂ ਇਕ ਕਾਗ਼ਜ਼ ਕੱਢਿਆ ਤੇ ਉਸ ਉੱਪਰ ਉਰਦੂ ਵਿਚ ਇਕ ਸ਼ੇਅਰ ਲਿਖ ਕੇ ਹੇਠਾਂ ਆਪਣਾ ਪਤਾ ਲਿਖ ਕੇ ਉਹ ਪਰਚਾ ਬਾਬੂ ਨੂੰ ਸੌਂਪ ਕੇ ਕਿਹਾ ਕਿ "ਪਲੀਜ਼ ਸਰ ਇਹ ਕਪੂਰ ਸਾਹਿਬ ਨੂੰ ਦੇ ਦੇਣਾ।"

ਇਸ ਤੋਂ ਬਾਅਦ ਠੀਕ ਇਕ ਹਫਤੇ ਬਾਅਦ ਮੈਨੂੰ ਨਰਿੰਦਰ ਸਿੰਘ ਕਪੂਰ ਹੁਰਾਂ ਦਾ, ਉਨ੍ਹਾਂ ਦੇ ਆਪਣੀ ਜ਼ਾਤੀ ਲੈਟਰ ਪੈਡ ’ਤੇ ਆਪਣੇ ਦਸਤ-ਏ-ਮੁਬਾਰਕ (ਹੱਥੀਂ) ਨਾਲ ਲਿਖਿਆ ਪੱਤਰ ਮਿਲਿਆ। ਜਦੋਂ ਮੈਂ ਉਸ ਨੂੰ ਪੜ੍ਹਿਆ, ਮੇਰੀ ਖੁਸ਼ੀ ਦੀ ਇੰਤਹਾ ਨਾ ਰਹੀ! ਉਸ ਪੱਤਰ ਦਾ ਇਕ ਇਕ ਸ਼ਬਦ ਮੇਰੇ ਲਈ ਕਿਸੇ ਬੇਸ਼-ਕੀਮਤੀ ਮੋਤੀ ਤੋਂ ਘੱਟ ਨਹੀਂ ਸੀ ਤੇ ਅੱਜ ਮੈਂ ਉਸ ਪੱਤਰ ਨੂੰ ਆਪਣੇ ਸਰਟੀਫਿਕੇਟਾਂ ਵਾਲੀ ਵਿੱਚ ਕਿਸੇ ਵੱਡੀ ਪ੍ਰਾਪਤੀ ਵਾਂਗ ਸਾਂਭਿਆਂ ਹੋਇਆ ਹੈ ਇਸ ਪੱਤਰ ਵਿਚ ਉਹਨ੍ਹਾਂ “ਮੈਨੂੰ '' ਲਿਖਿਆ:

“ਪਿਆਰੇ ਮੁਹੰਮਦ ਅਬਾਸ ਜੀਓ,
ਅੱਜ ਜਦੋਂ ਇਕ ਮੀਟਿੰਗ ਤੋਂ ਵਾਪਸ ਆਇਆ ਤਾਂ ਅੱਗੇ ਮੇਜ਼ ’ਤੇ ਤੁਹਾਡੇ ਸੋਹਣੇ ਹੱਥਾਂ ਦਾ ਲਿਖਿਆ ਉਰਦੂ ਵਿਚ ਇਕ ਸ਼ੇਅਰ ਪਿਆ ਸੀ, ਮੈਂ ਛਪੀ ਹੋਈ ਉਰਦੂ ਪੜ੍ਹ ਲੈਂਦਾ ਹਾਂ, ਲਿਖੀ ਹੋਈ ਨਹੀਂ। ਕਿਸੇ ਤੋਂ ਪੜ੍ਹਵਾਇਆ, ਤੁਹਾਡੇ ਸੋਹਣੇ ਦਿਲ ਦੇ ਦੀਦਾਰ ਹੋਏ, ਬਹੁਤ-ਬਹੁਤ ਸ਼ਕਰੀਆ।
ਪਤਾ ਨਹੀਂ ਤੁਸੀਂ ਕਿਸ ਕੰਮ ਆਏ ਸੀ।
ਮੇਰੀ ਬਦ-ਕਿਸਮਤੀ ਕਿ ਤੁਹਾਡੇ ਨਾਲ ਮੇਲ ਨਹੀਂ ਹੋਇਆ। ਹੁਣ ਮੈਂ ਤੁਹਾਡਾ ਲਿਖਿਆ ਵੀ ਪੜ੍ਹ ਲੈਂਦਾ ਹਾਂ। ਤੁਹਾਡੀ ਲਿਖਾਈ ਬੜੀ ਸਾਫ ਅਤੇ ਸੋਹਣੀ ਹੈ, ਹੱਥ ਵੀ ਸੋਹਣੇ ਹੋਣਗੇ, ਸੋਹਣੇ ਹੱਥ ਸੋਹਣੇ ਦਿਲ ਦੀ ਗਵਾਹੀ ਹੁੰਦੇ ਹਨ।
ਹੁਣ ਕਦੇ ਵੀ ਆਉ ਤਾਂ ਜ਼ਰੂਰ ਮਿਲਣਾ। ਕੋਈ ਕੰਮ ਹੋਵੇ ਤਾਂ ਜ਼ਰੂਰ ਲਿਖਣਾ, ਭਾਵੇਂ ਉਰਦੂ ਵਿੱਚ ਹੀ ਲਿਖਣਾ।
ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤ ਕੁਝ ਸਿੱਖਣਾ ਚਾਹੁੰਦਾ ਹਾਂ।
ਸ਼ੁਭ ਇੱਛਾਵਾਂ ਨਾਲ, ਆਪ ਜੀ ਦਾ, ਨਰਿੰਦਰ ਸਿੰਘ ਕਪੂਰ।”

ਭਾਵੇਂ ਅੱਜ ਮੈਂ ਉਰਦੂ, ਹਿੰਦੀ, ਪੰਜਾਬੀ ਦੇ ਵੱਖ ਵੱਖ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੇਪਰਾਂ, ਮੈਗਜ਼ੀਨਾਂ ਅਤੇ ਜਰਨਲਜ਼ ਵਿੱਚ ਛਪਦਾ ਹਾਂ ਅਤੇ ਇਤਫ਼ਾਕ ਨਾਲ ਕਈ ਵਾਰ ਕਪੂਰ ਸਾਹਿਬ ਤੇ ਮੈਂ ਇਕੋ ਅਖਬਾਰ ਵਿੱਚ ਅੱਗੇ ਪਿੱਛੇ ਛਪਦੇ ਹਾਂ ਤੇ ਮੇਰੇ ਆਰਟੀਕਲ ਪੜ੍ਹਨ ਉਪਰੰਤ ਪਾਠਕਾਂ ਦੇ ਢੇਰਾਂ ਫੋਨ ਆਉਂਦੇ ਹਨ, ਜਿਨ੍ਹਾਂ ਵਿੱਚ ਪਾਠਕ ਅੰਤਾਂ ਦੇ ਸਨੇਹ ਪਿਆਰ, ਦੁਆਵਾਂ ਦਿੰਦੇ ਹਨ ਅਤੇ ਮੈਨੂੰ ਆਪਣੇ ਪਾਠਕਾਂ ਦੇ ਮਿਲਦੇ ਅਥਾਹ ਪਿਆਰ ਤੋਂ ਹੋਰ ਵਧੇਰੇ ਲਿਖਣ ਦੀ ਪ੍ਰੇਰਨਾ ਮਿਲਦੀ ਹੈ । ਕਈ ਪਾਠਕ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਹੁਤ ਭਾਵੁਕ ਹੋ ਜਾਂਦੇ ਹਨ। ਪਰ ਇਸ ਸੱਭ ਦੇ ਬਾਵਜੂਦ ਜਦੋਂ ਕਦੇ ਵੀ ਮੈਂ ਨਰਿੰਦਰ ਸਿੰਘ ਕਪੂਰ ਜੀਆਂ ਦਾ ਉਕਤ ਪੱਤਰ ਪੜਦਾ ਹਾਂ ਮੈਨੂੰ ਆਪਣੇ ਪਾਠਕ ਹੋਣ ਦਾ ਉਹੋ ਪੁਰਾਣਾ ਸਮਾਂ ਯਾਦ ਆ ਜਾਂਦਾ ਹੈ ਤੇ ਇਹ ਪੱਤਰ ਇੱਕ ਵਾਰ ਫਿਰ ਮੈਨੂੰ ਉਨ੍ਹਾਂ ਦਿਨਾਂ ਦੀਆਂ ਯਾਦਾਂ ਵਿਚ ਲੈ ਜਾਂਦਾ ਹੈ ਜਿਨ੍ਹਾਂ ਵਿੱਚੋਂ ਨਿਕਲਣ ਨੂੰ ਕਦੀ ਵੀ ਦਿਲ ਨਹੀਂ ਕਰਦਾ..!

ਲੇਖਕ : ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ ਨੰਬਰ 9855259650
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ