Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸਰਕਾਰ ਦੀ ਨੀਤ ਅਤੇ ਪਰਾਲੀ ਦੀ ਸਮੱਸਿਆ--ਇੰਜ: ਦਰਸ਼ਨ ਸਿੰਘ ਭੁੱਲਰ


    
  

Share
  ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਖਾਸ ਕਰਕੇ ਮੁਲਕ ਦੀ ਰਾਜਧਾਨੀ ਦੀ ਹਵਾ ਵਿਚ ਫੈਲਿਆ ਪ੍ਰਦੂਸ਼ਣ ਪਿਛਲੇ ਦਿਨੀ ਖੂਬ ਚਰਚਾ ਵਿਚ ਰਿਹਾ ਹੈ। ਸਮੱਸਿਆ ਇੰਨੀ ਗੰਭੀਰ ਰੂਪ ਧਾਰ ਗਈ ਹੈ ਕਿ ਮੁਲਕ ਦੀ ਸੁਪਰੀਮ ਕੋਰਟ ਨੂੰ ਰਾਜਾਂ ਦੇ ਮੁੱਖ ਸਕੱਤਰ ਤਲਬ ਕਰਨੇ ਪਏ। ਹਵਾ ਪ੍ਰਦੂਸ਼ਣ ਦੇ ਭਾਵੇਂ ਹੋਰ ਵੀ ਬਹੁਤ ਸਾਰੇ ਕਾਰਨ ਹਨ ਪਰ ਇਨ੍ਹਾਂ ਦਿਨਾਂ ਅੰਦਰ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣੇ ਵਿਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਕਰਕੇ ਸਮੱਸਿਆ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ।
ਕੇਵਲ ਪੰਜਾਬ ਵਿਚ ਹੀ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਤਕਰੀਬਨ 220 ਲੱਖ ਟਨ ਝੋਨੇ ਦੀ ਪਰਾਲੀ ਬਚ ਜਾਂਦੀ ਹੈ ਜਿਸ ਦਾ ਕਾਫੀ ਹਿੱਸਾ ਖੇਤਾਂ ਵਿਚ ਸਾੜ ਦਿੱਤਾ ਜਾਂਦਾ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਾਰਥਕ ਕਦਮ ਉਠਾਉਣ ਦੀ ਬਜਾਏ ਲਿਪਾ-ਪੋਚੀ ਹੀ ਕੀਤੀ ਜਾ ਰਹੀ ਹੈ। ਵੈਸੇ ਹਰ ਸਮੱਸਿਆ, ਭਾਵੇਂ ਉਹ ਹਵਾ ਪ੍ਰਦੂਸ਼ਣ ਹੋਵੇ, ਭਾਵੇਂ ਹੜ੍ਹਾਂ ਆਦਿ ਦੇ ਹਾਲਾਤ ਹੋਣ, ਬਾਰੇ ਪਹੁੰਚ ‘ਆਈ ਕੁੜੀ ਦੀ ਜੰਞ, ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਹੀ ਅਪਣਾਈ ਜਾਂਦੀ ਹੈ। ਹੁਣ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਜਾਵੇਗਾ। ਅਗਲੇ ਸਾਲ ਇਨ੍ਹਾਂ ਹੀ ਦਿਨਾਂ ਵਿਚ ਫਿਰ ਹਫੜਾ-ਦਫੜੀ ਮੱਚੇਗੀ। ਸਰਕਾਰਾਂ ਨੂੰ ਇਸ ਦੇ ਸਥਾਈ ਹੱਲ ਲਈ ਹੁਣ ਤੋਂ ਹੀ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ।
ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲ ਨੇ ਨਵੰਬਰ 2014 ਵਿਚ ਖੇਤੀਬਾੜੀ ਤੋਂ ਪੈਦਾ ਹੋਏ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧ ਲਈ ਕੌਮੀ ਨੀਤੀ ਜਾਰੀ ਕੀਤੀ ਸੀ। ਇਸ ਨੀਤੀ ਅਨੁਸਾਰ, ਰਾਜ ਸਰਕਾਰਾਂ ਨੂੰ ਫ਼ਸਲੀ ਰਹਿੰਦ-ਖੂੰਹਦ ਕਈ ਤਰੀਕੇ ਵਰਤਣ ਦੇ ਨਾਲ ਨਾਲ ਪਾਵਰ ਪਲਾਂਟਾਂ ਵਿਚ ਬਾਲਣ ਦੇ ਤੌਰ ਤੇ ਵਰਤਣ ਲਈ ਵੀ ਕਿਹਾ ਗਿਆ ਹੈ। ਪੰਜਾਬ ਸਰਕਾਰ ਇਸ ਮਾਮਲੇ ਦੇ ਕੋਈ ਪੁਖਤਾ ਤੇ ਕਾਰਗਰ ਹੱਲ ਕਰਨ ਦੀ ਥਾਂ ਕਿਸਾਨਾਂ ਦੀ ਗ੍ਰਿਫਤਾਰੀ ਵਰਗੇ ਕੰਮ ਚਲਾਊ ਤਰੀਕੇ ਹੀ ਅਪਣਾ ਰਹੀ ਹੈ।
ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਵੀ ਪਰਾਲੀ ਜਾਂ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਗੋਲੀਆਂ/ਪੈਲੇਟ ਤਿਅਰ ਕਰਕੇ ਇਸ ਨੂੰ ਕੋਲੇ ਤੋਂ ਬਿਜਲੀ ਬਣਾਉਣ ਵਾਲੇ ਥਰਮਲ ਪਲਾਂਟਾਂ ਵਿਚ ਵਰਤਣ ਲਈ ਕਈ ਵਾਰ ਜ਼ੋਰ ਦਿੱਤਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਵੀ ਕੌਮੀ ਗਰੀਨ ਟ੍ਰਿਬਿਊਨਲ ਨੇ ਇਸ ਮਾਮਲੇ ਵਿਚ ਝੋਨੇ ਦੀ ਪਰਾਲੀ ਨੂੰ ਥਰਮਲ ਪਲਾਂਟਾਂ ਵਿਚ ਵਰਤਣ ਲਈ ਢੰਗ ਤਰੀਕੇ ਅਪਣਾਉਣ ਲਈ ਕਈ ਵਾਰ ਤਲਬ ਕੀਤਾ ਹੈ।ਕਾਨੂੰਨੀ ਤੌਰ ਤੇ ਬਿਜਲੀ ਅਦਾਰੇ ਨਵਿਆਉਣਯੋਗ ਊਰਜਾ ਸ੍ਰੋਤਾਂ ਜਿਵੇਂ ਬਾਇਓਮਾਸ, ਹਵਾ ਤੇ ਪਾਣੀ ਤੋਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਦੇ ਸ੍ਰੋਤਾਂ ਤੋਂ ਬਿਜਲੀ ਖਰੀਦਣ ਲਈ ਪਾਬੰਦ ਹਨ। ਇਸ ਬਾਬਤ ਰਾਜ ਸਰਕਾਰ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਵੱਲੋਂ ਹਰ ਸਾਲ ਟੀਚੇ ਮਿਥੇ ਜਾਂਦੇ ਹਨ। ਪੀਐੱਸਪੀਸੀਐੱਲ ਲਈ 2020-21, 2021-22 ਅਤੇ 2022-23 ਦੌਰਾਨ ਸੂਰਜੀ ਊਰਜਾ ਤੋਂ ਬਿਨਾਂ ਦੂਸਰੇ ਨਵਿਆਉਣਯੋਗ ਸ੍ਰੋਤਾਂ ਤੋਂ ਕ੍ਰਮਵਾਰ 6.5%, 8% ਅਤੇ 9.5% ਬਿਜਲੀ ਖਰੀਦਣੀ ਜ਼ਰੂਰੀ ਕੀਤੀ ਗਈ ਹੈ।
ਪੰਜਾਬ ਵਿਚ ਪਾਣੀ ਤੋਂ ਹੋਰ ਬਿਜਲੀ ਉਤਪਾਦਨ ਕਰਨ ਦੀ ਸਮਰੱਥਾ ਤਕਰੀਬਨ ਨਾਂਹ ਦੇ ਬਰਾਬਰ ਹੈ ਅਤੇ ਹਵਾ ਤੋਂ ਬਿਜਲੀ ਬਣਾਉਣ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਲਈ ਪੰਜਾਬ ਸਰਕਾਰ ਅਤੇ ਪੀਐੱਸਪੀਸੀਐੱਲ ਨੂੰ ਰਾਜ ਵਿਚ ਬਾਇਓਮਾਸ ਤੋਂ ਬਿਜਲੀ ਪੈਦਾ ਕਰਨ ਲਈ ਥਰਮਲ ਪਲਾਂਟ ਲਗਾਉਣ ਲਈ ਹੁਣੇ ਤੋਂ ਹੀ ਜ਼ੋਰਦਾਰ ਉਪਰਾਲੇ ਕਰਨੇ ਪੈਣਗੇ। ਜੇ ਮਹਿਕਮਾ ਉਪਰੋਕਤ ਨਿਸ਼ਾਨਿਆਂ ਨੂੰ ਆਪਣੇ ਘਰੇਲੂ ਸ੍ਰੋਤਾਂ ਤੋਂ ਪ੍ਰਾਪਤ ਬਿਜਲੀ ਨਾਲ ਪੂਰੇ ਕਰਨ ਵਿਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਦੂਜੇ ਰਾਜਾਂ ਤੋਂ ਇਹ ਬਿਜਲੀ ਜਾਂ ਸਰਟਿਫੀਕੇਟ ਮਹਿੰਗੇ ਭਾਅ ਵਿਚ ਖਰੀਦਣੇ ਪੈਣਗੇ। ਇਸ ਨਾਲ ਬਿਜਲੀ ਦੇ ਰੇਟਾਂ ਜੋ ਪਹਿਲਾਂ ਹੀ ਜ਼ਿਆਦਾ ਹਨ, ਵਿਚ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਨਵੇਂ ਅਤੇ ਨਵਿਆਉਣਯੋਗ ਊਰਜਾ ਸ੍ਰੋਤਾਂ ਦੀ ਨੀਤੀ ਅਨੁਸਾਰ ਪੰਜਾਬ ਸਰਕਾਰ ਨੂੰ ਇਨ੍ਹਾਂ ਸ੍ਰੋਤਾਂ ਤੋਂ ਸਾਲ 2022 ਤੱਕ 600 ਮੈਗਾਵਾਟ ਤੱਕ ਦੀ ਸਮਰੱਥਾ ਦੇ ਪਲਾਂਟ ਲਗਾਉਣੇ ਪੈਣਗੇ ਪਰ ਹੁਣ ਤੱਕ ਕੇਵਲ 70 ਮੈਗਾਵਾਟ ਸਮਰੱਥਾ ਦੇ ਪਲਾਂਟ ਹੀ ਲਗਾਏ ਜਾ ਸਕੇ ਹਨ ਜੋ ਨਿਰਧਾਰਿਤ ਨਿਸ਼ਾਨੇ ਦਾ ਕੇਵਲ 12 ਫ਼ੀਸਦੀ ਬਣਦਾ ਹੈ। ਇਸ ਦੀ ਪਾਲਣਾ ਹਿੱਤ ਪੰਜਾਬ ਸਰਕਾਰ ਨੂੰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਨਵੀਂ ਅਤੇ ਆਧੁਨਿਕ ਮਸ਼ੀਨਰੀ ਨੂੰ ਵਰਤ ਕੇ ਪਰਾਲੀ ਨੂੰ ਬਾਲਣ ਵਜੋਂ ਵਰਤ ਕੇ ਬਿਜਲੀ ਬਣਾਉਣੀ ਚਾਹੀਦੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਲਾ ਵਰਤ ਕੇ ਬਿਜਲੀ ਬਣਾਉਣ ਵਾਲੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਜਨਵਰੀ 2018 ਤੋਂ ਬੰਦ ਕੀਤਾ ਜਾ ਚੁੱਕਾ ਹੈ। ਥੋੜ੍ਹਾ ਸਮਾਂ ਪਹਿਲਾਂ ਹੀ ਇਸ ਦੇ ਚਾਰੇ ਯੂਨਿਟਾਂ ਨੂੰ ਕੇਂਦਰੀ ਬਿਜਲੀ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਕਰੀਬਨ 668 ਕਰੋੜ ਰੁਪਏ ਖਰਚ ਕੇ ਸਾਲ 2029-30 ਤੱਕ ਚੱਲਣ ਲਈ ਨਵਿਆਇਆ ਗਿਆ ਸੀ।
ਜਾਣਕਾਰੀ ਅਨੁਸਾਰ, ਬਠਿੰਡਾ ਥਰਮਲ ਪਲਾਂਟ ਬੰਦ ਹੋਣ ਤੋਂ ਬਾਅਦ ਪੀਐੱਸਪੀਸੀਐੱਲ ਵੱਲੋਂ ਇਸ ਨੂੰ ਝੋਨੇ ਦੀ ਪਰਾਲੀ ਵਰਤ ਕੇ ਬਿਜਲੀ ਬਣਾਉਣ ਹਿਤ ਵਰਤਣ ਲਈ ਲੋੜੀਦਾ ਅਧਿਐਨ ਕਰਵਾਇਆ ਗਿਆ ਸੀ। ਪ੍ਰਾਈਵੇਟ ਸੈਕਟਰ ਦੇ ਮਾਹਰਾਂ ਦੀ ਸਲਾਹ ਅਨੁਸਾਰ ਥਰਮਲ ਪਲਾਂਟ ਦੇ ਯੂਨਿਟ ਨੰਬਰ 3 ਤੇ 4 ਦੀ ਮਸ਼ੀਨਰੀ ਜਿਵਂੇ ਬੁਆਇਲਰ ਆਦਿ ਨੂੰ ਬਦਲ ਕੇ ਇਸ ਵਿਚ ਪਰਾਲੀ ਬਾਲਣ ਵਜੋਂ ਵਰਤੀ ਜਾ ਸਕਦੀ ਹੈ। ਪੀਐੱਸਪੀਸੀਐੱਲ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਤਂੋ ਬਾਅਦ ਵਿਸਤ੍ਰਿਤ ਪ੍ਰਾਜੈਕਟ ਰਿਪਰੋਟ ਤਿਆਰ ਕੀਤੀ ਗਈ ਸੀ ਜੋ ਨਵੰਬਰ 2018 ਵਿਚ ਪੰਜਾਬ ਸਰਕਾਰ ਤੋਂ ਮਨਜ਼ੂਰੀ ਲਈ ਭੇਜੀ ਗਈ ਸੀ।
ਇਸ ਰਿਪੋਰਟ ਨੂੰ ਸਰਕਾਰ ਕੋਲ ਭੇਜਿਆਂ ਪੂਰਾ ਇੱਕ ਸਾਲ ਬੀਤ ਚੁੱਕਾ ਹੈ ਪਰ ਸਰਕਾਰ ਦੁਆਰਾ ਇਸ ਤੇ ਕੀਤੀ ਗਈ ਕਾਰਵਾਈ ਦਾ ਕੋਈ ਥਹੁ ਪਤਾ ਨਹੀਂ ਹੈ। ਜੇ ਸਰਕਾਰ ਸੱਚਮੁੱਚ ਹੀ ਪਰਾਲੀ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਲਈ ਸੰਜੀਦਾ ਹੈ ਤਾਂ ਇਸ ਨੂੰ ਉਪਰੋਕਤ ਰਿਪੋਰਟ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਲੋੜੀਂਦੀ ਸਿਆਸੀ ਇੱਛਾ ਸ਼ਕਤੀ ਦਿਖਾਉਣੀ ਚਾਹੀਦੀ ਹੈ। ਇਸ ਨਾਲ ਹਵਾ ਪ੍ਰਦੂਸ਼ਣ ਤੋਂ ਬਚਾਅ ਦੇ ਨਾਲ ਨਾਲ ਹੋਰ ਵੀ ਫਾਇਦੇ ਹੋਣਗੇ ਜੋ ਰਾਜ ਦੇ ਹਿਤ ਵਿਚ ਹਨ।
ਜੇ ਉਪਰੋਕਤ ਸਕੀਮ ਲਾਗੂ ਕਰ ਦਿੱਤੀ ਜਾਵੇ ਤਾਂ ਇਸ ਪਲਾਂਟ ਵਿਚ ਇੱਕ ਸਾਲ ਵਿਚ ਤਕਰੀਬਨ 4 ਲੱਖ ਟਨ ਪਰਾਲੀ ਵਰਤੀ ਜਾਵੇਗੀ ਅਤੇ ਇਸ ਨਾਲ 60 ਮੈਗਾਵਾਟ ਬਿਜਲੀ ਪੈਦਾ ਹੋਵੇਗੀ। ਝੋਨੇ ਦੀ ਪਰਾਲੀ ਜਾਂ ਹੋਰ ਫਸਲੀ ਰਹਿੰਦ-ਖੂੰਹਦ ਵਰਤ ਕੇ ਬਿਜਲੀ ਬਣਾਉਣ ਵਾਲਾ ਨਵਾਂ ਪਲਾਂਟ ਲਗਾਉਣ ਦਾ ਖਰਚਾ ਤਕਰੀਬਨ 7 ਕਰੋੜ ਰੁਪਏ ਪ੍ਰਤੀ ਮੈਗਵਾਟ ਹੁੰਦਾ ਹੈ ਪਰ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਵਰਤ ਕੇ ਬਿਜਲੀ ਬਣਾਉਣ ਲਈ ਲੋੜੀਂਦੀ ਤਰਮੀਮ ਕਰਨ ਲਈ ਕੇਵਲ 2.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਦਾ ਖਰਚਾ ਆਵੇਗਾ। ਇਉਂ ਬਠਿੰਡਾ ਥਰਮਲ ਪਲਾਂਟ ਦੇ ਇੱਕ ਯੂਨਿਟ ਨੂੰ ਪਰਾਲੀ ਤੇ ਚਲਾਉਣ ਲਈ ਤਕਰੀਬਨ 150 ਕਰੋੜ ਰੁਪਏ ਦਾ ਹੀ ਖਰਚਾ ਆਵੇਗਾ।
ਇਸ ਪਲਾਂਟ ਤੋਂ ਬਣਨ ਵਾਲੀ ਪ੍ਰਤੀ ਯੂਨਿਟ ਬਿਜਲੀ ਤੇ ਖਰਚਾ ਪੀਐੱਸਪੀਸੀਐੱਲ ਵੱਲੋਂ ਪਰਾਲੀ ਵਰਤ ਕੇ ਬਿਜਲੀ ਬਣਾਉਣ ਵਾਲੇ ਪ੍ਰਾਈਵੇਟ ਪਲਾਂਟਾਂ ਨਾਲ ਤੈਅ ਕੀਤੇ ਰੇਟਾਂ ਤੋਂ ਕਿਤੇ ਘੱਟ ਹੋਵੇਗਾ। ਇਸ ਵੇਲੇ ਪੀਐੱਸਪੀਸੀਐੱਲ ਅਜਿਹੇ ਪਲਾਂਟਾਂ ਨੂੰ 8.16 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਤੇ 5% ਸਾਲਾਨਾ ਵਾਧੇ ਦੀ ਦਰ ਤੇ ਅਦਾ ਕਰ ਰਿਹਾ ਹੈ ਜਦੋਂ ਕਿ ਬਠਿੰਡਾ ਥਰਮਲ ਪਲਾਂਟ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਦਰ ਕੇਵਲ 4 ਰੁਪਏ ਪ੍ਰਤੀ ਯੂਨਿਟ ਹੋਵੇਗੀ। ਇਸ ਤਰ੍ਹਾਂ ਪ੍ਰਾਈਵੇਟ ਪਲਾਂਟਾਂ ਤੋਂ ਬਿਜਲੀ ਦੇ ਮੁਕਾਬਲੇ ਬਠਿੰਡਾ ਥਰਮਲ ਪਲਾਂਟ ਤੋਂ ਪਰਾਲੀ ਵਰਤ ਕੇ ਬਣਾਈ ਬਿਜਲੀ ਨਾਲ ਤਕਰੀਬਨ 140 ਕਰੋੜ ਰੁਪਏ ਦੀ ਬੱਚਤ ਹੋਵੇਗੀ ਜਿਸ ਦਾ ਲਾਭ ਖਪਤਕਾਰਾਂ ਨੂੰ ਦਿੱਤਾ ਜਾ ਸਕਦਾ ਹੈ।
ਉਪਰੋਕਤ ਪਲਾਂਟ ਨੂੰ ਪਰਾਲੀ ਅਤੇ ਚਾਲੂ ਕਰਨ ਨਾਲ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਪਲਾਂਟ ਵੱਲੋਂ ਝੋਨੇ ਦੀ ਪਰਾਲੀ ਨੂੰ ਭਰੀ ਬਣਾ ਕੇ ਤਕਰੀਬਨ ਇੱਕ ਰੁਪਈਆ ਤੀਹ ਪੈਸੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਤੋਂ ਖਰੀਦਣ ਦੀ ਵਿਵਸਥਾ ਹੈ। ਇੱਕ ਅੰਦਾਜ਼ੇ ਮੁਤਾਬਿਕ ਪ੍ਰਤੀ ਹੈਕਟੇਅਰ ਤਕਰੀਬਨ ਸੱਤ ਟਨ ਪਰਾਲੀ ਦੇ ਹਿਸਾਬ ਨਾਲ ਕਿਸਾਨ ਨੂੰ ਤਕਰੀਬਨ 3600 ਰੁਪਏ ਪ੍ਰਤੀ ਏਕੜ ਦੀ ਆਮਦਨ ਹੋ ਸਕਦੀ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਨਾ ਸਾੜਨ ਨਾਲ ਫਸਲ ਦੀ ਉਪਜਾਊ ਸ਼ਕਤੀ ਦਾ ਵੀ ਨੁਕਸਾਨ ਨਹੀਂ ਹੋਵੇਗਾ ਜਿਸ ਦੇ ਫਲਸਰੂਪ ਕਿਸਾਨ ਨੂੰ ਖਾਦਾਂ ਆਦਿ ਦੀ ਘੱਟ ਵਰਤੋਂ ਕਰਨੀ ਪਵੇਗੀ ਤੇ ਇਸ ਤਰ੍ਹਾਂ ਖੇਤੀ ਤੇ ਲਾਗਤ ਖਰਚਾ ਘਟੇਗਾ।
ਜੇ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਤੇ ਚਲਾਇਆ ਜਾਂਦਾ ਹੈ ਤਾਂ ਰੁਜ਼ਗਾਰ ਦੀਆਂ ਤਕਰੀਬਨ 300 ਪੱਕੀਆਂ ਅਸਾਮੀਆਂ ਪੈਦਾ ਹੋਣਗੀਆਂ ਜੋ ਵਧ ਰਹੀ ਬੇਰੁਜ਼ਗਾਰੀ ਦੇ ਸਮੇਂ ਵਿਚ ਸਭ ਤੋਂ ਵੱਡੀ ਲੋੜ ਹੈ। ਇਸ ਦੇ ਨਾਲ ਹੀ ਬਠਿੰਡਾ ਸ਼ਹਿਰ ਵਿਚ ਲੱਗੀਆਂ ਬਹੁਤ ਸਾਰੀਆਂ ਵਰਕਸ਼ਾਪਾਂ ਜੋ ਥਰਮਲ ਪਲਾਂਟ ਦੇ ਬੰਦ ਹੋਣ ਨਾਲ ਬੰਦ ਹੋਣ ਦੀ ਕਗਾਰ ਤੇ ਆ ਗਈਆਂ ਹਨ, ਮੁੜ ਸੁਰਜੀਤ ਕੀਤੀਆਂ ਜਾ ਸਕਦੀਆਂ ਹਨ।
ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਤੇ ਚਲਾਉਣ ਨਾਲ ਇਸ ਸ਼ਹਿਰ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬਠਿੰਡਾ ਪਲਾਂਟ ਦੀ ਨਵੀਂ ਮਸ਼ੀਨਰੀ ਕੌਡੀਆਂ ਦੇ ਭਾਅ, ਅਰਥਾਤ ਕਬਾੜ ਵਜੋਂ ਹੀ ਵਿਕੇਗੀ। ਇਸ ਪਲਾਂਟ ਬਾਰੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਇਹ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਕਿ ਬਠਿੰਡਾ ਥਰਮਲ ਪਲਾਂਟ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਮੌਕੇ ਲਾਇਆ ਗਿਆ ਸੀ। ਹੁਣ ਇਸ ਵਿਰਾਸਤ ਨੂੰ ਗੁਰੂ ਜੀ ਦੇ 550ਵੇਂ ਪਰਬ ਤੇ ਨਵਾਂ ਰੂਪ ਦੇ ਕੇ ਪੁਨਰਸੁਰਜੀਤ ਕੀਤਾ ਜਾ ਸਕਦਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ