Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਇਮਰਾਨ ਖ਼ਾਨ ਦਾ ‘ਨਵਾਂ ਪਾਕਿਸਤਾਨ’--ਜੀ ਪਾਰਥਾਸਾਰਥੀ
ਪਾਕਿਸਤਾਨ ਨੇ ਕਰਾਚੀ ਸਥਿਤ ਭਾਰਤੀ ਕੌਂਸਲਖ਼ਾਨਾ 1994 ਵਿਚ ਬੰਦ ਕਰ ਦਿੱਤਾ ਸੀ। ਜ਼ਾਹਿਰਾ ਤੌਰ ‘ਤੇ ਅਜਿਹਾ ਬਾਬਰੀ ਮਸਜਿਦ ਢਾਹੁਣ ਖ਼ਿਲਾਫ਼ ਮੁਲਕ ਵਿਚ ਪੈਦਾ ਹੋਏ ਲੋਕ ਰੋਹ ਕਾਰਨ ਕੀਤਾ ਗਿਆ। ਇਸ ਦੇ ਬਾਵਜੂਦ ਇਸ ਨੂੰ ਬੰਦ ਕਰਨ ਦੇ ਕਾਰਨਾਂ ਦੀਆਂ ਜੜ੍ਹਾਂ ਭਾਰਤ ਦੀ ਵੰਡ ਵਿਚ ਹਨ। ਅਗਸਤ 1947 ਦੌਰਾਨ ਹਜ਼ਾਰਾਂ ਮੁਸਲਿਮ ਪਰਿਵਾਰ ਸਰਹੱਦ ਟੱਪ ਕੇ ਪਾਕਿਸਤਾਨ ਗਏ ਜਿਥੇ ਉਹ ਕਰਾਚੀ, ਸੁਕੂਰ, ਹੈਦਰਾਬਾਦ ਆਦਿ ਸ਼ਹਿਰਾਂ ਵਿਚ ਵੱਸ ਗਏ। ਯਕੀਨਨ, ਉਨ੍ਹਾਂ ਨੂੰ ਇਸ ਮੁਸਲਿਮ ਬਹੁਗਿਣਤੀ ਮੁਲਕ ਵਿਚ ਬਿਹਤਰ ਜ਼ਿੰਦਗੀ ਦੀ ਉਮੀਦ ਸੀ। ਇਹ ਪਰਿਵਾਰ ਇਸ ਉਮੀਦ ਨਾਲ ਭਾਰਤ ਵਿਚੋਂ ਆਪਣੇ ਘਰ-ਬਾਰ ਛੱਡ ਕੇ ਗਏ ਸਨ ਕਿ ਜਿਨਾਹ ਦਾ ਨਵਾਂ ਮੁਲਕ ‘ਜੰਨਤ’ ਸਮਾਨ ਹੋਵੇਗਾ। ਛੇਤੀ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ਨੂੰ ਨਫ਼ਰਤ ਭਰਿਆ ਸੰਬੋਧਨ ‘ਮੁਹਾਜਿਰ’ (ਪਨਾਹਗੀਰ) ਦੇ ਦਿੱਤਾ ਗਿਆ ਸੀ ਜਿਸ ਨੇ ਆਜ਼ਾਦੀ ਦੇ ਚਾਰ ਦਹਾਕਿਆਂ ਬਾਅਦ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।
ਕਰਾਚੀ ਵਿਚ ਭਾਰਤ ਦਾ ਕੌਂਸਲ ਜਨਰਲ ਹੁੰਦਿਆਂ, ਕਰਾਚੀ ਤੇ ਹੋਰ ਥਾਵਾਂ ਦੇ ‘ਮੁਹਾਜਿਰਾਂ’ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਪੁਰਖਿਆਂ ਦੀ ਸਰਜ਼ਮੀਨ ਪ੍ਰਤੀ ਪੈਦਾ ਹੋ ਰਹੀ ਦਿਲਚਸਪੀ ਨੂੰ ਦੇਖਣਾ ਮੇਰੇ ਲਈ ਬਹੁਤ ਸੁਖਦ ਅਹਿਸਾਸ ਸੀ। ਅਜਿਹਾ ਅਹਿਸਾਸ ਉਦੋਂ ਹੋਰ ਵੱਧ ਹੋਇਆ ਜਦੋਂ ਭਾਰਤੀ ਖੇਡ ਟੀਮਾਂ, ਖ਼ਾਸਕਰ ਕ੍ਰਿਕਟ ਟੀਮਾਂ ਦੇ 1982 ਤੇ 1984 ਦੌਰਾਨ ਪਾਕਿਸਤਾਨ ਦੌਰਿਆਂ ਸਮੇਂ ਸਾਨੂੰ ਆਮ ਪਾਕਿਸਤਾਨੀਆਂ ਨੂੰ ਖੁੱਲ੍ਹ ਕੇ ਮਿਲਣ ਦਾ ਮੌਕਾ ਮਿਲਿਆ। ਕੇਂਦਰੀ ਮੰਤਰੀ ਐੱਨਕੇਪੀ ਸਾਲਵੇ ਜਿਹੜੇ ਭਾਰਤੀ ਕ੍ਰਿਕਟ ਟੀਮ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਸਨ ਤੇ ਪਾਕਿਸਤਾਨੀ ਗਾਇਕਾ ਨੂਰ ਜਹਾਂ ਦੇ ਪ੍ਰਸੰਸਕ ਸਨ, ਨੇ ਮੈਨੂੰ ਸੁਝਾਅ ਦਿੱਤਾ ਕਿ ਮੈਂ ਪਾਕਿਸਤਾਨ ਦੌਰੇ ਸਮੇਂ ਕ੍ਰਿਕਟ ਟੀਮ ਨਾਲ ਰਹਾਂ। ਇਸ ਨਾਲ ਮੈਨੂੰ ਦੋਵਾਂ ਪਾਸਿਆਂ ਦੇ ਕ੍ਰਿਕਟਰਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਖ਼ਾਤਰਦਾਰੀ ਕਰਨ ਦਾ ਮੌਕਾ ਮਿਲਿਆ। ਉਦੋਂ ਭਾਰਤੀ ਟੀਮ ਦੇ ਕਪਤਾਨ ਸੁਨੀਲ ਗਾਵਸਕਰ ਅਤੇ ਪਾਕਿਸਤਾਨੀ ਟੀਮ ਦੇ ਕਪਤਾਨ ਇਮਰਾਨ ਖ਼ਾਨ ਸਨ।ਗਾਵਸਕਰ ਅਤੇ ਮਹਿੰਦਰ ਅਮਰਨਾਥ ਨੇ ਭਾਵੇਂ ਵਧੀਆ ਖੇਡ ਦਿਖਾਈ ਪਰ ਇਮਰਾਨ ਖ਼ਾਨ ਨੇ ਆਪਣੀ ਗੇਂਦਬਾਜ਼ੀ ਦੌਰਾਨ ਆਪਣੀ ਤਬਾਹਕੁਨ ‘ਰਿਵਰਸ ਸਵਿੰਗ’ ਰਾਹੀਂ ਭਾਰਤੀ ਟੀਮ ਨੂੰ ਬਹੁਤ ਤੰਗ ਕੀਤਾ। ਦਿਲਚਸਪ ਗੱਲ ਇਹ ਸੀ ਕਿ ‘ਰਿਵਰਸ ਸਵਿੰਗ’ ਲੰਚ ਅਤੇ ਚਾਹ ਦੇ ਵਕਫ਼ਿਆਂ ਤੋਂ ਬਾਅਦ ਹੋਰ ਤਿੱਖੀ ਹੋ ਜਾਂਦੀ, ਜਦੋਂ ਗੇਂਦ ਪਾਕਿਸਤਾਨੀ ਅੰਪਾਇਰਾਂ ਦੀ ਜੇਬ ਵਿਚ ਹੁੰਦੀ ਸੀ!! ਪਰ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਇਮਰਾਨ ਬਹੁਤ ਹੀ ਉਮਦਾ ਗੇਂਦਬਾਜ਼ ਸੀ ਜਿਸ ਨੇ ਆਪਣੇ ਮੁਲਕ ਨੂੰ ਹੈਰਾਨੀਜਨਕ ਢੰਗ ਨਾਲ ਸੰਸਾਰ ਕੱਪ ਚੈਂਪੀਅਨ ਬਣਾਇਆ ਸੀ ਪਰ ਜਿਹੜੀ ਗੱਲ ਮੇਰੀਆਂ ਯਾਦਾਂ ਵਿਚ ਉੱਕਰੀ ਹੋਈ ਹੈ, ਉਹ ਇਮਰਾਨ ਖ਼ਾਨ ਦੀ ਟਿੱਪਣੀ ਹੈ ਜਿਹੜੀ ਮੈਨੂੰ ਪਾਕਿਸਤਾਨ ਦੇ ਇਕ ਖੇਡ ਕੁਮੈਂਟੇਟਰ ਨੇ ਸੁਣਾਈ ਸੀ। ਉਸ ਮੁਤਾਬਕ ਜਦੋਂ ਉਸ ਕੁਮੈਂਟੇਟਰ ਨੇ ਇਮਰਾਨ ਖ਼ਾਨ ਕੋਲ ਉਸ ਦੀ ਗੇਂਦਬਾਜ਼ੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਦੀ ਗੇਂਦਬਾਜ਼ੀ ਖ਼ਾਸਕਰ ਉਦੋਂ ਹੋਰ ਵੀ ਤਿੱਖੀ ਤੇ ਭਿਆਨਕ ਹੋ ਜਾਂਦੀ ਹੈ ਜਦੋਂ ਉਹ ਭਾਰਤ ਖ਼ਿਲਾਫ਼ ਖੇਡਦਾ ਹੈ ਤਾਂ ਇਮਰਾਨ ਨੇ ਜਵਾਬ ਦਿੱਤਾ: “ਜਦੋਂ ਮੈਂ ਭਾਰਤ ਖ਼ਿਲਾਫ਼ ਖੇਡਦਾ ਹਾਂ ਤਾਂ ਇਹ ਮਹਿਜ਼ ਕ੍ਰਿਕਟ ਨਹੀਂ ਹੁੰਦੀ। ਉਦੋਂ ਮੈਂ ਕਸ਼ਮੀਰ ਬਾਰੇ ਸੋਚਦਾ ਹਾਂ ਤੇ ਇਸ ਨੂੰ ਜਹਾਦ ਸਮਝਦਾ ਹਾਂ”!! ਉਸ ਦੇ ਇਹ ਵਿਚਾਰ ਉਸ ਦੇ ਸਾਥੀ ਗੇਂਦਬਾਜ਼ਾਂ ਵਸੀਮ ਅਕਰਮ, ਵਕਾਰ ਯੁਨਿਸ, ਸ਼ੋਇਬ ਅਖ਼ਤਰ ਆਦਿ ਤੋਂ ਬਿਲਕੁਲ ਵੱਖਰੇ ਸਨ ਹਾਲਾਂਕਿ ਉਹ ਵੀ ਭਾਰਤ ਖ਼ਿਲਾਫ਼ ਜ਼ੋਰਦਾਰ ਖੇਡ ਦਿਖਾਉਂਦੇ ਸਨ ਪਰ ਇਸ ਨੂੰ ਜਹਾਦ ਦਾ ਨਾਂ ਨਹੀਂ ਸਨ ਦਿੰਦੇ!!
ਹਥਿਆਰਬੰਦ ਫ਼ੌਜਾਂ ਵਿਚੋਂ ਜੇ ਇਮਰਾਨ ਦੇ ਸਿਆਸੀ ਉਸਤਾਦਾਂ ਦੀ ਗੱਲ ਕਰੀਏ ਤਾਂ ਉਸ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਬਾਨੀ ਮੈਂਬਰਾਂ ਵਿਚ ਆਈਐੱਸਆਈ ਦਾ ਸਾਬਕਾ ਮੁਖੀ ਲੈਫ਼ਟੀਨੈਂਟ ਜਨਰਲ ਹਮੀਦ ਗੁਲ ਵੀ ਸੀ ਜਿਹੜਾ ਕੱਟੜ ਇਸਲਾਮਪ੍ਰਸਤ ਮੰਨਿਆ ਜਾਂਦਾ ਸੀ। ਹਮੀਦ ਗੁਲ ਦੇ ਕਸ਼ਮੀਰ ਅਤੇ ਭਾਰਤੀ ਮੁਸਲਮਾਨਾਂ ਬਾਰੇ ਹੈਰਾਨਕੁਨ ਵਿਚਾਰ ਸਨ ਪਰ ਵਕਤ ਗੁਜ਼ਰਨ ਦੇ ਬਾਵਜੂਦ ਇਮਰਾਨ ਤੋਂ ਇਹ ਉਮੀਦ ਨਹੀਂ ਕਿ ਉਹ ਹੋਰਨਾਂ ਸਿਆਸੀ ਆਗੂਆਂ ਵਾਂਗ ਫ਼ੌਜ ਦਾ ਦਬਾਅ ਨਜ਼ਰਅੰਦਾਜ਼ ਕਰ ਸਕੇਗਾ। ਉਹ ਤਾਂ ਸਾਫ਼ ਤੌਰ ‘ਤੇ ਫ਼ੌਜ ਦੇ ਕਦਮਾਂ ‘ਤੇ ਕਦਮ ਧਰਨ ਅਤੇ ਫ਼ੌਜ ਨੂੰ ਸਰਕਾਰੀ ਕੰਮ-ਕਾਜ ਵਿਚ ਵੱਧ ਤੋਂ ਵੱਧ ਦਖ਼ਲ ਦੇਣ ਲਈ ਤਿਆਰ ਹੈ। ਪਾਕਿਸਤਾਨ ਵਿਚ ਫ਼ੌਜ ਦਾ ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਦੇ ਮਾਮਲੇ ਵਿਚ ਭਾਰੀ ਦਬਦਬਾ ਹੁੰਦਾ ਹੈ, ਖ਼ਾਸਕਰ ਭਾਰਤ, ਅਮਰੀਕਾ, ਚੀਨ, ਰੂਸ ਅਤੇ ਨਾਲ ਹੀ ਅਹਿਮ ਇਸਲਾਮੀ ਮੁਲਕਾਂ ਜਿਵੇਂ ਸਾਊਦੀ ਅਰਬ ਤੇ ਇਰਾਨ ਨਾਲ ਰਿਸ਼ਤਿਆਂ ਦੇ ਮਾਮਲੇ ਵਿਚ; ਪਰ ਹੁਣ ਤਾਂ ਫ਼ੌਜ ਨੇ ਆਰਥਿਕ ਇੰਤਜ਼ਾਮ ਦੇ ਖੇਤਰ ਵਿਚ ਦੀ ਕਦਮ ਧਰ ਲਿਆ ਹੈ।
ਇਮਰਾਨ ਖ਼ਾਨ ਨੇ ਪਿਛਲੇ ਸਾਲ ਜਦੋਂ ਵਾਸ਼ਿੰਗਟਨ ਵਿਚ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਤਾਂ ਫ਼ੌਜ ਮੁਖੀ ਜਨਰਲ ਬਾਜਵਾ ਤੇ ਆਈਐੱਸਆਈ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਉਸ ਦੇ ਨਾਲ ਸਨ। ਇਹ ਪਹਿਲੀ ਵਾਰ ਸੀ ਜਦੋਂ ਵ੍ਹਾਈਟ ਹਾਊਸ ਵਿਚ ਹੋਈ ਕਿਸੇ ਮੀਟਿੰਗ ਵਿਚ ਫ਼ੌਜੀ ਮੁਖੀ ਸ਼ਾਮਲ ਹੋਏ। ਉਂਜ ਇਸ ਮੀਟਿੰਗ ਤੋਂ ਵੀ ਪਹਿਲਾਂ ਬਾਜਵਾ ਨੇ ਚੀਨ ਅਤੇ ਇਰਾਨ ਨਾਲ ਮੁਲਕ ਦੇ ਰਿਸ਼ਤਿਆਂ ਉਤੇ ਸਹਿਮਤੀ ਦੀ ਆਪਣੀ ਨਿਜੀ ਮੋਹਰ ਲਾਈ ਪਰ ਇਹ ਸੱਚਮੁੱਚ ਕਰਤਾਰਪੁਰ ਸਾਹਿਬ ਲਾਂਘਾ ਹੀ ਸੀ ਜਦੋਂ ਬਾਜਵਾ ਨੇ ਭਾਰਤ ਨਾਲ ਰਿਸ਼ਤਿਆਂ ਦੇ ਮਾਮਲੇ ਵਿਚ ਆਪਣੀ ਭੂਮਿਕਾ ਨੂੰ ਜੱਗ-ਜ਼ਾਹਿਰ ਕਰਦਿਆਂ ਲਾਂਘੇ ਦੇ ਉਦਘਾਟਨੀ ਸਮਾਗਮ ਸਮੇਂ ਪੰਜਾਬ ਸਰਕਾਰ ਦੇ ਇਕ ਮੰਤਰੀ ਨਾਲ ਆਪਣੀ ਦੋਸਤੀ ਦਾ ਖੁੱਲ੍ਹੇਆਮ ਮੁਜ਼ਾਹਰਾ ਕੀਤਾ। ਆਈਐੱਸਆਈ ਲਗਾਤਾਰ ਯੂਕੇ ਅਤੇ ਕੈਨੇਡਾ ਦੇ ਪਰਵਾਸੀ ਸਿੱਖ ਭਾਈਚਾਰਿਆਂ ਦੀ ਵਰਤੋਂ ਕਰ ਕੇ ਹਿੰਦੂਆਂ ਤੇ ਸਿੱਖਾਂ ਦਰਮਿਆਨ ਵੰਡੀਆਂ ਪਾਉਣ ਦੇ ਆਪਣੇ ਏਜੰਡੇ ਉਤੇ ਕਾਇਮ ਹੈ। ਫ਼ੌਜ ਦੀ ਹਰ ਗੱਲ ਮੰਨਦੇ ਇਮਰਾਨ ਖ਼ਾਨ ਦਾ ਫ਼ਾਇਦਾ ਉਠਾਉਂਦਿਆਂ ਜਨਰਲ ਬਾਜਵਾ ਨੇ ਮੁਲਕ ਦੀ ਆਰਥਿਕ ਨੀਤੀਆਂ ਘੜਨ ਵਾਲੀ ਸਿਖਰਲੀ ਸੰਸਥਾ, ਭਾਵ ਨਵੀਂ ਕਾਇਮ ਕੀਤੀ ਗਈ ‘ਨੈਸ਼ਨਲ ਡਿਵੈਲਪਮੈਂਟ ਕੌਂਸਲ’ ਵਿਚ ਆਪਣੇ ਆਪ ਨੂੰ ਨਾਮਜ਼ਦ ਕਰਵਾ ਲਿਆ ਹੈ।
ਇਸ ਤੋਂ ਵੀ ਹੈਰਾਨੀਜਨਕ ਘਟਨਾ ਉਦੋਂ ਵਾਪਰੀ, ਜਦੋਂ ਫ਼ੌਜ ਵੱਲੋਂ ਖ਼ੈਬਰ-ਪਖ਼ਤੂਨਖ਼ਵਾ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਸੇਠ ਦੀ ਕੀਤੀ ਗਈ ਸਖ਼ਤ ਨਿੰਦਾ ਦੀ ਇਮਰਾਨ ਖ਼ਾਨ ਸਰਕਾਰ ਨੇ ਵੀ ਹਮਾਇਤ ਕੀਤੀ। ਜਸਟਿਸ ਸੇਠ ਉਸ ਵਿਸ਼ੇਸ਼ ਅਦਾਲਤ ਦਾ ਮੁਖੀ ਸੀ ਜਿਸ ਨੇ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਦੇਸ਼ ਧ੍ਰੋਹ ਦੇ ਮਾਮਲੇ ਵਿਚ ਸਜ਼ਾ-ਏ-ਮੌਤ ਦਾ ਹੁਕਮ ਸੁਣਾਇਆ ਹੈ। ਮੁਸ਼ੱਰਫ਼ ਨੂੰ ਇਹ ਸਜ਼ਾ ਦਸੰਬਰ 2007 ਵਿਚ ਐਮਰਜੈਂਸੀ ਆਇਦ ਕਰਨ ਸਬੰਧੀ ਉਸ ਦੇ ਰੋਲ ਬਦਲੇ ਸੁਣਾਈ ਗਈ ਜਿਸ ਤਹਿਤ ਦੇਸ਼ ਦੀ ਚੁਣੀ ਹੋਈ ਸਰਕਾਰ ਬਰਤਰਫ਼ ਕਰ ਦਿੱਤੀ ਗਈ; ਨਾਲ ਹੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੇ ਅਨੇਕਾਂ ਜੱਜਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਮੁਲਕ ਦਾ ਸੰਵਿਧਾਨ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦਮਨਕਾਰੀ ਫ਼ੌਜੀ ਹਕੂਮਤ ਦੌਰਾਨ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ ਭੇਤਭਰੇ ਢੰਗ ਨਾਲ ਕਤਲ ਕਰ ਦਿੱਤਾ ਗਿਆ। ਜਸਟਿਸ ਸੇਠ ਨੇ ਦਲੇਰੀ ਦਾ ਸਬੂਤ ਦਿੰਦਿਆਂ ਫ਼ੌਜ ਦੀਆਂ ਸੰਵਿਧਾਨ ਤੋਂ ਬਾਹਰਾ ਕਾਰਵਾਈਆਂ ਨੂੰ ਚੁਣੌਤੀ ਦੇ ਕੇ ਕੋਈ ਗ਼ਲਤ ਕੰਮ ਨਹੀਂ ਕੀਤਾ। ਉਹ ਪਹਿਲਾਂ ਵੀ ਫ਼ੌਜ ਵੱਲੋਂ ਹਥਿਆਈਆਂ ਗਈਆਂ ਸੰਵਿਧਾਨ-ਬਾਹਰੀਆਂ ਤਾਕਤਾਂ ਨੂੰ ਚੁਣੌਤੀ ਦਿੰਦਾ ਰਿਹਾ ਹੈ, ਕਿਉਂਕਿ ਅਜਿਹੀਆਂ ਤਾਕਤਾਂ ਲਈ ਸੱਭਿਅਕ ਜਮਹੂਰੀਅਤ ਵਿਚ ਕੋਈ ਥਾਂ ਨਹੀਂ ਹੈ।
ਇਕ ਹੋਰ ਫ਼ੈਸਲੇ ਵਿਚ ਜਸਟਿਸ ਸੇਠ ਨੇ ਫ਼ੌਜੀ ਅਦਾਲਤ ਵੱਲੋਂ 74 ਸ਼ਹਿਰੀਆਂ ਨੂੰ ਦਿੱਤੀ ਸਜ਼ਾ-ਏ-ਮੌਤ ਖ਼ਾਰਜ ਕਰ ਦਿੱਤੀ ਸੀ, ਜਦੋਂਕਿ ਫ਼ੌਜੀ ਅਦਾਲਤ ਦੇ ਫ਼ੈਸਲੇ ਦੀ ਬਾਜਵਾ ਨੇ ਵੀ ਪੁਸ਼ਟੀ ਕੀਤੀ ਸੀ। ਸਜ਼ਾ ਰੱਦ ਕਰਦਿਆਂ ਜਸਟਿਸ ਸੇਠ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਦੋਸ਼ੀਆਂ ਨੂੰ ਸੁਣਾਈ ਸਜ਼ਾ ਇਨਸਾਫ਼ ਦੇ ਤਕਾਜ਼ੇ ’ਤੇ ਪੂਰੀ ਨਹੀਂ ਉਤਰਦੀ ਅਤੇ ਜ਼ਾਹਿਰਾ ਤੌਰ ’ਤੇ ਬੇਲੋੜੀ ਤੇ ਜਾਅਲੀ ਹੈ, ਕਿਉਂਕਿ ਸਾਰੇ 74 ਇਕਬਾਲੀਆ ਬਿਆਨਾਂ ਦੀ ਸ਼ਬਦਾਵਲੀ ਇਕੋ ਜਿਹੀ ਹੈ। ਦੇਸ਼ ਦੀ ਉਚੇਰੀ ਨਿਆਂਪਾਲਿਕਾ ਵੱਲੋਂ ਮੁਸ਼ੱਰਫ਼ ਨੂੰ ਸੁਣਾਈ ਸਜ਼ਾ ਖ਼ਿਲਾਫ਼ ਫ਼ੌਜ ਦੇ ਪ੍ਰਤੀਕਰਮ ਦਾ ਐਲਾਨ ਬਾਜਵਾ ਦੇ ਕਰੀਬੀ ਅਤੇ ਦੋ ਸਿਤਾਰਿਆਂ ਵਾਲੇ ਅਫ਼ਸਰ ਮੇਜਰ ਜਨਰਲ ਗ਼ਫ਼ੂਰ ਨੇ ਕੀਤਾ ਜਿਸ ਨੇ ਕਿਹਾ: “ਅੱਜ ਦਾ ਫ਼ੈਸਲਾ, ਖ਼ਾਸਕਰ ਇਸ ਵਿਚ ਵਰਤੀ ਗਈ ਸ਼ਬਦਾਵਲੀ ਇਨਸਾਨੀਅਤ, ਮਜ਼ਹਬ, ਸੱਭਿਆਚਾਰ ਤੇ ਸਾਡੀਆਂ ਕਦਰਾਂ-ਕੀਮਤਾਂ ਦੇ ਖ਼ਿਲਾਫ਼ ਹੈ।” ਗ਼ਫ਼ੂਰ ਨੇ ਇਸ ਲਈ ‘ਦੋਵਾਂ ਅੰਦਰੂਨੀ ਤੇ ਬਹਿਰੂਨੀ ਦੇਸ਼-ਵਿਰੋਧੀ ਅਨਸਰਾਂ’ ਦੇ ‘ਨਾਪਾਕ ਮਨਸੂਬਿਆਂ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਗ਼ਫ਼ੂਰ ਨੇ ਕਿਹਾ ਕਿ ਇਹ ਅਦਾਲਤੀ ਫ਼ੈਸਲਾ ਫ਼ੌਜ ਵਿਚ ‘ਦੁੱਖ ਤੇ ਪੀੜ’ ਪੈਦਾ ਕਰ ਰਿਹਾ ਹੈ!!
ਗ਼ਫ਼ੂਰ ਦੀਆਂ ਉਚੇਰੀ ਨਿਆਂ ਪਾਲਿਕਾ ਦੇ ਹੁਕਮਾਂ ਖ਼ਿਲਾਫ਼ ਇਹ ਟਿੱਪਣੀਆਂ ਕਿਸੇ ਵੀ ਸੱਭਿਅਕ ਜਮਹੂਰੀਅਤ ਵਿਚ ਉਸ ਨੂੰ ਜੇਲ੍ਹ ਵਿਚ ਸੁੱਟਣ ਲਈ ਕਾਫ਼ੀ ਸਨ ਪਰ ਇਮਰਾਨ ਖ਼ਾਨ ਸਰਕਾਰ ਦੇ ਵਜ਼ੀਰਾਂ ਨੇ ਉਸ ਨੂੰ ਨਿੰਦਣ ਦੀ ਥਾਂ ਜਸਟਿਸ ਸੇਠ ਖ਼ਿਲਾਫ਼ ਹੀ ਸ਼ਰੇਆਮ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ। ਜ਼ਾਹਿਰ ਹੈ ਕਿ ਇਮਰਾਨ ਸਰਕਾਰ ਵੱਲੋਂ ਇਸ ਫ਼ੈਸਲੇ ਦੀ ਹਰ ਸੰਭਵ ਨੁਕਤਾਚੀਨੀ ਕੀਤੀ ਜਾਵੇਗੀ ਅਤੇ ਇਸ ਨੂੰ ਮਨਸੂਖ਼ ਕਰਵਾਉਣ ਲਈ ਵੱਧ ਤੋਂ ਵੱਧ ਦਬਾਅ ਪਾਇਆ ਜਾਵੇਗਾ। ਇਸ ਲਈ ਬਹੁਤ ਕੁਝ ਪਾਕਿਸਤਾਨ ਦੇ ਮੌਜੂਦਾ ਚੀਫ਼ ਜਸਟਿਸ ਉਤੇ ਮੁਨੱਸਰ ਕਰੇਗਾ ਕਿ ਉਹ ਮੁਲਕ ਦੇ ਸਾਬਕਾ ਚੀਫ਼ ਜਸਟਿਸ ਇਫ਼ਤਿਖ਼ਾਰ ਮੁਹੰਮਦ ਚੌਧਰੀ ਵਰਗਾ ਜੇਰਾ ਦਿਖਾ ਸਕੇਗਾ ਜਿਸ ਨੇ ਜਨਰਲ ਮੁਸ਼ੱਰਫ਼ ਵੱਲੋਂ 2007 ਵਿਚ ਐਲਾਨੀ ਗਈ ਕੌਮੀ ਐਮਰਜੈਂਸੀ ਨੂੰ ਵੰਗਾਰਿਆ ਸੀ। ਸੁਪਰੀਮ ਕੋਰਟ ਨੂੰ ਛੇਤੀ ਹੀ ਜਨਰਲ ਬਾਜਵਾ ਦੇ ਸੇਵਾਕਾਲ ਵਿਚ ਇਮਰਾਨ ਸਰਕਾਰ ਵੱਲੋਂ ਕੀਤੇ ਗਏ ਵਾਧੇ ਦੇ ਮੁੱਦੇ ਨਾਲ ਵੀ ਸਿੱਝਣਾ ਪਵੇਗਾ। ਖ਼ਾਸ ਗੱਲ ਇਹ ਹੈ ਕਿ ਵਾਧੇ ਦੇ ਇਸ ਫ਼ੈਸਲੇ ਨੂੰ ਫ਼ੌਜ ਦੇ ਵੱਡੇ ਅਫਸਰਾਂ ਦੀ ਸਰਬਸੰਮਤ ਹਮਾਇਤ ਹਾਸਲ ਨਹੀਂ ਹੈ, ਜਦੋਂਕਿ ਆਮ ਕਰ ਕੇ ਬਾਜ਼ਾਬਤਾ ਪਾਕਿਸਤਾਨੀ ਫ਼ੌਜ ਵਿਚ ਉਪਰਲੇ ਹੁਕਮਾਂ ਅੱਗੇ ਸਿਰ ਝੁਕਾਉਣ ਦੀ ਰਵਾਇਤ ਹੈ।
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback