Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸੱਤਾਧਾਰੀਆਂ ਦੀ ਕ੍ਰੋਨੋਲਾਜੀਕਲ ਸਿਆਸਤ--ਅਮਰ ਜੀਤ ਬਾਜੇਕੇ


    
  

Share
  ਦਿੱਲੀ ਅੰਦਰ ਮੁਸਲਿਮ ਭਾਈਚਾਰੇ ਦੇ ਮਿੱਥ ਕੇ ਕੀਤੇ ਕਤਲੇਆਮ ਨੂੰ ਦੰਗਿਆਂ ਦਾ ਨਾਮ ਦਿੱਤਾ ਜਾ ਰਿਹਾ ਹੈ। 90 ਸਾਲ ਪਹਿਲਾਂ ਲਿਖੇ ਸ਼ਹੀਦ ਭਗਤ ਸਿੰਘ ਦੇ ਲੇਖ ‘ਦੰਗਿਆਂ ਦੀ ਸਿਆਸਤ ਅਤੇ ਹੱਲ’ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਉਪ ਮਹਾਂਦੀਪ ਵਿਚ ਦੰਗਿਆਂ ਦਾ ਇਤਿਹਾਸ ਇਸ ਤੋਂ ਵੀ ਪੁਰਾਣਾ ਹੈ। ਇਨ੍ਹਾਂ ਦੰਗਿਆਂ ਨੂੰ ਮਨਟੈਗੂ ਚੇਮਸਫੋਰਡ ਅਤੇ ਮਾਰਲੇ ਮਿੰਟੋ ਸੁਧਾਰਾਂ ਦੇ ਨਾਮ ਹੇਠ ਪਹਿਲੀ ਵਾਰ ਕਾਨੂੰਨੀ ਆਧਾਰ ਮੁਹੱਈਆ ਕਰਵਾਇਆ ਗਿਆ ਸੀ। ਇਨ੍ਹਾਂ ਕਾਨੂੰਨਾਂ ਤਹਿਤ ਹੀ ਵੱਖ ਵੱਖ ਧਰਮਾਂ ਨੂੰ ਧਰਮ ਆਧਾਰਿਤ ਨੁਮਾਇੰਦਗੀ ਅਤੇ ਵੋਟ ਮੁਹੱਈਆ ਕੀਤੀ ਗਈ ਸੀ, ਹੁਣ ਨਾਗਰਿਕਤਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਧਰਮ ਆਧਾਰਿਤ ਰਾਜਨੀਤੀ ਦੇ ਇਤਿਹਾਸ ਵਿਚ 1947 ਦੀ ਵੰਡ ਸਮੇਂ ਸਿਫ਼ਤੀ ਤਬਦੀਲੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਵੰਡ ਨਾਲ ਸਮੇਂ ਦੀਆਂ ਦੋ ਵੱਡੀਆਂ ਕੌਮਾਂ ਪੰਜਾਬੀ ਤੇ ਬੰਗਲਾ, ਨੂੰ ਵੰਡ ਦਿੱਤਾ ਗਿਆ ਜਿਸ ਕਾਰਨ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਹੋਂਦ ਵਿਚ ਆਏ। ਉਸ ਸਮੇਂ ਹਿੰਦੂਆਂ ਦੀ ਰਾਜਨੀਤਕ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀ ਕਾਂਗਰਸ ਨੇ ਭਾਰੀ ਹਿੰਦੂ ਬਹੁਗਿਣਤੀ ਵਾਲੇ ਹਿੰਦੁਸਤਾਨ ਦੀ ਸੱਤਾ ਹਾਸਲ ਕਰ ਲਈ ਅਤੇ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਸੱਤਾ ਹਾਸਿਲ ਕੀਤੀ ਪਰ ਵੰਡ ਸਮੇਂ ਦਸ ਲੱਖ ਤੋਂ ਵੱਧ ਪੰਜਾਬੀਆਂ ਅਤੇ ਬੰਗਾਲੀਆਂ ਦੀਆਂ ਜਾਨਾਂ ਆਪਸੀ ਕਤਲੋਗਾਰਤ ਵਿਚ ਚਲੀਆਂ ਗਈਆਂ। ਧਰਮ ਆਧਾਰਿਤ ਕਤਲੇਆਮ ਦਾ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ ਪਰ ਇਸ ਦਾ ਰੂਪ ਬਦਲ ਗਿਆ ਹੈ। ਸੀਏਏ, ਐੱਨਪੀਆਰ ਅਤੇ ਐੱਨਆਰਸੀ ਵਰਗੇ ਕਾਨੂੰਨਾਂ ਰਾਹੀਂ ਧਰਮ ਆਧਾਰਿਤ ਨਾਗਰਿਕਤਾ ਦੇਣ ਅਤੇ ਰੱਦ ਕਰਨ ਨਾਲ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਦਿੱਲੀ ਵਾਲੀਆਂ ਘਟਨਾਵਾਂ ਤੋਂ ਕੀਤੀ ਜਾ ਸਕਦੀ ਹੈ।
11 ਮਾਰਚ ਨੂੰ ਲੋਕ ਸਭਾ ਦੇ ਸੈਸ਼ਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ‘ਦੰਗਿਆਂ’ ਬਾਰੇ ਅੰਕੜੇ ਪੇਸ਼ ਕੀਤੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ, 2647 ਜਣਿਆਂ ਨੂੰ ਦੰਗੇ ਕਰਨ ਦੇ ਸ਼ੱਕ ਕਾਰਨ ਹਿਰਾਸਤ ਵਿਚ ਲਿਆ ਗਿਆ ਜਿਨ੍ਹਾਂ ਵਿਚੋਂ 300 ਯੂਪੀ ਤੋਂ ਸਨ। 1100 ਜਣਿਆਂ ਦੀ ਪਛਾਣ ਕਰ ਲਈ ਗਈ ਹੈ, ਕੁੱਲ 700 ਐੱਫਆਈਆਰ ਵਿਚੋਂ 50 ਆਰਮ ਐਕਟ ਅਤੇ 25 ਆਈਟੀ ਐਕਟ ਤਹਿਤ ਦਰਜ ਕੀਤੀਆ ਹਨ। 152 ਹਥਿਆਰ ਜ਼ਬਤ ਕੀਤੇ ਹਨ। ਇਕ ਕੇਸ ਸਾਜ਼ਿਸ਼ ਕਰਨ ਦਾ ਵੀ ਦਰਜ ਕੀਤਾ ਹੈ ਅਤੇ ਆਈਐੱਸਆਈ ਨਾਲ ਸਬੰਧਿਤ 3 ਬੰਦੇ ਵੀ ਹਿਰਾਸਤ ਵਿਚ ਲਏ ਹਨ। ਪੁਲੀਸ ਦੀਆਂ 40 ਟੀਮਾਂ ਬਣਾਈਆਂ ਗਈਆਂ ਹਨ, ਦੋ ਹੋਰ ਸਪੈਸ਼ਲ ਟੀਮਾਂ ਕਾਇਮ ਕੀਤੀਆਂ ਹਨ ਜਿਨ੍ਹਾਂ ਨੇ 49 ਕਿਸਮ ਦੇ ਗੰਭੀਰ ਦੋਸ਼ਾਂ ਦੀ ਜਾਂਚ ਕਰਨੀ ਹੈ। ਇਸ ਕਤਲੋਗਾਰਤ ਵਿਚ 52 ਲੋਕਾਂ ਦੀ ਮੌਤ ਹੋਈ, 526 ਜ਼ਖਮੀ ਹੋਏ, 142 ਘਰ ਸਾੜੇ ਗਏ ਅਤੇ 371 ਦੁਕਾਨਾਂ ਨੂੰ ਸਾੜਿਆ ਗਿਆ।
ਗ੍ਰਹਿ ਮੰਤਰੀ ਦੱਸ ਰਹੇ ਸਨ ਕਿ ਜ਼ਖਮੀ ਹੋਏ ਤੇ ਮਾਰੇ ਗਏ ਲੋਕ ਅਤੇ ਜਿਨ੍ਹਾਂ ਦੇ ਘਰ ਤੇ ਦੁਕਾਨਾਂ ਸੜੀਆਂ, ਉਹ ਸਾਰੇ ਭਾਰਤੀ ਸਨ। ਉਨ੍ਹਾਂ ਅਸਦ-ਉਦ-ਦੀਨ ਓਵੈਸੀ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਸਿਰਫ ਮਸਜਿਦਾਂ ਨਹੀਂ, ਮੰਦਿਰ ਵੀ ਸੜੇ ਹਨ। ਇਕ ਧਰਮ ਦੇ ਲੋਕਾਂ ਦਾ ਨੁਕਸਾਨ ਨਹੀਂ ਹੋਇਆ, ਦੋਨਾਂ ਦਾ ਹੋਇਆ ਹੈ ਪਰ ਉਨ੍ਹਾਂ ਮੰਦਿਰ ਅਤੇ ਮਸਜਿਦਾਂ ਦਾ ਕੋਈ ਅੰਕੜਾ ਨਹੀਂ ਦਿੱਤਾ। ਉਨ੍ਹਾਂ ਭੜਕਾਊ ਭਾਸ਼ਣਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਸਮੇਤ ਵੱਖ ਵੱਖ ਪਾਰਟੀਆਂ ਦੁਆਰਾ ਸੀਏਏ ਖ਼ਿਲਾਫ਼ ਕੀਤੀਆਂ ਰੈਲੀਆਂ ਵਾਲੇ ਭਾਸ਼ਣਾਂ ਦੇ ਹਵਾਲੇ ਦਿੱਤੇ ਅਤੇ ਇਸ ਨੂੰ ਸਾਜ਼ਿਸ਼ ਦੱਸਿਆ। ਉਨ੍ਹਾਂ ‘ਯੂਨਾਈਟਿਡ ਅਗੇਂਸਟ ਹੇਟ’ ਦੇ ਨਾਮ ਤੇ ਜ਼ੋਰ ਦੇ ਕੇ ਉਮਰ ਖਾਲਿਦ ਦਾ ਨਾਮ ਲਏ ਬਿਨਾਂ ਉਸ ਦੇ ਭਾਸ਼ਣ ਵਿਚੋਂ ਵੀ ਹਵਾਲਾ ਦਿੱਤਾ। ਗ੍ਰਹਿ ਮੰਤਰੀ ਮੁਤਾਬਿਕ ਦੰਗੇ ਕਰਵਾਉਣ ਪਿੱਛੇ ਕਾਨੂੰਨ ਦਾ ਵਿਰੋਧ ਕਰ ਰਹੀਆਂ ਪਾਰਟੀਆਂ ਜ਼ਿੰਮੇਵਾਰ ਹਨ, ਨਾਲ ਹੀ ਕਿਹਾ ਕਿ ਕਿਸੇ ਵੀ ਸਾਜ਼ਿਸ਼ ਕਰਤਾ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਉਨ੍ਹਾਂ 48 ਮਿੰਟ ਦੇ ਆਪਣੇ ਭਾਸ਼ਣ ਵਿਚ ਬੀਜੇਪੀ ਆਗੂਆਂ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ ਦੇ ਮੁਸਲਿਮ ਵਿਰੋਧੀ ਭਾਸ਼ਣਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਤੋਂ ਇਹੀ ਲੱਗਦਾ ਹੈ ਕਿ ਸੰਕਟ ਅਜੇ ਟਲਿਆ ਨਹੀਂ। ਉਮਰ ਖਾਲਿਦ ਅਤੇ ਕਈ ਹੋਰ ਜਮਹੂਰੀਅਤ ਪਸੰਦ ਬੁੱਧੀਜੀਵੀਆਂ ਨੂੰ ਭੀਮਾ ਕੋਰੇਗਾਓਂ ਵਰਗੇ ਕੇਸਾਂ ਵਿਚ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੀ ਵਾਰ ਵੀ ਅਮਿਤ ਸ਼ਾਹ ਨੇ ਸਦਨ ਵਿਚ ਭੀਮਾ ਕੋਰੇਗਾਓਂ ਕੇਸ ਵਿਚ ਆਨੰਦ ਤੇਲਤੁੰਬੜੇ ਦਾ ਹੱਥ ਹੋਣ ਬਾਰੇ ਇਸੇ ਤਰ੍ਹਾਂ ਹੀ ਜ਼ੋਰ ਦਿੱਤਾ ਸੀ। ਇਸ ਕਰਕੇ ਆਉਣ ਵਾਲੇ ਸੰਕਟ ਦੀ ਕ੍ਰੋਨੋਲਾਜੀ ਨੂੰ ਵੀ ਸਮਝਣਾ ਬਣਦਾ ਹੈ।
ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਵਿਚ ਅਮਿਤ ਸ਼ਾਹ ਨੇ ਸੀਏਏ, ਐੱਨਆਰਸੀ ਅਤੇ ਐੱਨਪੀਆਰ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਦੀ ਕ੍ਰੋਨੋਲਾਜੀ ਸਮਝੋ। ਇਸ ਕ੍ਰਨੋਲਾਜੀ ਨੂੰ ਦੋ ਹੋਰ ਪੱਖਾਂ ਤੋਂ ਸਮਝਣ ਦੀ ਲੋੜ ਹੈ; ਜਿਵੇਂ 1984 ਵਿਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਵਿਚ ਸਿੱਖ ਕਤਲੇਆਮ ਹੋਇਆ, 1992 ਵਿਚ ਬਾਬਰੀ ਮਸਜਿਦ ਢਾਹੀ ਗਈ, 1999 ਵਿਚ ਕੰਧਮਾਲ ਵਿਚ ਇਸਾਈਆਂ ਦਾ ਕਤਲੇਆਮ ਕੀਤਾ ਗਿਆ, 2002 ਵਿਚ ਗੁਜਰਾਤ ਵਿਚ ਮੁਸਲਿਮ ਕਤਲੇਆਮ ਹੋਇਆ, 2013 ਵਿਚ ਯੂਪੀ ਵਿਚ ਮੁਜੱਫਰ ਨਗਰ ਕਤਲੇਆਮ ਅਤੇ ਹੁਣ ਦਿਲੀ ਵਿਚ ਫਿਰ ਮੁਸਲਿਮ ਕਤਲੇਆਮ ਹੋਇਆ ਹੈ। ਇਨ੍ਹਾਂ ਸਾਰੇ ਹਮਲਿਆਂ ਨੂੰ ਧਾਰਮਿਕ ਘੱਟ ਗਿਣਤੀਆਂ ਉੱਤੇ ਹੋਏ ਹਮਲਿਆਂ ਦੀ ਕ੍ਰੋਨੋਲਾਜੀ ਵਿਚ ਸਮਝਿਆ ਜਾ ਸਕਦਾ ਹੈ ਜਿਸ ਦਾ ਮੁੱਖ ਨਿਸ਼ਾਨਾ ਮੁਸਲਿਮ ਭਾਈਚਾਰੇ ਦੇ ਲੋਕ ਹਨ। ਇਨ੍ਹਾਂ ਸਾਰੇ ਸਮਿਆਂ ਨੂੰ ਵਿਧਾਨ ਸਭਾਵਾਂ ਅਤੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਣ ਦੀ ਕ੍ਰੋਨੋਲਾਜੀ ਵਿਚ ਸਮਝਣ ਨਾਲ ਤਸਵੀਰ ਬਹੁਤ ਸਾਫ ਹੋ ਜਾਂਦੀ ਹੈ। ਇਸ ਦਾ ਇਕ ਪੱਖ ਹੋਰ ਵੀ ਹੈ, ਜਿਵੇਂ 1987 ਤੋਂ ਬਾਅਦ ਰਾਮ ਮੰਦਿਰ ਬਣਾਉਣ ਦੀ ਰੱਥ ਯਾਤਰਾ ਮੁਹਿੰਮ ਰਾਹੀਂ ਬੀਜੇਪੀ ਨੇ ਮੁਸਲਿਮ ਵਿਰੋਧੀ ਪ੍ਰਚਾਰ ਮੁਹਿੰਮ ਨੂੰ ਆਪਣੀ ਰਾਜਨੀਤੀ ਦੇ ਕੇਂਦਰ ਵਿਚ ਰੱਖ ਕੇ ਕੰਮ ਕੀਤਾ। 1985 ਦੀਆਂ ਲੋਕ ਸਭਾ ਚੋਣਾਂ ਸਮੇਂ ਇਸ ਪਾਰਟੀ ਕੋਲ ਦੋ ਸੀਟਾਂ ਸਨ ਜਿਹੜੀਆਂ 1989 ਤੱਕ ਵਧ ਕੇ 85 ਹੋ ਗਈਆਂ ਸਨ। ਇਸ ਤੋ ਬਾਅਦ ਅੱਜ ਸਪੱਸ਼ਟ ਬਹੁਮਤ ਤੱਕ ਪਹੁੰਚਣ ਦੇ ਸਫਰ ਨੂੰ ਹਿੰਦੂ ਬਹੁਗਿਣਤੀ ਵੋਟ ਬੈਂਕ ਵਿਚ ਹੋ ਰਹੇ ਵਾਧੇ ਦੀ ਕ੍ਰੋਨੋਲਾਜੀ ਨਾਲ ਸਮਝਣ ਦੀ ਲੋੜ ਹੈ।
ਇਸ ਵਰਤਾਰੇ ਨੂੰ ਸਮਝਣ ਲਈ ਬਹੁਤ ਸਾਰੇ ਪੁਖਤਾ ਤੱਥ ਅਤੇ ਸਬੂਤ ਮੌਜੂਦ ਹਨ। ਫਿਰ ਵੀ ਇਕ ਸਵਾਲ ਸਦਾ ਰਹਿੰਦਾ ਹੈ ਕਿ ਇਹ ਵਰਤਾਰਾ ਰੁਕਦਾ ਕਿਉਂ ਨਹੀਂ? ਇਹ ਕਤਲੇਆਮ ਕਿਉਂ ਕਰਵਾਏ ਜਾਂਦੇ ਹਨ? ਇਸ ਤਰ੍ਹਾਂ ਦੇ ਕਤਲੇਆਮ ਕਿਵੇਂ ਅੰਜਾਮ ਦਿੱਤੇ ਜਾਂਦੇ ਹਨ? ਇਸ ਵਿਚ ਕਿਹੜੀਆਂ ਸ਼ਕਤੀਆਂ ਜ਼ਿੰਮੇਵਾਰ ਹਨ? ਇਹ ਕਤਲੇਆਮ ਕੌਣ ਕਰਦਾ ਹੈ? ਇਨ੍ਹਾਂ ਸਵਾਲਾਂ ਨੂੰ ਭਾਰਤ ਅਤੇ ਸੰਸਾਰ ਦੇ ਇਤਿਹਾਸ ਤੇ ਵਰਤਮਾਨ ਦੇ ਹਵਾਲੇ ਨਾਲ ਪੜਤਾਲ ਕੇ ਹੀ ਸਮਝਿਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਤਾਂ ਇਸ ਵਰਤਾਰੇ ਲਈ ਜ਼ਿੰਮੇਵਾਰ ਕਾਰਨ ਸਮਝਣੇ ਜ਼ਰੂਰੀ ਹੈ। 1985 ਤੋਂ ਬਾਅਦ ਭਾਰਤੀ ਰਾਜਨੀਤੀ ਦੇ ਬੁਨਿਆਦੀ ਖਾਸੇ ਦਾ ਰੂਪ ਉਜਾਗਰ ਹੋਣਾ ਸ਼ੁਰੂ ਹੋਇਆ ਹੈ। ਭਾਰਤੀ ਹੁਕਮਰਾਨਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਹੁਣ ਵਿਕਾਸ, ਗਰੀਬੀ ਹਟਾਓ, ਮੰਡਲ ਕਮਿਸ਼ਨ ਆਦਿ ਨਾਲ ਸੱਤਾ ਹਾਸਿਲ ਕਰਨਾ ਮੁਸ਼ਕਿਲ ਹੈ। ਉਨ੍ਹਾਂ ਆਪਣੇ ਵਿਦੇਸ਼ੀ ਆਕਾਵਾਂ ਨੂੰ ਖੁਸ਼ ਕਰਨ ਲਈ ਭਾਰਤੀ ਮੰਡੀ ਲਈ ਵਿੱਤੀ ਪੂੰਜੀ ਦੇ ਰਾਹ 1991 ਵਿਚ ਖੋਲ੍ਹ ਦਿੱਤੇ ਸਨ। ਫਿਰ 1992 ਵਿਚ ਬੰਬਈ, ਮਾਲੇਗਾਓਂ, ਸਮਝੌਤਾ ਐਕਸਪ੍ਰੈੱਸ, ਬਾਟਲਾ ਹਾਊਸ ਅਤੇ ਕਈ ਹੋਰ ਧਮਾਕੇ ਹੋਏ। ਇਨ੍ਹਾਂ ਵਿਚ ਜ਼ਿਆਦਾਤਰ ਮੁਸਲਿਮਾਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਨੇ ਸਿੱਖਾਂ ਤੋਂ ਬਾਅਦ ਨਵੇਂ ਦੁਸ਼ਮਣ ਦੇ ਰੂਪ ਵਿਚ ਮੁਸਲਿਮ ਭਾਈਚਾਰੇ ਦੀ ਨਿਸ਼ਾਨਦੇਹੀ ਕਰ ਲਈ ਹੈ। ਇਸ ਭਾਈਚਾਰੇ ਨੂੰ ਦੁਸ਼ਮਣ ਦੱਸ ਕੇ ਭਾਰਤ ਦੀ 82 ਫ਼ੀਸਦੀ ਹਿੰਦੂ ਆਬਾਦੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੋਟਾਂ ਵਿਚ ਸੌਖਿਆਂ ਤਬਦੀਲ ਕੀਤਾ ਜਾ ਸਕਦਾ ਹੈ। ਇਸ ਤੱਥ ਨੂੰ ਸੁਪਰੀਮ ਕੋਰਟ ਦੇ ਸੰਸਦ ਹਮਲੇ ਵਾਲੇ ਫੈਸਲੇ ਦੇ ਇਕ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਅਫ਼ਜ਼ਲ ਗੁਰੂ ਨੂੰ ਫਾਂਸੀ ਦੀ ਸਜ਼ਾ ਦੇਣ ਸਮੇਂ ਕਿਹਾ ਗਿਆ ਸੀ ਕਿ ਬੇਸ਼ੱਕ ਕੁੱਲ 80 ਗਵਾਹਾਂ ਦੀ ਗਵਾਹੀ ਤੋਂ ਬਾਅਦ ਸਾਬਿਤ ਤਾਂ ਨਹੀਂ ਹੁੰਦਾ ਕਿ ਅਫ਼ਜ਼ਲ ਕਿਸੇ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਹੈ ਪਰ ਭਾਰਤ ਦੀ ਬਹੁਗਿਣਤੀ ਦੀਆਂ ਭਾਵਨਾਵਾਂ ਦੀ ਸੰਤੁਸ਼ਟੀ ਲਈ ਇਸ ਨੂੰ ਫਾਂਸੀ ਲਾਉਣਾ ਜ਼ਰੂਰੀ ਹੈ। ਦੰਗਿਆਂ ਵਾਲੇ ਵਰਤਾਰੇ ਦੇ ਨਾ ਰੁਕਣ ਦਾ ਕਾਰਨ ਇਹੀ ਹੈ।
ਸੱਤਾਧਿਰ ਹਿੰਦੂ ਧਰਮ ਵਿਚੋਂ ਗਰੀਬ, ਬੇਰੁਜ਼ਗਾਰ ਨੌਜਵਾਨਾਂ ਦੇ ਇਕ ਹਿੱਸੇ ਨੂੰ ਉਕਸਾ ਕੇ ਆਪਣੇ ਏਜੰਡੇ ਮੁਤਾਬਿਕ ਵਰਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਰਿਪੋਰਟਾਂ ਹਨ ਕਿ ਆਰਐੱਸਐੱਸ ਦੀਆਂ ਸ਼ਾਖਾਵਾਂ ਅਤੇ ਸਕੂਲਾਂ ਵਿਚ ਇਕ ਖਾਸ ਫ਼ਿਰਕੇ ਖ਼ਿਲਾਫ਼ ਜ਼ਹਿਰ ਭਰਿਆ ਜਾ ਰਿਹਾ ਹੈ। ਕਥਿਤ ਕਤਲੇਆਮ ਲਈ ਰਾਜਕੀ ਮਸ਼ੀਨਰੀ ਦੀ ਸਿੱਧੀ ਹਮਾਇਤ ਲਈ ਜਾਂਦੀ ਹੈ। ਗੁਜਰਾਤ ਵਿਚ ਜੋ ਕੁੱਝ ਵੀ ਹੋਇਆ ਸੀ, ਇਸ ਵਿਚ ਰਾਜਕੀ ਮਸ਼ੀਨਰੀ ਬਾਰੇ ਤੱਥ ਰਾਣਾ ਅਯੂਬ, ਤੀਸਤਾ ਸੀਤਲਵਾੜ ਦੀਆਂ ਕਿਤਾਬਾਂ ਵਿਚੋਂ ਪੜ੍ਹੇ ਜਾ ਸਕਦੇ ਹਨ। ਇਸ ਦਾ ਮੀਡੀਆ ਅਤੇ ਸੋਸ਼ਲ ਮੀਡੀਆ ਨਾਲ ਵੀ ਸਬੰਧ ਹੈ। ਭਗਤ ਸਿੰਘ ਵੀ ਆਪਣੇ ਲੇਖ ਵਿਚ ਉਸ ਸਮੇਂ ਦੀਆਂ ਅਖਬਾਰਾਂ ਦੀ ਦੰਗਿਆਂ ਵਿਚਲੀ ਕਥਿਤ ਭਾਗੀਦਾਰੀ ਨੂੰ ਜ਼ਿੰਮੇਵਾਰ ਮੰਨਦਾ ਹੈ। ਅੱਜ ਇਹ ਕੰਮ ਮੁੱਖ ਰੂਪ ਵਿਚ ਟੀਵੀ ਅਤੇ ਮੋਬਾਇਲ ਰਾਹੀਂ ਕੀਤਾ ਜਾ ਰਿਹਾ ਹੈ।
ਜ਼ਾਹਿਰ ਹੈ ਕਿ ਮੁਸਲਮਾਨਾਂ ਤੋਂ ਇਲਾਵਾ ਹੋਰ ਧਾਰਮਿਕ ਘੱਟਗਿਣਤੀਆਂ ਅਤੇ ਕੌਮਾਂ ਵੀ ਹੁਣ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਦੇ ਨਾਲ ਹੀ ਆਮ ਕਿਸਾਨ, ਮਜ਼ਦੂਰ, ਬੇਰੁਜ਼ਗਾਰ, ਔਰਤਾਂ, ਦਲਿਤ, ਆਦਿਵਾਸੀ ਸਭ ਇਸ ਦੀ ਮਾਰ ਹੇਠ ਹਨ। ਸੱਤਾਧਿਰ ਦੇ ਆਰੰਭ ਕੀਤੇ ਇਸ ਵਰਤਾਰੇ ਨੂੰ ਪਛਾੜਨ ਲਈ ਸਾਰੀਆਂ ਪੀੜਤ ਧਿਰਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਦਾ ਏਕਾ ਹੀ ਅਜਿਹੀ ਕਤਲੋਗਾਰਤ ਅਤੇ ਲੁੱਟ/ਕੁੱਟ ਤੋਂ ਨਿਜਾਤ ਕਰਵਾਉਣ ਵਿਚ ਕਾਮਯਾਬ ਹੋ ਸਕਦਾ ਹੈ। ਇਸ ਏਕਤਾ ਸਦਕਾ ਹੀ ਸਾਰੇ ਧਰਮਾਂ, ਤਬਕਿਆਂ, ਜਮਾਤਾਂ ਦੀ ਬਰਾਬਰੀ ਦਾ ਰਾਜ ਆ ਸਕਦਾ ਹੈ। ਇਸ ਨਾਲ ਹੀ ਮਨੁੱਖ ਹੱਥੋਂ ਵਾਲਾ ਰਾਜ ਖਤਮ ਕੀਤਾ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਸਮੇਤ ਮਾਰਚ ਮਹੀਨੇ ਦੇ ਸ਼ਹੀਦਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ