Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਨੇਮਾਂ ਦੀ ਉਲੰਘਣਾ---ਨਰਿੰਦਰ ਸਿੰਘ ਕਪੂਰ
ਨੇਮਾਂ ਦੀ ਉਲੰਘਣਾ
ਨੇਮਾਂ ਨੂੰ ਮੰਨਣਾ ਅਤੇ ਨੇਮਾਂ ਨੂੰ ਤੋੜਨਾ ਮਨੁੱਖੀ ਵਿਹਾਰ ਦੀਆਂ ਦੋ ਮੁੱਖ ਕਿਸਮਾਂ ਹਨ। ਹਰੇਕ ਪਰਿਵਾਰ, ਸਮਾਜ, ਜਥੇਬੰਦੀ, ਸੰਗਠਨ ਅਤੇ ਸੰਸਥਾ ਦੇ ਨੇਮ ਹੁੰਦੇ ਹਨ ਜਿਨ੍ਹਾਂ ਦੀ ਉਲੰਘਣਾ ਗੁੱਸਾ ਅਤੇ ਵਿਰੋਧ ਉਪਜਾਉਂਦੀ ਹੈ। ਜਿੱਥੇ ਵੀ ਨੇਮ-ਕਾਨੂੰਨ ਹੋਣਗੇ, ਉੱਥੇ ਉਨ੍ਹਾਂ ਦੀ ਉਲੰਘਣਾ ਵੀ ਹੋਵੇਗੀ। ਟੈਕਸ ਨਾ ਦੇਣਾ, ਜੀਵਨ ਸਾਥੀ ਨਾਲ ਧੋਖਾ ਕਰਨਾ, ਆਪਣੀ ਜ਼ਿੰਮੇਵਾਰੀ ਨਾ ਨਿਭਾਉਣਾ ਆਦਿ ਨੇਮਾਂ ਦੀ ਉਲੰਘਣਾ ਦੀਆਂ ਆਮ-ਸਾਧਾਰਨ ਉਦਾਹਰਣਾਂ ਹਨ। ਨੇਮਾਂ ਦੀ ਪਾਲਣਾ ਦੀ ਪ੍ਰਸ਼ੰਸਾ ਨਹੀਂ ਹੋਵੇਗੀ, ਪਰ ਇਨ੍ਹਾਂ ਦੀ ਉਲੰਘਣਾ ਦੀ ਨਿੰਦਾ ਹੁੰਦੀ ਹੈ। ਲੋਕ ਸਹੀ ਵਿਹਾਰ ਦੇ ਨੇਮ ਜਾਣਦੇ ਹੋਣ ਦੇ ਬਾਵਜੂਦ ਕਿਉਂ ਦੁਰਵਿਹਾਰ ਕਰਦੇ ਹਨ? ਅਸੀਂ ਅਨੇਕਾਂ ਨੂੰ ਹਰ ਰੋਜ਼ ਨੇਮ ਤੋੜਦਿਆਂ ਵੇਖਦੇ ਹਾਂ। ਸਾਡੇ ਦੇਸ਼ ਵਿਚ ਲਾਲ ਬੱਤੀ ਦੀ ਉਲੰਘਣਾ ਆਮ ਗੱਲ ਹੈ। ਬਹੁਤਿਆਂ ਵੱਲੋਂ ਲਾਲ ਬੱਤੀ ਦੀ ਉਲੰਘਣਾ ਦੇ ਬਾਵਜੂਦ ਕੁਝ ਲੋਕ ਹਰੀ ਬੱਤੀ ਹੋਣ ਤੱਕ ਕਿਉਂ ਰੁਕੇ ਰਹਿੰਦੇ ਹਨ? ਕੁਝ ਲੋਕ ਚੰਗਾ ਵਿਹਾਰ ਹੀ ਕਿਉਂ ਕਰਦੇ ਹਨ? ਅਕਸਰ ਸਰੀਰਕ ਪੱਖੋਂ ਤਕੜੇ, ਪਰ ਸੋਚ ਪੱਖੋਂ ਵਿਗੜੇ ਹੋਏ ਲੋਕ ਸਮਝਦੇ ਹਨ ਕਿ ਦੁਰਵਿਹਾਰ ਚਲਦਾ ਹੈ। ਇਨ੍ਹਾਂ ਨੂੰ ਆਪਣਾ ਵਿਹਾਰ ਅਜੀਬ ਨਹੀਂ ਲੱਗਦਾ, ਨੇਮ ਪਾਲਣ ਵਾਲਿਆਂ ਦਾ ਵਿਹਾਰ ਸਮਝ ਨਹੀਂ ਆਉਂਦਾ। ਹੌਲੀ-ਹੌਲੀ ਇਹ ਸਮਝਣ ਲੱਗ ਪੈਂਦੇ ਹਨ ਕਿ ਨੇਮ ਤੋੜਨ ਦਾ ਅਧਿਕਾਰ ਕੇਵਲ ਇਨ੍ਹਾਂ ਨੂੰ ਹੈ। ਅਜਿਹੇ ਲੋਕਾਂ ਦੀ ਗਿਣਤੀ ਵਧ ਰਹੀ ਹੈ।ਕੁਦਰਤ ਵਿਚ ਵਿਚਰਦਾ, ਸਮਾਜਿਕ ਨੇਮਾਂ ਤੋਂ ਮੁਕਤ ਇਕੱਲਾ ਮਨੁੱਖ ਆਪਣੀਆਂ ਭਾਵਨਾਵਾਂ ਦਾ ਚਲਾਇਆ ਚਲਦਾ ਹੈ। ਉਸ ਦੀਆਂ ਭਾਵਨਾਵਾਂ ਅਤੇ ਇੱਛਾਵਾਂ ਹੀ ਉਸ ਦਾ ਤਰਕ ਹੁੰਦੀਆਂ ਹਨ। ਉਂਜ, ਹਰ ਕੋਈ ਸੁਰੱਖਿਅਤ ਮਹਿਸੂਸ ਕਰਨਾ ਚਾਹੁੰਦਾ ਹੈ, ਪਰ ਲੋੜ ਪੈਣ ’ਤੇ ਇਹ ਹੋਰਾਂ ਨੂੰ ਮਾਰ-ਮੁਕਾਉਣ ਲਈ ਵੀ ਤਿਆਰ ਹੋ ਜਾਂਦਾ ਹੈ। ਸ਼ਕਤੀਸ਼ਾਲੀ, ਆਪਣੀ ਸ਼ਕਤੀਸ਼ਾਲੀ ਸਥਿਤੀ ਬਣਾਈ ਰੱਖਣ ਲਈ ਹੋਰ ਸ਼ਕਤੀ ਚਾਹੁੰਦੇ ਹਨ। ਇਹ ਹਿੰਸਾ ਕਰਦੇ ਹਨ। ਇਹ ਹੋਰਾਂ ਨੂੰ ਆਪਣੇ ਵਿਰੋਧੀ ਅਤੇ ਦੁਸ਼ਮਣ ਮਿਥ ਲੈਂਦੇ ਹਨ ਜਿਸ ਕਾਰਨ ਸਾਰੇ ਮਨੁੱਖਾਂ ਦੀ ਜ਼ਿੰਦਗੀ ਖ਼ਤਰੇ, ਉਜੱਡਪੁਣੇ, ਪਸ਼ੂਪੁਣੇ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਜਾਂਦੀ ਹੈ। ਕੁਦਰਤ ਵਿਚ ਇਕ ਹੀ ਨੇਮ ਹੈ, ਆਪਣੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਆਪਣੀ ਹੋਂਦ ਬਣਾਈ ਰੱਖਣਾ। ਸਮਾਜ ਦੀ ਉਸਾਰੀ ਨਾਲ ਧਾਰਮਿਕ ਵਿਸ਼ਵਾਸ ਉਪਜਿਆ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਕੁਦਰਤ ਜਾਂ ਪਰਮਾਤਮਾ ਕੋਲ ਹੈ। ਪਰਮਾਤਮਾ ਨੇ ਹੀ ਸਭ ਕੁਝ ਸਿਰਜਿਆ ਅਤੇ ਨੇਮਬੱਧ ਕੀਤਾ ਹੈ। ਜਨਮ ਦੇਣਾ ਅਤੇ ਮਾਰਨਾ ਪਰਮਾਤਮਾ ਦੇ ਮੁੱਖ ਅਧਿਕਾਰ ਹਨ। ਅਜੋਕੇ ਮਨੁੱਖ ਨੇ ਪਰਮਾਤਮਾ ਵਾਲੀ ਭੂਮਿਕਾ ਆਪ ਨਿਭਾਉਣੀ ਸ਼ੁਰੂ ਦਿੱਤੀ ਹੈ। ਧੋਖਾ, ਅਨਿਆਂ, ਜੁਰਮ, ਨਿੰਦਾ, ਚੁਗਲੀ, ਜਾਅਲਸਾਜ਼ੀ, ਬੇਵਫ਼ਾਈ, ਬੇਈਮਾਨੀ, ਰਿਸ਼ਵਤ, ਭ੍ਰਿਸ਼ਟਾਚਾਰ, ਪਾਪ ਆਦਿ ਮਨੁੱਖ ਦੇ ਉਪਜਾਏ ਹੋਏ ਹਨ ਜਿਹੜੇ ਨੇਮ ਤੋੜਨ ਅਤੇ ਭੈੜੇ ਵਿਹਾਰ ਦੇ ਸਰੋਤ ਹਨ। ਪਰਮਾਤਮਾ ਦਾ ਦੰਡ ਮਨੁੱਖ ਦੀਆਂ ਹਮਲਾਵਰੀ, ਹਉਮੈਵਾਦੀ ਅਤੇ ਵਿਨਾਸ਼ਕਾਰੀ ਸ਼ਕਤੀਆਂ ਨੂੰ ਰੋਕਦਾ ਹੈ। ਨੇਮ ਤੋੜਨ ਦਾ ਇਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰਾ ਮਨੁੱਖ ਅਜੇ ਬਣਿਆ ਨਹੀਂ। ਇਸ ਦਾ ਪਿਛੋਕੜ ਪਸ਼ੂ-ਜਗਤ ਨਾਲ ਸਬੰਧਿਤ ਹੋਣ ਕਰਕੇ ਮਨੁੱਖ ਵਿਚ ਹੁਣ ਵੀ ਪਸ਼ੂ ਬਿਰਤੀਆਂ ਦਾ ਬੋਲਬਾਲਾ ਹੈ ਜਿਨ੍ਹਾਂ ਨੂੰ ਮੂਲ-ਪ੍ਰਵਿਰਤੀਆਂ ਕਿਹਾ ਜਾਂਦਾ ਹੈ। ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਮਨੁੱਖ ਨੂੰ ਸੋਚਣ ਨਹੀਂ ਦਿੰਦੀਆਂ, ਸੰਤੁਸ਼ਟੀ ਦੀ ਮੰਗ ਕਰਦੀਆਂ ਹਨ। ਇਉਂ ਇਕ ਸਿਧਾਂਤ ਅਨੁਸਾਰ ਮਨੁੱਖ ਦੇ ਸਾਰੇ ਦੁਰਵਿਹਾਰ ਦਾ ਕਾਰਨ ਇਹ ਮੂਲ-ਪ੍ਰਵਿਰਤੀਆਂ ਹਨ। ਮਨੁੱਖ ਉਦੋਂ ਸਭਿਅਕ ਹੋਣ ਦੇ ਰਾਹ ਪੈਂਦਾ ਹੈ ਜਦੋਂ ਉਹ ਸੋਚਦਾ ਹੈ ਕਿ ਜੇ ਮੈਂ ਵਿਰੋਧੀ ਨੂੰ ਮਾਰਨ ਦਾ ਯਤਨ ਕਰਾਂਗਾ ਤਾਂ ਹੋ ਸਕਦਾ ਹੈ, ਇਸ ਯਤਨ ਵਿਚ ਮੈਂ ਆਪ ਵੀ ਮਾਰਿਆ ਜਾਵਾਂ।ਅਪਰਾਧੀ ਮੂਲ-ਪ੍ਰਵਿਰਤੀਆਂ ਦਾ ਚਲਾਇਆ ਚਲਦਾ ਹੈ। ਕਤਲ ਜਾਂ ਬਲਾਤਕਾਰ ਆਦਿ ਦਾ ਕਾਰਨ ਅਕਸਰ ਮਨੁੱਖ ਦੀਆਂ ਬੇਕਾਬੂ ਭਾਵਨਾਵਾਂ ਹੁੰਦੀਆਂ ਹਨ। ਅਪਰਾਧੀ ਅਤੇ ਸਾਧਾਰਨ ਨਾਗਰਿਕ ਵਿਚ ਅੰਤਰ ਇਹ ਹੁੰਦਾ ਹੈ ਕਿ ਅਪਰਾਧੀ ਮੂਲ-ਪ੍ਰਵਿਰਤੀਆਂ ਦਾ ਚਲਾਇਆ ਚਲਦਾ ਹੈ ਜਦੋਂਕਿ ਸਾਧਾਰਨ ਨਾਗਰਿਕ ਸਮਾਜਿਕ, ਧਾਰਮਿਕ, ਪਰਿਵਾਰਕ ਪ੍ਰਭਾਵਾਂ ਅਧੀਨ ਇਨ੍ਹਾਂ ਮੂਲ-ਪ੍ਰਵਿਰਤੀਆਂ ’ਤੇ ਨਿਯੰਤਰਣ ਕਰਕੇ ਸਮਾਜਿਕ ਪੱਖੋਂ ਪ੍ਰਭਾਵਿਤ ਢੰਗਾਂ ਨਾਲ ਸੰਤੁਸ਼ਟੀ ਪ੍ਰਾਪਤ ਕਰਦਾ ਹੈ। ਇਉਂ ਸਮਾਜ ਵਿਚ ਮੁੱਖ ਰੂਪ ਵਿਚ ਦੋ ਪ੍ਰਕਾਰ ਦੇ ਵਿਅਕਤੀ ਹੁੰਦੇ ਹਨ: ਸਮਾਜਿਕ ਨੇਮਾਂ ਨੂੰ ਮੰਨਣ ਵਾਲੇ ਅਤੇ ਨੇਮਾਂ ਨੂੰ ਤੋੜਨ ਵਾਲੇ। ਸਮਾਜ ਵਿਚ ਜਿਹੜੇ ਲੋਕ ਨੇਮਾਂ ਨੂੰ ਨਹੀਂ ਮੰਨਦੇ, ਉਹ ਨੇਮਾਂ ਨੂੰ ਮੰਨਣ ਵਾਲਿਆਂ ਲਈ ਅਨੇਕਾਂ ਪਰੇਸ਼ਾਨੀਆਂ ਅਤੇ ਮੁਸ਼ਕਿਲਾਂ ਉਪਜਾਉਂਦੇ ਹਨ। ਨੇਮਾਂ-ਅਸੂਲਾਂ ਦਾ ਮਹੱਤਵ ਤਾਂ ਹੀ ਹੁੰਦਾ ਹੈ ਜੇ ਜ਼ਿੰਦਗੀ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਅਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋਈਆਂ ਹੋਣ। ਅਨਪੜ੍ਹ, ਬਿਮਾਰ, ਬੇਰੁਜ਼ਗਾਰ, ਗ਼ਰੀਬ ਵਿਅਕਤੀ ਦੇ ਨੇਮਾਂ-ਅਸੂਲਾਂ ਦਾ ਕੋਈ ਅਰਥ ਨਹੀਂ ਹੁੰਦਾ। ਜੇ ਨੇਮ ਬਹੁਤ ਸਖ਼ਤ ਹੋਣਗੇ ਤਾਂ ਉਨ੍ਹਾਂ ਦੀ ਪਾਲਣਾ ਨਹੀਂ ਹੋਵੇਗੀ। ਹਰੇਕ ਖੇਤਰ, ਬਹੁਤ ਸਾਰੇ ਵਿਗਾੜਾਂ ਨੂੰ ਬਰਦਾਸ਼ਤ ਕਰ ਸਕਦਾ ਹੈ ਅਤੇ ਕਰਦਾ ਹੈ। ਸਾਈਕਲ ਦੀ ਘੰਟੀ ਨਾ ਵੱਜਦੀ ਹੋਵੇ, ਸਟੈਂਡ ਕੰਮ ਨਾ ਕਰਦਾ ਹੋਵੇ, ਸਾਈਕਲ ਚਲਦੀ ਰਹੇਗੀ, ਪਰ ਜੇ ਚੇਨ ਹੀ ਟੁੱਟ ਜਾਵੇ ਤਾਂ ਰੁਕ ਜਾਵੇਗੀ।ਮਨੁੱਖ ਦੀ ਜੇ ਲੱਤ ਕੱਟੀ ਹੋਵੇ, ਟੀਰਾ ਹੋਵੇ, ਦੰਦ ਬਾਹਰ ਨਿਕਲੇ ਹੋਣ, ਉਹ ਜਿਉਂਦਾ ਰਹੇਗਾ। ਪਰ ਜੇ ਦਿਲ ਹੀ ਫੇਲ੍ਹ ਹੋ ਜਾਵੇ ਤਾਂ ਮਰ ਜਾਵੇਗਾ।
ਨੇਮ ਕਿਵੇਂ ਬਣਦੇ ਹਨ? ਜੇ ਮਨੁੱਖ ਨੇ ਹੋਰ ਮਨੁੱਖਾਂ ਨਾਲ ਲੈਣ-ਦੇਣ ਕਰਨਾ ਹੈ ਤਾਂ ਲੈਣ-ਦੇਣ ਦੇ, ਵੇਚਣ-ਖਰੀਦਣ ਦੇ ਨੇਮ ਬਣਾਉਣੇ ਪੈਣਗੇ ਜਿਨ੍ਹਾਂ ਦਾ ਸਾਰਿਆਂ ਲਈ ਮੰਨਣਾ ਜ਼ਰੂਰੀ ਹੋਵੇਗਾ। ਭੋਜਨ, ਕੱਪੜਾ, ਸਾਥ, ਪ੍ਰਸਿੱਧੀ, ਸੁਰੱਖਿਆ ਆਦਿ ਹੋਰਾਂ ਦੇ ਸੰਪਰਕ ਵਿਚ ਆਉਣ ਨਾਲ ਹੀ ਪ੍ਰਾਪਤ ਹੁੰਦੇ ਹਨ। ਪਰਿਵਾਰ, ਸਕੂਲ, ਵਪਾਰ, ਦਫ਼ਤਰ, ਸਰਕਾਰ, ਫ਼ੌਜ ਆਦਿ ਸਭ ਨੇਮਾਂ ਅਨੁਸਾਰ ਚਲਦੇ ਹਨ। ਆਵਾਜਾਈ ਦਾ ਨੇਮ ਖੱਬੇ ਪਾਸੇ ਚੱਲਣਾ ਹੈ। ਇਸ ਨੇਮ ਨੂੰ ਸਾਰੇ ਮੰਨਦੇ ਹਨ। ਜੇ ਸੜਕ ਖਾਲੀ ਹੋਵੇ ਤਾਂ ਵਿਚਕਾਰ ਚਲਿਆ ਜਾ ਸਕਦਾ ਹੈ, ਪਰ ਸੱਜੇ ਪਾਸੇ ਚੱਲਣ ਦੀ ਆਗਿਆ ਤਾਂ ਵੀ ਨਹੀਂ ਹੋਵੇਗੀ। ਜਿਨ੍ਹਾਂ ਨੇਮਾਂ ਵਿਚ ਕੋਈ ਲਚਕ ਨਹੀਂ ਹੁੰਦੀ, ਉਹ ਨੇਮ ਅਕਸਰ ਤੋੜੇ ਜਾਂਦੇ ਹਨ। ਨੇਮ ਤੋਂ ਭਾਵ ਅਨੁਸ਼ਾਸਨ ਹੈ। ਖੇਡ ਵਿਚ ਜੇ ਸਿੱਧਾ ਗੋਲ ਕਰਨ ਦਾ ਨੇਮ ਹੋਵੇਗਾ ਤਾਂ ਹੀ ਸਿੱਧਾ ਗੋਲ ਪ੍ਰਵਾਨ ਹੋਵੇਗਾ। ਜੇ ਸਮਾਜ ਵਿਚ ਨੇਮ ਤੋੜਨ ਵਾਲਿਆਂ ਦੀ ਗਿਣਤੀ ਵਧ ਜਾਵੇ ਅਤੇ ਪੁਲੀਸ ਭ੍ਰਿਸ਼ਟ ਹੋ ਜਾਵੇ ਤਾਂ ਸਾਊ ਲੋਕ ਚੁੱਪ ਕਰਕੇ ਬਹਿ ਜਾਣਗੇ, ਪਰ ਅਜਿਹਾ ਵਾਪਰਨ ਨਾਲ ਸਭ ਕੁਝ ਰੁਕ ਜਾਵੇਗਾ। ਕਾਰਜ ਅਤੇ ਉਜਰਤ ਵਿਚ ਅਨੁਪਾਤ ਦਾ ਨੇਮ ਲਾਗੂ ਹੁੰਦਾ ਹੈ। ਜਿਹੜੇ ਲੋਕ ਕੰਮ ਨਹੀਂ ਕਰਦੇ, ਦਿਸਣ ਨੂੰ ਉਹ ਕੰਮ ਕਰਨ ਵਾਲਿਆਂ ਦਾ ਨੁਕਸਾਨ ਨਹੀਂ ਕਰਦੇ ਪਰ ਕੰਮ ਕਰਨ ਵਾਲਿਆਂ ਨੂੰ ਉਜਰਤ ਮਿਲਣ ਸਮੇਂ ਉਹ ਉਜਰਤ ਨੂੰ ਵੰਡਾਉਣ ਆ ਜਾਂਦੇ ਹਨ ਅਤੇ ਵਡੇਰਾ ਹਿੱਸਾ ਲੈ ਜਾਂਦੇ ਹਨ। ਇਉਂ ਕੰਮ ਕਰਨ ਵਾਲਿਆਂ ਦਾ ਮਨੋਬਲ ਡਿੱਗਦਾ ਹੈ ਅਤੇ ਸਮਾਜ ਨਿਘਰਦਾ ਹੈ। ਚੁਸਤ-ਚਲਾਕ ਪਰ ਨਾਲਾਇਕ ਵੱਡੇ ਅਹੁਦਿਆਂ ’ਤੇ ਲੱਗ ਜਾਂਦੇ ਹਨ ਜਦੋਂਕਿ ਕੰਮ ਕਰਨ ਵਾਲੇ ਮਿਹਨਤੀ ਲੋਕ ਵੇਖਦੇ ਹੀ ਰਹਿ ਜਾਂਦੇ ਹਨ। ਪਰਿਵਾਰ ਵਿਚ ਜੇ ਪਿਤਾ ਹੀ ਨਸ਼ਾ ਕਰਨ ਲੱਗ ਜਾਵੇ ਤਾਂ ਪਰਿਵਾਰ ਦਾ ਹੀ ਨਹੀਂ ਸਮੁੱਚੇ ਸਮਾਜ ਅਤੇ ਦੇਸ਼ ਦਾ ਨੁਕਸਾਨ ਹੁੰਦਾ ਹੈ ਅਤੇ ਨਿਰਾਸ਼ਾ ਪਸਰਦੀ ਹੈ, ਪਰਿਵਾਰ ਬਰਬਾਦ ਹੋ ਜਾਂਦੇ ਹਨ।
ਵਿੱਤੀ ਅਦਾਰੇ ਨੇਮਾਂ ਤੋਂ ਬਿਨਾਂ ਨਹੀਂ ਚਲਦੇ। ਲੋਕ ਕਰਜ਼ਾ ਲੈਂਦੇ ਹਨ, ਵਕਤ ਸਿਰ ਵਾਪਸ ਵੀ ਕਰਦੇ ਹਨ ਪਰ ਬਹੁਤ ਸਾਰੇ ਕਰਜ਼ਾ ਲੈ ਲੈਂਦੇ ਹਨ, ਵਾਪਸ ਨਹੀਂ ਕਰਦੇ, ਮਗਰੋਂ ਉਨ੍ਹਾਂ ਦਾ ਕਰਜ਼ਾ ਮੁਆਫ਼ ਹੋ ਜਾਂਦਾ ਹੈ। ਜਿਨ੍ਹਾਂ ਨੇ ਵਕਤ ਸਿਰ ਵਾਪਸ ਕੀਤਾ ਹੁੰਦਾ ਹੈ, ਉਹ ਠੱਗੇ ਗਏ ਮਹਿਸੂਸ ਕਰਦੇ ਹਨ। ਇਮਾਨਦਾਰ ਲੋਕਾਂ ਨਾਲ ਹੋਏ ਇਸ ਅਨੁਭਵ ਕਾਰਨ ਜਨਤਾ ਦਾ ਬੈਂਕ ਪ੍ਰਣਾਲੀ ਵਿਚ ਵਿਸ਼ਵਾਸ ਡੋਲ ਜਾਂਦਾ ਹੈ। ਇਉਂ ਹੀ ਜਿਹੜੇ ਜੂਆ ਖੇਡਦੇ ਹਨ, ਉਹ ਪਰਿਵਾਰ ’ਤੇ ਖਰਚਣ ਵਾਲੇ ਪੈਸੇ ਜੂਏ ਵਿੱਚ ਹਾਰ ਜਾਂਦੇ ਹਨ ਅਤੇ ਪਰਿਵਾਰ ਦੀ ਹਾਲਤ ਪਤਲੀ ਹੁੰਦੀ ਚਲੀ ਜਾਂਦੀ ਹੈ। ਜੂਆ, ਸ਼ਰਾਬ ਨਸ਼ੇ ਆਦਿ ਵਧਦੇ ਹੀ ਉਦੋਂ ਹਨ, ਜਦੋਂ ਨੇਮ ਤੋੜਨ ਵਾਲਿਆਂ ਅੱਗੇ ਕਾਨੂੰਨ ਬੇਵੱਸ ਹੋ ਜਾਂਦਾ ਹੈ। ਕਾਨੂੰਨ, ਹਾਰਨ ਵਾਲੇ ਜੁਆਰੀਏ ਨੂੰ ਜਿੱਤਣ ਵਾਲੇ ਤੋਂ ਪੈਸੇ ਵਾਪਸ ਨਹੀਂ ਦਿਵਾ ਸਕਦਾ। ਨੇਮਾਂ ਦੇ ਵਿਸ਼ਵਾਸ ਤੋਂ ਬਿਨਾਂ ਕੋਈ ਰਿਸ਼ਤਾ, ਵਪਾਰ ਜਾਂ ਅਦਾਰਾ
ਨਹੀਂ ਚੱਲ ਸਕਦਾ। ਲੋਕ ਲਾਟਰੀ ਦੇ ਟਿਕਟ ਤਾਂ ਹੀ ਖਰੀਦਣਗੇ ਜੇ ਇਨਾਮ ਕੱਢਣ ਦਾ ਢੰਗ ਨਿਆਂਪੂਰਨ ਹੋਵੇਗਾ। ਲੋਕ ਮੈਚ ਤਾਂ ਹੀ ਵੇਖਣਗੇ ਜੇ ਇਹ ਬੇਈਮਾਨੀ ਤੋਂ ਮੁਕਤ ਹੋਵੇ। ਜੇ ਹਰ ਥਾਂ ਬੇਈਮਾਨੀ ਦਾ ਹੀ ਬੋਲਬਾਲਾ ਹੋਵੇਗਾ ਤਾਂ ਜੀਵਨ ਤੋਂ ਵਿਸ਼ਵਾਸ ਉੱਠ ਜਾਵੇਗਾ ਜਿਸ ਕਾਰਨ ਕਤਲ ਅਤੇ ਆਤਮਘਾਤ ਹੀ ਵਧਣਗੇ।
ਹਰੇਕ ਯੁੱਗ ਅਤੇ ਸਮਾਜ ਵਿਚ ਵਿਗੜੇ ਹੋਏ ਬੰਦੇ ਸਾਧਾਰਨ ਬੰਦਿਆਂ ਨਾਲੋਂ ਵਧੇਰੇ ਤਿੱਖੇ, ਚੁਸਤ ਅਤੇ ਜੁਗਾੜੀ ਹੁੰਦੇ ਹਨ। ਕੋਈ ਰਸਤਾ ਬਣਾਓ, ਇਹ ਉਸ ਰਸਤੇ ਤੋਂ ਨਹੀਂ ਜਾਣਗੇ, ਇਹ ਆਪਣਾ ਰਸਤਾ ਬਣਾ ਲੈਣਗੇ। ਪ੍ਰੀਖਿਆਵਾਂ ਵਿਚ ਕਿਤਨੀ ਵੀ ਚੌਕਸੀ ਵਰਤੋ, ਨਕਲ ਮਾਰਨ ਵਾਲੇ ਨਕਲ ਮਾਰਨ ਦਾ ਢੰਗ ਲੱਭ ਲੈਣਗੇ। ਕਈਆਂ ਦੀ ਮੰਗ ਅਜਿਹੀ ਹੁੰਦੀ ਹੈ ਜਿਹੜੀ ਸਾਧਾਰਨ ਰੂਪ ਵਿਚ ਪੂਰੀ ਨਹੀਂ ਕੀਤੀ ਜਾ ਸਕਦੀ, ਉਨ੍ਹਾਂ ਵੱਲੋਂ ਅਤੇ ਉਨ੍ਹਾਂ ਲਈ ਨੇਮ ਤੋੜੇ ਜਾਂਦੇ ਹਨ। ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਦੇ ਸਰੀਰਕ ਸਬੰਧ ਸਮਾਜਿਕ ਨੇਮਾਂ ਦੀ ਉਲੰਘਣਾ ਹੈ ਪਰ ਇਹ ਉਲੰਘਣਾ ਇਤਨੀ ਵਿਆਪਕ ਹੈ ਕਿ ਇਹ ਸਬੰਧ, ਪਿਆਰ ਕਹਿ ਕੇ ਪ੍ਰਵਾਨ ਕਰ ਲਏ ਜਾਂਦੇ ਹਨ। ਮੁੱਖ ਰੂਪ ਵਿਚ ਨੇਮਾਂ ਦੀ ਪਾਲਣਾ ਜੀਵਨ ਵਿਚ ਅਨਿਸ਼ਚਿਤਤਾ ਘਟਾਉਂਦੀ ਹੈ ਅਤੇ ਚਿੰਤਾ, ਤੌਖ਼ਲਾ ਤੇ ਦੁਚਿੱਤੀ ਦੂਰ ਕਰਦੀ ਹੈ। ਇਹ ਵੀ ਸੱਚ ਹੈ ਕਿ ਅਕੇਵੇਂ, ਇਕੱਲਤਾ, ਝੁੰਜਲਾਹਟ, ਥਕਾਵਟ ਕਾਰਨ ਸਥਾਪਤ ਨੇਮ ਤੋੜ ਜਾਂਦੇ ਹਨ। ਇਕੱਲਾ ਵਿਅਕਤੀ ਅਨੈਤਿਕ ਵਿਹਾਰ ਦੇ ਹੀ ਪ੍ਰਮਾਣ ਹਿੰਦਾ ਹੈ। ਨੇਮ ਤੋੜਨ ਵਾਲੇ ਬੜਾ ਅਜੀਬ ਤਰਕ ਦਿੰਦੇ ਹਨ। ਵੇਖਿਆ ਗਿਆ ਹੈ ਕਿ ਕੈਦੀ ਜਾਂ ਸੁਧਾਰ-ਘਰਾਂ ਵਿਚ ਰਹਿਣ ਵਾਲੇ ਵਧੇਰੇ ਸ਼ਿਕਾਇਤਾਂ ਕਰਦੇ ਹਨ ਕਿਉਂਕਿ ਉਹ ਪਹਿਲਾਂ ਹੀ ਵਿਗੜੇ ਹੋਣ ਕਰਕੇ ਹੀ ਇਨ੍ਹਾਂ ਥਾਵਾਂ ਵਿਚ ਪਹੁੰਚਦੇ ਹਨ। ਉਨ੍ਹਾਂ ਨੂੰ ਸ਼ਿਕਾਇਤ ਕਰਦਿਆਂ ਜਾਂ ਕਿਸੇ ਦੇ ਗਲ ਪੈਂਦਿਆਂ ਕੋਈ ਸ਼ਰਮ ਜਾਂ ਝਿਜਕ ਨਹੀਂ ਹੁੰਦੀ। ਸਕੂਲੋਂ ਦੌੜਨ ਵਾਲੇ ਪੜ੍ਹਦੇ ਆਪ ਨਹੀਂ, ਪਰ ਨੁਕਸ ਅਧਿਆਪਕਾਂ ਵਿਚ ਹੀ ਕੱਢਦੇ ਹਨ। ਹੁਣ ਜੁਰਮ, ਜੁਰਮ ਨਹੀਂ ਰਿਹਾ, ਰੁਜ਼ਗਾਰ ਬਣਿਆ ਹੋਇਆ ਹੈ। ਬਾਜ਼ਾਰ ਵਿਚ ਉਨ੍ਹਾਂ ਚੀਜ਼ਾਂ ਦੀ ਭਰਮਾਰ ਹੈ ਜਿਨ੍ਹਾਂ ਦਾ ਲੈਣ-ਦੇਣ ਨਾਜਾਇਜ਼ ਸਬੰਧਾਂ ਲਈ ਹੀ ਕੀਤਾ ਜਾਂਦਾ ਹੈ। ਯੂਰਪ ਦੇ ਜਿਨ੍ਹਾਂ ਇਲਾਕਿਆਂ ਵਿਚ ਮਲਾਹਾਂ, ਫ਼ੌਜੀਆਂ, ਸਮੁੰਦਰੀ ਜਹਾਜ਼ਾਂ ਦੇ ਅਮਲੇ ਦੀ ਭਰਮਾਰ ਹੁੰਦੀ ਹੈ, ਉੱਥੇ ਵੇਸਵਾਗਮਨੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਸਾਡੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ ਦੀ ਇਸ ਲਈ ਭਰਮਾਰ ਹੈ ਕਿਉਂਕਿ ਇੱਥੇ ਵੇਸਵਾਗਮਨੀ ਜੁਰਮ ਹੋਣ ਕਰਕੇ ਪੱਧਰ ਨੀਵਾਂ ਅਤੇ ਵਿਹਾਰ ਗੰਦਾ ਹੈ। ਵੇਸਵਾਗਮਨੀ ਬਲਾਤਕਾਰਾਂ ਨੂੰ ਰੋਕਦੀ ਹੈ।
ਅਜੋਕੇ ਸੰਸਾਰ ਵਿਚ ਕਿਸੇ ਨਾਲ ਸਹਿਮਤ ਹੋਣ ਦੀਆਂ ਸੰਭਾਵਨਾਵਾਂ ਮੁੱਕਦੀਆਂ ਜਾ ਰਹੀਆਂ ਹਨ। ਦੂਰ-ਦ੍ਰਿਸ਼ਟੀ ਗੁਆਚ ਗਈ ਹੈ। ਅਸਹਿਮਤੀ ਦਾ ਕਾਰਨ ਅਕਸਰ ਸਵਾਥ ਅਤੇ ਪੱਖਪਾਤ ਹੁੰਦਾ ਹੈ। ਸਾਡੇ ਦੇਸ਼ ਵਿਚ ਕਾਨੂੰਨ ਦੀ ਹੀ ਉਲੰਘਣਾ ਨਹੀਂ ਹੁੰਦੀ, ਸੰਵਿਧਾਨ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਾਰ ਪਾਰਕਿੰਗ ਅਤੇ ਸਮੇਂ ਦੀ ਪਾਬੰਦੀ ਸਪਸ਼ਟ ਕਰ ਦਿੰਦੀ ਹੈ ਕਿ ਇੱਥੇ ਨੇਮਾਂ-ਕਾਨੂੰਨਾਂ ਦੀ ਮਾਨਤਾ ਕਿਤਨੀ ਹੈ। ਹੁਣ ਪੋਤੇ, ਦਾਦੇ ਨਾਲ ਮਖੌਲ ਕਰਨ ਲੱਗ ਪਏ ਹਨ। ਇਕ ਪੋਤੇ ਨੇ ਆਪਣੇ ਦਾਦੇ ਨੂੰ ਪੁੱਛਿਆ, ‘ਜਦੋਂ ਤੁਸੀਂ ਸਾਡੀ ਉਮਰ ਦੇ ਹੁੰਦੇ ਸੀ ਤਾਂ ਕਿਵੇਂ ਰਹਿੰਦੇ ਸੀ? ਤੁਹਾਡੇ ਕੋਲ ਨਾ ਤਕਨਾਲੋਜੀ ਸੀ, ਨਾ ਕੰਪਿਊਟਰ, ਨਾ ਮੋਬਾਈਲ ਤੇ ਨਾ ਹੀ ਸੋਸ਼ਲ ਮੀਡੀਆ।’ ਦਾਦੇ ਨੇ ਮੁਸਕਰਾ ਕੇ ਕਿਹਾ, ‘ਜਿਵੇਂ ਅੱਜਕੱਲ੍ਹ ਤੁਸੀਂ ਰਹਿ ਰਹੇ ਹੋ, ਨਾ ਪਾਠ, ਨਾ ਪੂਜਾ, ਨਾ ਧਰਮ, ਨਾ ਕਰਮ, ਨਾ ਸ਼ਰਮ।’ ਅਜੋਕੀ ਪੀੜ੍ਹੀ ਜੀਵਨ ਦੀ ਮਰਿਆਦਾ ਤੋਂ ਹੀ ਇਨਕਾਰੀ ਹੈ। ਮਾਤਾ-ਪਿਤਾ, ਅਧਿਆਪਕ, ਡਾਕਟਰ, ਵਕੀਲ ਆਦਿ ਅਹੁਦੇ ਮਰਿਆਦਾ ਨਿਭਾਏ ਜਾਣ ਕਾਰਨ ਸਤਿਕਾਰਯੋਗ ਹੁੰਦੇ ਹਨ, ਹੁਣ ਇਹ ਸਭ ਅਹੁਦੇ ਬਦਨਾਮ ਹੋ ਰਹੇ ਹਨ। ਹੁਣ ਕੁਝ ਵੀ ਵਾਪਰ ਜਾਵੇ, ਹੈਰਾਨੀ ਨਹੀਂ ਹੁੰਦੀ। ਇਨ੍ਹਾਂ ਵਰਤਾਰਿਆਂ ਕਾਰਨ ਜੀਵਨ ਪ੍ਰਣਾਲੀ ਕਮਜ਼ੋਰ ਹੋ ਰਹੀ ਹੈ ਅਤੇ ਕਮਜ਼ੋਰ ਹੋਣ ਕਾਰਨ ਹਰ ਨਿੱਕੀ ਗੱਲ ਆਤਮਘਾਤ ਦਾ ਬਹਾਨਾ ਬਣ ਰਹੀ ਹੈ। ਉਂਜ, ਧਰਮ ਦੀ ਪਕਿਆਈ, ਪਰਮਾਤਮਾ ਵਿਚ ਵਿਸ਼ਵਾਸ, ਆਪਣੇ ਆਦਰਸ਼ ਪ੍ਰਤੀ ਸੁਹਿਰਦਤਾ, ਪਰਿਵਾਰ ਪ੍ਰਤੀ ਵਫ਼ਾਦਾਰੀ ਅਤੇ ਜ਼ਿੰਮੇਵਾਰੀ ਦੀ ਭਾਵਨਾ ਸਾਨੂੰ ਥਿੜਕਣ ਨਹੀਂ ਦਿੰਦੀ, ਪਰ ਵਿਹਾਰਕ ਤਿਲ੍ਹਕਣ ਦੇ ਵਧਣ ਕਾਰਨ ਕੁਝ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ। ਇਸ ਕਾਰਨ ਜੁਰਮ, ਹਿੰਸਾ ਅਤੇ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਹਰੇਕ ਸਮਾਜ ਵਿਚ ਖ਼ੁਦਕੁਸ਼ੀਆਂ ਅਤੇ ਕਤਲਾਂ ਦੀ ਗਿਣਤੀ ਲਗਪਗ ਸਥਾਈ ਰਹਿੰਦੀ ਹੈ। ਜੇ ਕਰਜ਼ਾ ਖ਼ੁਦਕੁਸ਼ੀ ਦਾ ਕਾਰਨ ਬਣਦਾ ਹੈ ਤਾਂ ਬਿਮਾਰੀ ਖ਼ੁਦਕੁਸ਼ੀ ਦਾ ਕਾਰਨ ਨਹੀਂ ਬਣਦੀ। ਕਈ ਵਾਰੀ ਕਤਲ ਘਟ ਜਾਂਦੇ ਹਨ, ਖ਼ੁਦਕੁਸ਼ੀਆਂ ਵਧ ਜਾਂਦੀਆਂ ਹਨ।
ਕੁਝ ਲੋਕ ਕਿਉਂ ਨਹੀਂ ਵਿਗੜਦੇ? ਬਹੁਤੇ ਵਿਗੜਨ ਦੇ ਮੌਕੇ ਹੋਣ ਦੇ ਬਾਵਜੂਦ ਨਹੀਂ ਵਿਗੜਦੇ। ਇਹ ਇਕ-ਦੋ ਕੁਤਾਹੀਆਂ ਮਗਰੋਂ ਤੌਬਾ ਕਰ ਲੈਂਦੇ ਹਨ। ਪੁਰਸ਼ ਇਕ-ਦੋ ਚੋਰੀਆਂ ਕਰਕੇ ਬੰਦ ਕਰ ਦਿੰਦੇ ਹਨ। ਇਸਤਰੀਆਂ ਇਕ-ਦੋ ਨਾਜਾਇਜ਼ ਸਬੰਧਾਂ ਉਪਰੰਤ ਪਤੀਵਰਤਾ ਬਣ ਜਾਂਦੀਆਂ ਹਨ। ਲਗਪਗ ਨੱਬੇ ਫ਼ੀਸਦੀ ਲੋਕ ਨੇਮ ਪਾਲਦੇ ਹਨ। ਜਿਹੜੇ ਦਸ ਫ਼ੀਸਦੀ ਨੇਮਾਂ ਦੀ ਉਲੰਘਣਾ ਕਰਦੇ ਹਨ, ਉਹ ਸਮੁੱਚੇ ਸਮਾਜ ਲਈ ਸਮੱਸਿਆਵਾਂ ਉਪਜਾਉਂਦੇ ਹਨ। ਦਰਅਸਲ, ਸਰੀਰਕ ਅਤੇ ਮਾਨਸਿਕ ਬਣਤਰ ਇਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਹੈ। ਵਾੜ ਟੱਪਣ, ਬਹਾਨਾ ਲਾਉਣ ਅਤੇ ਝੂਠ ਬੋਲਣ ਵੇਲੇ ਇਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਨੇਮ ਤੋੜ ਰਹੇ ਹਨ। ਕੀ ਜੇ ਇਨ੍ਹਾਂ ਨੇਮ ਤੋੜਨ ਵਾਲੇ ਦਸ ਫ਼ੀਸਦੀ ਨੂੰ ਸੁਧਾਰ ਲਿਆ ਜਾਵੇ ਤਾਂ ਸਭ ਠੀਕ ਹੋ ਜਾਵੇਗਾ? ਨਹੀਂ, ਨਵੇਂ ਦਸ ਫ਼ੀਸਦੀ ਉਪਜ ਪੈਣਗੇ। ਸਕੂਲ, ਕਾਲਜ, ਹਸਪਤਾਲ, ਪੁਲੀਸ, ਫ਼ੌਜ, ਬਰਾਤੀ, ਗੱਡੀ ਦੀਆਂ ਸਵਾਰੀਆਂ, ਹੋਸਟਲ ਆਦਿ ਥਾਂ ਕੋਈ ਹੋਵੇ, ਉੱਥੇ ਲਗਪਗ ਦਸ ਫ਼ੀਸਦੀ ਨੇਮ ਤੋੜਨਗੇ। ਬੱਚੇ ਸਭ ਤੋਂ ਵਧੇਰੇ ਝੂਠ ਮਾਪਿਆਂ ਅਤੇ ਅਧਿਆਪਕਾਂ ਨਾਲ ਬੋਲਦੇ ਹਨ। ਵਧੇਰੇ ਲਾਇਕ ਵਿਦਿਆਰਥੀ ਵਧੇਰੇ ਝੂਠ ਬੋਲਦੇ ਹਨ। ਵਧੇਰੇ ਸੋਹਣੀਆਂ ਅਤੇ ਭੋਲੀਆਂ ਲੱਗਦੀਆਂ ਇਸਤਰੀਆਂ ਵਧੇਰੇ ਚਲਾਕ ਹੁੰਦੀਆਂ ਹਨ। ਤਾਕਤਵਰ ਲੋਕ ਵਧੇਰੇ ਉਲੰਘਣਾਵਾਂ ਕਰਦੇ ਹਨ। ਅਮੀਰ ਵਧੇਰੇ ਬੇਈਮਾਨ ਹੁੰਦੇ ਹਨ। ਭ੍ਰਿਸ਼ਟਾਚਾਰ ਦੂਰ ਕਰਨ ਲਈ ਜ਼ਿੰਮੇਵਾਰ ਅਧਿਕਾਰੀ ਵਧੇਰੇ ਭ੍ਰਿਸ਼ਟ ਹੁੰਦੇ ਹਨ। ਅਪਰਾਧਾਂ ਦੀਆਂ ਨਵੀਆਂ ਕਿਸਮਾਂ ਅਤੇ ਵਿਧੀਆਂ ਦਾ ਬੋਲਬਾਲਾ ਹੈ।
ਅਜੋਕੇ ਯੁੱਗ ਵਿਚ ਕਿਸੇ ਕੋਲ ਕੋਈ ਆਦਰਸ਼ ਨਹੀਂ। ਲਗਪਗ ਸਾਰੇ ਆਦਰਸ਼ ਨਕਲ ਮਾਰ ਕੇ ਉਸਾਰੇ ਗਏ ਹਨ। ਅਸੀਂ ਆਪਣਾ ਗੁਆ ਬੈਠਦੇ ਹਾਂ, ਨਵਾਂ ਅਪਨਾਉਣਾ ਸੰਭਵ ਨਹੀਂ ਹੁੰਦਾ। ਲਲੂਆਣੇ ਤੋਂ ਸਿੱਧਾ ਟੋਰਾਂਟੋ ਪਹੁੰਚਣ ਨਾਲ ਸਾਡਾ ਆਦਿ-ਜੁਗਾਦ ਵਿਗੜ ਜਾਂਦਾ ਹੈ। ਨਿਸ਼ਾਨਾ ਕੋਈ ਨਹੀਂ, ਦੌੜਾਂ ਹੀ ਹਨ। ਹੋਰਾਂ ਨੂੰ ਦੌੜਦਿਆਂ ਵੇਖ ਕੇ ਦਿਸ਼ਾ ਜਾਣੇ ਬਿਨਾਂ ਅਸੀਂ ਵੀ ਦੌੜਨ ਲੱਗ ਪੈਂਦੇ ਹਾਂ। ਅਕਸਰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਨੇਮ ਮੰਨਣ ਵਿਚ ਕਿਸੇ ਦੀ ਦਿਲਚਸਪੀ ਹੀ ਨਹੀਂ। ਸਾਰੇ ਆਪਣੇ-ਆਪਣੇ ਢੰਗ ਨਾਲ ਬੇਨੇਮਾ, ਦਿਸ਼ਾਹੀਣ ਵਿਹਾਰ ਕਰ ਰਹੇ ਹਾਂ। ਇਕ ਵਿਅਕਤੀ ਗਵਰਨਰ ਦਾ ਡਰਾਈਵਰ ਸੀ। ਗਵਰਨਰ ਨੂੰ ਪਤਵੰਤੇ ਮਿਲਣ ਆਉਂਦੇ ਸਨ। ਡਰਾਈਵਰ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਵੀ ਪਤਵੰਤਾ ਬਣੇ। ਯੋਗਤਾ ਨਾਲ ਨਹੀਂ, ਸਿਫ਼ਾਰਸ਼ ਨਾਲ ਪ੍ਰਸਿੱਧ ਅਤੇ ਮਹਿੰਗੀ ਸੰਸਥਾ ਵਿਚ ਦਾਖਲ ਕਰਵਾ ਦਿੱਤਾ। ਪੜ੍ਹਨ ਦੀ ਸਮੱਰਥਾ ਅਤੇ ਰੁਚੀ ਨਾ ਹੋਣ ਕਾਰਨ ਉਸ ਨੇ ਆਪਣੇ ਢੰਗ ਨਾਲ ਪਤਵੰਤਾ ਬਣਨਾ ਆਰੰਭ ਦਿੱਤਾ, ਉਹ ਕਾਰਾਂ ਚੋਰੀ ਕਰਨ ਲੱਗ ਪਿਆ। ਇਹ ਕਹਿ ਕੇ ਲੜਕੀਆਂ ਨਾਲ ਘੁੰਮਣ-ਫਿਰਨ ਲੱਗ ਪਿਆ ਕਿ ਪਿਤਾ ਗਵਰਨਰ ਦੇ ਸਟਾਫ ਵਿਚ ਹੈ। ਪਰਸ ਖੋਹਣ ਅਤੇ ਨਸ਼ੇ ਕਰਨ ਲੱਗ ਪਿਆ ਅਤੇ ਉੱਥੇ ਪਹੁੰਚ ਗਿਆ ਜਿੱਥੇ ਉਸ ਨੇ ਪਹੁੰਚਣਾ ਸੀ। ਉਸ ਦੀ ਲਾਸ਼ ਇਕ ਕਾਰ ਵਿਚੋਂ ਮਿਲੀ।
ਨਸ਼ੇ ਕਰਨ ਦੀ ਪ੍ਰਵਿਰਤੀ ਦਾ ਇਕ ਕਾਰਨ ਪੰਜਾਬ ਵਿਚ ਬੇਰੁਜ਼ਗਾਰੀ ਅਤੇ ਆਦਰਸ਼ਹੀਣ ਜੀਵਨ ਹੈ। ਸਮੱਸਿਆ ਆਰਥਿਕ ਹੈ, ਪਰ ਇਸ ਦੇ ਸਮਾਜਿਕ, ਮਾਨਸਿਕ, ਪਰਿਵਾਰਕ ਪ੍ਰਭਾਵ ਪੰਜਾਬ ਦੇ ਸੰਕਟ ਨੂੰ ਗਹਿਰਾ ਕਰ ਰਹੇ ਹਨ। ਸਾਡੇ ਮਾਹਿਰਾਂ ਅਤੇ ਆਗੂਆਂ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ ਉਪਰਾਲਾ ਨਹੀਂ। ਹੁਣ ਵਿਗੜਿਆ ਹੋਇਆ ਵਿਹਾਰ ਪ੍ਰਵਾਨਿਤ ਵਿਹਾਰ ਬਣਦਾ ਰਿਹਾ ਹੈ। ਮਹਿਲਾਵਾਂ ਦੀ ਇਸ ਖੇਤਰ ਵਿਚ ਸ਼ਮੂਲੀਅਤ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਉਲਝਾ ਰਹੀ ਹੈ। ਨਾਜਾਇਜ਼ ਸਬੰਧਾਂ ਦੀ ਹੁਣ ਕੋਈ ਸ਼ਿਕਾਇਤ ਹੀ ਨਹੀਂ ਕਰਦਾ। ਜਿਹੜੇ ਵਿਗੜੇ ਕਾਰਨ ਹਨੇਰੇ ਵਿਚ ਕੀਤੇ ਜਾਂਦੇ ਹਨ, ਉਨ੍ਹਾਂ ਬਾਰੇ ਜਾਣਨਾ ਹੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਗਰਭਪਾਤ ਲੁਕਿਆ ਰਹਿੰਦਾ ਹੈ, ਭ੍ਰਿਸ਼ਟਾਚਾਰ ਦਿਸਦਾ ਨਹੀਂ। ਇਨ੍ਹਾਂ ਵਰਤਾਰਿਆਂ ਨਾਲ ਸਮਾਜ ਦਾ ਪੱਧਰ ਨਿਘਰਦਾ ਹੈ। ਯੋਗਤਾ ਅਨੁਸਾਰ ਰੁਜ਼ਗਾਰ ਨਹੀਂ ਮਿਲਦਾ ਜਿਸ ਕਾਰਨ ਲੁੱਟਾਂ-ਖੋਹਾਂ ਵਧਦੀਆਂ ਹਨ। ਲੋਕ ਮਿਹਨਤ ਨਾਲ ਕਮਾਉਂਦੇ ਹਨ, ਵਿਗੜੇ ਹੋਏ ਫਿਰੌਤੀ ਮੰਗਦੇ ਹਨ। ਵਿਗੜਿਆਂ ਹੋਇਆਂ ਨੂੰ ਸਾਰੇ ਪੁੱਠੇ ਕੰਮ ਸੌਖਿਆਂ ਹੀ ਆ ਜਾਂਦੇ ਹਨ। ਅਜੋਕੇ ਮਾਪੇ ਅਤੇ ਅਧਿਆਪਕ ਉਵੇਂ ਵਿਚਰਦੇ ਹੀ ਨਹੀਂ ਕਿ ਉਨ੍ਹਾਂ ਨੂੰ ਵੇਖ ਕੇ ਬੱਚੇ ਅਤੇ ਵਿਦਿਆਰਥੀ ਉਨ੍ਹਾਂ ਦੀਆਂ ਗੱਲਾਂ ਅਤੇ ਆਦਤਾਂ ਨੂੰ ਅਪਨਾਉਣ। ਇਸ ਸਥਿਤੀ ਲਈ ਮੈਂ, ਤੁਸੀਂ, ਅਸੀਂ ਸਾਰੇ ਕਿੱਥੋਂ ਤਕ ਜ਼ਿੰਮੇਵਾਰ ਹਾਂ? ਇਸ ਵਿਗੜੀ ਹੋਈ ਹਾਲਤ ਨੂੰ ਸੁਧਾਰਨ ਲਈ ਅਸੀਂ ਕੀ ਕਰ ਰਹੇ ਹਾਂ?.
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback