Top
ਵਪਾਰ
ਮਨੋਰੰਜਨ
ਸਮਾਜ
ਖੇਡਾਂ
ਸਿਹਤ ਦਰਪਣ
ਰਾਜਨੀਤੀ
Impreza
ਨਿਊਜ਼ੀਲੈਂਡ
ਮੁੱਖ ਪੰਨਾ
ਵਿਦੇਸ਼
ਭਾਰਤ
ਸੰਪਾਦਕੀ
ਆਰਟੀਕਲ/ਲੇਖ
ਈ-ਪੇਪਰ
ਰੋਜ਼ਾਨਾ ਈ-ਪੇਪਰ
View Details
<< Back
ਸਦੀਆਂ ਦਾ ਅਭਿਆਸ-------ਰਮਨ
ਸ਼ਾਮ ਦਾ ਰੰਗ ਫਿਰ ਉਹੀ ਪੁਰਾਣਾ ਬਿਲਕੁਲ ਨਹੀਂ ਸੀ। ਫੁਟਪਾਥ ਬਸਤੀਆਂ ਨੂੰ ਨਹੀਂ ਜਾ ਰਹੇ ਸਨ ਸਗੋਂ ਇਹ ਬਿਲਕੁਲ ਵੱਖਰਾ, ਨਵਾਂ ਅਤੇ ਰੰਗੀਨ ਸੀ। ਮਰਹੂਮ ਪੰਜਾਬੀ ਕਹਾਣੀਕਾਰ ਗੁਲਜ਼ਾਰ ਮੁਹੰਮਦ ਗੋਰੀਆ ਦੀ ਧੀ ਦਾ ਵਿਆਹ ਸਮਾਗਮ ਸਮਰਾਲੇ ਦੇ ਸ਼ਾਹੀ ਪੈਲੇਸ ਵਿਚ ਚੱਲ ਰਿਹਾ ਸੀ। ਗੋਰੀਆ ਅਧਿਆਪਕ ਸੀ। ਉਹਦੇ ਰਿਸ਼ਤੇਦਾਰਾਂ ਤੋਂ ਇਲਾਵਾ ਬਹੁਤ ਸਾਰੇ ਅਧਿਆਪਕ ਵਿਆਹ ਸਮਾਗਮ ਵਿਚ ਸ਼ਾਮਲ ਸਨ। ਅਧਿਆਪਕਾਂ ਦੇ ਪਰਿਵਾਰ ਮੱਲੋਮੱਲੀ ਨਾਲ ਆਏ ਹੋਏ ਸਨ, ਇਹ ਸੋਚ ਕੇ ਕਿ ਵਿਆਹ ਤਾਂ ਦੇਖਦੇ ਹੀ ਰਹਿੰਦੇ ਹਾਂ, ਅੱਜ ਨਿਕਾਹ ਦੇਖੀਏ। ਗ਼ੈਰ-ਮੁਸਲਿਮ ਨੌਜਵਾਨ ਲੜਕੀਆਂ ਨੂੰ ਇਹ ਦੇਖਣ ਦੀ ਤੀਬਰ ਜਗਿਆਸਾ ਹੁੰਦੀ ਹੈ ਕਿ ਨਿਕਾਹ ਦੀਆਂ ਰਸਮਾਂ ਸਮੇਂ ਵਿਆਹੀ ਜਾ ਰਹੀ ਲੜਕੀ ਤੋਂ ਵਿਆਂਦੜ ਨਾਲ ਵਿਆਹ ਕਰਵਾਉਣ ਲਈ ਉਹਦੀ ਰਜ਼ਾਮੰਦੀ ਵੀ ਪੁੱਛੀ ਜਾਂਦੀ ਹੈ। ਇਸ ਲਈ ਗੁਲਜ਼ਾਰ ਮੁਹੰਮਦ ਗੋਰੀਆ ਦੀ ਧੀ ਦਾ ਨਿਕਾਹ ਉਹਦੇ ਗ਼ੈਰ-ਮੁਸਲਿਮ ਅਧਿਆਪਕ ਸਾਥੀਆਂ ਦੇ ਪਰਿਵਾਰਾਂ ਲਈ ਵਿਸ਼ੇਸ਼ ਮੌਕਾ ਬਣ ਗਿਆ ਸੀ। ਇਸ ਲਈ ਵਾਹਵਾ ਰੌਣਕ ਮੇਲਾ ਸੀ। ਕਈ ਲੇਖਕ ਵੀ ਵਿਆਹ ਵਿਚ ਸ਼ਾਮਲ ਸਨ। ਅੱਜ ਤੋਂ ਕੋਈ ਡੇਢ ਦਹਾਕਾ ਪਹਿਲਾਂ ਹੋਇਆ ਇਹ ਨਿਕਾਹ ਫ਼ਿਰਕੂ ਸਦਭਾਵਨਾ ਤੇ ਸਮਾਜਿਕ ਮੇਲਜੋਲ ਦੀ ਦਿਲਕਸ਼ ਤਸਵੀਰ ਪੇਸ਼ ਕਰਦਾ ਸੀ। ਗੁਲਜ਼ਾਰ ਦੇ ਸਾਰੇ ਲੇਖਕ ਮਿੱਤਰ ਵੀ ਗ਼ੈਰ-ਮੁਸਲਿਮ ਹੀ ਸਨ। ਇਸ ਸਮਾਗਮ ਵਿਚ ਮੁਸਲਿਮ ਭਾਈਚਾਰੇ ਵਿਚੋਂ ਸਿਰਫ਼ ਇਕ ਹੀ ਲੇਖਕ ਸ਼ਾਮਲ ਹੋਇਆ ਸੀ ਅਤੇ ਉਹ ਸੀ ਲਾਲ ਸਿੰਘ ਦਿਲ ਉਰਫ਼ ਬੁਸਰਾ ਮੁਹੰਮਦ। ਉਹਨੇ ਪੈਲੇਸ ਵਿਚ ਆਉਂਦਿਆਂ ਹੀ ਦੋ ਪੈੱਗ ਲਾ ਲਏ ਸਨ ਤੇ ਹੁਣ ਸ਼ਾਮ ਦਾ ਰੰਗ ਉਹਦੇ ਲਈ ਉਹੀ ਪੁਰਾਣਾ ਬਿਲਕੁਲ ਨਹੀਂ ਸੀ। ਉਹ ਗੁਲਜ਼ਾਰ ਮੁਹੰਮਦ ਗੋਰੀਆ ਵਾਲੇ ਪਾਸੇ ਦੇ ਮੇਲ ਦਾ ਵਿਸ਼ੇਸ਼ ਵਿਅਕਤੀ ਸੀ। ਆਖ਼ਰ ਲੇਖਕਾਂ-ਮਿੱਤਰਾਂ ਵਿਚੋਂ ਉਹੀ ਤਾਂ ਇਕੋ-ਇਕ ‘ਮੁਸਲਮਾਨ’ ਸੀ।ਜੁਝਾਰੂ-ਵਿਦਰੋਹੀ ਕਾਵਿ ਅੰਦੋਲਨ ਵਿਚ ਕੁੱਦਣ ਮਗਰੋਂ ਲਾਲ ਸਿੰਘ ਦਿਲ ਨੂੰ ਕਿਤੋਂ ਇਕ ਛੋਟਾ ਜਿਹਾ ਪਿਸਤੌਲ ਮਿਲ ਗਿਆ। ਫਿਰ ਕੀ ਸੀ, ਉਹ ਤਾਂ ਲਟਬੌਰਾ ਹੋ ਗਿਆ ਤੇ ਇਸ ਪਿਸਤੌਲ ਨਾਲ ਸ਼ਕਤੀਸ਼ਲੀ ਭਾਰਤੀ ਰਾਜ ਨਾਲ ਟੱਕਰ ਲੈਣ ਦੇ ਰੁਮਾਂਸ ਦੀ ਗ੍ਰਿਫ਼ਤ ਵਿਚ ਆ ਗਿਆ। ਫੜਿਆ ਗਿਆ। ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਇਆ, ਜਾਨ ਸਲਾਮਤ ਰਹਿ ਗਈ ਤਾਂ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਕੇ ਉੱਤਰ ਪ੍ਰਦੇਸ਼ ਦੇ ਬਾਗ਼ਾਂ ਵਿਚ ਜਾ ਕੇ ਮਜ਼ਦੂਰੀ ਕਰਨ ਲੱਗਾ। ਇੱਥੋਂ ਕਈ ਵਰ੍ਹਿਆਂ ਬਾਅਦ ਪੰਜਾਬ ਪਰਤਿਆ ਤਾਂ ਉਹ ਬੁਸਰਾ ਮੁਹੰਮਦ ਬਣ ਚੁੱਕਾ ਸੀ। ਦਰਅਸਲ, ਉਸ ਨੇ ਇਸਲਾਮ ਧਾਰਨ ਕਰ ਲਿਆ ਸੀ। ਭਾਈਚਾਰੇ (ਮੁਸਲਿਮ) ਦੇ ਐਨੇ ਵੱਡੇ ਇਕੱਠ ਵਿਚ ਅਸੀਂ ਉਹਨੂੰ ਪਹਿਲੀ ਵਾਰ ਦੇਖ ਰਹੇ ਸਾਂ।ਦਿਲ ਪੈਲੇਸ ਦੇ ਇਕ ਖੂੰਜੇ ਤੋਂ ਲੈ ਕੇ ਦੂਜੇ ਖੂੰਜੇ ਤਕ ਦੌੜਿਆ ਫਿਰਦਾ ਸੀ। ਘੁੰਮ-ਘੁਮਾ ਕੇ ਫਿਰ ਦਾਰੂ ਵਾਲੀ ਮਹਿਫ਼ਿਲ ਵਿਚ ਆ ਬੈਠਦਾ। ਬੈਠੇ-ਬੈਠੇ ਨੂੰ ਜਦੋਂ ਬਰਾਤੀਆਂ ਵਿਚੋਂ ਕੋਈ ਨਮਾਜ਼ ਅਦਾ ਕਰਦੇ ਦਿਸ ਪੈਂਦੇ ਤਾਂ ਉਹ ਸਭ ਕੁਝ ਛੱਡ ਕੇ ਸ਼ਰ੍ਹਾ ਦੇ ਪਾਬੰਦ ਮੁਸਲਮਾਨ ਭਾਈਆਂ ਦੇ ਪਿੱਛੇ ਗੋਡਿਆਂ ਪਰਨੇ ਬੈਠ ਜਾਂਦਾ। ਜਦੋਂ ਵੀ ਨਮਾਜ਼ ਅਦਾ ਕਰਨ ਦਾ ਅਜਿਹਾ ਮੌਕਾ ਆਉਂਦਾ ਤਾਂ ਉਹਨੂੰ ਇਸ ਵਕਤ ਦਾ ਪਤਾ ਸਿਰਫ਼ ਮੁਸਲਮਾਨ ਭਰਾਵਾਂ ਵੱਲੋਂ ਕੀਤੀ ਜਾ ਰਹੀ ਨਮਾਜ਼ ਨੂੰ ਦੇਖ ਕੇ ਹੀ ਆਉਂਦਾ ਤੇ ਉਹ ਤੁਰੰਤ ਓਧਰ ਨੂੰ ਭੱਜ ਜਾਂਦਾ। ਉਹਦੇ ਅਜਿਹਾ ਕਰਨ ਨਾਲ ਤਰਥੱਲੀ ਜਿਹੀ ਮੱਚ ਜਾਂਦੀ। ਆਖ਼ਰ ਗੁਲਜ਼ਾਰ ਮੁਹੰਮਦ ਗੋਰੀਆ ਨੇ ਉਹਨੂੰ ਮੋਢਿਓਂ ਫੜ ਸਮਝਾਇਆ, ‘‘ਚੁੱਪ ਕਰਕੇ ਦਾਰੂ ਪੀਈ ਚੱਲ, ਇਹ ਤੇਰੇ ਵੱਸ ਦਾ ਰੋੋਗ ਨ੍ਹੀਂ। ਤੂੰ ਤਾਂ ਐਵੇਂ ਰੀਸੋ-ਰੀਸੀ ਮੁਸਲਮਾਨ ਬਣਿਐਂ…. ਤੇਰੇ ਅੰਦਰ ਤਾਂ ਤੇਰਾ ਆਪਣਾ ਸਮਾਜ ਪਿਐ। …ਐਵੇਂ ਔਖਾ ਨਾ ਹੋ, ਨਾ ਹੀ ਦੂਜਿਆਂ ਨੂੰ ਔਖਾ ਕਰ।’’
ਵਿਆਹ ਸਮਾਗਮ ਲਾਲ ਸਿੰਘ ਦਿਲ ਦੀਆਂ ਪੈਦਾ ਕੀਤੀਆਂ ਸਾਰੀਆਂ ਪ੍ਰੇਸ਼ਾਨੀਆਂ ਦੇ ਬਾਵਜੂਦ ਕਾਫ਼ੀ ਦਿਲਚਸਪ ਬਣਿਆ ਰਿਹਾ। ਦਿਲ ਦੀਆਂ ਝੱਲ-ਵਲੱਲੀਆਂ ਸਗੋਂ ਉਸ ਸ਼ਾਮ ਦੇ ਮਾਹੌਲ ਵਿਚ ਕਾਫ਼ੀ ਸ਼ੋਖ਼ ਰੰਗ ਭਰ ਗਈਆਂ। ਉਸ ਦਿਨ ਇਹ ਗੱਲ ਵੀ ਬੜੀ ਨਿੱਖਰ ਕੇ ਸਾਹਮਣੇ ਆ ਗਈ ਕਿ ਲਾਲ ਸਿੰਘ ਦਿਲ ਬਸ ਲਾਲ ਸਿੰਘ ਦਿਲ ਹੀ ਸੀ, ਉਹ ਬੁਸਰਾ ਮੁਹੰਮਦ (ਦਿਲੋਂ) ਨਹੀਂ ਸੀ ਬਣ ਸਕਿਆ। ਇਕ ਧਾਰਮਿਕ ਸਭਿਆਚਾਰ ਦੇ ਸਦੀਆਂ ਤੋਂ ਅਭਿਆਸੀ ਹੋਣ ਤੋਂ ਬਾਅਦ ਕਿਸੇ ਦੂਜੇ ਧਰਮ ਦੀਆਂ ਰਹੁ-ਰੀਤਾਂ ਤੇ ਕਰਮ-ਕਾਂਡਾਂ ਨੂੰ ਅਪਣਾਉਣ ਸਮੇਂ ਜੋ ਬੇਤੁਕੀਆਂ ਚੀਜ਼ਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਦੀਆਂ ਕਈ ਮਿਸਾਲਾਂ ਅਕਸਰ ਮਨ ਮਸਤਕ ਵਿਚ ਉੱਸਲਵੱਟੇ ਲੈਣ ਲੱਗਦੀਆਂ ਹਨ।
ਸਾਡੇ ਆਪਣੇ ਘਰ ਵਿਚ ਇਕ ਸੁੱਖਣਾ ਲਾਹੁਣ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਵਾਇਆ ਗਿਆ। ਪਾਠ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਭ ਕੁਝ ਬੇਹੱਦ ਸਾਵਧਾਨੀ ਨਾਲ ਵਿਧੀ-ਪੂਰਵਕ ਕੀਤਾ ਜਾਣਾ ਯਕੀਨੀ ਬਣਾਇਆ ਗਿਆ। ਗੁਰਦੁਆਰਾੇ ਦਾ ਭਾਈ ਜੀ ਬਦਾਮ, ਕਾਜੂ, ਮਿਸ਼ਰੀ, ਧੂਫ਼, ਦੇਸੀ ਘੀ ਜੋ ਵੀ ਸਾਮਾਨ ਲਿਖਵਾ ਕੇ ਗਿਆ ਬੜੀ ਸ਼ਰਧਾ ਨਾਲ ਸ਼ਹਿਰੋਂ ਮੰਗਵਾਇਆ ਗਿਆ। ਪਾਠੀ ਸਿੰਘਾਂ ਦੇ ਲੰਗਰ ਪਰਸ਼ਾਦੇ ਬਾਰੇ ਵੀ ਜੋ ਹਦਾਇਤਾਂ ਦੇ ਕੇ ਗਿਆ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨ ਦਾ ਯਕੀਨ ਵੀ ਦਿਵਾਇਆ ਗਿਆ। ਜਿੰਨੇ ਦਿਨ ਪਾਠ ਚੱਲਦਾ ਰਿਹਾ ਸਾਰਾ ਪਰਿਵਾਰ ਮਰਯਾਦਾ ਦਾ ਸਖ਼ਤੀ ਨਾਲ ਪਾਬੰਦ ਰਿਹਾ। ਜਿਸ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ, ਉਸ ਕਮਰੇ ਦੇ ਅੱਗੋਂ ਵੀ ਕੋਈ ਨੰਗੇ ਸਿਰ ਨਹੀਂ ਸੀ ਗੁਜ਼ਰਦਾ। ਇਸ ਸਾਰੇ ਅਰਸੇ ਦੌਰਾਨ ਮੇਰੀ ਮਾਂ ਨੇ ਸਿਰ ਤੋਂ ਚੁੰਨੀ ਨਾ ਸਰਕਣ ਦਿੱਤੀ। ਬਾਰਾ, ਦੁੱਲਾ ਆਦਿ ਪਾਠੀ ਸਾਹਮਣੇ ਦਿਖਾਈ ਦੇ ਜਾਂਦੇ ਤਾਂ ਉਹ ਹੋਰ ਵੀ ਸੁਚੇਤ ਹੋ ਜਾਂਦੀ। ਉਹ ਪਿੰਡ ਵਿਚ ਵੀ ਚੁੰਨੀ ਆਪਣੇ ਸਿਰ ਨਾਲ ਬੁਰੀ ਤਰ੍ਹਾਂ ਚਿਪਕਾਈ ਰੱਖਦੀ। ਮੈਂ ਵਜ੍ਹਾ ਪੁੱਛੀ ਤਾਂ ਕਹਿਣ ਲੱਗੀ, ‘‘ਕੀ ਪਤੈ, ਬਾਰਾ ਕਿੱਥੇ ਖੜ੍ਹਾ ਮਿਲ ਜਾਏ!’’ ਮੈਂ ਹੱਸਦਿਆਂ ਮਾਂ ਨੂੰ ਸਮਝਾਇਆ, ‘‘ਬੀਬੀ, ਆਪਾਂ ਸਿਰ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਢਕਣਾ ਹੈ ਨਾ ਕਿ ਬਾਰੇ ਦੇ ਸਤਿਕਾਰ ਵਜੋਂ।’’ ਮਾਂ ਸੁਣ ਕੇ ਹੈਰਾਨ ਹੁੰਦੀ ਬੋਲੀ, ‘‘ਫੋਟ, ਮੈਂ ਤਾਂ ਫੇਰ ਕਮਲੀ ਹੀ ਨਿੱਕਲੀ।’’ ਇਹ ਮੇਰੀ ਮਾਂ ਆਪਣੇ ਧਰਮ ਦੇ ਜਟਿਲ ਤੋਂ ਜਟਿਲ ਕਾਰਜ, ਤਿੱਥ ਤਿਉਹਾਰ (ਅਸ਼ਟਮੀ, ਹੋਈ, ਝੱਕਰੀ, ਕਰਵਾਚੌਥ) ਬੜੇ ਸਹਿਜ ਨਾਲ ਨੇਪਰੇ ਚਾੜ੍ਹ ਲੈਂਦੀ ਸੀ। ਪਰ ਸਹਿਜ ਪਾਠ ਦੀ ਮਰਯਾਦਾ ਨੇ ਉਹਨੂੰ ਉਹਦੇ ਆਪਣੇ ਸ਼ਬਦਾਂ ਵਿਚ ‘ਕਮਲੀ’ ਹੀ ਕਰ ਦਿੱਤਾ। ਉਹਨੂੰ ਆਪਣੇ ‘ਕਮਲੀ’ ਬਣਨ ਦਾ ਹੋਰ ਵੀ ਅਫ਼ਸੋਸ ਹੋਇਆ ਜਦੋਂ ਇਕ ਦਿਨ ਪਿੰਡ ਵਿਚ ਧੁੰਮੀ ਹੋਈ ਇਹ ਉਹਦੇ ਕੰਨੀਂ ਪਈ ਕਿ ਬਾਰਾ ਤਾਰ ਦੀ ਕੁੰਡੀ ਬਣਾ ਕੇ ਗੁਰੂ ਕੀ ਗੋਲਕ ਵਿਚੋਂ ਨੋਟ ਕੱਢਦਾ ਰੰਗੇ ਹੱਥੀਂ ਫੜਿਆ ਗਿਆ।
ਦਰਅਸਲ, ਸਦੀਆਂ ਦਾ ਅਭਿਆਸ ਕਿਸੇ ਵੀ ਸਮੁਦਾਇ ਦੇ ਸੁਭਾਅ ਨੂੰ ਇਕ ਵਿਸ਼ੇਸ਼ ਭਾਂਤ ਦੇ ਸਾਂਚੇ ਵਿਚ ਢਾਲ ਦਿੰਦਾ ਹੈ। ਇਸ ਸੁਭਾਅ ਦਾ ਰਾਤੋ ਰਾਤ ਬਦਲ ਜਾਣਾ ਸੰਭਵ ਨਹੀਂ ਹੁੰਦਾ ਭਾਵੇਂ ਬਦਲਾਅ ਦੀ ਪ੍ਰਕਿਰਿਆ ਕਿੰਨੀ ਵੀ ਤੀਬਰ ਕਿਉਂ ਨਾ ਹੋਵੇ। ਪਿਛਲੇ ਲਗਪਗ ਦੋ ਦਹਾਕਿਆਂ ਤੋਂ ਆਪਣੇ ਪੁੱਤਾਂ-ਧੀਆਂ ਨੂੰ ਵਿਦੇਸ਼ ਵਿਚ ਸੈੱਟ ਕਰਨ ਦਾ ਰੁਝਾਨ ਜਨੂੰਨ ਦਾ ਰੂਪ ਧਾਰਨ ਕਰ ਗਿਆ ਹੈ। ਇਸ ਜਨੂੂੰਨ ਦੇ ਚੱਲਦਿਆਂ ਪਿੰਡਾਂ ਵਾਲਿਆਂ ਨੇ ਇਕ ਪਾਸੇ ਟਰੈਵਲ ਏਜੰਟਾਂ ਤੇ ਦੂਜੇ ਪਾਸੇ ਸ਼ਹਿਰਾਂ ਦੇ ਮੰਦਰਾਂ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ। ਪੰਡਿਤ ਕੋਈ ਬਾਹਰ ਜਾਣ ਦਾ ਅੜਿੱਕਾ ਦੂਰ ਕਰਨ ਦਾ ਉਪਾਅ ਦੱਸਦੇ ਹਨ ਤਾਂ ਜੱਟ ਸਿੱਖ ਪਰਿਵਾਰ ਵੀ ਉਸ ਉਪਾਅ ਨੂੰ ਖ਼ੁਸ਼ੀ ਖ਼ੁਸ਼ੀ ਪਰਵਾਨ ਕਰ ਲੈਂਦੇ ਹਨ ਤੇ ਪੰਡਿਤ ਦੇ ਕਹੇ ਅਨੁਸਾਰ ਸਭ ਕੁਝ ਕਰਦੇ ਹਨ। ਸਾਡੇ ਪਿੰਡ ਦੇ ਜਾਗਰ ਜੱਟ ਨੂੰ ਸ਼ਹਿਰ ਦੇ ਪੰਡਿਤ ਨੇ ਮਹਾਂਮਾਈ ਦਾ ਜਗਰਾਤਾ ਕਰਾਉਣ ਦੀ ਸਲਾਹ ਦੇ ਦਿੱਤੀ ਜੋ ਉਹਨੇ ਤੁਰੰਤ ਮੰਨ ਲਈ। ਪੰਡਾਲ ਸਜਾਇਆ ਗਿਆ। ਮੰਡਲੀਆਂ ਨੇ ਭੇਟਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰ ਇਕੱਠਾ ਹੋ ਕੇ ਜੋਤ ਦੇ ਸਾਹਮਣੇ ਬੜੇ ਉਤਸ਼ਾਹ ਨਾਲ ਬਿਰਾਜਮਾਨ ਹੋ ਗਿਆ।
ਮੰਡਲੀ ਵਾਲੇ ਆਪਣੀ ਪੇਸ਼ੇਵਰ ਮੁਹਾਰਤ ਨਾਲ ਭੇਟਾਂ ਗਾਉਂਦੇ ਰਹੇ, ਮਹਾਂਮਾਈ ਦਾ ਗੁਣਗਾਨ ਕਰਦੇ ਰਹੇ। ਮਾਤਾ ਰਾਣੀ ਨੂੰ ਝੋਲੀਆਂ ਭਰ ਦੇਣ ਦੀ ਪੁਕਾਰ ਲਾਉਂਦੇ ਰਹੇ। ਵਿਚ-ਵਿਚਾਲੇ ਜਦੋਂ ਮਹਾਂਮਾਈ ਦਾ ਜੈਕਾਰਾ ਛੱਡਣ ਦਾ ਮੌਕਾ ਆਉਂਦਾ ਤਾਂ ਜੱਟ ਟੋਲੇ ਦੇ ਮੂੰਹੋਂ ਮੱਲੋਮੱਲੀ ਨਿਕਲ ਜਾਇਆ ਕਰੇ, ‘‘ਲਲਕਾਰਾ ਏ ਸ਼ੇਰਾਂ ਵਾਲੀ ਦਾ!’’ ਇਉਂ ਸਵੇਰਾ ਹੋਣ ਤਕ ਸਾਰੀ ਰਾਤ ਲਲਕਾਰੇ ਗੂੰਜਦੇ ਰਹੇ। ਮਗਰੋਂ ਜਦੋਂ ਕੋਈ ਇਸ ਲਲਕਾਰਿਆਂ ਵਾਲੀ ਗੱਲ ਦਾ ਜਾਗਰ ਕੋਲ ਵੇਰਵਾ ਪਾਇਆ ਕਰੇ ਤਾਂ ਉਹ ਅੱਗੋਂ ਖਚਰੀ ਜਿਹੀ ਹਾਸੀ ਹੱਦਸਿਆਂ ਕਹਿ ਛੱਡੇ, ‘‘ਬਾਈ ਸਿਆਂ, ਉਹ ਕੋਈ ਮਹਾਜਨਾਂ ਦਾ ਜਗਰਾਤਾ ਸੀ, ਜੱਟਾਂ ਦਾ ਜਗਾਰਤਾ ਸੀ ਜੱਟਾਂ ਦਾ, ਲਲਕਾਰੇ ਨਾ ਵੱਜਦੇ ਤਾਂ ਹੋਰ ਕੀ ਵੱਜਦਾ!’’
ਦੇਸ਼ ਵੰਡ ਮਗਰੋਂ ਪਾਕਿਸਤਾਨੋਂ ਉਜਾੜੇ ਗਏ ਕਬਾਇਲੀ ਪੰਜਾਬੀਆਂ ਨੂੰ ਸਤਲੁਜ ਦਰਿਆ ਦੇ ਕੰਢੇ ’ਤੇ ਲੁਧਿਆਣੇ ਦੇ ਬੇਟ ਤੋਂ ਲੈ ਕੇ ਫਾਜ਼ਿਲਕਾ-ਜਲਾਲਾਬਾਦ ਤਕ ਬਿਠਾ ਦਿੱਤਾ ਗਿਆ। ਉਨ੍ਹਾਂ ਲਈ ‘ਬਿਠਾਉਣਾ’ ਸ਼ਬਦ ਹੀ ਢੁੱਕਵਾਂ ਹੈ ਕਿਉਂਕਿ ਵੱਸਣਯੋਗ ਤਾਂ ਦਰਿਆ ਦੇ ਕੰਢੇ ਕੋਈ ਵੀ ਇਲਾਕਾ ਨਹੀਂ ਸੀ। ਇੱਥੇ ਸਖ਼ਤ ਭੋਇੰ ਉਪਰ ਸੰਘਣਾ ਸਰਕੜਾ, ਝਾੜੀਆਂ, ਦੱਭ ਤੇ ਹੋਰ ਕਈ ਕੁਝ ਉੱਗਿਆ ਹੋਇਆ ਸੀ। ਸਮੁੱਚਾ ਮੰਡ ਇਕ ਨੀਮ ਜੰਗਲ ਦੀ ਨਿਆਈਂ ਸੀ ਤੇ ਇਸ ਨੀਮ ਜੰਗਲ ਉਪਰ ਹੀ ਇਨ੍ਹਾਂ ਕਬਾਇਲੀਆਂ ਦਾ ਜੀਵਨ ਨਿਰਬਾਹ ਚੱਲਦਾ ਸੀ। ਉਹ ਸੰਘਣੀਆਂ ਝਾੜੀਆਂ ਵਿਚੋਂ ਕੋਈ ਨਾ ਕੋਈ ਸ਼ਿਕਾਰ ਕੁੱਟ ਲੈਂਦੇ। ਕੋਈ ‘ਰੋਜ਼’ (ਨੀਲ ਗਊ) ਅੜਿੱਕੇ ਚੜ੍ਹ ਜਾਂਦਾ ਤਾਂ ਸਾਰੇ ਪਿੰਡ ਦੀ ਦਾਅਵਤ ਦਾ ਸਾਮਾਨ ਮਿਲ ਜਾਂਦਾ। ਰੂੜੀ ਮਾਅਰਕਾ ਦਾਰੂ ਤਿਆਰ ਕਰਨ ਵਿਚ ਇਹ ਮਾਹਿਰ ਸਨ। ਦਾਰੂ ਪੀ ਵੀ ਛੱਡਦੇ ਤੇ ‘ਸਭਿਅਕ’ ਪਿੰਡਾਂ ਵਿਚ ਇਹਦੀ ਸਪਲਾਈ ਤੋਂ ਚਾਰ ਪੈਸੇ ਵੀ ਬਣਾ ਲੈਂਦੇ। ਕੋਈ ਦੋ ਦਹਾਕੇ ਤਕ ਇਨ੍ਹਾਂ ਦੀ ਜੀਵਨ ਸ਼ੈਲੀ ਇਹੋ ਬਣੀ ਰਹੀ। ਹਰੀ ਕ੍ਰਾਂਤੀ ਨੇ ਝੱਲ-ਸਰਕੜੇ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਹੁਣ ਇਨ੍ਹਾਂ ਕਬਾਇਲੀਆਂ ਨੂੰ ਆਮ ਪੰਜਾਬੀ ਸਮਾਜ ਨਾਲੋਂ ਵੱਖ ਕਰਕੇ ਪਛਾਣਨਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਦੀ ਆਪਣੀ ਉਪਭਾਸ਼ਾ ਬੋਲਣ ਵਾਲਾ ਵੀ ਕੋਈ ਟਾਵਾਂ-ਟਾਵਾਂ ਬਜ਼ੁਰਗ ਹੀ ਰਹਿ ਗਿਆ ਹੈ। ਅੱਠਵੇਂ ਦਹਾਕੇ ਦੇ ਅੱਧ ਤਕ ਇਹ ਲੋਕ ਬਗ਼ੈਰ ਕਿਸੇ ਧਰਮ ਤੋਂ ਗੁਜ਼ਾਰਾ ਕਰਦੇ ਮੈਂ ਆਪਣੇ ਅੱਖੀਂ ਦੇਖੇ ਹਨ। ਉਸ ਮਗਰੋਂ ਇਨ੍ਹਾਂ ਨੇ ਆਪਣੇ ਕਬੀਲੇ ਮਗਰ ਲੱਗਦੇ ਸਿੱਖ (ਰਾਏ) ਦੀ ਲੱਜ ਪਾਲਦਿਆਂ ਛੋਟੇ ਛੋਟੇ ਗੁਰਦੁਆਰੇ ਉਸਾਰ ਲਏ। ਇਨ੍ਹਾਂ ਪਿੰਡਾਂ ਵਿਚੋਂ ਹੀ ਇਕ ਪਿੰਡ ਦਾ ਗੱਭਰੂ ‘ਕਾਲਾ’ ਲੁਧਿਆਣੇ ਮਸੀਹੀ ਭਾਈਚਾਰੇ ਵਿਚ ਆਉਣ-ਜਾਣ ਲੱਗ ਪਿਆ। ਉਹਨੇ ਆਪਣੇ ਪਿੰਡ ਵਿਚ ਚਰਚ ਉਸਾਰਨ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ। ਭਾਈਚਾਰੇ ਦੀ ਵਿੱਤੀ ਮਦਦ ਨਾਲ ਉਹਨੇ ਪਿੰਡ ਦੇ ਛੱਪੜ ਕੋਲ ਵਿਹਲੀ ਪਈ ਸਰਕਾਰੀ ਜ਼ਮੀਨ ਉਪਰ ਢਾਈ ਤਿੰਨ ਹਜ਼ਾਰਾਂ ਇੱਟ ਦੀ ਪਹਿਲੀ ਖੇਪ ਵੀ ਮੰਗਵਾ ਲਈ ਤੇ ਲੁਧਿਆਣੇ ਤੋਂ ਇਕ ਪਾਦਰੀ ਅਖਵਾਉਂਦੇ ਆਦਮੀ ਤੋਂ ਚਰਚ ਦਾ ਸ਼ਿਲਾਨਿਆਸ ਵੀ ਕਰਵਾ ਲਿਆ, ਪਰ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲੀ ਰਾਤ ਹੀ ਕੋਈ ਇੱਟਾਂ ਦੀ ਟਰਾਲੀ ਭਰ ਕੇ ਲੈ ਗਿਆ। ਕਾਲਾ ਇਸ ਕਾਰਨ ਐਨਾ ਦੁਖੀ ਹੋਇਆ ਕਿ ਫਿਰ ਉਹਨੇ ਪਿੰਡ ਵਿਚ ਮਸੀਹੀ ਪ੍ਰਚਾਰ ਕਰਨਾ ਵੀ ਬੰਦ ਕਰ ਦਿੱਤਾ ਜਿਹੜਾ ਉਹ ਅਕਸਰ ਕਰਿਆ ਕਰਦਾ ਸੀ।
ਇਕ ਦਿਨ ਸਬੱਬ ਨਾਲ ਕਾਲਾ ਮਿਲ ਗਿਆ ਜਿਸ ਨੇ ‘ਕਾਲਾ ਮਸੀਹ’ ਬਣਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਬਣ ਨਾ ਸਕਿਆ। ਮੈਂ ਪੁੱਛਿਆ, ‘‘ਇਨ੍ਹਾਂ ਨੇ ਗੁਰਦੁਆਰਾ ਪਤਾ ਨਹੀਂ ਕਿਵੇਂ ਬਣਨ ਦੇ ਦਿੱਤਾ, ਇਹ ਤਾਂ ਸਦੀਆਂ ਤੋਂ ਫ਼ਿਰਤੂ ਕੌਮ ਆ ਮਾਸਟਰਾ, ਹੁਣ ਵੀ ਪਿੰਡ ਵਾਲੇ ਗੁਰਦੁਆਰੇ ਥੋੜ੍ਹਾ ਜਾਂਦੇ ਆ, ਡੇਰੇ ਬਿਆਸ ਜਾ ਕੇ ਘੁੰਮ-ਘੁੰਮਾ ਆਉਂਦੇ ਆ।’’ ਕਾਲੇ ਦਾ ਜਵਾਬ ਸੁਣ ਕੇ ਮੈਨੂੰ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਜੋ ਲੋਕ ਸਦੀਆਂ ਤੋਂ ਧਰਮ ਦੇ ਬਗ਼ੈਰ ਹੀ ਆਪਣਾ ਕੰਮ ਚਲਾਉਂਦੇ ਆਏ ਹਨ, ਹੁਣ ਵੀ ਚਲਾ ਰਹੇ ਹਨ ਤੇ ਸ਼ਾਇਦ ਭਵਿੱਖ ਵਿਚ ਵੀ ਚਲਾ ਲੈਣਗੇ।
ਰਮਨ
ਮਨੋਰੰਜਨ
ਮੁੱਖ ਖ਼ਬਰਾਂ
ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...
'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...
ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...
ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...
ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...
Advertisements
Feedback