Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਵਿਸ਼ਵੀਕਰਨ---ਪੂਰਨ ਸਿੰਘ ਯੂ.ਕੇ.


    
  

Share
  ਵਿਸ਼ਵੀਕਰਨ
ਸੱਭਿਆ ਸੰਸਾਰ ਦੇ ਵਪਾਰਕ ਸਬੰਧਾਂ ਦੀ ਆਧੁਨਿਕ ਰੂਪ-ਰੇਖਾ ਨੂੰ ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਆਖਿਆ ਜਾਂਦਾ ਹੈ। ਇਸ ਵਿਕਾਸ ਦਾ ਮਨੋਰਥ ਸੰਸਾਰ ਦੇ ਵਪਾਰਕ ਸਬੰਧਾਂ ਨੂੰ ਸੁਖਾਵੇਂ ਬਣਾ ਕੇ ਸਾਰੀ ਦੁਨੀਆਂ ਨੂੰ ਇੱਕ ਵਪਾਰਕ ਇਕਾਈ ਦਾ ਰੂਪ ਦੇਣਾ ਹੈ। ਸੱਭਿਆ ਸੰਸਾਰ ਦੇ ਦੇਸ਼ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਤੁਰੇ ਜਾ ਰਹੇ ਹਨ।
ਵਿਸ਼ਵੀਕਰਨ ਦਾ ਵਿਚਾਰ ਬਹੁਤ ਪੁਰਾਣਾ ਹੈ। ਵਿਸ਼ਵ ਦੀ ਅਧਿਆਤਮਕ ਏਕਤਾ ਤੋਂ ਇਨਕਾਰ ਕਰਨਾ ਸਿਆਣਪ ਅਤੇ ਸੁਹਿਰਦਤਾ ਦੇ ਦਾਇਰੇ ਤੋਂ ਬਾਹਰਲੀ ਗੱਲ ਆਖਿਆ ਜਾਵੇਗਾ। ਭਾਰਤੀ ਅਧਿਆਤਮਵਾਦੀਆਂ ਦੁਆਰਾ ਇਸ ਆਦਰਸ਼ ਦੀ ਸਾਕਾਰਤਾ ਦੇ ਸਿਰਤੋੜ ਯਤਨ ਕੀਤੇ ਗਏ ਹਨ। ਮਹਾਨ ਸਿਕੰਦਰ ਆਪਣੇ ਸਮੇਂ ਦੇ ਸਭਿਆ ਸੰਸਾਰ ਨੂੰ ਹੈਲਿਨਾਈਜ਼ ਕਰਨ (ਯੂਨਾਨੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਪ੍ਰਚਾਰ ਕਰਨ) ਦੀ ਆਸ ਨਾਲ ਘਰੋਂ ਤੁਰਿਆ ਸੀ। ਉਸ ਦੀ ਮੌਤ ਪਿੱਛੋਂ ਉਸ ਦੇ ਵਾਰਸਾਂ ਨੇ ਲਗਪਗ ਤਿੰਨ ਸੌ ਸਾਲ ਤਕ ਉਸ ਦੇ ਆਰੰਭੇ ਹੋਏ ਕੰਮ ਨੂੰ ਜਾਰੀ ਰੱਖਿਆ। ਉਨ੍ਹਾਂ ਤੋਂ ਪਿੱਛੋਂ ਰੋਮਨਾਂ ਨੇ ਇਸਾਈਅਤ ਦੀ ਸਹਾਇਤਾ ਨਾਲ ਇਹ ਕੰਮ ਜਾਰੀ ਰੱਖਿਆ। ਇਸਲਾਮ ਦੇ ਆਉਣ ਨਾਲ ਮਜ਼ਹਬੀ ਦੁਸ਼ਮਣੀਆਂ, ਜਹਾਦਾਂ-ਜੰਗਾਂ ਅਤੇ ਮੁਲਕਗੀਰੀਆਂ ਨੇ ਸੱਭਿਆਚਾਰਕ ਅਤੇ ਅਧਿਆਤਮਕ ਵਿਸ਼ਵੀਕਰਨ ਦੇ ਵਿਚਾਰ ਨੂੰ ਖੁਸ਼ਫਹਿਮੀ ਅਤੇ ਅਧਿਆਤਮਵਾਦੀਆਂ ਦੀ ਕੋਰੀ ਕਲਪਨਾ ਬਣਾ ਕੇ ਸਿਆਸੀ ਵਿਸ਼ਵੀਕਰਨ ਦੇ ਜਨੂੰਨ ਨੂੰ ਜਨਮ ਦਿੱਤਾ।ਮਸ਼ੀਨੀ ਕ੍ਰਾਂਤੀ ਵੀ ਪਹਿਲੀਆਂ ਦੋ-ਤਿੰਨ ਸਦੀਆਂ ਇਸੇ ਜਨੂੰਨ ਦੀ ਤਾਬਿਆਦਾਰੀ ਕਰਦੀ ਰਹੀ ਹੈ। ਦੋ ਵੱਡੀਆਂ ਜੰਗਾਂ ਅਤੇ ਆਖ਼ਰਾਂ ਦੇ ਐਟਮੀ ਹਥਿਆਰਾਂ ਨੇ ਇਸ ਜਨੂੰਨ ਦੀ ਭਿਆਨਕਤਾ ਦਾ ਅਹਿਸਾਸ ਕਰਵਾ ਕੇ ਮਨੁੱਖੀ ਸੋਚ ਨੂੰ ਨਵੀਆਂ ਸੇਧਾਂ ਦਿੱਤੀਆਂ ਹਨ। ਵਪਾਰ ਦਾ ਵਿਸ਼ਵੀਕਰਨ ਅਜਿਹੀ ਇੱਕ ਸੇਧ ਹੈ।
ਰੂਹ ਅਤੇ ਰੱਬ ਦੀ ਸਰਵਵਿਆਪਕਤਾ ਸਾਡੇ ਦੁਨਿਆਵੀ ਕੰਮਾਂ ਵਿੱਚ ਬਹੁਤਾ ਦਖ਼ਲ ਨਹੀਂ ਦਿੰਦੀ। ਇਸ ਲਈ ਅਧਿਆਤਮਕ ਵਿਸ਼ਵੀਕਰਨ ਦੁਨਿਆਵੀ ਤੌਰ ’ਤੇ ਬਹੁਤੇ ਮਹੱਤਵ ਵਾਲੀ ਗੱਲ ਨਹੀਂ। ਇਹ ਹੋਰ ਹਰ ਪ੍ਰਕਾਰ ਦੇ ਵਿਸ਼ਵੀਕਰਨ ਵਿੱਚ ਸਹਾਇਤਾ ਕਰ ਸਕਦਾ ਹੈ ਅਤੇ ਸਿਆਸੀ ਵਿਸ਼ਵੀਕਰਨ ਨੇ ਇਸ ਕੋਲੋਂ ਪੂਰੀ ਸਹਾਇਤਾ ਲੈਣ ਦਾ ਯਤਨ ਕੀਤਾ ਹੈ। ਕੌਮੀ ਸੱਭਿਆਚਾਰਾਂ ਦੇ ਵਿਕਾਸ ਨੇ ਸੰਸਾਰ ਦੇ ਸੱਭਿਆਚਾਰਕ ਵਿਸ਼ਵੀਕਰਨ ਦਾ ਡਟ ਕੇ ਵਿਰੋਧ ਕੀਤਾ ਹੈ। ਸਿਆਸੀ ਵਿਸ਼ਵੀਕਰਨ ਨਾ ਪਹਿਲਾਂ ਸਤਿਕਾਰਯੋਗ ਸਮਝਿਆ ਜਾਂਦਾ ਸੀ, ਨਾ ਹੁਣ ਸੁਖਾਵਾਂ ਮੰਨਿਆ ਜਾਂਦਾ ਹੈ। ਜੇ ਸਿਆਸੀ ਚੌਧਰੀ ਪ੍ਰਭੁਤਾ ਅਤੇ ਹੁਕਮਰਾਨੀ ਦੀ ਥਾਂ ਦੁਨੀਆਂ ਦੇ ਦੇਸ਼ਾਂ ਨੂੰ ਮਨੁੱਖੀ ਸਮਾਜਾਂ ਦੇ ਸੁਹਣੇ ਸੁਖਾਵੇਂ ਘਰ ਬਣਾਉਣ ਵੱਲ ਧਿਆਨ ਦੇਣ ਲੱਗ ਪੈਣ ਤਾਂ ਹਾਲਤ ਬਦਲ ਸਕਦੀ ਹੈ।
ਅਧਿਆਤਮਕ ਵਿਸ਼ਵੀਕਰਨ ਅਲੌਕਿਕ ਅਤੇ ਬੇਲੋੜਾ ਹੋਣ ਕਰਕੇ, ਸੱਭਿਆਚਾਰਕ ਵਿਸ਼ਵੀਕਰਨ ਔਖਾ ਅਤੇ ਗ਼ੈਰ-ਕੁਦਰਤੀ ਹੋਣ ਕਰਕੇ ਅਤੇ ਸਿਆਸੀ ਵਿਸ਼ਵੀਕਰਨ ਅਨਿਆਂਪੂਰਨ ਅਤੇ ਅਣਮਨੁੱਖੀ ਹੋਣ ਕਰਕੇ ਮਨੁੱਖ ਦੁਆਰਾ ਚਾਹੇ, ਸਲਾਹੇ ਅਤੇ ਅਪਣਾਏ ਨਹੀਂ ਗਏ। ਵਪਾਰਕ ਵਿਸ਼ਵੀਕਰਨ ਦੀ ‘ਚੇਤਨ ਚਰਚਾ’ ਬਹੁਤੀ ਨਹੀਂ ਹੋਈ ਤਾਂ ਵੀ ਆਪਣੇ ਆਰੰਭ ਤੋਂ ਹੀ ਵਪਾਰ ਵਿਸ਼ਵ ਵਿਆਪਕਤਾ ਦੀਆਂ ਸੰਭਾਵਨਾਵਾਂ ਦਾ ਧਾਰਨੀ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਜੀਵਨ ਦੀਆਂ ਬੁਨਿਆਦੀ ਲੋੜਾਂ ਨਾਲ ਸਬੰਧਿਤ ਹੈ। ਗੁੱਲੀ, ਜੁੱਲੀ ਅਤੇ ਕੁੱਲੀ ਜੀਵਨ ਦੀਆਂ ਬੁਨਿਆਦੀ ਲੋੜਾਂ ਹਨ ਜਿਨ੍ਹਾਂ ਦੀ ਪੂਰਤੀ ਪਿੱਛੋਂ ਜੀਵਨ ਮਾਨਸਿਕ ਵਿਕਾਸ ਦੀ ਇੱਛਾ ਕਰਨ ਲੱਗ ਪੈਂਦਾ ਹੈ। ‘ਗਿਆਨ ਦਾ ਵਾਧਾ’ ਅਤੇ ‘ਸਬੰਧਾਂ ਦੀ ਸੁੰਦਰਤਾ’। ਦੂਜੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਦਰਸ਼ਨ ਅਤੇ ਕਲਾ ਇਸ ਇੱਛਾ ਦੀ ਪੂਰਤੀ ਦੀਆਂ ਬੁਨਿਆਦੀ ਸ਼ਰਤਾਂ ਹਨ। ਆਪਣੇ ਜਨਮ ਤੋਂ ਹੀ ਵਪਾਰ ਇਨ੍ਹਾਂ ਦੋਹਾਂ ਲੋੜਾਂ ਦੀ ਪੂਰਤੀ ਦਾ ਸਾਧਨ ਬਣਦਾ ਆਇਆ ਹੈ। ਯੂਨਾਨੀ ਫ਼ਲਸਫ਼ੇ ਦੀ ਨੀਂਹ ਯੂਨਾਨ ਤੋਂ ਬਾਹਰ ਵੱਸੇ ਯੂਨਾਨੀ ਵਪਾਰਕ ਨਗਰ ਰਾਜਾਂ ਦੁਆਰਾ ਰੱਖੀ ਗਈ। ਚੀਨ ਦਾ ਰੇਸ਼ਮ ਅਤੇ ਭਾਰਤ ਦੇ ਮਸਾਲੇ ਚੀਨ ਤੋਂ ਇਟਲੀ ਤਕ ਜਿਸ ਰਸਤੇ ਆਉਂਦੇ ਰਹੇ ਹਨ, ਉਸ ਨੂੰ ‘ਰੇਸ਼ਮੀ ਰਸਤਾ’ (Silk Route) ਆਖਿਆ ਜਾਂਦਾ ਹੈ। ਇਸ ਰਸਤੇ ਰਾਹੀਂ ਵਪਾਰੀਆਂ ਦਾ ਵੱਖਰ ਹੀ ਇੱਕ ਤੋਂ ਦੂਜੇ ਦੇਸ਼ ਤਕ ਨਹੀਂ ਸੀ ਪਹੁੰਚਾਇਆ ਜਾਂਦਾ ਸਗੋਂ ਵੱਖ ਵੱਖ ਦੇਸ਼ਾਂ ਵਿੱਚ ਸੱਭਿਆਚਾਰਕ ਸਾਂਝ ਵੀ ਪੈਦਾ ਕੀਤੀ ਜਾਂਦੀ ਸੀ। ਇਨ੍ਹਾਂ ਰਸਤਿਆਂ ’ਤੇ ਤੁਰਨ ਵਾਲਿਆਂ ਨੇ ਸਹਿਣਸ਼ੀਲਤਾ, ਉਦਾਰਤਾ ਅਤੇ ਮਿੱਤਰਤਾ ਦੇ ਵਡਮੁੱਲੇ ਸੌਦੇ ਵੀ ਖਰੀਦੇ ਅਤੇ ਵੇਚੇ ਹਨ। ਬ੍ਰਾਹਮੀ ਲਿੱਪੀ ਇਸੇ ਰਸਤੇ ਤੁਰ ਕੇ ਫਿਨੀਸ਼ੀਆ ਤੋਂ ਭਾਰਤ ਆਈ ਸੀ ਅਤੇ 1, 2, 3, 4 ਅਤੇ 0 ਆਦਿ ਦੇ ਦਸ ਅੰਕੜੇ ਇਸੇ ਰਾਹ ’ਤੇ ਤੁਰਦੇ ਤੁਰਦੇ ਹਿੰਦੁਸਤਾਨ ਤੋਂ ਮੱਧ ਪੂਰਬੀ ਦੇਸ਼ਾਂ ਵਿੱਚ ਜਾਣ ਕਰਕੇ ‘ਹਿੰਦਸੇ’ (ਹਿੰਦ ਤੋਂ ਆਏ ਹੋਏ) ਅਖਵਾਏ।
ਪੁਰਾਣੇ ਵਕਤਾਂ ਦਾ ਜਨ-ਸਾਧਾਰਨ ਵਪਾਰ ਦੇ ਵਿਸ਼ਵੀਕਰਨ ਦਾ ਵਿਰੋਧੀ ਨਹੀਂ ਸੀ। ਇਸ ਤੋਂ ਉਸ ਦੀ ਕੌਮੀ ਗ਼ੈਰਤ, ਸੱਭਿਆਚਾਰਕ ਸ਼ੁੱਧਤਾ ਅਤੇ ਅਖੌਤੀ ਸਿਆਸੀ ਸੁਤੰਤਰਤਾ ਨੂੰ ਕੋਈ ਖ਼ਤਰਾ ਨਹੀਂ ਸੀ। ਹੋਰ ਹਰ ਪ੍ਰਕਾਰ ਦੇ ਵਿਸ਼ਵੀਕਰਨ ਦਾ ਵਿਰੋਧ ਕਰਨ ਲਈ ਜਨ ਸਾਧਾਰਨ ਨੂੰ ਵਰਗਲਾਇਆ ਜਾਣਾ ਸੌਖਾ ਸੀ। ਵਪਾਰਕ ਵਿਸ਼ਵੀਕਰਨ ਦੇ ਰਸਤੇ ਦੀ ਸਭ ਤੋਂ ਵੱਧੀ ਰੁਕਾਵਟ ਸੀ ਆਵਾਜਾਈ ਦੇ ਸਾਧਨਾਂ ਦੀ ਅਣਹੋਂਦ। ਅਜੋਕੇ ਸਮੇਂ ਵਿੱਚ ਇਸ ਸਮੱਸਿਆ ਦਾ ਹੱਲ ਲੱਭ ਲਿਆ ਗਿਆ ਹੈ। ਹੁਣ ਦੁਨੀਆਂ ਪਹਿਲਾਂ ਜਿੰਨੀ ਵੱਡੀ ਨਹੀਂ ਰਹੀ। ਹੁਣ ਦਿੱਲੀ ਵਿੱਚ ਬੈਠੇ ਵਪਾਰੀ ਨਿਊਯਾਰਕ ਵਿੱਚ ਬੈਠੇ ਵਪਾਰੀਆਂ ਨਾਲ ਇਉਂ ਆਹਮੋ-ਸਾਹਮਣੇ ਗੱਲ ਕਰ ਸਕਦੇ ਹਨ, ਜਿਵੇਂ ਉਹ ਇੱਕ ਕਮਰੇ ਵਿੱਚ ਇੱਕ ਮੇਜ਼ ਦੇ ਆਸੇ-ਪਾਸੇ ਬੈਠੇ ਹੋਣ। ਕੀਨੀਆ ਅਤੇ ਸਾਈਪ੍ਰਸ ਵਿੱਚ ਉਗਾਈਆਂ ਹੋਈਆਂ ਸਬਜ਼ੀਆਂ ਅੱਜ ਹੀ ਤੋੜ ਕੇ ਅੱਜ ਹੀ ਪੈਰਿਸ ਜਾਂ ਲੰਡਨ ਦੇ ਕਿਸੇ ਘਰ ਦੀ ਰਸੋਈ ਵਿੱਚ ਪਕਾਈਆਂ ਜਾ ਸਕਦੀਆਂ ਹਨ। ਇਹ ਕੋਈ ਸੁਪਨਾ ਜਾਂ ਰੀਝ ਨਹੀਂ, ਇਉਂ ਹੋ ਰਿਹਾ ਹੈ।
ਜਿੱਥੇ ਟੈਕਨੋਲੋਜੀ ਨੇ ਦੁਨੀਆਂ ਛੋਟੀ ਕਰ ਦਿੱਤੀ ਹੈ, ਉੱਥੇ ਕਈ ਅਜਿਹੀਆਂ ਬੁਰਾਈਆਂ ਵੀ ਪੈਦਾ ਹੋਈਆਂ ਹਨ ਜਿਨ੍ਹਾਂ ਕਾਰਨ ਮਾਨਸਿਕ ਦੂਰੀਆਂ ਵਧੀਆਂ ਹਨ। ਉੱਨੀਵੀਂ ਸਦੀ ਵਿੱਚ ਯੂਰੋਪ ਨੂੰ ਅਤੇ ਵੀਹਵੀਂ ਸਦੀ ਵਿੱਚ ਅਖੌਤੀ ਤੀਜੀ ਦੁਨੀਆਂ ਨੂੰ ਰਾਸ਼ਟਰਵਾਦ ਦਾ ਭੂਤ ਚਿੰਬੜਿਆ ਰਿਹਾ ਹੈ। ਯੂਰੋਪ ਵਿੱਚ ਇਸ ਭੂਤ ਦੀ ਭਿਆਨਕਤਾ ਨੂੰ ਪਛਾਣਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਤੀਜੀ ਦੁਨੀਆਂ ਦੇ ਲੋਕ ਇਸ ਦੀ ਪੂਜਾ ਨੂੰ ਪਰਮ ਧਰਮ ਮੰਨਦੇ ਹਨ। ਰਾਸ਼ਟਰਵਾਦ ਹਰ ਪ੍ਰਕਾਰ ਦੇ ਵਿਸ਼ਵੀਕਰਨ ਦਾ ਵਿਰੋਧੀ ਹੈ। ਕਮਿਊਨਿਜ਼ਮ ਨੇ ਵੀ ਹੈਲਿਨਾਈਜੇਸ਼ਨ ਵਰਗੇ ਵਿਸ਼ਵੀਕਰਨ ਦੇ ਸੁਪਨੇ ਨੂੰ ਸਿਕੰਦਰ ਦੇ ਤਰੀਕੇ ਅਨੁਸਾਰ ਪਹਿਲਾਂ ਸਿਆਸੀ ਵਿਸ਼ਵੀਕਰਨ ਕਰ ਕੇ ਪਿੱਛੋਂ ਸੱਭਿਆਚਾਰਕ ਵਿਸ਼ਵੀਕਰਨ ਦੀ ਵਿਧੀ ਅਪਣਾ ਕੇ ਸਾਕਾਰ ਕਰਨ ਦੇ ਮਨਸੂਬੇ ਬਣਾਏ ਸਨ। ਇਸ ਵਿਸ਼ਵੀਕਰਨ ਦੀ ਅਸਫਲਤਾ ਦੇ ਕਾਰਨਾਂ ਵਿੱਚ ਮਾਰਕਸਵਾਦੀ ਸਿਧਾਂਤ ਦੀ ਕਚਿਆਈ ਦੇ ਨਾਲ ਨਾਲ ਰਾਸ਼ਟਰਵਾਦੀ ਭਾਵਨਾ ਦੀ ਪਕਿਆਈ ਵੀ ਸ਼ਾਮਲ ਸੀ। ਸਿਆਸਤ ਨੂੰ ਆਰਥਿਕਤਾ ਦੇ ਗੱਡੇ ਸਾਹਮਣੇ ਜੋਣ ਦੀ ਜਿਹੜੀ ਗ਼ਲਤੀ ਮਾਰਕਸਵਾਦ ਨੇ ਕੀਤੀ ਹੈ, ਉਹ ਜੰਗਲੀ ਕਬੀਲੇ ਵੀ ਨਹੀਂ ਸਨ ਕਰਦੇ। ਪੁਰਾਤਨ ਸਮੇਂ ਦੇ ਅਸੱਭਿਆ ਲੋਕ ਜਦੋਂ ਆਪਣੀ ਜਿਣਸ ਦੇ ਵਟਾਂਦਰੇ ਦਾ ਵਪਾਰ ਕਰਦੇ ਸਨ, ਉਦੋਂ ਉਹ ਦੋਹਾਂ ਪਾਸਿਆਂ ਤੋਂ ਆਪਣੀਆਂ ਇਸਤਰੀਆਂ ਨੂੰ ਆਪੋ-ਆਪਣਾ ਮਾਲ ਦੇ ਕੇ ਅੱਗੇ ਭੇਜ ਦਿੰਦੇ ਸਨ। ਜਦੋਂ ਇਸਤਰੀਆਂ ਜਿਣਸਾਂ ਦੇ ਵਟਾਂਦਰੇ ਦਾ ਕੰਮ ਕਰ ਰਹੀਆਂ ਹੁੰਦੀਆਂ ਸਨ, ਉਦੋਂ ਦੋਹਾਂ ਪਾਸਿਆਂ ਦੇ ਆਦਮੀ ਤੀਰ-ਕਮਾਨ ਅਤੇ ਬਰਛੇ-ਨੇਜ਼ੇ ਫੜੀ, ਮਿੱਥੀ ਹੋਈ ਦੂਰੀ ’ਤੇ ਆਪੋ ਆਪਣੀਆਂ ਇਸਤਰੀਆਂ ਦੀ ਰਖਵਾਲੀ ਲਈ ਤਿਆਰ ਖਲੋਤੇ ਰਹਿੰਦੇ ਸਨ। ਇਸ ਪ੍ਰਕਾਰ ਦੇ ਵਪਾਰ ਦਾ ਰਿਵਾਜ ਮੈਲੇਨੀਸ਼ੀਆ ਦੇ ਲੋਕਾਂ ਵਿੱਚ ਆਮ ਸੀ। ਉਹ ਨਿੱਕੇ ਨਿੱਕੇ ਟਾਪੂਆਂ ’ਤੇ ਵੱਸਣ ਵਾਲੇ ਲੋਕਾਂ ਕੋਲੋਂ ਮੱਛੀ ਲੈ ਕੇ ਸਬਜ਼ੀਆਂ ਦਿੰਦੇ ਸਨ।
ਇਨ੍ਹਾਂ ਵਪਾਰਕ ਮੌਕਿਆਂ ’ਤੇ ਲੜਾਈ ਘੱਟ ਵੱਧ ਹੀ ਹੁੰਦੀ ਸੀ; ਹੋਰ ਮੌਕੇ ’ਤੇ ਨਿੱਕੇ ਟਾਪੂ ਦਾ ਵਾਸੀ ਮੈਲੇਨੀਸ਼ੀਆ ਦੇ ਲੋਕਾਂ ਦੇ ਹੱਥ ਆਇਆ ਬਚ ਕੇ ਨਹੀਂ ਸੀ ਜਾਂਦਾ, ਕਿਉਂ ਜੁ ਉਸ ਸਮੇਂ ਸੱਤਾ ਜਾਂ ਸਿਆਸਤ ਪ੍ਰਮੁੱਖ ਹੁੰਦੀ ਸੀ। ਮਾਰਕਸਵਾਦ ਸਟੇਟ ਕੈਪੀਟਲਿਜ਼ਮ ਦਾ ਵਾਦ ਹੈ। ਇਸ ਵਿੱਚ ਸਟੇਟ ਜਾਂ ਸਿਆਸਤ ਨੂੰ ਪ੍ਰਮੁੱਖਤਾ ਪ੍ਰਾਪਤ ਸੀ। ਕੈਪੀਟਲਿਜ਼ਮ ਵਿੱਚ ਕੈਪੀਟਲ ਵਪਾਰ ਜਾਂ ਅਰਥ ਪ੍ਰਮੁੱਖ ਹੈ; ਤੀਰ ਕਮਾਨਾਂ ਵਾਲੇ ਲੋਕ ਪਿੱਛੇ ਖਲੋਤੇ ਹੁੰਦੇ ਹਨ।
ਵਿਸ਼ਵੀਕਰਨ ਦੇ ਵਿਰੋਧੀ ਅੱਜਕੱਲ੍ਹ ਇਹ ਨਹੀਂ ਆਖਦੇ ਕਿ ਇਸ ਵਿਸ਼ਵੀਕਰਨ ਪਿੱਛੇ ਤੀਜੀ ਦੁਨੀਆਂ ਦੇ ਦੇਸ਼ਾਂ ’ਤੇ ਕਬਜ਼ਾ ਕਰਨ ਦੀ ਉਹੋ ਰੁਚੀ ਜਾਂ ਇੱਛਾ ਕੰਮ ਕਰ ਰਹੀ ਹੈ ਜਿਸ ਦੀ ਪ੍ਰੇਰਣਾ ਨਾਲ ਸਨਅਤੀ ਸਮਾਜਾਂ ਨੇ ਵੱਡੇ ਵੱਡੇ ਸਾਮਰਾਜ ਕਾਇਮ ਕੀਤੇ ਸਨ। ਇਨ੍ਹਾਂ ਵਿਰੋਧੀਆਂ ਨੂੰ ਪਤਾ ਹੈ ਕਿ ਹੁਣ ਦੂਜੇ ਦੇਸ਼ਾਂ ’ਤੇ ਸੈਨਿਕ ਜਾਂ ਵਪਾਰਕ ਸੱਤਾ ਨਾਲ ਕਬਜ਼ਾ ਕਰਨ ਦਾ ਯੁੱਗ ਬੀਤ ਗਿਆ ਹੈ। ਹੁਣ ਇਹ ਆਖਿਆ ਜਾਂਦਾ ਹੈ ਕਿ ਇਹ ਪੱਛੜੇ ਹੋਏ ਅਤੇ ਉੱਨਤੀ ਕਰ ਰਹੇ ਦੇਸ਼ਾਂ ਨੂੰ ਲੁੱਟਣ ਦੀ ਚਾਲ ਹੈ। ਇਸ ਗੱਲ ਨੂੰ ਮੰਨਿਆ ਜਾਣਾ ਕੁਦਰਤੀ ਹੈ, ਕਿਉਂ ਜੁ ਪਿਛਲੀਆਂ ਦੋ ਢਾਈ ਸਦੀਆਂ ਦੇ ਸਿਆਸੀ ਕਬਜ਼ਿਆਂ ਪਿੱਛੇ ਵੀ ਆਰਥਿਕ ਲਾਭ (ਜਾਂ ਲੁੱਟ) ਹੀ ਮਨਰੋਥ ਰੂਪ ਸੀ। ਗਰਮ ਦੁੱਧ ਪੀਣ ਲੱਗਿਆਂ ਜਿਸ ਦਾ ਮੂੰਹ ਸੜਿਆ ਹੋਵੇ, ਉਸ ਲਈ ਲੱਸੀ ਨੂੰ ਫੂਕਾਂ ਮਾਰਨ ਦਾ ਮਿਹਣਾ ਨਹੀਂ, ਨਾ ਹੀ ਉਸ ਦੁਆਰਾ ਫੂਕਾਂ ਮਾਰੀਆਂ ਜਾਣ ਦੀ ਕਿਰਿਆ ਲੱਸੀ ਦੇ ਗਰਮ ਹੋਣ ਦਾ ਸਬੂਤ ਹੈ। ਹੁਣ ਸਿਆਸੀ ਕਬਜ਼ਿਆਂ ਦਾ ਯੁੱਗ ਬੀਤ ਗਿਆ ਹੈ ਅਤੇ ਆਰਥਿਕ ਲੁੱਟ ਦਾ ਵੇਲਾ ਵੀ ਵਿਹਾ ਗਿਆ ਹੈ। ਉਂਜ ਤਾਂ ਲੁਟੇਰਾ ਵੀ ਇਹ ਚਾਹੁੰਦਾ ਹੈ ਕਿ ਜਿਸ ਨੂੰ ਮੈਂ ਲੁੱਟਣ ਲੱਗਾ ਹਾਂ, ਉਸ ਦੀ ਜੇਬ੍ਹ ਵਿੱਚ ਮਾਲ ਜ਼ਰੂਰ ਹੋਵੇ, ਪਰ ਵਪਾਰੀ ਲੁਟੇਰਾ ਨਹੀਂ ਅਤੇ ਨਾ ਹੀ ਉਹ ਲੋਕ ਬੁੱਧੂ ਹੁੰਦੇ ਹਨ ਜਿਨ੍ਹਾਂ ਨਾਲ ਉਸ ਨੇ ਵਪਾਰ ਕਰਨਾ ਹੁੰਦਾ ਹੈ। ਹਰ ਸਿਆਣਾ ਵਪਾਰੀ ਆਪਣੇ ਗਾਹਕ ਦੀ ਖੁਸ਼ਹਾਲੀ ਚਾਹੁੰਦਾ ਹੈ ਕਿਉਂਕਿ ਇਸ ਨਾਲ ਉਸ ਦੇ ਵਪਾਰ ਦੀ ਉਮਰ ਲੰਮੀ ਹੁੰਦੀ ਹੈ। ਵਪਾਰੀ ਨੂੰ ਮੂਰਖ ਸਮਝਣਾ ਬਹੁਤੀ ਸਿਆਣਪ ਵਾਲੀ ਗੱਲ ਨਹੀਂ।
ਇਉਂ ਮੰਨਣਾ ਵੀ ਨਿਰੋਲ ਸਿਆਣਪ ਨਹੀਂ ਕਿ ਵਿਸ਼ਵੀਕਰਨ ਵਿੱਚੋਂ ਕਿਸੇ ਲਈ ਕੋਈ ਦੁੱਖ, ਕਲੇਸ਼, ਹਾਨੀ ਜਾਂ ਨਿਰਾਸ਼ਾ ਨਹੀਂ ਉਪਜੇਗੀ। ਹਰ ਉੱਥਲ-ਪੁੱਥਲ ਕਲੇਸ਼ ਪੈਦਾ ਕਰਦੀ ਹੈ। ਜਿਸ ਮਸ਼ੀਨੀ ਕ੍ਰਾਂਤੀ ਨੇ ਮਨੁੱਖੀ ਜੀਵਨ ਲਈ ਸੁਖ ਸਮੱਗਰੀ ਦੇ ਢੇਰ ਲਾਏ ਹਨ, ਬਾਲ ਮਜ਼ਦੂਰੀ ਦੀ ਕਰੂਪਤਾ ਨੂੰ ਵੀ ਉਸੇ ਨੇ ਜਨਮ ਦਿੱਤਾ ਸੀ। ਇਨ੍ਹਾਂ ਬੁਰਾਈਆਂ ਨੂੰ ਪਰਵਾਨ ਕਰਨ ਦੀ ਸਲਾਹ ਮੈਂ ਨਹੀਂ ਦਿਆਂਗਾ। ਅਜਿਹੀ ਸਲਾਹ ਇਨਕਲਾਬਾਂ ਦੀ ਵਕਾਲਤ ਕਰਨ ਵਾਲੇ ਦੇਣਗੇ। ਮਨੁੱਖੀ ਸਮਾਜਾਂ ਨੂੰ ਆਪਣੇ ਇਤਿਹਾਸ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਵਾਲੀ ਚੇਤਨ ਸੱਤਾ ਨਹੀਂ, ਨਾ ਹੀ ਹੀਗਲ ਦੇ ਹੁਕਮ ਵਿੱਚ ਤੁਰਦੀ ਹੋਈ ਕੋਈ ਚੇਤਨ ਸੱਤਾ ਇਤਿਹਾਸ ਦੀ ਰੂਪ-ਰੇਖਾ ਉਲੀਕਦੀ ਹੈ। ਮਨੁੱਖ ਜਾਤੀ ਆਪਣੇ ਵਿਕਾਸ ਨੂੰ ਆਪਣੀ ਸਿਆਣਪ ਨਾਲ ਆਪਣੇ ਮਨਚਾਹੇ ਰਸਤਿਆਂ ’ਤੇ ਤੋਰਨ ਦੇ ਸਮਰੱਥ ਹੈ। ਵਿਸ਼ੇਸ਼ ਕਰਕੇ ਵਪਾਰਕ ਵਿਸ਼ਵੀਕਰਨ ਦੀਆਂ ਸੰਭਾਵੀ ਬੁਰਾਈਆਂ ਨੂੰ ਉਪਜਣੋਂ, ਵਾਪਰਨੋਂ ਰੋਕਿਆ ਜਾ ਸਕਦਾ ਹੈ।
ਅੱਜ ਤੋਂ ਢਾਈ ਕੁ ਹਜ਼ਾਰ ਸਾਲ ਪਹਿਲਾਂ ਬੁੱਧ ਦੀ ਸੋਚ ਆਪਣੇ ਸਮੇਂ ਦੀਆਂ ਭੌਤਿਕ ਪ੍ਰਸਥਿਤੀਆਂ ਤੋਂ ਅਗੇਰੇ ਨਿਕਲ ਗਈ ਸੀ। ਹੁਣ ਵਿਗਿਆਨ, ਕੰਪਿਊਟਰ, ਟੈਲੀਵਿਜ਼ਨ ਆਦਿ ਦੀ ਸਹਾਇਤਾ ਨਾਲ ਭੌਤਿਕ ਵਿਕਾਸ ਮਨੁੱਖੀ ਸੋਚ ਨੂੰ ਪਿੱਛੇ ਛੱਡ ਗਿਆ ਹੈ। ਵਿਗਿਆਨ ਅਤੇ ਟੈਕਨੋਲੋਜੀ ਦਾ ਵਿਕਾਸ ਸੰਸਾਰ ਦੀ ਸੱਭਿਆਚਾਰਕ, ਆਰਥਿਕ ਅਤੇ ਵਪਾਰਕ ਸਾਂਝ ਵੱਲ ਸੰੰਕੇਤ ਕਰ ਰਿਹਾ ਹੈ। ਦੁਨੀਆਂ ਦੀ ਮੌਜੂਦਾ ਹਾਲਤ ਇਸ ਸਾਂਝ ਦੀ ਲੋੜ ਮਹਿਸੂਸ ਕਰਵਾ ਰਹੀ ਹੈ। ਇਸ ਸਾਂਝ ਦਾ ਵਿਰੋਧ ਕਰਨ ਵਾਲੀ ਸੋਚ ਨੂੰ ਰਾਸ਼ਟਰੀ ਭਾਵਨਾ ਦੀ ਪ੍ਰਬਲਤਾ ਅਤੇ ਮਾਰੂ ਹਥਿਆਰਾਂ ਦੇ ਬੇਰੋਕ ਵਾਧੇ ਦੇ ਭਿਆਨਕ ਸੰਜੋਗ ਵਿੱਚੋਂ ਉਪਰ ਰਹੀ ਅਸਹਿ ਅਤੇ ਅਕਹਿ ਪੀੜ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਭ ਤੋਂ ਵੱਧ ਧਿਆਨ ਇਸ ਗੱਲ ਦਾ ਰੱਖਣਾ ਚਾਹੀਦਾ ਹੈ ਕਿ ਪੂਰਬ ਅਤੇ ਪੱਛਮ ਦੇ ਸਮਾਜਿਕ ਜੀਵਨ ਵਿੱਚ ਕੀ ਅੰਤਰ ਹੈ। ਕੀ ਵਜ੍ਹਾ ਹੈ ਕਿ ਪੱਛਮ ਦੀਆਂ ਸਾਰੀਆਂ ਸਿਆਸੀ, ਆਰਥਿਕ, ਤਕਨੀਕੀ, ਵਿੱਦਿਅਕ, ਕਾਨੂੰਨੀ, ਵਪਾਰਕ, ਸੰਚਾਰ ਅਤੇ ਪ੍ਰਸਾਰ-ਸਬੰਧਿਤ ਵਿਧੀਆਂ ਅਤੇ ਸੰਸਥਾਵਾਂ ਨੂੰ ਅਪਨਾਉਣ ’ਤੇ ਵੀ ਪੱਛਮੀ ਅਤੇ ਪੂਰਬੀ ਦੇਸ਼ਾਂ ਦੇ ਪ੍ਰਬੰਧਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ? ਪੱਛਮੀ ਦੇਸ਼ਾਂ ਵਿੱਚ ਜੀਵਨ ਦੀ ਏਨੀ ਇੱਜ਼ਤ, ਏਨੀ ਹਿਫ਼ਾਜ਼ਤ ਕਿਉਂ? ਪੂਰਬੀ ਦੇਸ਼ਾਂ ਵਿੱਚ ਜੀਵਨ ਦੀ ਏਨੀ ਬੇਕਦਰੀ ਅਤੇ ਬੇਹੁਰਮਤੀ ਦਾ ਇਲਾਜ ਕੀ ਹੈ? ਹੁਣ ਉਹ ਵਕਤ ਨਹੀਂ ਰਹੇ ਕਿ ਇਬਰਾਹੀਮ ਲੋਧੀ ਦੀ ਪ੍ਰਬੰਧਹੀਣਤਾ ਦਾ ਇਲਾਜ ਕਰਨ ਲਈ ਬਾਬਰ ਨੂੰ ਰਾਣਾ ਸਾਂਗਾ ਦੇ ਸੱਦੇ ’ਤੇ ਭਾਰਤ ਉੱਤੇ ਹਮਲਾ ਕਰਨਾ ਪਵੇ। ਅਜੋਕੇ ਸਮੇਂ ਵਿੱਚ ਕਿਸੇ ਦੂਜੇ ਦੇਸ਼ ’ਤੇ ਰਾਜ ਕਰਨ ਜਾਂ ਉਸ ਨੂੰ ਲੁੱਟਣ ਦੇ ਸੁਪਨੇ ਵੇਖਣ ਵਾਲੇ ਲੋਕ ਲੱਭਣੇ ਔਖੇ ਹਨ। ਉੱਨਤ ਦੇਸ਼ਾਂ ਨਾਲ ਮੇਲ-ਜੋਲ ਵਧਾਏ ਬਿਨਾਂ ਉਨ੍ਹਾਂ ਦੀਆਂ ਖ਼ੂਬੀਆਂ ਅਤੇ ਸਾਡੀਆਂ ਖਾਮੀਆਂ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣ ਦਾ, ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਦਾ ਅਵਸਰ ਨਹੀਂ ਮਿਲੇਗਾ। ਆਧੁਨਿਕ ਯੁੱਗ ਵਿੱਚ ਮੇਲ-ਜੋਲ ਦਾ ਤਰੀਕਾ ਸਿਆਸੀ ਸੱਤਾ ਨਹੀਂ ਸਗੋਂ ਵਪਾਰਕ ਸਦਭਾਵਨਾ ਹੈ। ਇਸ ਸਦਭਾਵਨਾ ਸਾਹਮਣੇ ਖਲੋਤੀਆਂ ਦੀਵਾਰਾਂ ਨੂੰ ਢਾਹੁਣ ਨਾਲ ਉਹੋ ਨਤੀਜੇ ਨਿਕਲਣਗੇ ਜਿਹੜੇ ਬਰਲਿਨ ਦੀ ਦੀਵਾਰ ਢਾਹੁਣ ਨਾਲ ਨਿਕਲੇ ਹਨ।
ਪੱਛਮ ਦੀ ਨੀਅਤ ’ਤੇ ਸ਼ੱਕ ਕਰਦੇ ਹੋਏ ਅਸੀਂ ਸਦਭਾਵੀ ਹੋਣ ਦਾ ਦਾਅਵਾ ਨਹੀਂ ਕਰ ਸਕਦੇ। ਸਦਭਾਵਨਾ ਆਪਸੀ ਭਰੋਸੇ ਅਤੇ ਸਦਭਾਵਨਾ ਵਿੱਚੋਂ ਉਪਜਦੀ ਹੈ।.
ਪੂਰਨ ਸਿੰਘ ਯੂ.ਕੇ.
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ