Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਸੁਣ ਨੀ ਕੁੜੀਏ ਸੱਗੀ ਵਾਲੀਏ… ਪਰਮਜੀਤ ਕੌਰ ਸਰਹਿੰਦ


    
  

Share
  
ਸਿਰ-ਮੱਥੇ ’ਤੇ ਸ਼ਿੰਗਾਰ ਲਈ ਪੇਂਡੂ ਔਰਤਾਂ ਦਾ ਬਹੁ-ਚਰਚਿਤ ਤੇ ਬਹੁ-ਚਹੇਤਾ ਗਹਿਣਾ ‘ਸੱਗੀ ਫੁੱਲ’ ਰਿਹਾ ਹੈ। ਇਹ ਗਹਿਣਾ ਤਿੰਨ ਗਹਿਣਿਆਂ ਦਾ ਇਕੱਠ ਹੈ। ਭਾਵ ਇਕ ਸੱਗੀ ਅਤੇ ਦੋ ਫੁੱਲ। ਭਾਵੇਂ ਸੱਗੀ ਫੁੱਲਾਂ ਨਾਲ ਹੀ ਸੰਪੂਰਨ ਹੁੰਦੀ ਹੈ, ਪਰ ਆਮ ਤੌਰ ’ਤੇ ਇਕੱਲਾ ਸੱਗੀ ਹੀ ਕਹਿ ਲਿਆ ਜਾਂਦਾ ਹੈ ਅਤੇ ਇਹ ਸੱਗੀ ਫੁੱਲ ਦਾ ਪੂਰਕ ਹੋ ਨਿੱਬੜਦਾ ਹੈ। ਸੱਗੀ ਫੁੱਲ ਸਿਰ ਦੇ ਸ਼ਿੰਗਾਰ ਦਾ ਸੋਨੇ ਤੇ ਚਾਂਦੀ ਦੇ ਪੱਤਰੇ ਦਾ ਬਣਿਆ ਇਕ ਨਿੱਕੇ ਜਿਹੇ ਗੁੰਬਦ ਦੀ ਸ਼ਕਲ ਦਾ ਗਹਿਣਾ ਹੈ। ਸੁਹਾਗ ਦੇ ਪ੍ਰਤੀਕ ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਵੀ ਆਖੀ ਜਾ ਸਕਦੀ ਹੈ। ਸੱਗੀ ਆਕਾਰ ਵਿਚ ਵੱਡੀ ਤੇ ਫੁੱਲ ਛੋਟੇ ਹੁੰਦੇ ਹਨ। ਇਨ੍ਹਾਂ ਤਿੰਨਾਂ ਦੀ ਬਣਤਰ ਇਕੋ ਜਿਹੀ ਹੁੰਦੀ ਹੈ, ਬਸ ਆਕਾਰ ਦਾ ਫਰਕ ਹੁੰਦਾ ਹੈ। ਚਾਂਦੀ ਦੇ ਪਤਲੇ ਪੱਤਰੇ ’ਤੇ ਸੋਨੇ ਦਾ ਪੱਤਰਾ ਚੜ੍ਹਾ ਕੇ ਸੱਗੀ ਫੁੱਲ ਬਣਾਏ ਜਾਂਦੇ ਜੋ ਅੰਦਰੋਂ ਖੋਖਲੇ ਹੁੰਦੇ। ਸੱਗੀ ਫੁੱਲਾਂ ਦੇ ਸਿਰੇ ’ਤੇ ਨਿੱਕੀ ਜਿਹੀ ਡੋਡੀ ਹੁੰਦੀ। ਸੱਗੀ ਫੁੱਲਾਂ ਦੇ ਅੰਦਰ ਛੋਟੇ-ਛੋਟੇ ਕੁੰਡੇ ਬਣਾਏ ਹੁੰਦੇ ਜਿਨ੍ਹਾਂ ਵਿਚ ਡੋਰ ਪਾ ਕੇ ਸੱਗੀ ਫੁੱਲ ਗੁੰਦੇ ਹੁੰਦੇ। ਸੱਗੀ ਪਾਉਣ ਨੂੰ ‘ਸਿਰ ਗੁੰਦਣਾ’ ਜਾਂ ‘ਸਿਰ ਉੱਚਾ ਕਰਨਾ’ ਵੀ ਕਿਹਾ ਜਾਂਦਾ। ਸੱਗੀ ਪਾਉਣੀ ਜਾਂ ਸਿਰ ਗੁੰਦਣਾ ਹਾਰੀ-ਸਾਰੀ ਦਾ ਕੰਮ ਨਹੀਂ ਸੀ ਹੁੰਦਾ। ਵਿਆਹ ਵੇਲੇ ਜਾਂ ਉਂਜ ਤਿਓਹਾਰ ’ਤੇ ਪਿੰਡ ਦੀ ਨੈਣ ਜਾਂ ਝੂਰੀ ਹੀ ਸੱਗੀ ਗੁੰਦਦੀ। ਉਹ ਮੁਟਿਆਰਾਂ ਲਈ ਸਸਤਾ ਅਤੇ ਚਲਦਾ-ਫਿਰਦਾ ‘ਬਿਊਟੀ ਪਾਰਲਰ’ ਹੁੰਦੀ।
ਸੱਗੀ ਦੇ ਅੰਦਰ ਉੱਪਰਲੇ ਸਿਰੇ ਲੱਗੇ ਕੁੰਡੇ ਵਿਚ ਕਾਲੀ ਟਸਰ ਦੀ ਵੱਟੀ ਹੋਈ ਡੋਰ ਜਾਂ ਦੂਹਰਾ ਕਰਕੇ ਕਾਲਾ ਫੀਤਾ ਪਾਇਆ ਜਾਂਦਾ। ਸਿੱਧੀ ਚੀਰਵੀਂ (ਚੀਰ) ਕੱਢਕੇ, ਸਿਰ ਵਿਚਕਾਰ ਕਰਕੇ ਸੱਗੀ ਟਿਕਾਈ ਜਾਂਦੀ ਅਤੇ ਕੰਨਾਂ ਤੋਂ ਜ਼ਰਾ ਕੁ ਉੱਪਰ ਜਾਂ ਥੋੜ੍ਹੇ ਪਿੱਛੇ ਹਟਵੇਂ ਫੁੱਲਾਂ ਦੇ ਅੰਦਰ ਲੱਗੇ ਚਾਂਦੀ ਦੇ ਕੁੰਡੇ ਵਿਚੋਂ ਉਹੀ ਡੋਰ ਜਾਂ ਫੀਤਾ ਪਾਇਆ ਜਾਂਦਾ। ਸੱਗੀ ਵਾਲੀ ਡੋਰ ਦੋਵੇਂ ਪਾਸੇ ਦੇ ਫੁੱਲਾਂ ਵਿਚੋਂ ਦੋਵੇਂ ਸਿਰਿਆਂ ਤੋਂ ਲੰਘਾ ਕੇ ਕੇਸਾਂ ਵਿਚ ਰਲਾ ਲਈ ਜਾਂਦੀ ਤੇ ਗੁੱਤ ਨਾਲ ਗੁੰਦੀ ਜਾਂਦੀ। ਡੋਰ ਨਾਲ ਸੱਗੀ ਫੁੱਲ ਸਿਰ ’ਤੇ ਕਸੇ ਜਾਂਦੇ ਤੇ ਟਿਕੇ ਰਹਿੰਦੇ। ਵਿਆਹ ਮੌਕੇ ਲਾਲ ਰੰਗ ਦਾ ਪਰਾਂਦਾ ਪਾਇਆ ਜਾਂਦਾ। ਪੇਂਡੂ ਭਾਈਚਾਰੇ ਵਿਚ ਕਿਸੇ ਦੀ ਬਹੁਤੀ ਨੇੜਤਾ ਦੇਖ ਕੇ ਆਮ ਹੀ ਕਿਹਾ ਜਾਂਦਾ ਹੈ ‘ਇਹ ਤਾਂ ਸੱਗੀ ਨਾਲ ਪਰਾਂਦਾ ਹੈ।’ ਲਾਲ ਪਰਾਂਦੇ ਦਾ ਜ਼ਿਕਰ ਆਸਾ ਸਿੰਘ ਮਸਤਾਨਾ ਦੇ ਗਾਏ ਪੰਜਾਬੀ ਗੀਤ ਵਿਚ ਵੀ ਮਿਲਦਾ ਹੈ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ
ਰੂਪ ਦੀਏ ਰਾਣੀਏਂ ਤੂੰ ਰੂਪ ਨੂੰ ਸੰਭਾਲ ਨੀਂ …ਗੁੱਤ ਅਤੇ ਲਾਲ ਪਰਾਂਦੀ ਦਾ ਜ਼ਿਕਰ ਪੰਨਾ ਲਾਲ ਪਟੇਲ ਦੇ ਲਿਖੇ ਅਤੇ ਅੰਮ੍ਰਿਤਾ ਪ੍ਰੀਤਮ ਦੇ ਅਨੁਵਾਦ ਕੀਤੇ ਬਹੁਤ ਹੀ ਉਦਾਸ ਗੁਜਰਾਤੀ ਨਾਵਲ ‘ਜੀਵੀ’ ਵਿਚ ਮਿਲਦਾ ਹੈ। ਨਾਵਲ ਦੇ ਨਾਇਕ ਕਾਨ੍ਹ ਜੀ ਦੇ ਮੂੰਹੋਂ ਗਾਏ ਦਿਲ ਟੁੰਬਵੇਂ ਦੋਹੇ ਰੂਹ ’ਚ ਉੱਤਰਦੇ ਜਾਂਦੇ ਹਨ-
ਅੱਖਾਂ ਮੇਰੀਆਂ ਬੌਰੀਆਂ,
ਲੰਬੀ ਗੁੱਤ ਦੀ ਆਸ
ਸੋਚਾਂ, ਆਵੇਗੀ ਕਦੋਂ,
ਆਪਣੀ ਬਾਰੀ ਪਾਸ
ਕਿਹੜੇ ਰਾਹ ’ਤੇ ਮਿਲੀ ਸੀ?
ਕਿਹੋ ਜਿਹੀ ਸੀ ਰੁੱਤ
ਦਿਲ ਨੂੰ ਵਲਦੀ ਪਈ ਏ,
ਲੰਮ ਸਲੰਮੀ ਗੁੱਤ
ਕੱਜਲ ਵਾਲੀ ਅੱਖ ਸੀ,
ਫੋਲਾ ਪੈ ਗਿਆ ਆਣ
ਲਾਲ ਪਰਾਂਦੀ, ਲਾਲਸਾ,
ਸਭ ਕੁਝ ਧੁੰਦਲਾ ਜਾਣ
ਅਜੋਕੇ ਸਮੇਂ ਸਟੇਜ ਸ਼ੋਅ ਵੇਲੇ ਘੱਗਰੇ-ਕੁੜਤੀ ਦੇ ਨਾਲ ਦੇ ਰੰਗ ਦਾ ਪਰਾਂਦਾ ਪਾਇਆ ਜਾਂਦਾ ਹੈ, ਜਦੋਂ ਕਿ ਪੁਰਾਣੇ ਸਮੇਂ ਲਾਲ ਤੇ ਕਾਲਾ ਪਰਾਂਦਾ ਹੀ ਹੁੰਦਾ ਸੀ। ਕੁੜੀਆਂ ਕਾਲੀ ਟਸਰ ਸ਼ਹਿਰੋਂ ਮੰਗਵਾ ਕੇ ਆਪ ਵੀ ਬੜੀਆਂ ਸੋਹਣੀਆਂ ਡੋਰੀਆਂ ਬਣਾ ਲੈਂਦੀਆਂ। ਡੋਰੀ ਦੀਆਂ ਤਿੰਨਾਂ ਲੜੀਆਂ ਦੇ ਸਿਰੇ ਉੱਤੇ ਜਾਲ਼ੀ ਗੁੰਦ ਲੈਂਦੀਆਂ ਅਤੇ ਕਾਲੀ ਟਸਰ ਤੋਂ ਬਿਨਾਂ ਕਾਲੀ ਲੋਗੜੀ ਦੇ ਮੋਟੇ-ਮੋਟੇ ਫੂੰਦੇ ਜਾਂ ਗੋਲ ਲੱਡੂ ਜਿਹੇ ਬਣਾ ਕੇ ਲਗਾ ਲੈਂਦੀਆਂ ਜੋ ਬਹੁਤ ਖ਼ੂਬਸੂਰਤ ਲੱਗਦੇ।
ਸੱਗੀ ਪਾਉਣਾ ਜਾਂ ਸਿਰ ਗੁੰਦਣਾ ਆਮ ਘਰੇਲੂ ਸੁਆਣੀਆਂ ਦੇ ਵਸ ਦਾ ਰੋਗ ਨਹੀਂ ਸੀ ਹੁੰਦਾ। ਜੇ ਸੱਗੀ ਦੀ ਡੋਰ ਜ਼ਰਾ ਵੱਧ ਕਸ ਲਈ ਜਾਂਦੀ ਤਾਂ ਪਹਿਨਣ ਵਾਲੀ ਦਾ ਸਿਰ ਦਰਦ ਕਰਨ ਲੱਗ ਜਾਂਦਾ। ਅੱਜ ਫੈਸ਼ਨ ਲਈ ਇਹ ਸੱਗੀ ਮੱਥੇ ਦੇ ਨੇੜੇ ਪਾਈ ਜਾਂਦੀ ਹੈ, ਪਰ ਇਸ ਦਾ ਅਸਲ ਥਾਂ ਸਿਰ ਦੇ ਵਿਚਕਾਰ ਸੀ। ਅਜਿਹੇ ਵੇਲੇ ਹੀ ਕੋਈ ਮੁਟਿਆਰ ਕਹਿ ਉੱਠਦੀ ਹੈ:
ਸਿਰ ਮੇਰਾ ਦੁਖਦਾ ਸੱਗੀ ਮੇਰੀ ਭਾਰੀ
ਹੌਲੀ ਹੌਲੀ ਤੁਰਾਂ ਨੀਂ ਸ਼ਰਮ ਦੀ ਮਾਰੀਸੱਗੀ ਫੁੱਲ ਵੀ ਸਾਰੀਆਂ ਮੁਟਿਆਰਾਂ ਨੂੰ ਨਸੀਬ ਨਹੀਂ ਹੁੰਦੇ ਸਨ ਕਿਉਂਕਿ ਪੇਂਡੂ ਕਿਸਾਨ ਤਬਕਾ ਕਈ ਵਾਰ ਐਨੀ ਪਹੁੰਚ ਨਹੀਂ ਸੀ ਰੱਖਦਾ। ਸੱਗੀ ਵਾਲੀ ਮੁਟਿਆਰ ਦੀ ਵੱਖਰੀ ਗੱਲ ਹੁੰਦੀ। ਉਸ ਦਾ ਸਿਰ ਕੁਝ ਤਾਂ ਸੱਗੀ ਦੇ ਮਾਣ ਨਾਲ ਉੱਚਾ ਹੋ ਜਾਂਦਾ ਅਤੇ ਕੁਝ ਦੁਪੱਟੇ ਜਾਂ ਫੁਲਕਾਰੀ ਨਾਲ ਕੱਜੇ ਸੱਗੀ ਫੁੱਲ ਉਸ ਦਾ ਕੱਦ ਵੀ ਰਤਾ ਉੱਚਾ ਕਰ ਦਿਖਾਉਂਦੇ।
ਜਿੱਥੇ ਸੱਗੀ ਵਾਲੀਆਂ ਨਾਰਾਂ-ਮੁਟਿਆਰਾਂ ਦੀ ਤਾਰੀਫ਼ ਕੀਤੀ ਜਾਂਦੀ ਹੈ:
ਸੱਗੀ ਫੁੱਲ ਸਿਰਾਂ ’ਤੇ ਸੋਂਹਦੇ
ਪੈਰੀ ਝਾਂਜਰਾਂ ਪਾਈਆਂ
ਸੂਬੇਦਾਰਨੀ ਨੱਚਣ ਗਿੱਧੇ ਵਿਚ ਆਈਆਂਉੱਥੇ ਸੱਗੀ ਜਾਂ ਸਿਰ ਗੁੰਦਣ ਵਾਲੀਆਂ ਵੀ ਸ਼ਲਾਘਾ ਦੀਆਂ ਪੂਰੀਆਂ ਹੱਕਦਾਰ ਹਨ। ਪਿੰਡ ਦੀ ਕੋਈ ਲਾਗਣ ਸਿਰ ਗੁੰਦਣ ਦੀ ਮਾਹਰ ਹੁੰਦੀ। ਇਨ੍ਹਾਂ ਲਾਗੀਆਂ ਦਾ ਭਾਵੇਂ ਜ਼ਿਮੀਂਦਾਰ ਪਰਿਵਾਰਾਂ ਵੱਲੋਂ ਆਦਰ ਕੀਤਾ ਜਾਂਦਾ ਤੇ ਤਿੱਥ-ਤਿਓਹਾਰ ਜਾਂ ਵਿਆਹ-ਸ਼ਾਦੀ ਵੇਲੇ ਬਣਦਾ ਲਾਗ ਵੀ ਦਿੱਤਾ ਜਾਂਦਾ। ਕੁੜੀ ਦੀ ਡੋਲੀ ਨਾਲ ਗਈ ਲਾਗਣ ਨੂੰ ਕੋਈ ਰੱਜੇ-ਪੁੱਜੇ ਰਿਸ਼ਤੇਦਾਰ ਸੋਨੇ-ਚਾਂਦੀ ਦਾ ਗਹਿਣਾ ਵੀ ਪਾ ਦਿੰਦੇ, ਕੱਪੜਾ-ਲੀੜਾ ਤਾਂ ਆਮ ਹੀ ਦਿੱਤਾ ਜਾਂਦਾ। ਇਨ੍ਹਾਂ ਬਿਨਾਂ ਸਾਰੇ ਕਾਰਜ ਅਧੂਰੇ ਹੁੰਦੇ, ਪਰ ਫਿਰ ਵੀ ਇਨ੍ਹਾਂ ਮਿਹਨਤਕਸ਼ ਕੰਮੀਆਂ ਨੂੰ ਨੀਵੇਂ ਹੀ ਸਮਝਿਆ ਜਾਂਦਾ। ਇਹ ਬੋਲੀ ਇਸ ਗੱਲ ਦੀ ਸੂਚਕ ਹੈ :
ਸਿਰ ਗੁੰਦ ਦੇ ਕਪੱਤੀਏ ਨੈਣੇ
ਉੱਤੇ ਪਾ ਦੇ ਡਾਕ ਬੰਗਲਾ
ਅੱਗੋਂ ਨੈਣ ਕੰਮੀਆਂ ਦੀ ਆਦਤ ਜਾਂ ਮਜਬੂਰੀ ਵਸ ਕਰਨ ਵਾਲੀ ‘ਜੀ ਹਜ਼ੂਰੀ’ ਨੂੰ ਨਕਾਰਦਿਆਂ ਆਪਣੇ ਹੁਨਰ ’ਤੇ ਮਾਣ ਕਰਦਿਆਂ ਕਰਾਰਾ ਜਵਾਬ ਦਿੰਦੀ ਹੋਈ ਕਹਿੰਦੀ ਹੈ:
ਸਾਥੋਂ ਡਾਕ ਬੰਗਲਾ ਨਹੀਂ ਪੈਂਦਾ
ਉੱਤੇ ਪਾ ਦੂੰ ਮੋਰ ਘੁੱਗੀਆਂ
ਭਾਵੇਂ ਨਾਰੀ ਮਨ ਵਿਚ ਸਜਣ ਸੰਵਰਨ ਦੀ ਰੀਝ ਕੁਦਰਤੀ ਹੁੰਦੀ ਹੈ, ਪਰ ਸੱਗੀ ਲਈ ਤਾਂ ਅੱਲ੍ਹੜ ਉਮਰ ਤੋਂ ਹੀ ਕੁੜੀਆਂ ਚਾਹਵਾਨ ਹੁੰਦੀਆਂ ਹਨ। ਜਦੋਂ ਸਮਾਜਿਕ ਬੰਧਨ ਜਾਂ ਮਜਬੂਰੀਆਂ ਕਾਰਨ ਉਹ ਸੱਗੀ ਪਹਿਨਣ ਨੂੰ ਤਰਸਦੀਆਂ ਹਨ ਤਾਂ ਉਹ ਭਾਵਨਾਵਾਂ ਲੋਕ-ਕਾਵਿ ਵਿਚ ਢਲ ਜਾਂਦੀਆਂ ਹਨ। ਦਰਦ ਭਰਿਆ ਵਿਢੜਾ (ਲੰਮਾ ਗੌਣ) ਹੈ:
ਅੱਡ ਹੋ ਮਾਹੀ ਵੇ ਚਿੱਤ ਵਸਣੇ ਨੂੰ ਲੋਚੇ
ਸੱਗੀ ਕਰਾ ਮਾਹੀ ਵੇ,
ਤਰਸਾਂ ਜਦ ਪੇਕੇ ਕੁੜੀ ਸੀ
ਹੁਣ ਪਹਿਨਣ ਨਾ ਦੇਵੇ ਤੇਰੀ ਮਾਂ ਵੇ
ਪੇਕੇ ਭਾਬੋ ਬੁਰੀ ਸੀ
ਅੱਡ ਹੋ ਮਾਹੀ ਵੇ
ਚਿੱਤ ਵਸਣੇ ਨੂੰ ਲੋਚੇ…
ਜਿਸ ਮੁਟਿਆਰ ਦਾ ਸਿਰ ਸੱਗੀ ਫੁੱਲ ਤੋਂ ਸੱਖਣਾ ਹੁੰਦਾ, ਉਹ ਆਪਣੀਆਂ ਆਰਥਿਕ ਮਜਬੂਰੀਆਂ ਵਾਰੇ ਸੋਚਦਿਆਂ ਉਦਾਸ ਹੋ ਜਾਂਦੀ। ਉਸ ਦੀ ਉਦਾਸੀ ਹਾਣੀ ਤੋਂ ਦੇਖੀ ਨਾ ਜਾਂਦੀ ਤੇ ਉਹ ਕਹਿ ਉੱਠਦਾ:
ਬੇਰੀ ਹੇਠ ਖਲੋਤੜੀਏ ਕਿਉਂ ਹੋਈ ਏਂ ਦਿਲਗੀਰ ਕੁੜੀਏ
ਸਿਰ ਮੇਰੇ ਨੂੰ ਸੱਗੀ ਨਾ ਤਾਂ ਹੋਈਆਂ ਦਿਲਗੀਰ ਮੁੰਡਿਆ
ਸੱਗੀ ਕਰਾਵਾਂ ਤੇਰੇ ਸਿਰ ਪਾਵਾਂ…
ਹੁਣ ਕਿਉਂ ਜਾਂਦੀ ਨੱਸ ਕੁੜੀਏ ਨਜ਼ਰ ਸਾਹਮਣੇ ਵੱਸ ਕੁੜੀਏ…
ਕਈ ਵਾਰ ਸੱਗੀ ਦਾ ਪੱਟਿਆ ਗੱਭਰੂ ਜੋਗੀ ਹੋ ਜਾਂਦਾ ਤੇ ਮੌਕਾ ਤੱਕ ਕੇ ਆਪਣੀ ਹੀਰ ਲਈ ਸੱਗੀ ਦਾ ਜੁਗਾੜ ਕਰਨ ਲਈ ਪੁੱਠੇ ਕੰਮ ਵੀ ਕਰਦਾ। ਗਿੱਧੇ ਦਾ ਗੀਤ ਹੈ:
ਤੇਰੇ ਪਿੱਛੇ ਸੋਹਣੀਏਂ ਮੈਂ ਜੋਗੀ ਹੋਇਆ
ਤੇਰੀ ਸੱਗੀ ਦਾ ਮੈਂ ਮਾਰਿਆ
ਸੁਨਿਆਰੇ ਦਾ ਘਰ ਪਾੜਿਆ
ਮੈਂ ਜੋਗੀ ਹੋਇਆ…
ਜਦੋਂ ਕੋਈ ਮੁਟਿਆਰ ਸੱਗੀ ਪਹਿਨ ਕੇ ਉਸ ਦਾ ਬੇਲੋੜਾ ਦਿਖਾਵਾ ਕਰਦੀ ਤਾਂ ਉਸ ਨੂੰ ਸਮਾਜਿਕ ਕਦਰਾਂ-ਕੀਮਤਾਂ ਦਾ ਧਿਆਨ ਰੱਖਣ ਲਈ ਚੇਤੰਨ ਕੀਤਾ ਜਾਂਦਾ :
ਸੁਣ ਨੀ ਕੁੜੀਏ ਸੱਗੀ ਵਾਲੀਏ ਸੱਗੀ ਨਾ ਚਮਕਾਈਏ
ਖੂਹ ਟੋਭੇ ’ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਆਪਣੇ ਮਾਪਿਆਂ ਦੀ ਫੁੱਲ ਵਰਗੀ ਰੱਖ ਜਾਈਏ…
ਕਿਧਰੇ ਸੱਗੀ ਵਾਲੀ ਮੁਟਿਆਰ ਝੂਰਦੀ ਹੈ :
ਉੱਡਿਆ ਸੀ ਤਿਲੀਅਰ ਤੋਤਾ
ਸੱਗੀ ’ਤੇ ਬਹਿ ਗਿਆ ਨੀਂ
ਸੱਗੀ ਦੀ ਆਬ ਗੁਆ ਗਿਆ
ਰਸ ਫੁੱਲਾਂ ਦਾ ਲੈ ਗਿਆ ਨੀਂ
ਇਸ ਖ਼ੂਬਸੂਰਤ ਗਹਿਣੇ ਨਾਲ ਔਰਤ ਦੀਆਂ ਬਹੁਤ ਡੂੰਘੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਪਰ ਇਹ ਵੀ ਔਰਤ ਦੀ ਖ਼ੂਬੀ ਹੈ ਕਿ ਉਹ ਲੋਹੜੇ ਦੀ ਸਹਿਣਸ਼ੀਲਤਾ ਵੀ ਰੱਖਦੀ ਹੈ। ਸੱਗੀ ਪਹਿਨਣ ਦੀ ਦਬਾਈ ਹੋਈ ਰੀਝ ਦੀ ਵੇਦਨਾ ਨੂੰ ਲੋਕ-ਕਾਵਿ ਵਿਚਲਾ ਵਿਢੜਾ ਸੁੰਦਰ ਸ਼ਬਦਵਾਲੀ ਵਿਚ ਬਿਆਨ ਕਰਦਾ ਹੈ :
ਸੱਗੀ ਘੜਾਈ ਵੇ ਸਿੰਘ ਜੀ
ਪਹਿਨਣ ਦੇ ਵਾਸਤੇ
ਪਹਿਨਣ ਨਾ ਦੇਂਦੀ ਸੌਂਕਣ
ਵੱਸਦੀ ਲਲਕਾਰ ਕੇ
ਸਬਰ ਸਬੂਰੀ ਗੋਰੀਏ
ਸਤਿਗੁਰ ਦੇ ਵਾਸਤੇ…
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ