Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਫੇਸਬੁੱਕ-ਟਵਿੱਟਰ ਇਨਕਲਾਬ ਦੀ ਮਿੱਥ ---ਅਵਿਜੀਤ ਪਾਠਕ*


    
  

Share
  
ਇਸ ਗੱਲ ਤੋਂ ਕੌਣ ਮੁਨਕਰ ਹੋ ਸਕਦਾ ਹੈ ਕਿ ਜਿਹੜੀ ਵੀ ਨਵੀਂ ਤਕਨਾਲੋਜੀ ਆਉਂਦੀ ਹੈ, ਉਹ ਆਪਣੇ ਵਾਅਦੇ ਤੇ ‘ਚਮਤਕਾਰੀ’ ਹੱਲ ਨਾਲ ਲਿਆਉਂਦੀ ਹੈ? ਅਤੇ ਸੂਚਨਾ ਵਿਚ ਗੜੁੱਚ ਸੰਸਾਰ ਵਿਚ ਫੇਸਬੁੱਕ ਤੇ ਟਵਿੱਟਰ ਨੇ ਕਮਾਲਾਂ ਕੀਤੀਆਂ ਹਨ। ਫੇਸਬੁੱਕ ਉੱਤੇ ਪੁਰਾਣੇ ਦੋਸਤਾਂ ਨੂੰ ਮੁੜ ਲੱਭਣਾ; ਸੂਚਨਾ ਦਾ ਕੋਈ ਅਹਿਮ ਰੂਪ ਆਪਣੇ ਪਿਆਰਿਆਂ ਨਾਲ ਸ਼ੇਅਰ ਕਰਨਾ- ਜਿਵੇਂ ਕੋਈ ਤਸਵੀਰ, ਲੇਖ ਜਾਂ ਕਵਿਤਾ; ‘ਫਾਲੋਅਰਾਂ’ ਵਿਚ ਸੰਖੇਪ/ ਸਿਆਸੀ ਤੌਰ ’ਤੇ ਅਹਿਮ ਟਿੱਪਣੀਆਂ ਨੂੰ ਫੈਲਾਉਣਾ; ਅਤੇ ਇਸ ਤੋਂ ਵੀ ਵੱਧ, ਲੋਕਾਂ ਨੂੰ ਇਕਦਮ ਤੇ ਫ਼ੌਰੀ- ਕਿਸੇ ਮੁਜ਼ਾਹਰੇ ਜਾਂ ਵਿਰੋਧ ਪ੍ਰਦਰਸ਼ਨ ਵਿਚ ਸ਼ਮੂਲੀਅਤ ਲਈ ਲਾਮਬੰਦ ਕਰਨਾ; ਇਹ ਸੰਚਾਰ ਤਕਨਾਲੋਜੀ ਦੀਆਂ ਅਜਿਹੀਆਂ ਹਾਂ-ਪੱਖੀ ਸੰਭਵਾਨਾਵਾਂ ਹਨ ਜਿਨ੍ਹਾਂ ਨੂੰ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ।
ਤਾਂ ਵੀ ਇਸ ਤਕਨੀਕੀ ਚਮਤਕਾਰ ਦੀ ਕਹਾਣੀ ਏਨੀ ਆਸਾਨ ਤੇ ਸਿੱਧੀ ਨਹੀਂ ਹੈ। ਕੀ ਇੰਜ ਤਾਂ ਨਹੀਂ ਕਿ ਤਕਨਾਲੋਜੀ ਸਾਨੂੰ ਹੀਣੇ ਬਣਾ ਰਹੀ ਹੈ, ਇਕ ਨਵੀਂ ਮਿੱਥ ਸਿਰਜ ਰਹੀ ਹੈ ਜਿਸ ਨੂੰ ਇਸ ਦੇ ਜਾਦੂਈ ਪ੍ਰਭਾਵ ਕਾਰਨ ਅਸੀਂ ਸਮਝਣ ’ਚ ਨਾਕਾਮ ਰਹੇ ਹਾਂ? ਦੁਨੀਆਂ ਭਰ ਵਿਚ ਸਮਾਜਿਕ ਮਨੋਵਿਗਿਆਨੀ ਇਸ ਸਨਕ ਕਿ- ਫੇਸਬੁੱਕ ਸੰਚਾਰ ਹੈ, ਫੇਸਬੁੱਕ ਜ਼ਿੰਦਗੀ ਹੈ ਅਤੇ ਫੇਸਬੁੱਕ ਸਭ ਤੋਂ ਕਰੀਬੀ ਸਾਥੀ ਹੈ, ਦੇ ਖ਼ਤਰਿਆਂ ਬਾਰੇ ਲਿਖ ਰਹੇ ਹਨ। ਫੇਸਬੁੱਕ ਆਪਣੇ ਵਰਤਣਹਾਰਿਆਂ ਦੇ ਮਾਨਸਿਕ ਪਸਾਰੇ ਉੱਤੇ ਬੜਾ ਮਾੜਾ ਅਸਰ ਪਾਉਂਦੀ ਹੈ। ਫ਼ੌਰੀ ਤੌਰ ’ਤੇ ਇਹ ਦੁਨੀਆਂ ਭਰ ਵਿਚ ‘ਪਛਾਣ’ ਬਣਨ/ਬਣਾਉਣ ਦਾ ਜੋਸ਼ ਭਰਦੀ ਹੈ ਜਦੋਂਕਿ ਬੰਦੇ ਦੀ ਆਮ ਹਾਲਤ ਲਗਾਤਾਰ ਗੁੰਮਨਾਮੀ ਵਾਲੀ ਬਣਦੀ ਜਾ ਰਹੀ ਹੈ। ਇਸ ਦੇ ਨਾਲ ਨਾਲ ਇਹ ਕਈ ਤਰ੍ਹਾਂ ਦੀਆਂ ਚਿੰਤਾਵਾਂ ਤੇ ਭੰਬਲਭੂਸੇ ਵੀ ਪੈਦਾ ਕਰਦੀ ਹੈ। ਕਿਸੇ ਵੱਲੋਂ ਆਪਣੇ ਆਪ ਨੂੰ ‘ਲਾਈਕਸ’ (ਪਸੰਦਾਂ) ਅਤੇ ‘ਫਾਲੋਅਰਜ਼’ ਦੀ ਗਿਣਤੀ ਦੇ ਆਧਾਰ ’ਤੇ ਪ੍ਰੀਭਾਸ਼ਿਤ ਕਰਨਾ ਜਾਂ ਆਪਣੇ ਆਪ ਨੂੰ ਲਗਾਤਾਰ ਕਿਸੇ ‘ਵਾਇਰਲ’ ਚੀਜ਼ ਵਿਚ ਉਲਝਾਈ ਰੱਖਣਾ, ਕਿਸੇ ਵੀ ਤਰ੍ਹਾਂ ਹਾਂ-ਪੱਖੀ ਸਵੈ-ਹੋਂਦ ਦਾ ਸੰਕੇਤ ਨਹੀਂ ਹੈ। ਇਹ ‘ਇਕ ਤਰ੍ਹਾਂ ਅਸਲ ਵਰਗਾ ਲੱਗਦਾ’ (ਵਰਚੁਅਲ) ਨਵਾਂ ਸਮਾਜ ਵੀ ਘੱਟ ਬੰਧਨ-ਭਰਪੂਰ ਨਹੀਂ ਹੈ; ਕਿਸੇ ਵੱਲੋਂ ਬਹੁਤ ਹੀ ਅੰਤਰੰਗ ਤੇ ਜ਼ਾਤੀ ਜ਼ਿੰਦਗੀ ਬਾਰੇ ਕੁਝ ਪੋਸਟ ਕਰਨ ਦੀ ਬੇਤਾਬੀ- ਜਿਵੇਂ, ਦੋਸਤ ਕੁੜੀ ਨਾਲ ਕਿਸੇ ਹਿਮਾਲਿਆਈ ਰਿਜ਼ਾਰਟ ਵਿਚ ਬਿਤਾਏ ਪਲ, ਕਿਸੇ ਵੱਲੋਂ ਦੀਵਾਲੀ ਮੌਕੇ ਖ਼ਰੀਦੀ ਨਵੀਂ ਕਾਰ ਦੀ ਤਸਵੀਰ, ਕਿਸੇ ਦੀ ਧੀ ਦੀ ਸਫਲਤਾ ਦੀ ਕਹਾਣੀ ਜਿਵੇਂ ਉਹ ਲੰਡਨ ਸਕੂਲ ਆਫ਼ ਇਕਨੌਮਿਕਸ ਵਿਚ ਪੁੱਜ ਗਈ ਹੋਵੇ- ਸਾਡੀ ਅਸੁਰੱਖਿਆ, ਸਾਡੀ ਸਵੈ-ਇਸ਼ਤਿਹਾਰਬਾਜ਼ੀ ਤੋਂ ਬਿਨਾਂ ਖ਼ਾਮੋਸ਼ੀ ਨਾਲ ਰਹਿ ਸਕਣ ਦੀ ਅਸਮਰੱਥਾ ਦਾ ਪ੍ਰਗਟਾਵਾ ਵੀ ਹੈ।ਸਿਰਫ਼ ਇਹੋ ਨਹੀਂ। ਫੇਸਬੁੱਕ ਦਾ ਚਸਕਾ ਲੱਗਣ ਨਾਲ, ਜਿਵੇਂ ਕਿ ਅਸੀਂ ਹਰ ਪਾਸੇ ਦੇਖਦੇ ਹਾਂ, ਸਬੰਧਿਤ ਵਿਅਕਤੀ ‘ਅਸਲ’ ਦੁਨੀਆਂ- ਉਹ ਸੰਸਾਰ ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਛੂਹ, ਸੁਣ ਤੇ ਮਹਿਸੂਸ ਕਰ ਸਕਦੇ ਹਾਂ, ਉਸ ਦਾ ਅਹਿਸਾਸ ਕਰ ਸਕਦੇ ਹਾਂ- ਤੋਂ ਸਜੀਵ (ਆਰਗੈਨਿਕ) ਤੇ ਜੀਵੰਤ ਤੌਰ ’ਤੇ ਸਬੰਧਿਤ ਹੋਣ ਦੀ ਭਾਵਨਾ ਗੁਆ ਬੈਠਦਾ ਹੈ। ਕਿੰਨੀ ਅਫ਼ਸੋਸਨਾਕ ਸਥਿਤੀ ਹੈ ਜਦੋਂ ਸਿੱਧੇ ਰੂ-ਬ-ਰੂ ਸੰਪਰਕ ਦੀ ਥਾਂ ‘ਟੈਕਟਸਿੰਗ’ ਤੇ ‘ਮੈਸੇਜਿੰਗ’ ਜ਼ਿਆਦਾ ਅਸਲੀ ਲੱਗਣ ਲੱਗ ਪੈਣ। ਉਦਾਹਰਨ ਦੇ ਤੌਰ ’ਤੇ ਅਸੀਂ ਪਹਾੜ ਦੀ ਚੋਟੀ ਨੂੰ ਬਿਲਕੁਲ ਚੁੱਪ ਰਹਿ ਕੇ ਵੇਖੀਏ ਅਤੇ ਉਸ ਦੀ ਖ਼ੂਬਸੂਰਤੀ ਨੂੰ ਆਪਣੇ ਧੁਰ ਅੰਦਰ ਤੱਕ ਮਹਿਸੂਸ ਕਰੀਏ ਜਾਂ ਫ਼ੌਰੀ ਸਮਾਰਟ ਫੋਨ ਦਾ ਇਸਤੇਮਾਲ ਕਰਦਿਆਂ ਇਸ ਦੀਆਂ ਵੱਖੋ-ਵੱਖ ਤਸਵੀਰਾਂ ਖਿੱਚਣ ਅਤੇ ਫਿਰ ਸਭ ਕਾਸੇ ਨੂੰ ਤੁਰਤ-ਫ਼ੁਰਤ ਪੋਸਟ ਕਰ ਦੇਣ ਦੀ ਕਾਹਲ ਹੋਵੇ ਤਾਂ ਕਿ ਸਾਨੂੰ ‘ਲਾਈਕਸ’ ਮਿਲ ਸਕਣ! ਇਸ ਤਰ੍ਹਾਂ ਦਾ ਮੰਜ਼ਰ ਤੇ ਮਨੋਸਥਿਤੀ ਕਿੰਨੇ ਖ਼ਤਰਨਾਕ ਨੇ। ਇਸ ਤਰ੍ਹਾਂ ਅਸੀਂ ਹੌਲੀ ਹੌਲੀ ਕਰ ਕੇ ਅਖ਼ੀਰ ਪੂਰੀ ਤਰ੍ਹਾਂ ਆਪਣਾ ਧੀਰਜ ਤੇ ਇਕਾਗਰਤਾ ਗੁਆ ਬਹਿੰਦੇ ਹਾਂ। ਸੰਸਾਰ ਦਾ ਅਨੁਭਵ ਸਾਡੀ ਪਕੜ ’ਚੋਂ ਨਿਕਲਦਾ ਜਾਂਦਾ ਹੈ ਤੇ ਸਾਡੇ ਕੋਲ ਬਾਕੀ ਰਹਿ ਜਾਂਦੀ ਹੈ ਉਸ (ਸੰਸਾਰ) ਦੀ ਤਕਨੀਕ ਦੁਆਰਾ ਕੀਤੀ ਗਈ ਤਸਵੀਰਕਸ਼ੀ। ਵਿਲੀਅਮ ਬਲੇਕ ਵਰਗੀ ਸੁਰ-ਤਾਲ ’ਤੇ ਨੱਚਣਾ ਤੇ ਗਾਉਣਾ ਤੇ ਉਹਦੇ ਵਾਂਗ ‘ਜੰਗਲੀ ਫੁੱਲ ਵਿਚੋਂ ਅਮਰਤਾ’ ਦੇਖਣਾ ਸੰਭਵ ਨਹੀਂ ਹੈ।
ਸੋਸ਼ਲ ਮੀਡੀਆ ਦੇ ਦੌਰ ਵਿਚ ਸਿਆਸਤ ਨੇ ਵੀ ਇਕ ਨਵਾਂ ਮਾਅਨਾ ਹਾਸਲ ਕਰ ਲਿਆ ਹੈ। ਮਿਸਾਲ ਵਜੋਂ: ਸਾਨੂੰ ਦੱਸਿਆ ਜਾਂਦਾ ਹੈ ਕਿ ਟਵਿੱਟਰ ਵੱਲੋਂ ‘ਪੁਰਸ਼-ਪ੍ਰਧਾਨ ਬ੍ਰਾਹਮਣਵਾਦ’ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ; ਜਾਂ ਆਖ ਲਓ ਕਿ ਮਹਿਜ਼ 140 ਹਰਫ਼ਾਂ ਨਾਲ ਸਾਰਾ ਕੁਝ ਹੀ ਸੰਭਵ ਜਾਪਦਾ ਹੈ, ਭਾਵੇਂ ਇਹ ਅਯੁੱਧਿਆ ਵਿਚਲਾ ਮੰਦਰ ਹੋਵੇ, ਜਾਂ ਹਮਜਿਨਸੀ (ਐੱਲਜੀਬੀਟੀਕਿਊ) ਭਾਈਚਾਰੇ ਵੱਲੋਂ ਦਿਖਾਈ ਗਈ ਕਾਮੁਕਤਾ। ਕੀ ਅਸੀਂ ਸੱਚਮੁੱਚ ਗਾਂਧੀ ਦੀ ‘ਹਿੰਦ ਸਵਰਾਜ’ ਜਾਂ ਮਾਰਕਸ ਦੀ ‘ਦਿ ਕਮਿਊਨਿਸਟ ਮੈਨੀਫੈਸਟੋ’ ਜਾਂ ਅੰਬੇਡਕਰ ਦੀ ‘ਦਿ ਐਨੀਹਿਲੇਸ਼ਨ ਆਫ਼ ਕਾਸਟ’ ਨੂੰ ਪੂਰੀ ਸੰਜੀਦਗੀ ਨਾਲ ਪੜ੍ਹ ਰਹੇ ਹਾਂ? ਜਾਂ ਇਹ ਹੈ ਕਿ ਅਸੀਂ ਹਰ ਸਵੇਰ ਮੂਰਖਾਂ ਵਾਂਗ ਸਿਆਸੀ ‘ਮਸ਼ਹੂਰ ਹਸਤੀਆਂ’- ਸੰਬਿਤ ਪਾਤਰਾ ਤੋਂ ਲੈ ਕੇ ਸ਼ਸ਼ੀ ਥਰੂਰ ਤੱਕ- ਨੂੰ ‘ਫਾਲੋ’ ਕਰਦੇ ਰਹਿੰਦੇ ਹਾਂ? ਖ਼ੈਰ, ਜਿਵੇਂ ਮੈਂ ਪਹਿਲਾਂ ਹੀ ਇਸ਼ਾਰਾ ਕੀਤਾ ਹੈ ਕਿ ਇਸ ਨਵੀਂ ਤਕਨਾਲੋਜੀ ਲਈ ਇਹ ਸੰਭਵ ਹੈ ਕਿ ਇਹ ਕਿਸੇ ਸੁਨੇਹੇ ਨੂੰ ਤੇਜ਼ੀ ਨਾਲ ਫੈਲਾ ਸਕਦੀ ਹੈ, ਬਹਿਸ ਛੇੜ ਸਕਦੀ ਹੈ ਅਤੇ ਕਿਸੇ ਮਕਸਦ ਲਈ ਲੋਕਾਂ ਨੂੰ ਲਾਮਬੰਦ ਵੀ ਕਰ ਸਕਦੀ ਹੈ ਅਤੇ ਨਾਲ ਹੀ ਅੰਗਰੇਜ਼ੀ ਬੋਲਣ ਵਾਲੇ/ ਯੂਨੀਵਰਸਿਟੀਆਂ ਵਿਚ ਪੜ੍ਹੇ ਨੌਜਵਾਨਾਂ ਨੂੰ ਕੌਮੀ ਰਾਜਧਾਨੀ ’ਚ ਕਿਸਾਨਾਂ ਦੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰ ਸਕਦੀ ਹੈ। ਪਰ, ਜਦੋਂ ਅਸੀਂ ਵਸੀਲਿਆਂ ਉੱਤੇ ਲੋੜੋਂ ਵੱਧ ਤਵੱਜੋ ਦਿੰਦੇ ਹਾਂ ਅਤੇ ਮੂਲ ਮੁੱਦਿਆਂ ਨੂੰ ਭੁੱਲ ਜਾਂਦੇ ਹਾਂ ਤਾਂ ਇਨਕਲਾਬ ਵੀ ਇਕ ਤਕਨੀਕੀ-ਚਮਤਕਾਰ ਜਿਹੀ ਸ਼ੈਅ ਬਣ ਕੇ ਰਹਿ ਜਾਂਦਾ ਹੈ। ਜੇ ਪੁਰਸ਼-ਪ੍ਰਧਾਨ ਬ੍ਰਾਹਮਣਵਾਦ ਦੇ ਖ਼ਾਤਮੇ ਦਾ ਨਾਅਰਾ ਵੀ ਉਸੇ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਦੀਪਿਕਾ ਪਾਦੂਕੋਣ ਦੇ ਵਿਆਹ ਦੀ ਇਕ ਸ਼ੋਖ਼ ਤਸਵੀਰ ‘ਵਾਇਰਲ’ ਹੁੰਦੀ ਹੈ, ਤਾਂ ਇਹ ਬਹੁਤ ਅਫ਼ਸੋਸਨਾਕ ਹੈ।
ਇਨਕਲਾਬ ਕੋਈ ਅਜਿਹੀ ਸ਼ੈਅ ਨਹੀਂ ਜਿਸ ਦੀ ਫੇਸਬੁੱਕ ਜਾਂ ਟਵਿੱਟਰ ਉੱਤੇ ਖ਼ਪਤ ਹੋ ਸਕੇ। ਇਸ ਨੂੰ ਦੋ ਚੀਜ਼ਾਂ ਦੀ ਲੋੜ ਹੈ। ਪਹਿਲੀ, ਇਸ ਨੂੰ ਅੰਦਰੂਨੀ ਤਬਦੀਲੀ ਦੇ ਸਖ਼ਤ ਅਮਲ ਦੀ ਲੋੜ ਹੈ- ਜਿਵੇਂ ਅਸੀਂ ਆਪਣੀਆਂ ਲੋੜਾਂ ਤੇ ਤਰਜੀਹਾਂ ਨੂੰ ਪ੍ਰੀਭਾਸ਼ਿਤ ਕਰਦੇ ਹਾਂ, ‘ਮਰਦਾਨਾ’ ਜਾਂ ‘ਜ਼ਨਾਨਾ’ ਕਿਰਦਾਰਾਂ ’ਤੇ ਮੁੜ ਗ਼ੌਰ ਕਰਦੇ ਹਾਂ, ਲੋਕਾਂ ਨਾਲ ਖ਼ੁਦ ਨੂੰ ਜੋੜਦੇ ਹਾਂ ਅਤੇ ਕੁਦਰਤ ਵਿਚ ਰਲ਼ਦੇ-ਮਿਲਦੇ ਹਾਂ। ਦੂਜੀ, ਇਹ ਦੁੱਖ, ਦਰਦ ਅਤੇ ਇੰਤਜ਼ਾਰ ਦੇ ਅਸਲ ਸੰਸਾਰ ਵਿਚ ਸਰਗਰਮ ਸ਼ਮੂਲੀਅਤ ਦੀ ਮੰਗ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ- ਜਿਵੇਂ ਗਾਂਧੀ ਫ਼ਿਰਕੂ ਹਿੰਸਾ ਦੀ ਅੱਗ ਬੁਝਾਉਣ ਲਈ ਆਪਣੇ ਕਮਜ਼ੋਰ ਸਰੀਰ ਨਾਲ ਨਾਓਖਲੀ ਪਿੰਡ ਦੀਆਂ ਗਲੀਆਂ ’ਚੋਂ ਲੰਘਦੇ ਹਨ, ਜਾਂ ਜਿਸ ਤਰ੍ਹਾਂ ਜਿਓਤੀਰਾਓ ਫੂਲੇ ਤੇ ਉਨ੍ਹਾਂ ਦੀ ਪਤਨੀ ਸਵਿੱਤਰੀਬਾਈ ਫੂਲੇ, ਜ਼ਾਲਮ ਜਾਤੀਵਾਦੀ ਸਮਾਜ ਵੱਲੋਂ ਡਾਹੇ ਜ਼ੋਰਦਾਰ ਅੜਿੱਕਿਆਂ ਦੇ ਬਾਵਜੂਦ ਪਛੜੀਆਂ ਜਾਤਾਂ ਦੀਆਂ ਕੁੜੀਆਂ ਲਈ ਸਕੂਲ ਖੋਲ੍ਹਦੇ ਹਨ।
ਇਹ ਗੱਲ ਸਾਫ਼ ਹੋ ਜਾਵੇ ਕਿ ਇਹ ਉਹ ਸਵਾਲ ਹਨ ਜਿਹੜੇ ਤਕਨਾਲੋਜੀ ਦੇ ‘ਮਾੜੇ ਅਸਰਾਂ’ ਤੋਂ ਮੁਕਤ ‘ਗ਼ੈਰ-ਆਧੁਨਿਕ’ ਸੰਸਾਰ ਬਣਾਉਣ ਦੇ ਰੋਮਾਂਸ ਲਈ ਨਹੀਂ ਉਠਾਏ ਗਏ। ਨਾ ਹੀ ਇਹ ਸਵਾਲ ਤਕਨਾਲੋਜੀ ਨੂੰ ਮਾੜਾ ਕਹਿਣ ਜਾਂ ਉਸ ਤੋਂ ਡਰਾਉਣ ਲਈ ਉਠਾਏ ਗਏ ਹਨ। ਅਸਲ ਵਿਚ ਅਸੀਂ ਸਹੀ ਅਰਥਾਂ ਵਿਚ ਆਧੁਨਿਕ ਬਣਨਾ ਹੈ ਤਾਂ ਸਾਨੂੰ ਸੂਝਵਾਨ ਬਣਨਾ ਪਵੇਗਾ। ਇਸ ਦਾ ਮਤਲਬ ਹੈ ਕਿਸੇ ਦੀ ਨਵੀਆਂ ਚੁਣੌਤੀਆਂ ਦੇ ਆਧਾਰ ਉੱਤੇ ਆਪਣੀ ਹੋਂਦ ਨੂੰ ਮੁੜ-ਪ੍ਰੀਭਾਸ਼ਿਤ ਕਰਨ ਦੀ ਸਮਰੱਥਾ। ਇਸ ਲਈ, ਜੇ ਤਕਨਾਲੋਜੀ ਉੱਤੇ ਬਹੁਤ ਜ਼ਿਆਦਾ ਨਿਰਭਰਤਾ ਇਨਸਾਨੀ ਰਚਨਾਤਮਿਕਤਾ ਅਤੇ ਜਿਸਮਾਨੀ ਹੋਂਦ ਵਾਲੇ ਅਸਲ ਜਿਉਂਦੇ-ਜਾਗਦੇ ਸੰਸਾਰ ਦੀ ਖ਼ੁਸ਼ਬੋ ਨਾਲ ਨੇੜਤਾ ਦੀ ਸੰਭਾਵਨਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਤਾਂ ਸਾਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਸਾਨੂੰ ਲਾਜ਼ਮੀ ਅਜਿਹੀ ਚੀਜ਼ ਨੂੰ ਦਿਮਾਗ਼ ਤੋਂ ਕੱਢ ਦੇਣਾ ਚਾਹੀਦਾ ਹੈ ਜੋ ਲੁਭਾਉਣੀ ਤੇ ਸੰਮੋਹਕ ਹੋਵੇ। ਇਸ ਦੀ ਥਾਂ ਸਾਨੂੰ ਤਕਨਾਲੋਜੀ ਦੇ ਨਾਲ ਰਹਿੰਦਿਆਂ ਆਪਣੇ ਮਾਣ-ਸਨਮਾਨ, ਖ਼ੁਦਮੁਖ਼ਤਾਰੀ ਅਤੇ ਚਿੰਤਨਸ਼ੀਲਤਾ ਨੂੰ ਕਾਇਮ ਰੱਖਣ ਦਾ ਸਬਕ ਵੀ ਸਿੱਖਣਾ ਚਾਹੀਦਾ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ