Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਹਿੰਸਾ ਦਾ ਵਰਤਾਰਾ ਬਨਾਮ ਵਿਕਾਸ ਦਾ ਨਾਅਰਾ--ਸ਼ਿਵ ਵਿਸ਼ਵਨਾਥਨ


    
  

Share
  ਮੋਦੀ ਸਰਕਾਰ ਆਪਣੀ ਕਾਰਕਰਦਗੀ ਦਾ ਢੰਡੋਰਾ ਪਿੱਟਣ ਵੇਲੇ ‘ਕਾਰੋਬਾਰ ਲਈ ਸੌਖ’ ਦੇ ਸੂਚਕ ਅੰਕ ਦਾ ਵਖਾਨ ਬਹੁਤ ਹੁੱਬ ਕੇ ਕਰਦੀ ਹੈ। ਇਸ ਸੂਚਕ ਅੰਕ ਨੂੰ ਸਰਕਾਰ ਤਗਮੇ ਵਾਂਗ ਆਪਣੀ ਹਿੱਕ ‘ਤੇ ਟੰਗ ਕੇ ਰੱਖਦੀ ਹੈ ਹਾਲਾਂਕਿ ਸਰਕਾਰ ਦੀ ਪਛਾਣ ਕੁਝ ਹੋਰ ਹੀ ਪੱਖਾਂ ਤੋਂ ਜ਼ਿਆਦਾ ਬਣੀ ਹੋਈ ਹੈ ਜਿਸ ਵਿਚ ‘ਹਿੰਸਾ ਕਰਨ ਦੀ ਸੌਖ’ ਦਾ ਸੂਚਕ ਸਭ ਤੋਂ ਪ੍ਰਮੁੱਖ ਹੈ। ਸਰਕਾਰ ਨੂੰ ਹਿੰਸਾ ਦੇ ਸੂਚਕ ਅੰਕ ‘ਤੇ ਕਾਫੀ ਮਾਣ ਮਹਿਸੂਸ ਹੁੰਦਾ ਹੈ। ਅਸਲ ਵਿਚ, ਇਸ ਅਮਲ ਦਾ ਖਾਸ ਪਹਿਲੂ ਹਜੂਮੀ ਹਿੰਸਾ ਹੈ ਜਿਸ ਨੂੰ ਲੈ ਕੇ ਸਰਕਾਰ ਦੇ ਚਿਹਰੇ ‘ਤੇ ਰੱਤੀ ਭਰ ਵੀ ਅਫ਼ਸੋਸ ਨਹੀਂ ਆਉਂਦਾ।
ਬੁਲੰਦਸ਼ਹਿਰ ਵਿਚ ‘ਹਿੰਸਾ ਦੀ ਸੌਖ’ ਦਾ ਚਿਹਰਾ ਮੋਹਰਾ ਬੱਜਰ ਰੂਪ ਵਿਚ ਸਾਹਮਣੇ ਆ ਰਿਹਾ ਹੈ ਜਿੱਥੇ ਬਜਰੰਗ ਦਲ ਦਾ ਇਕ ਮੁਕਾਮੀ ਆਗੂ ਹਿੰਸਾ ਨੂੰ ਆਪਣੀ ਨਵੀਂ ਹਾਸਲ ਕੀਤੀ ਮਰਦਾਨਗੀ (ਤਾਕਤ) ਦੇ ਰੂਪ ਵਿਚ ਵਿਖਾਲਾ ਕਰ ਰਿਹਾ ਨਜ਼ਰ ਆਉਂਦਾ ਹੈ। ਯੋਗੇਸ਼ ਰਾਜ ਨਾਮੀ ਬਜਰੰਗ ਦਲ ਦਾ ਇਹ ਖ਼ੁਦਸਾਖਤਾ ਗੁੰਡਾ, ਸ਼ਰੇਆਮ ਹਿੰਸਾ ਦਾ ਇਕਬਾਲ ਕਰਦਾ ਹੈ। ਉਸ ਦੀ ਦਲੀਲ ਵਾਕਈ ਦਿਲਚਸਪ ਹੈ। ਉਹ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਅਵਤਾਰ ਅਤੇ ਗਊਆਂ ਦੇ ਰਾਖੇ ਵਜੋਂ ਪੇਸ਼ ਕਰ ਰਿਹਾ ਹੈ। ਭਲੇ ਵੇਲਿਆਂ ‘ਚ ਗਊ ਵਾਕਈ ਸ਼ਾਂਤੀ ਦਾ ਚਿੰਨ੍ਹ ਰਹੀ ਹੈ ਪਰ ਪਿਛਲੇ ਕੁਝ ਅਰਸੇ ਦੌਰਾਨ ਇਹ ਜਿੰਨੀ ਲੋਕਾਈ ਦੇ ਘਾਣ ਦਾ ਸਬੱਬ ਬਣੀ ਹੈ, ਓਨੀ ਸ਼ਾਇਦ ਪਹਿਲਾਂ ਕਦੇ ਨਹੀ ਹੋਇਆ।ਬੁਲੰਦਸ਼ਹਿਰ ਕਾਂਡ ਬਾਰੇ ਮੀਡੀਆ ਦੀਆਂ ਰਿਪੋਰਟਾਂ ਲਕੀਰ ਦੇ ਫ਼ਕੀਰ ਵਾਲੀ ਤੋਰ ਤੁਰਦੀਆਂ ਹਨ। ਇਨ੍ਹਾਂ ਦਾ ਬਿਰਤਾਂਤ ਬੇਹੱਦ ਮਰੀਅਲ ਜਿਹਾ ਹੁੰਦਾ ਹੈ, ਉੱਕਾ ਹੀ ਸਾਹਸੱਤਹੀਣ; ਮਸਲਨ ਕੌਣ ਮਾਰਿਆ ਗਿਆ ਤੇ ਕਿਵੇਂ ਮਾਰਿਆ ਗਿਆ ਤੇ ਫਿਰ ਦੋਵੇਂ ਧਿਰਾਂ ਦੇ ਪੱਖ ਪੇਸ਼ ਕੀਤੇ ਜਾਂਦੇ ਹਨ। ਹਿੰਸਾ ਦੇ ਅਮਲ ਨੂੰ ਸਮਝਣ ‘ਤੇ ਉੱਕਾ ਹੀ ਕੋਈ ਜ਼ੋਰ ਨਹੀਂ, ਤੇ ਲਹਿਜ਼ਾ ਨਿਰਾ ਸਿਆਸੀ ਮੁਲਾਹਜ਼ੇਦਾਰੀ ਪਾਲਣ ਦਾ ਹੁੰਦਾ ਹੈ। ਮੁਕਾਮੀ ਮੈਜਿਸਟਰੇਟ ਅਤੇ ਹਿੰਸਾ ਦੇ ਮੁਕਾਮੀ ਕਾਰਿੰਦੇ ਨੂੰ ਬਰਾਬਰ ਸਮਾਂ ਦਿੱਤਾ ਜਾਂਦਾ ਹੈ।
ਹਿੰਸਾ ਦੀ ਨਿੰਦਾ ਕਰਨ ਵਾਲੇ ਜ਼ਿਆਦਾਤਰ ਸੁਲਝੇ ਹੋਏ ਪੱਤਰਕਾਰ ਵੀ ਅਕਸਰ ਉਹੋ ਘਿਸੀਆਂ-ਪਿਟੀਆਂ ਗੱਲਾਂ ਦੁਹਰਾਉਂਦੇ ਹਨ। ਉਨ੍ਹਾਂ ਦੀਆਂ ਲਿਖਤਾਂ ‘ਚੋਂ ਹਿੰਸਾ ਦੀ ਸਮਾਜਿਕ ਪ੍ਰਸੰਗ ਵਿਚ ਨੁਕਤਾਚੀਨੀ ਨਾਲੋਂ ਵਿਚਾਰਧਾਰਕ ਤਰਜੀਹਾਂ ਲੱਭਣ ਦੀ ਲਲਕ ਵੱਧ ਝਲਕਦੀ ਹੈ। ਹਿੰਸਾ ਦੀਆਂ ਜੜ੍ਹਾਂ ਕਿੰਨੀਆਂ ਕਦੀਮੀਂ ਅਤੇ ਬਿਮਾਰੀ ਕਿੰਨੀ ਵਸੀਹ ਹੈ, ਇਸ ਦੀਆਂ ਪਰਤਾਂ ਫ਼ਰੋਲਦਿਆਂ ਅਮਨ ਕਾਨੂੰਨ ਨੂੰ ਇਸ ਦੇ ਐਂਟੀਸੈਪਟਿਕ ਲੇਬਲ ਦੇ ਤੌਰ ‘ਤੇ ਚਿਪਕਾ ਕਰ ਦਿੱਤਾ ਜਾਂਦਾ ਹੈ। ਫਿਰ ਮੋਦੀ ਸਰਕਾਰ ‘ਤੇ ਹਿੰਸਾ ਬਾਰੇ ਚੁੱਪ ਧਾਰਨ ਕਾਰਨ ਦਾ ਇਲਜ਼ਾਮ ਲਗਦਾ ਹੈ ਤੇ ਇੰਜ ਮਾਮਲਾ ਨਜਿੱਠਿਆ ਜਾਂਦਾ ਹੈ। ਹਕੂਮਤ ਦੀ ਕਿਸ ਹੱਦ ਤੱਕ ਨੁਕਤਾਚੀਨੀ ਕੀਤੀ ਜਾਵੇ, ਇਸ ਦੀ ਵੀ ਤੈਅਸ਼ੁਦਾ ਸਹਿਮਤੀ ਬਣੀ ਹੋਈ ਹੈ।
ਬੁਲੰਦਸ਼ਹਿਰ ਵਾਂਗ ਹੀ ਮੋਦੀ ਰਾਜ ਦੌਰਾਨ ਵਾਪਰੀਆਂ ਹਿੰਸਾ ਦੀਆਂ ਵਾਰਦਾਤਾਂ ਨੂੰ ਬੱਝਵੇਂ ਢੰਗ ਨਾਲ ਵੇਖਣ ਦੀ ਲੋੜ ਹੈ। ਇਹ ਤੱਥ ਹਰ ਕਿਸੇ ਨੂੰ ਵਾਚਣਾ ਪਵੇਗਾ ਕਿ ਇਹ ਉਹ ਸਰਕਾਰ ਹੈ ਜਿਸ ਦਾ ਤਰਕ-ਵਿਧਾਨ ਹੀ ਹਿੰਸਾ ‘ਤੇ ਟਿਕਿਆ ਹੋਇਆ ਹੈ। ਇਸ ਤਰਕ ਦੇ ਤਿੰਨ ਪੱਧਰ ਹਨ ਤੇ ਇਹ ਵੱਖੋ-ਵੱਖਰੇ ਲੱਛਣਾਂ ਤੇ ਸੰਕੇਤਾਂ ਮੁਤਾਬਕ ਕੰਮ ਕਰਦਾ ਹੈ। ਹਰ ਪੱਧਰ ਹਿੰਸਾ ਦੀ ਵਾਜਬੀਅਤ ਦੇ ਖਾਸ ਤਰਕ ਵਿਚ ਸ਼ਾਮਲ ਹੁੰਦਾ ਹੈ।
ਪਹਿਲਾ ਪੱਧਰ ਕੌਮੀ ਖਾਸੇ ਦਾ ਹੈ ਜੋ ਇਤਿਹਾਸ ਦੇ ਤਰਕ ਅਤੇ ਅਤੀਤ ਦੇ ਝਾੜੇ (ਭੂਤ ਕੱਢਣ ਲਈ) ਦੇ ਪ੍ਰਸੰਗ ਵਿਚ ਪ੍ਰਗਟ ਹੁੰਦਾ ਹੈ। ਇਸ ਪੱਧਰ ‘ਤੇ ਹਿੰਸਾ ਇਕ ਅਟੱਲ ਸੱਚਾਈ ਅਤੇ ਦੇਸ਼ਭਗਤੀ ਜਿਹੇ ਸੰਕਲਪਾਂ ਜ਼ਰੀਏ ਇਕ ਲੇਖੇ ਫ਼ਰਜ਼ ਦੇ ਤੌਰ ‘ਤੇ ਪੇਸ਼ ਕੀਤੀ ਜਾਂਦੀ ਹੈ। ਇਸ ਪੱਧਰ ‘ਤੇ ਮੋਦੀ ਜਿਹੀ ਹਸਤੀ ਦੇ ਆਗੂ ਸ਼ਾਮਲ ਹੁੰਦੇ ਹਨ। ਗੁਜਰਾਤ ਦੰਗੇ ਇਸ ਦੀ ਵਧੀਆ ਮਿਸਾਲ ਹਨ ਕਿ ਕਿਵੇਂ ਹਿੰਸਾ ਦੇ ਬਿਰਤਾਂਤ ਦੁਆਲੇ ਸ਼ਾਸਨ ਦਾ ਤਰਕ ਬੁਣਿਆ ਜਾਂਦਾ ਹੈ।ਦੂਜੇ ਪੱਧਰ ‘ਤੇ ਆਦਿਤਿਆਨਾਥ ਯੋਗੀ ਵਰਗੇ ਜ਼ਿਆਦਾਤਰ ਫ਼ਿਰਕੂ ਕਿਸਮ ਦੇ ਲੋਕ ਸ਼ਾਮਲ ਹੁੰਦੇ ਹਨ ਜਦੋਂ ਧਰਮ ਦਾ ਮੂੰਹ ਮੱਥਾ ਵਿਗਾੜ ਕੇ ਦਬਦਬਾ ਕਾਇਮ ਕਰਨ ਦੇ ਮੰਤਵ ਤਹਿਤ ਹਿੰਸਾ ਦਾ ਤਰਕ ਘੜਿਆ ਜਾਂਦਾ ਹੈ। ਅਦਿਤਿਆਨਾਥ, ਰਾਜਨਾਥ ਸਿੰਘ, ਊਧਵ ਠਾਕਰੇ ਆਦਿ ਇਸੇ ਫਿਰਕੂ ਤਰਕ ਦੇ ਉਸਤਾਦ ਹਨ। ਰਾਮ ਮੰਦਰ ਦੀ ਲੜਾਈ ਇਸ ਦੌਰ ਦਾ ਮਜ਼ਬੂਤ ਪ੍ਰਗਟਾਵਾ ਹੈ। ਅਮਿਤ ਸ਼ਾਹ ਵੀ ਇਸੇ ਵੰਨਗੀ ਦਾ ਡਾਢਾ ਇਜ਼ਹਾਰ ਹੈ ਪਰ ਉਸ ਨੂੰ ਭਾਜਪਾ ਦਾ ਸਾਰਥੀ ਬਣਾਉਣ ਲਈ ਕੌਮੀ ਆਗੂ ਅਤੇ ਗਲੀ ਦੇ ਧੜਵੈਲ ਵਰਗਾ ਬਹੁਰੂਪੀਆ ਬਣਾਉਣਾ ਪੈਂਦਾ ਹੈ।
ਹਜੂਮੀ ਹਿੰਸਾ ਦੇ ਰੂਪ ਵਿਚ ਸਾਹਮਣੇ ਆ ਰਿਹਾ ਤੀਜਾ ਪੱਧਰ ਚੋਣਾਂ ਤੋਂ ਐਨ ਪਹਿਲਾਂ ਸਾਕਾਰ ਹੁੰਦਾ ਹੈ ਅਤੇ ਘਾਤਕ ਸ਼ਕਲ ਅਖਤਿਆਰ ਕਰਨ ਲਈ ਡਿਜੀਟਲ ਲਬਾਦੇ ਵਿਚ ਢਾਲਣਾ ਪੈਂਦਾ ਹੈ। ਹਜੂਮ ਨੂੰ ਇਤਿਹਾਸ ਦੇ ਨਾਇਕ ਵਾਂਗ ਪੇਸ਼ ਕਰ ਕੇ ਰਾਜਕੀ ਹਿੰਸਾ ਦਾ ਇਹ ਤੀਜਾ ਪੱਧਰ ਆਪਣੇ ਮਿਥਹਾਸਕ ਅਵਚੇਤਨ, ਬਾਹਰਲੇ ਲੋਕਾਂ ਪ੍ਰਤੀ ਬੇਵਿਸਾਹੀ, ਪੱਛਮ ਪ੍ਰਤੀ ਆਪਣੀ ਹੀਣਭਾਵਨਾ ਦਾ ਖ਼ੁਲਾਸਾ ਕਰਦਾ ਹੈ ਤੇ ਰਾਣਾ ਪ੍ਰਤਾਪ ਤੋਂ ਲੈ ਕੇ ਗਊ ਤੱਕ ਸਾਰੇ ਚਿੰਨ੍ਹਾਂ ਦਾ ਇਸਤੇਮਾਲ ਕਰਦਾ ਹੈ। ਫਿਰ ਸ਼ਾਸਨ ਲਈ ਹਜੂਮ ਹੀ ਸ਼ਖਸੀ ਅਜ਼ਮਾਇਸ਼ ਦਾ ਜ਼ਰੀਆ ਬਣ ਜਾਂਦੀ ਹੈ ਜਿੱਥੇ ਹਿੰਸਾ ਨੂੰ ਹਰ ਕਿਸਮ ਦੀ ਵਾਜਬੀਅਤ ਮੁਹੱਈਆ ਕਰਵਾਈ ਜਾਂਦੀ ਹੈ। ਹਮੇਸ਼ਾਂ ਮਜ਼ਲੂਮ ਨੂੰ ਹਿੰਸਾ ਲਈ ਕਸੂਰਵਾਰ ਠਹਿਰਾਇਆ ਜਾਂਦਾ ਹੈ। ਰਾਜ ਤੇ ਹਜੂਮ ਦਰਮਿਆਨ ਤੋਲ ਤੁਕਾਂਤ ਬਿਠਾਉਣ ਵਾਲੇ ਤਿੰਨ ਗਰੁੱਪ ਹਨ- ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਤੇ ਆਰਐੱਸਐੱਸ ਜੋ ਹਿੰਸਾ ਲਈ ਲਠੈਤ, ਜਥੇਬੰਦਕ ਤਾਕਤ ਅਤੇ ਹਿੰਸਾ ਦੀ ਵਾਜਬੀਅਤ ਤੱਕ ਸਾਰਾ ਸਾਮਾਨ ਮੁਹੱਈਆ ਕਰਵਾਉਂਦੇ ਹਨ। ਇਸ ਮੁਕਾਮ ‘ਤੇ ਹਿੰਸਾ ਜਸ਼ਨ ਦਾ ਰੂਪ ਧਾਰਨ ਕਰ ਜਾਂਦਾ ਹੈ, ਖਾਸ ਕਰ ਕੇ ਬਜਰੰਗ ਦਲ ਜਿਹੇ ਗਰੁਪਾਂ ਲਈ ਕਿਸਮ ਦਾ ਆਮ ਸਮਾਜੀ ਵਿਹਾਰ ਬਣ ਜਾਂਦਾ ਹੈ। ਇੰਜ ਕਾਮੁਕਤਾ ਵਾਂਗ ਹਿੰਸਾ ਵੀ ਬੰਦੇ ਨੂੰ ਰਾਜਨੀਤੀ ਅਤੇ ਇਤਿਹਾਸ ਦੇ ਵਰਗਾਂ ਤੋਂ ਮੁਕਤ ਕਰ ਦਿੰਦੀ ਹੈ।
ਬੁਲੰਦਸ਼ਹਿਰ ਹਿੰਸਾ ਬਾਰੇ ਬਿਰਤਾਂਤ ਇਕੋ ਸਮੇਂ ਇਸ ਨੂੰ ਐਨ ਅਸਲੀ ਅਤੇ ਰੋਜ਼ਮੱਰਾ ਦੀ ਕਾਰਵਾਈ ਬਣਾ ਕੇ ਪੇਸ਼ ਕਰਦਾ ਹੈ। ਇਹ ਇਕ ਪੱਧਰ ‘ਤੇ ਪੁਲੀਸ ਅਫ਼ਸਰ ਦੀ ਮੌਤ ‘ਤੇ ਅਫ਼ਸੋਸ ਜਤਾਉਂਦਾ ਹੈ, ਦੂਜਾ ਸੋਗ ‘ਚ ਡੁੱਬੇ ਪਰਿਵਾਰ ਦੀ ਤਸਵੀਰ ਦਾ ਗਵਾਹ ਬਣਦਾ ਹੈ ਜਦਕਿ ਇਕ ਹੋਰ ਪੱਧਰ ਦਾ ਪ੍ਰਵਚਨ ਹੁੰਦਾ ਹੈ ਕਿ ਅਫ਼ਸਰ ਅਤੇ ਨਾਗਰਿਕ ਸਭ ਫ਼ਾਨੀ ਹਨ। ਜੇ ਕੋਈ ਬੇਸ਼ਕੀਮਤੀ ਹੈ ਤਾਂ ਉਹ ਗਊ ਦੀ ਕਥਿਤ ਉਤਮਤਾ ਹੈ। ਸੰਦੇਹ ਪੈਦਾ ਕਰਨ ਲਈ ਸਭ ਤੋਂ ਸੌਖਾ ਰਾਹ ਹੈ ਕਿ ਤੁਸੀਂ ਮਰੇ ਹੋਏ ਪਸ਼ੂ ਦਾ ਪਿੰਜਰ ਲਿਆ ਕੇ ਦਿਖਾ ਦਿਓ। ਇਹ ਹਿੰਸਾ ਦਾ ਉਹ ਖੁਸ਼ਨੁਮਾ ਅਹਿਸਾਸ ਹੈ ਜਿਸ ਵਿਚ ਹਜੂਮ ਅਤੇ ਰਾਜ ਆਪੋ ਵਿਚ ਰਲ ਕੇ ਬੇਕਿਰਕ ਸਹਿਮਤੀ ਦਿੰਦੇ ਹਨ। ਤਿੰਨਾਂ ਪੱਧਰਾਂ ‘ਤੇ ਹਿੰਦੂਕਰਨ ਮਹਾਂਮਾਰੀ ਵਾਂਗ ਫੈਲਦਾ ਨਜ਼ਰ ਆਉਂਦਾ ਹੈ।ਹਿੰਸਾ ਦੇ ਸਾਖ਼ਸ਼ਾਤ ਦਰਸ਼ਨਾਂ ਦੇ ਨਾਲੋ-ਨਾਲ ਆਤਮ-ਪੂਜਾ/ਆਤਮ-ਮੋਹ ਦੇ ਦਰਸ਼ਨ ਵੀ ਕਰਵਾਏ ਜਾਂਦੇ ਹਨ। ਬਜਰੰਗ ਦਲ ਦਾ ਆਗੂ ਯੋਗੇਸ਼ ਰਾਜ ਆਪਣੇ ਮੂੰਹੋਂ ਆਪਣੀ ਮਰਦਾਨਗੀ ਦੇ ਸੋਹਲੇ ਗਾਉਂਦਾ ਨਜ਼ਰ ਆ ਰਿਹਾ ਹੈ। ਇਹ ਮਰਦਾਨਗੀ ਨਿਜ਼ਾਮ ਦੀ ਨਵੀਂ ਤਵੱਕੋ ਬਣ ਗਈ ਹੈ। ਹੁਣ ਇਹ ਮਹਿਜ਼ ਵੋਟ ਨਹੀਂ ਰਹਿ ਗਈ। ਕਤਲ ਤੋਂ ਬਾਅਦ ਉਸ ਦਾ ਇਕਬਾਲ ਕਰਨਾ ਅਤੇ ਫਿਰ ਸੈਲਫੀ ਜਾਂ ਟਵਿਟਰ ‘ਤੇ ਹਾਜ਼ਰੀ ਪਾਉਣ ਜਿਹੀਆਂ ਰਸਮਾਂ ਜਿੰਨੀ ਦੇਰ ਤੱਕ ਪੂਰੀਆਂ ਨਹੀਂ ਕੀਤੀਆਂ ਜਾਂਂਦੀਆਂ, ਓਨੀ ਦੇਰ ਤੱਕ ਜ਼ਖ਼ਮੀ ਨਾਗਰਿਕਤਾ ਦੇ ਅਹਿਸਾਸ ਦੀ ਪੂਰਤੀ ਨਹੀਂ ਸਮਝੀ ਜਾਂਦੀ। ਇਸ ਦੇ ਨਾਲ ਬਾਕੀ ਪੀੜਤਾਂ ਨੂੰ ਅੱਛਾ ਖਾਸਾ ਮੁਆਵਜ਼ਾ ਜਾਂ ਨੌਕਰੀ ਦੇ ਕੇ ਪਾਸੇ ਕਰ ਦਿੱਤਾ ਜਾਂਦਾ ਹੈ। ਸ਼ਿਕਾਰ ਹੋਏ ਕਿਸੇ ਨਿੱਕੇ ਮੋਟੇ ਕਾਰਕੁਨ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਜੀਅ ਲਈ ਨੌਕਰੀ ਦਿੱਤੀ ਜਾਂਦੀ ਹੈ। ਦੰਗੇ ਦੇ ਮੁਆਵਜ਼ੇ ਦੀ ਇਹ ਰਸਮ ਜ਼ਿੰਦਗੀ ਦੀ ਤੁੱਛਤਾ ਦਾ ਆਭਾਸ ਕਰਵਾਉਂਦੀ ਹੈ। ਜਾਂਚ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਹੁਣ ਜਾਂਚ ਵਿਧੀਆਂ ਖੋਖਲੀਆਂ ਬਣ ਕੇ ਰਹਿ ਗਈਆਂ ਹਨ ਜੋ ਲੇਖੇ ਜੋਖੇ, ਜਵਾਬਦੇਹੀ ਅਤੇ ਜ਼ਿੰਮੇਵਾਰੀ ਨੂੰ ਟਾਲਦੀਆਂ ਰਹਿੰਦੀਆਂ ਹਨ। ਹਿੰਸਾ ਦੇ ਸੂਚਕ ਅੰਕ ਦਾ ਤਮਗਾ ਹੁਣ ਆਦਿਤਿਆਨਾਥ ਦੀ ਸੋਭਾ ਵਧਾ ਰਿਹਾ ਹੈ।
ਜਿੱਥੇ ਪਿੰਜਰ ਦੀ ਅਫ਼ਵਾਹ ਫੈਲਣ ਬਾਅਦ ਪੁਲੀਸ ਅਫ਼ਸਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਉਸ ਬੁਲੰਦਸ਼ਹਿਰ ਦੀ ਵਿਹਾਰਕ ਰਿਪੋਰਟ ਨਹੀਂ ਦਿੱਤੀ ਜਾ ਸਕਦੀ। ਮਹਿਜ਼ ਤੱਥਾਂ ਦੀ ਪੇਸ਼ਕਾਰੀ ਘਟਨਾ ਦੀ ਅਸਲੀਅਤ ਬਿਆਨ ਨਹੀਂ ਕਰਦੀ। ਜਦੋਂ ਵੀ ਕਿਸੇ ਵੱਡਅਕਾਰੀ ਮਿੱਥ ਦੁਆਲੇ ਹਜੂਮੀ ਹਿੰਸਾ ਦੀ ਖੇਡ ਖੇਡੀ ਜਾਂਦੀ ਹੈ ਤਾਂ ਮੋਦੀ, ਰਾਜਨਾਥ ਅਤੇ ਅਦਿਤਿਆਨਾਥ ਦੇ ਰੂਪ ਵਿਚ ਰਾਜ ਮੌਨ ਧਾਰਨ ਲੈਂਦਾ ਹੈ। ਵਿਕਾਸ ਦੇ ਸ਼ਬਦ ਹੁਣ ਨਿਜ਼ਾਮ ਨੂੰ ਪੋਹਣ ਤੋਂ ਹਟ ਗਏ ਹਨ ਪਰ ਇਸ ਦੀ ਥਾਂ ਹਿੰਸਾ ਦੇ ਤਰਕ ਨੇ ਲੈ ਲਈ ਹੈ। ਨਿਜ਼ਾਮ ਜਾਣਦਾ ਹੈ ਕਿ ਇਤਿਹਾਸ ਦੁਬਾਰਾ ਲਿਖ ਕੇ ਹਿੰਸਾ ਨੂੰ ਛੂ-ਮੰਤਰ ਕੀਤਾ ਜਾ ਸਕਦਾ ਹੈ। ਜਾਂਚ ਪੜਤਾਲਾਂ ਵੀ ਇਸ ਦਾ ਇਕ ਹੋਰ ਤਰੀਕਾਕਾਰ ਹਨ।
ਬਹਰਹਾਲ, ਮੀਡੀਆ ਇਨਸਾਨੀ ਦਿਲਚਸਪੀ ਵਿਚ ਵਾਧਾ ਕਰਦਾ ਰਹੇਗਾ ਅਤੇ ਇਹੋ ਜਿਹੇ ਤੱਥ ਉਭਾਰਦਾ ਰਹੇਗਾ ਕਿ ਮਾਰਿਆ ਗਿਆ ਇੰਸਪੈਕਟਰ ਸੁਬੋਧ ਕੁਮਾਰ ਸਿੰਘ, ਅਖ਼ਲਾਕ ਕੇਸ ਦਾ ਤਫ਼ਤੀਸ਼ੀ ਅਫ਼ਸਰ ਸੀ। ਉੱਤਰ ਪ੍ਰਦੇਸ਼ ਸਰਕਾਰ 50 ਲੱਖ ਰੁਪਏ ਦਾ ਗੱਫਾ ਦੇ ਕੇ ਸਭ ਕੁਝ ਸਾਫ਼ ਕਰ ਦੇਵੇਗੀ। ਇੰਜ, ਬੁਲੰਦਸ਼ਹਿਰ ਦੀ ਇਹ ਘਿਨਾਉਣੀ ਗਾਥਾ ਤਮਾਮ ਹੁੰਦੀ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ