Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਬਟਵਾਰੇ ਨਾਲ ਹੋਇਆ ਸੱਭਿਆਚਾਰਕ ਉਜਾੜਾ -


    
  

Share
  ਜਦੋਂ ਕਿਸੇ ਕੌਮ-ਭਾਈਚਾਰੇ ਦਾ ਨਸਲੀ ਸਫ਼ਾਇਆ ਹੁੰਦਾ ਹੈ ਤਾਂ ਜਾਨਾਂ ਦਾ ਨੁਕਸਾਨ ਇਸ ਤ੍ਰਾਸਦੀ ਦਾ ਬੜਾ ਛੋਟਾ ਹਿੱਸਾ ਹੁੰਦਾ ਹੈ। ਅਜਿਹੇ ਭਾਈਚਾਰੇ ਦੇ ਲੋਕਾਂ ਦੇ ਨਾਲ ਹੀ ਉਸ ਦਾ ਸਮੁੱਚਾ ਸੱਭਿਆਚਾਰ ਵੀ ਵੰਡਿਆ ਜਾਂਦਾ ਹੈ, ਨਾਲ ਹੀ ਉਸ ਦੀ ਜ਼ੁਬਾਨ ਵੀ। ਅਗਲੀ ਪੀੜ੍ਹੀ, ਜਿਹੜੀ ਆਪਣੀਆਂ ਜੜ੍ਹਾਂ ਤੋਂ ਦੂਰ ਜੰਮਦੀ ਹੈ, ਉਸ ਕੋਲ ਆਪਣੇ ਇਸ ਵਿਰਸੇ ਦੀ ਸਰਸਰੀ ਜਿਹੀ ਸਤਹੀ ਜਾਣਕਾਰੀ ਹੁੰਦੀ ਹੈ। ਤੀਜੀ ਪੀੜ੍ਹੀ ਤਾਂ ਆਪਣੇ ਸਦੀਆਂ ਪੁਰਾਣੇ ਘਰਾਂ ਤੋਂ ਹੋਰ ਦੂਰ ਹੋ ਜਾਂਦੀ ਹੈ ਅਤੇ ਹੌਲੀ ਹੌਲੀ ਉਸ ਦਾ ਆਪਣੀ ਵਿਰਾਸਤ ਤੋਂ ਵਾਹ-ਵਾਸਤਾ ਹੀ ਟੁੱਟ ਜਾਂਦਾ ਹੈ। ਇਹ ਸੱਭਿਆਚਾਰਕ ਜ਼ੁਲਮ ਲੋਕਾਂ ਦੀਆਂ ਦੇਹਾਂ ’ਤੇ ਹੋਏ ਤਸ਼ੱਦਦ ਤੋਂ ਵੀ ਵੱਧ ਮਾੜਾ ਹੈ।
ਪੰਜਾਬ ਨੇ ਨਸਲੀ ਸਫ਼ਾਏ ਦਾ ਵਰਤਾਰਾ 1947 ਵਿਚ ਦੇਖਿਆ। ਭਾਰਤ ਨੂੰ ਆਜ਼ਾਦੀ ਮਿਲ ਗਈ, ਪਰ ਬੰਗਾਲ ਤੇ ਪੰਜਾਬ ਵੰਡ ਦਿੱਤੇ ਗਏ। ਇਸ ਕਾਰਨ ਬੜੀ ਵੱਡੀ ਗਿਣਤੀ ਆਬਾਦੀ ਨੂੰ ਆਪਣੇ ਸਦੀਆਂ ਪੁਰਾਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਬਾਅਦ ਦੀਆਂ ਪੀੜ੍ਹੀਆਂ ਇਸ ਉਥਲ-ਪੁਥਲ ਤੋਂ ਅਣਜਾਣ ਰਹੀਆਂ। ਬਹੁਤੇ ਬੰਗਾਲੀ ਇਸ ਗੱਲੋਂ ਖ਼ੁਸ਼ਕਿਸਮਤ ਰਹੇ ਕਿ ਉਨ੍ਹਾਂ ਨੂੰ ਬੰਗਾਲ ਵਿਚ ਹੀ ਵਸਾ ਦਿੱਤਾ ਗਿਆ। ਉਹ ਮੁੱਖ ਤੌਰ ’ਤੇ ਪੂਰਬੀ ਤੇ ਪੱਛਮੀ ਬੰਗਾਲਾਂ ਵਿਚ ਹੀ ਇਧਰੋਂ-ਉਧਰ ਹੋਏ।
ਬਹੁਗਿਣਤੀ ਭਾਰਤੀ ਚਾਹੁੰਦੇ ਸਨ ਕਿ ਭਾਰਤ ਇਕ ਰਹੇ। ਦੂਜੇ ਪਾਸੇ ਸਭ ਤੋਂ ਅਹਿਮ ਘੱਟਗਿਣਤੀ ਦੇ ਇਕ ਵੱਡੇ ਹਿੱਸੇ ਅੰਦਰ ਇਹ ਖ਼ਾਹਿਸ਼ ਘਰ ਕਰ ਗਈ ਕਿ ਉਨ੍ਹਾਂ ਕੋਲ ਆਪਣਾ ਮੁਲਕ ਹੋਵੇ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਜ਼ਾਤੀ ਤੇ ਮਜ਼ਹਬੀ ਸਿਧਾਂਤਾਂ ਰਾਹੀਂ ਚੱਲੇ। ਸ਼ੁਰੂ ਵਿਚ ਉਨ੍ਹਾਂ ਵਿਚੋਂ ਕੁਝ ਗਰਮ ਖ਼ਿਆਲੀਆਂ ਨੇ ਇਹ ਦੇਖਦਿਆਂ ਕਿ ਉਨ੍ਹਾਂ ਦੀ ਇਹ ਮੁਹਿੰਮ ਅੱਗੇ ਨਹੀਂ ਵਧ ਰਹੀ, ਲਹਿੰਦੇ ਪੰਜਾਬ ਵਿਚ ਹਿੰਦੂਆਂ ਤੇ ਸਿੱਖਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਜਿੱਥੇ ਇਹ ਦੋਵੇਂ ਭਾਈਚਾਰੇ ਘੱਟਗਿਣਤੀ ਵਿਚ ਸਨ। ਮੇਰੇ ਮਰਹੂਮ ਪਿਤਾ ਅਫ਼ਸਰ ਸਨ। ਉਨ੍ਹਾਂ ਮੁਤਾਬਿਕ ਮੌਕੇ ਦੀ ਹਕੂਮਤ ਨੇ ਇਸ ਮੁਤੱਲਕ ਖ਼ਬਰਾਂ ਨੂੰ ਦਬਾ ਲਿਆ।
ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ, ਮਾਰਚ 1947 ਵਿਚ ਰਾਵਲਪਿੰਡੀ ’ਚ ਹਿੰਦੂਆਂ ਤੇ ਸਿੱਖਾਂ ਖ਼ਿਲਾਫ਼ ਭੜਕੀ ਅਜਿਹੀ ਹਿੰਸਾ ਨੂੰ ਚੇਤੇ ਕਰਦੇ ਹਨ।

ਸ਼ੁਰੂਆਤੀ ਹਿੰਸਾ

ਹਿੰਦੂਆਂ ਤੇ ਸਿੱਖਾਂ ਦੀ ਸ਼ੁਰੂਆਤੀ ਹਿਜਰਤ ਮਾਰਚ 1947 ਵਿਚ ਰਾਵਲਪਿੰਡੀ ਤੋਂ ਸ਼ੁਰੂ ਹੋਈ। ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਪਨਾਹਗੀਰਾਂ ਨੂੰ ਆਪਣੇ ਕੋਲ ਸਰਕਾਰੀ ਮਾਲਕੀ ਵਾਲੇ ਕਿਲ੍ਹਿਆਂ ਤੇ ਹੋਰ ਥਾਵਾਂ ’ਤੇ ਠਾਹਰ ਦੇਣ ਦੀ ਪੇਸ਼ਕਸ਼ ਕੀਤੀ। ਪਹਿਲਾ ਜਥਾ ਪਟਿਆਲਾ ਪੁੱਜਿਆ, ਪਰ ਵੱਡੀ ਗਿਣਤੀ ਵਿਚ ਪੁੱਜ ਰਹੇ ਪੋਠੋਹਾਰ ਇਲਾਕੇ ਦੇ ਅਮੀਰ ਹਿੰਦੂਆਂ ਤੇ ਸਿੱਖਾਂ ਨੂੰ ਆਸਰਾ ਦੇਣ ਲਈ ਪਟਿਆਲਾ ਛੇਤੀ ਹੀ ਛੋਟਾ ਪੈਣ ਲੱਗਾ। ਕੁਝ ਹੋਰ ਛੋਟੇ ਗਰੁੱਪਾਂ ਨੂੰ ਚੜ੍ਹਦੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਠਾਹਰ ਦਿੱਤੀ ਗਈ। ਇਨ੍ਹਾਂ ਦੀ ਵੱਡੀ ਗਿਣਤੀ ਨੂੰ ਜੁਲਾਈ ਅਤੇ ਅਗਸਤ 1947 ਵਿਚ ਕੌਮੀ ਰਾਜਧਾਨੀ ਖੇਤਰ ਵਿਚ ਪੁਰਾਣਾ ਕਿਲ੍ਹਾ ਤੇ ਅਜਿਹੀਆਂ ਹੋਰ ਥਾਵਾਂ ਉੱਤੇ ਵਸਾਇਆ ਗਿਆ। ਪਨਾਹਗੀਰਾਂ ਦੀ ਆਮਦ ਅਗਸਤ ਤੋਂ ਬਾਅਦ ਵੀ ਜਾਰੀ ਰਹੀ।
ਝਗੜੇ ਦੀ ਜੜ੍ਹ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਸੀ। ਸਹੀ ਗਿਣਤੀ ਤਾਂ ਕਿਸੇ ਨੂੰ ਪਤਾ ਨਹੀਂ, ਪਰ ਲਾਹੌਰ ਵਿਚ ਸਿੱਖਾਂ ਤੇ ਹਿੰਦੂਆਂ ਦੀ ਇਕਮੁੱਠ ਗਿਣਤੀ ਮੁਸਲਮਾਨਾਂ ਦੇ ਲਗਪਗ ਬਰਾਬਰ ਸੀ। ਦੋਵਾਂ ਵਿਚੋਂ ਕੋਈ ਵੀ ਭਾਈਚਾਰਾ ਇਸ ਸ਼ਾਨਦਾਰ ਸੱਭਿਆਚਾਰਕ ਅਤੇ ਵਿੱਦਿਅਕ ਕੇਂਦਰ ਤੋਂ ਆਪਣਾ ਦਾਅਵਾ ਛੱਡਣ ਲਈ ਤਿਆਰ ਨਹੀਂ ਸੀ ਜਿਹੜਾ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਵੀ ਸੀ।
ਲਾਹੌਰ ਤੋਂ ਬਾਅਦ ਅੰਮ੍ਰਿਤਸਰ ਲਈ ਸਭ ਤੋਂ ਵੱਧ ਖਿੱਚ-ਧੂਹ ਹੋਈ। ਇਹ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਤਾਂ ਸੀ ਹੀ ਸਗੋਂ ਪੰਜਾਬ ਦੀ ਸਨਅਤੀ ਤੇ ਵਪਾਰਕ ਰਾਜਧਾਨੀ ਵੀ ਸੀ। ਇਸ ਦੀ ਤਕਰੀਬਨ ਚਾਰ ਲੱਖ ਦੀ ਆਬਾਦੀ ਵਿਚ ਵੀ ਦੋਵਾਂ ਭਾਈਚਾਰਿਆਂ ਦੀ ਲਗਪਗ ਬਰਾਬਰ ਗਿਣਤੀ ਸੀ। ਪਾਕਿਸਤਾਨ ਚਾਹੁੰਦਾ ਸੀ ਕਿ ਅੰਮ੍ਰਿਤਸਰ ਉਸ ਨੂੰ ਮਿਲੇ, ਕਿਉਂਕਿ ਇਹ ਕਪੂਰਥਲਾ ਰਿਆਸਤ ਦੇ ਨਾਲ ਲੱਗਵਾਂ ਸੀ ਜਿੱਥੇ ਮੁਸਲਮਾਨ ਬਹੁਗਿਣਤੀ ਵਿਚ ਸਨ। ਗੁਆਂਢੀ ਜ਼ਿਲ੍ਹੇ ਜਲੰਧਰ ਵਿਚ ਵੀ ਮੁਸਲਮਾਨਾਂ ਦੀ ਕਾਫ਼ੀ ਆਬਾਦੀ ਸੀ।
ਜੇ ਕਿਤੇ ਅੰਮ੍ਰਿਤਸਰ ਪਾਕਿਸਤਾਨ ਵਿਚ ਚਲਾ ਜਾਂਦਾ ਤਾਂ ਪੰਜਾਬ ਦਾ 70 ਫ਼ੀਸਦੀ ਹਿੱਸਾ ਪਾਕਿਸਤਾਨ ਵਿਚ ਚਲਾ ਗਿਆ ਹੁੰਦਾ। ਪੰਜਾਬ ਮੁਸਲਿਮ ਬਹੁਗਿਣਤੀ ਵਾਲਾ ਸੂਬਾ ਸੀ ਜਿੱਥੇ ਇਸ ਭਾਈਚਾਰੇ ਦੀ 57 ਫ਼ੀਸਦੀ ਆਬਾਦੀ ਸੀ। ਦੂਜੇ ਪਾਸੇ ਹਿੰਦੂਆਂ ਦੀ ਆਬਾਦੀ 30 ਫ਼ੀਸਦੀ ਤੇ ਸਿੱਖਾਂ ਦੀ 13 ਫ਼ੀਸਦੀ ਸੀ। ਇਹ ਅੰਕੜੇ 1941 ਵਿਚ ਦੂਜੀ ਸੰਸਾਰ ਜੰਗ ਵੇਲੇ ਦੇ ਅੰਦਾਜ਼ਿਆਂ ਉੱਤੇ ਆਧਾਰਿਤ ਹਨ।

ਲਾਹੌਰ ਲਈ ‘ਲੜਾਈ’
ਲਾਹੌਰ ਕੇਂਦਰੀ ਡਿਵੀਜ਼ਨ ਦਾ ਸਦਰ ਮੁਕਾਮ ਸੀ। ਦੋ ਡਿਵੀਜ਼ਨਾਂ- ਰਾਵਲਪਿੰਡੀ ਤੇ ਮੁਲਤਾਨ ਇਸ ਦੇ ਲਹਿੰਦੇ ਪਾਸੇ ਸਥਿਤ ਸਨ ਜਦੋਂਕਿ ਦੋ ਹੋਰ- ਜਲੰਧਰ ਤੇ ਅੰਬਾਲਾ ਇਸ ਦੇ ਚੜ੍ਹਦੇ ਪਾਸੇ। ਅਖ਼ੀਰ, ਸਮੁੱਚੀ ਮੁਲਤਾਨ ਡਿਵੀਜ਼ਨ ਨੂੰ ਪਾਕਿਸਤਾਨ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ ਮਿੰਟਗੁਮਰੀ, ਲਾਇਲਪੁਰ, ਮੁਲਤਾਨ, ਮੀਆਂਵਾਲੀ, ਮੁਜ਼ੱਫ਼ਰਗੜ੍ਹ ਤੇ ਝੰਗ ਜ਼ਿਲ੍ਹੇ ਸਨ। ਇਸ ਸਾਰੇ ਜ਼ਿਲ੍ਹੇ ਮੁਸਲਿਮ ਅਕਸਰੀਅਤ ਵਾਲੇ ਸਨ। ਰਾਵਲਪਿੰਡੀ ਡਿਵੀਜ਼ਨ ਨੂੰ ਵੀ ਇਨ੍ਹਾਂ ਹੀ ਕਾਰਨਾਂ ਦੇ ਆਧਾਰ ’ਤੇ ਪਾਕਿਸਤਾਨ ਹਵਾਲੇ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਵਿਚ ਗੁਜਰਾਤ, ਜੇਹਲਮ, ਰਾਵਲਪਿੰਡੀ, ਸਰਗੋਧਾ, ਕੈਂਪਬੈੱਲਪੁਰ ਅਤੇ ਡੇਰਾ ਗ਼ਾਜ਼ੀ ਖ਼ਾਨ ਜ਼ਿਲ੍ਹੇ ਸਨ।
ਧੁਰ ਪੂਰਬੀ ਡਿਵੀਜ਼ਨ ਅੰਬਾਲਾ ਨੂੰ ਇਸ ਵਿਚ ਭਰਵੀਂ ਹਿੰਦੂ ਵੱਸੋਂ ਕਾਰਨ ਭਾਰਤ ਨੂੰ ਦੇਣ ਦਾ ਫ਼ੈਸਲਾ ਹੋਇਆ। ਇਸ ਵਿਚ ਗੁੜਗਾਉਂ, ਰੋਹਤਕ, ਹਿਸਾਰ, ਕਰਨਾਲ, ਅੰਬਾਲਾ ਤੇ ਸ਼ਿਮਲਾ ਜ਼ਿਲ੍ਹੇ ਸਨ। ਇਸੇ ਤਰ੍ਹਾਂ ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਕਾਂਗੜਾ ਜ਼ਿਲ੍ਹਿਆਂ ’ਤੇ ਆਧਾਰਿਤ ਜਲੰਧਰ ਡਿਵੀਜ਼ਨ ਨੂੰ ਭਾਰਤੀ ਪੰਜਾਬ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ, ਹਾਲਾਂਕਿ ਇਸ ’ਚ ਫ਼ਿਰੋਜ਼ਪੁਰ ਤੇ ਜਲੰਧਰ ’ਚ ਬਹੁਗਿਣਤੀ ਦੇ ਮੁੱਦੇ ’ਤੇ ਕੁਝ ਵਿਵਾਦ ਸਨ।
ਲਾਹੌਰ ਵਿਚ ਅਮੀਰ ਹਿੰਦੂ ਭਾਈਚਾਰੇ ਦੀ ਵੱਡੀ ਗਿਣਤੀ ਸੀ। ਉਹ ਆਪਣੇ ਮਜ਼ਬੂਤ ਮਾਲੀ ਟਿਕਾਣੇ ਨੂੰ ਛੱਡਣ ਲਈ ਤਿਆਰ ਨਹੀਂ ਸਨ। ਇਸੇ ਤਰ੍ਹਾਂ ਸਿੱਖ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਾਲੇ ਸ਼ੇਖੂਪੁਰਾ ਨੂੰ ਨਹੀਂ ਸਨ ਛੱਡਣਾ ਚਾਹੁੰਦੇ।

ਗੁਜਰਾਂਵਾਲਾ ਦੀ ਹਿੰਸਾ
ਗੁਜਰਾਂਵਾਲਾ, ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਰਾਜਧਾਨੀ ਸੀ ਅਤੇ ਸਿੱਖਾਂ ਦੀਆਂ ਉੱਥੇ ਵੀ ਕਾਫ਼ੀ ਜ਼ਮੀਨਾਂ ਸਨ। ਮੁਸਲਮਾਨ ਉੱਥੇ ਬਹੁਗਿਣਤੀ ਵਿਚ ਸਨ ਜੋ ਆਪਣੇ ਇਸ ਮਜ਼ਬੂਤ ਟਿਕਾਣੇ ’ਚੋਂ ਸਿੱਖਾਂ ਨੂੰ ਪੂਰੀ ਤਰ੍ਹਾਂ ਬਾਹਰ ਕਰਨਾ ਚਾਹੁੰਦੇ ਸਨ। ਸਭ ਤੋਂ ਵੱਧ ਭਿਆਨਕ ਹਿੰਸਾ ਕੇਂਦਰੀ ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਹੀ ਹੋਈ। ਉੱਥੇ ਹਜ਼ਾਰਾਂ ਹਿੰਦੂਆਂ ਤੇ ਸਿੱਖਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਹਿੰਦੂ/ਸਿੱਖ ਬਹੁਗਿਣਤੀ ਵਾਲਾ ਬਣਾਉਣ ਲਈ ਮੁਸਲਿਮ ਅਕਸਰੀਅਤ ਵਾਲੀ ਸ਼ਕਰਗੜ੍ਹ ਤਹਿਸੀਲ ਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਨਿਖੇੜ ਕੇ ਲਾਗਲੇ ਜ਼ਿਲ੍ਹਾ ਸਿਆਲਕੋਟ ਨਾਲ ਜੋੜ ਦਿੱਤਾ ਗਿਆ। ਹਿੰਦੂ/ਸਿੱਖ ਵੱਸੋਂ ਨੂੰ ਇਸ ਦੀ ਅੰਸ਼ਕ ਪੂਰਤੀ ਲਈ ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਪੱਟੀ ਇਲਾਕੇ ਨੂੰ ਵੱਖ ਕਰਕੇ ਅੰਮ੍ਰਿਤਸਰ ਨਾਲ ਲਾ ਦਿੱਤਾ ਗਿਆ।

ਲਾਹੌਰੀਆਂ ਨੂੰ ਆਪਣੇ ਘਰ-ਬਾਰ ਛੱਡਣੇ ਪਏ
ਲਾਹੌਰ ਤੇ ਅੰਮ੍ਰਿਤਸਰ ਨੂੰ ਸਭ ਤੋਂ ਵੱਧ ਮਾਰ ਪਈ। ਲਾਹੌਰ ਨੂੰ ਆਪਣੇ ਸਾਢੇ ਤਿੰਨ ਲੱਖ ਅਮੀਰ ਹਿੰਦੂਆਂ ਤੇ ਸਿੱਖਾਂ ਤੋਂ ਵਿਰਵਾ ਹੋਣਾ ਪਿਆ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੀ ਇਸ ਦੇ ਦੋ ਲੱਖ ਬਿਹਤਰੀਨ ਤਕਨੀਸ਼ੀਅਨ ਤੁਰ ਗਏ
ਜਿਹੜੇ ਇੱਥੋਂ ਦੀਆਂ ਕੱਪੜਾ ਮਿੱਲਾਂ ਤੇ ਹੋਰ ਕਾਰਖ਼ਾਨੇ ਚਲਾ ਰਹੇ ਸਨ। ਲਾਹੌਰ ਨੇ ਇਨ੍ਹਾਂ ਅੰਮ੍ਰਿਤਸਰੀ ਤਕਨੀਸ਼ੀਅਨਾਂ ਨੂੰ ਆਸਾਨੀ ਨਾਲ ਆਪਣੇ ਤਾਜ਼ਾ ਖ਼ਾਲੀ ਹੋਏ ਰਿਹਾਇਸ਼ੀ ਟਿਕਾਣਿਆਂ ਵਿਚ ਸਮਾ ਲਿਆ ਜਦੋਂਕਿ ਅੰਮ੍ਰਿਤਸਰ ਦੂਜੇ ਪਾਸੇ 50 ਹਜ਼ਾਰ ਦੌਲਤਮੰਦ ਲਾਹੌਰੀਆਂ ਨੂੰ ਵੀ ਵਧੀਆ ਢੰਗ ਨਾਲ ਥਾਂ ਨਹੀਂ ਦੇ ਸਕਿਆ।
ਹਜ਼ਾਰਾਂ ਲਾਹੌਰੀਆਂ ਨੂੰ ਛੋਟੇ-ਛੋਟੇ ਗਰੁੱਪਾਂ ਵਿਚ ਫ਼ਿਰੋਜ਼ਪੁਰ, ਬਟਾਲਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਬਾਲਾ, ਕਰਨਾਲ, ਪਾਣੀਪਤ, ਸ਼ਿਮਲਾ ਤੇ ਲੁਧਿਆਣਾ ਵਿਚ ਵਸਾਇਆ ਗਿਆ। ਹੋਰ ਤਕਰੀਬਨ ਡੇਢ ਲੱਖ ਲਾਹੌਰੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਦਿੱਲੀ ਭੇਜ ਦਿੱਤਾ ਗਿਆ ਜਿੱਥੇ ਪਟੇਲ ਨਗਰ, ਵਿਨੇ ਨਗਰ, ਕਰੋਲ ਬਾਗ਼, ਰਾਜੌਰੀ ਗਾਰਡਨ, ਪੰਜਾਬੀ ਬਾਗ਼ ਤੇ ਲਾਜਪਤ ਨਗਰ ਵਰਗੀਆਂ ਨਵੀਆਂ ਕਾਲੋਨੀਆਂ ਵਸਾਈਆਂ ਗਈਆਂ। ਹੋਰ ਤਕਰੀਬਨ 50 ਹਜ਼ਾਰ ਲਾਹੌਰੀਆਂ ਨੂੰ ਯੂਪੀ, ਰਾਜਸਥਾਨ ਤੇ ਮੱਧ ਭਾਰਤ ਦੇ ਸ਼ਹਿਰਾਂ ਲਖਨਊ, ਕਾਨਪੁਰ, ਅਲਾਹਾਬਾਦ, ਆਗਰਾ, ਗਾਜ਼ੀਆਬਾਦ ਅਤੇ ਜੈਪੁਰ ਵਿਚ ਅਮੀਰ ਮੁਸਲਮਾਨਾਂ ਵੱਲੋਂ ਖਾਲੀ ਕੀਤੇ ਗਏ ਘਰਾਂ ਵਿਚ ਵਸਾਇਆ ਗਿਆ।

ਸੱਭਿਆਚਾਰਕ ਵਿਰਾਸਤ ਦਾ ਨੁਕਸਾਨ
ਇਨ੍ਹਾਂ ਉੱਜੜੇ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਵੀ ਬੜੀ ਮੁਸ਼ਕਿਲ ਨਾਲ ਆਪਣੇ ਸਦੀਆਂ ਪੁਰਾਣੇ ਸੱਭਿਆਚਾਰ ਨੂੰ ਸੰਭਾਲ ਸਕੀ। ਦੂਜੀ ਪੀੜ੍ਹੀ ਪੰਜਾਬੀ ਨਹੀਂ ਸੀ ਬੋਲ ਸਕਦੀ ਅਤੇ ਉਸ ਤੋਂ ਬਾਅਦ ਦੀਆਂ ਪੀੜ੍ਹੀਆਂ ਪੂਰੀ ਤਰ੍ਹਾਂ ਮੁਕਾਮੀ ਰੰਗ ਵਿਚ ਰੰਗੀਆਂ ਗਈਆਂ।
ਜਿਹੜੇ ਯੂਪੀ ਵਿਚ ਵਸਾਏ ਗਏ, ਉਹ ਸਭ ਤੋਂ ਵੱਧ ਪ੍ਰਭਾਵਿਤ ਹੋਏ। ਆਪਣੇ ਜ਼ਮਾਨੇ ਦੀ ਅਦਾਕਾਰਾ ਬੀਨਾ ਰਾਏ ਦੇ ਮਾਪੇ ਕਾਨਪੁਰ ਤੇ ਲਖਨਊ ਵਿਚ ਵਸਾਏ ਗਏ। ਉਨ੍ਹਾਂ ਦੀ ਔਲਾਦ ਦਾ ਪੰਜਾਬੀ ਤੋਂ ਰਾਬਤਾ ਟੁੱਟ ਗਿਆ। ਗੀਤਕਾਰ ਰਾਜਿੰਦਰ ਕ੍ਰਿਸ਼ਨ ਦੇ ਗੋਤ-ਕਬੀਲੇ ਦੇ ਲੋਕ ਅਤੇ ਅਦਾਕਾਰ ਸੁਨੀਲ ਦੱਤ ਦਾ ਪਰਿਵਾਰ ਜਗਾਧਰੀ, ਯਮੁਨਾਨਗਰ ਤੇ ਯੂਪੀ ਵਿਚ ਰਹਿੰਦਾ ਸੀ। ਇਨ੍ਹਾਂ ਨੂੰ ਵੀ ਭਾਸ਼ਾ ਪੱਖੋਂ ਸਭ ਤੋਂ ਵੱਧ ਨੁਕਸਾਨ ਹੋਇਆ।
ਗਾਇਕਾ ਸੁਰਿੰਦਰ ਕੌਰ ਨੇ ਮੁੰਬਈ ਵਿਚ ਆਪਣੀ ਕਿਸਮਤ ਅਜ਼ਮਾਈ, ਪਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਦੀ ਦਿੱਲੀ ਵਿਚ ਕਾਮਯਾਬੀ ਦੇਖ ਕੇ ਉਹ ਵੀ ਸਿਆਣਪ ਤੋਂ ਕੰਮ ਲੈਂਦਿਆਂ ਦਿੱਲੀ ਪਰਤ ਆਈ। ਸਿਰਫ਼ ਉਸ (ਸੁਰਿੰਦਰ ਕੌਰ) ਦੀ ਸਭ ਤੋਂ ਵੱਡੀ ਧੀ ਡੌਲੀ ਗੁਲੇਰੀਆ ਨੇ ਹੀ ਪੰਜਾਬੀ ਸੱਭਿਆਚਾਰ ਨਾਲ ਆਪਣੇ ਆਪ ਨੂੰ ਜੋੜੀ ਰੱਖਿਆ ਜੋ ਪੰਚਕੂਲਾ ਵਿਚ ਰਹਿੰਦੀ ਹੈ।
ਅਦਾਕਾਰ ਰਾਜਿੰਦਰ ਕੁਮਾਰ, ਸਿਆਲਕੋਟ ਤੋਂ ਮੁੰਬਈ ਚਲੇ ਗਏ ਸਨ। ਅੱਜ ਉਨ੍ਹਾਂ ਦੇ ਮੁੰਬਈ ਰਹਿੰਦੇ ਪਰਿਵਾਰ ਦਾ ਪੰਜਾਬੀ ਸੱਭਿਆਚਾਰ ਨਾਲ ਕੋਈ ਵਾਹ-ਵਾਸਤਾ ਨਹੀਂ। ਇਸੇ ਤਰ੍ਹਾਂ ਮੁੰਬਈ ਜਾਣ ਵਾਲੇ ਸੰਗੀਤ ਨਿਰਦੇਸ਼ਕ ਵਿਨੋਦ, ਸ਼ਾਇਰਾਂ ਸਾਹਿਰ ਲੁਧਿਆਣਵੀ ਤੇ ਡੀ.ਐੱਨ. ਮਧੋਕ ਅਤੇ ਗਾਇਕਾ-ਅਦਾਕਾਰਾ ਸੁਰੱਈਆ ਆਦਿ ਦੇ ਉੱਤਰਾਧਿਕਾਰੀਆਂ ਵਿਚੋਂ ਵੀ ਕੋਈ ਪੰਜਾਬੀ ਨਹੀਂ ਬੋਲਦਾ।

ਮਰ ਰਹੀਆਂ ਉਪ ਭਾਸ਼ਾਵਾਂ
ਪੰਜਾਬੀ ਭਾਸ਼ਾ ਹੀ ਨਹੀਂ ਸਗੋਂ ਇਸ ਦੀਆਂ ਵੱਖੋ-ਵੱਖ ਉਪ ਭਾਸ਼ਾਵਾਂ- ਹਿੰਦਕੋ (ਖ਼ੈਬਰ ਪਖ਼ਤੂਨਖ਼ਵਾ ਸੂਬੇ ਦੀ ਪਿਸ਼ਾਵਰ ਡਿਵੀਜ਼ਨ ਵਿਚ ਬੋਲੀ ਜਾਂਦੀ), ਪੋਠੋਹਾਰੀ ਪੰਜਾਬੀ (ਲਹਿੰਦੇ ਪੰਜਾਬ ਦੇ ਰਾਵਲਪਿੰਡੀ ’ਚ ਬੋਲੀ ਜਾਂਦੀ), ਸਰਾਇਕੀ ਪੰਜਾਬੀ (ਮੁਲਤਾਨ ਵਿਚ ਬੋਲੀ ਜਾਂਦੀ) ਅਤੇ ਨਾਲ ਹੀ ਬਲੋਚੀ ਭਾਸ਼ਾ ਵੀ ਭਾਰਤ ਵਿਚ ਦਮ ਤੋੜ ਰਹੀਆਂ ਹਨ। ਆਲ ਇੰਡੀਆ ਰੇਡੀਓ ਨੂੰ ਸਰਾਇਕੀ ਤੇ ਬਲੋਚੀ ਭਾਸ਼ਾਵਾਂ ਦੇ ਅਨਾਊਂਸਰ ਲੱਭਣ ਵਿਚ ਮੁਸ਼ਕਿਲ ਆ ਰਹੀ ਹੈ। ਉਂਜ, ਇਹ ਸਾਰੀਆਂ ਭਾਸ਼ਾਵਾਂ ਪਾਕਿਸਤਾਨ ’ਚ ਆਪੋ-ਆਪਣੇ ਇਲਾਕਿਆਂ ਵਿਚ ਆਮ ਵਾਂਗ ਬੋਲੀਆਂ ਜਾ ਰਹੀਆਂ ਹਨ।

ਪੇਂਡੂ ਸਿਆਲਕੋਟੀਏ
ਪੇਂਡੂ ਲਾਹੌਰੀਏ ਤੇ ਸਿਆਲਕੋਟੀਏ ਸਭ ਤੋਂ ਪਹਿਲਾਂ ਉੱਜੜ ਕੇ ਭਾਰਤ ਆਏ। ਉਸ ਸਮੇਂ ਦੇ ਪੰਜਾਬ ਦੇ ਮੁੜਵਸੇਬਾ ਮੰਤਰੀ ਗੁਰਬਚਨ ਸਿੰਘ ਬਾਜਵਾ ਮੁਤਾਬਿਕ ਸਿਆਲਕੋਟੀਆਂ ਨੇ ਡੇਰਾ ਬਾਬਾ ਨਾਨਕ, ਪਠਾਨਕੋਟ ਅਤੇ ਵਾਹਗਾ/ਅਟਾਰੀ ਰਾਹੀਂ ਸਰਹੱਦ ਪਾਰ ਕੀਤੀ।
ਬਹੁਤੇ ਪੇਂਡੂ ਸਿਆਲਕੋਟੀਏ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਬਟਾਲਾ ਦੇ ਨੇੜੇ-ਤੇੜੇ ਵੱਸ ਗਏ। ਹੋਰਨਾਂ ਨੂੰ ਗੁਰਦਾਸਪੁਰ, ਅਜਨਾਲਾ, ਭੁਲੱਥ, ਕਪੂਰਥਲਾ ਅਤੇ ਦਸੂਹਾ ਤਹਿਸੀਲਾਂ ਵਿਚ ਵਸਾਇਆ ਗਿਆ। ਉਨ੍ਹਾਂ ਨੇ ਆਪਣੀ ਭਾਸ਼ਾ ਤੇ ਸੱਭਿਆਚਾਰ ਕਾਇਮ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੇ ਸਥਾਨਕ ਭਾਸ਼ਾ ਤੇ ਸੱਭਿਆਚਾਰ ’ਤੇ ਵੀ ਆਪਣਾ ਅਸਰ ਪਾਇਆ ਹੈ। ਅਦਾਕਾਰ ਗੁਰਪ੍ਰੀਤ ਘੁੱਗੀ ਦੇ ਪੁਰਖੇ ਸਿਆਲਕੋਟ ਤੋਂ ਹੀ ਆਏ ਸਨ।
ਪੇਂਡੂ ਲਾਹੌਰੀਆਂ ਨੇ ਅੰਮ੍ਰਿਤਸਰ ਵਿਚ ਲਾਹੌਰ/ਅੰਮ੍ਰਿਤਸਰ ਸਰਹੱਦ ਰਾਹੀਂ ਅਤੇ ਫ਼ਿਰੋਜ਼ਪੁਰ ਵਿਚ ਗੰਡਾ ਸਿੰਘਵਾਲਾ/ਹੁਸੈਨੀਵਾਲਾ ਸਰਹੱਦ ਰਾਹੀਂ ਭਾਰਤ ਵਿਚ ਪੈਰ ਧਰਿਆ। ਅੰਮ੍ਰਿਤਸਰ ਵਿਚ ਉਨ੍ਹਾਂ ਲਈ ਕੋਈ ਥਾਂ ਨਹੀਂ ਸੀ। ਇਨ੍ਹਾਂ ਵਿਚੋਂ ਕੁਝ ਅਜਨਾਲਾ ਵਿਚ ਵੱਸ ਗਏ ਅਤੇ ਕੁਝ ਤਰਨ ਤਾਰਨ ਵਿਚ। ਬਹੁਤ ਸਾਰੇ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਤਹਿਸੀਲਾਂ ਵਿਚ ਵਸਾਏ ਗਏ। ਇਨ੍ਹਾਂ ਦਾ ਇਕ ਵੱਡਾ ਹਿੱਸਾ ਫ਼ਿਰੋਜ਼ਪੁਰ ਜ਼ਿਲ੍ਹੇ, ਫ਼ਿਰੋਜ਼ਪੁਰ ਤਹਿਸੀਲ, ਜ਼ੀਰਾ, ਗੁਰੂ ਹਰਸਹਾਏ, ਮੁਕਤਸਰ ਅਤੇ ਮੋਗਾ ਤਹਿਸੀਲਾਂ ਵਿਚ ਵਸਾਇਆ ਗਿਆ। ਇਨ੍ਹਾਂ ਵਿਚੋਂ ਬਹੁਤੇ ਹਾਲੇ ਵੀ ਆਪਣੇ ਸੱਭਿਆਚਾਰ ਨੂੰ ਕਾਇਮ ਰੱਖ ਰਹੇ ਹਨ।
ਸ਼ਹਿਰੀ ਸਿਆਲਕੋਟੀਆਂ ਦਾ ਮੁੜਵਸੇਬਾ ਮੁੱਖ ਤੌਰ ’ਤੇ ਬਟਾਲਾ, ਕਪੂਰਥਲਾ ਤੇ ਜਲੰਧਰ ਵਿਚ ਕੀਤਾ ਗਿਆ। ਜਲੰਧਰ ਸ਼ਹਿਰ ਵਿਚ ਮੁਸਲਿਮ ਬਹੁਗਿਣਤੀ ਸੀ ਤੇ ਉਨ੍ਹਾਂ ਵੱਲੋਂ ਖਾਲੀ ਕੀਤੀਆਂ ਥਾਵਾਂ ਉੱਤੇ ਇਨ੍ਹਾਂ ਸਿਆਲਕੋਟੀਆਂ ਨੂੰ ਵਸਾਏ ਜਾਣ ਦਾ ਅਸਰ ਇਹ ਹੋਇਆ ਕਿ ਉੱਥੇ ਪਹਿਲਾਂ ਬੋਲੀ ਜਾਂਦੀ ਰਹੀ ਦੋਆਬੀ ਪੰਜਾਬੀ ਹੁਣ ਸ਼ਹਿਰੀ ਜਲੰਧਰ ਦੀ ਬੋਲੀ ਨਹੀਂ ਰਹੀ। ਹੁਣ ਜਲੰਧਰ ਵਾਸੀ ਸਿਆਲਕੋਟੀ ਲਹਿਜੇ ਵਾਲੀ ਕੇਂਦਰੀ ਪੰਜਾਬੀ ਬੋਲਦੇ ਹਨ।
ਬੀਤੇ ਵਿਚ ਵੀ ਉਜਾੜੇ ਅਤੇ ਸਬੰਧਿਤ ਲੋਕਾਂ ਦੇ ਦੂਰ-ਦੂਰਾਡੇ ਖੇਤਰਾਂ ਵਿਚ ਚਲੇ ਜਾਣ ਕਾਰਨ ਬਹੁਤ ਸਾਰੀਆਂ ਸੱਭਿਅਤਾਵਾਂ ਮਰ ਮੁੱਕ ਗਈਆਂ ਹਨ। ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਵੀ 1947 ਵਿਚ ਅਜਿਹੀ ਹੀ ਅਣਹੋਣੀ ਵਰਤੀ।

ਮਾਰਚ 1947 ’ਚ ਪੰਜਾਬ

– ਪੰਜਾਬ ਵਿਚ ਖਿਜ਼ਰ ਹਯਾਤ ਖ਼ਾਨ ਟਿਵਾਣਾ ਦੀ ਅਗਵਾਈ ਵਾਲੀ ਰਲੀ-ਮਿਲੀ ਸਰਕਾਰ ਦੇ 2 ਮਾਰਚ 1947 ਨੂੰ ਭੰਗ ਹੋਣ ਦੀ ਘਟਨਾ ਕਾਰਨ ਸੂਬੇ ਵਿਚ ਹਿੰਸਾ ਦੀ ਸ਼ੁਰੂਆਤ ਹੋਈ। ਮੁਸਲਿਮ ਲੀਗ ਦੇ 24 ਜਨਵਰੀ ਤੋਂ ਸ਼ੁਰੂ ਹੋ ਕੇ ਡੇਢ ਮਹੀਨਾ ਚਲੇ ਵਿਰੋਧ ਪ੍ਰਦਰਸ਼ਨਾਂ ਨੇ ਲਾਹੌਰ ਅਤੇ ਅੰਮ੍ਰਿਤਸਰ ਵਿਚ ਫ਼ਿਰਕੂ ਤਣਾਅ ਵਧਾ ਦਿੱਤਾ। ਮੁਸਲਿਮ ਲੀਗ ਵੱਲੋਂ ਚਲਾਈ ਗਈ ਚੋਣ ਮੁਹਿੰਮ ਨੇ ਪਹਿਲਾਂ ਹੀ ਫ਼ਿਰਕੂ ਤਣਾਅ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ। ਪਰ ਜ਼ਿਆਦਾਤਰ ਲੋਕ ਇਹ ਮੰਨਦੇ ਹਨ ਕਿ ਖਿਜ਼ਰ ਹਯਾਤ ਖ਼ਾਨ ਟਿਵਾਣਾ ਦੀ ਸਰਕਾਰ ਦੇ ਅਸਤੀਫ਼ੇ ਦੀ ਖ਼ਬਰ ਸੁਣ ਕੇ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬ ਅਸੈਂਬਲੀ ਵਿਖੇ ਜਜ਼ਬਾਤੀ ਢੰਗ ਨਾਲ ਤਲਵਾਰ ਮਿਆਨ ਵਿਚੋਂ ਕੱਢਣ ਕਾਰਨ ਹਿੰਸਾ ਦੀ ਸ਼ੁਰੂਆਤ ਹੋਈ।
– ਚਾਰ ਮਾਰਚ ਦੀ ਸਵੇਰ ਨੂੰ ਲਾਹੌਰ ਵਿਚ ਹਿੰਸਾ ਨੇ ਪੰਜ ਜਾਨਾਂ ਲੈ ਲਈਆਂ। ਇਸ ਮਗਰੋਂ ਬਾਅਦ ਦੁਪਹਿਰ ਸ਼ੁਰੂ ਹੋਏ ਦੰਗਿਆਂ ਦੌਰਾਨ ਪੁਰਾਣੇ ਲਾਹੌਰ ਸ਼ਹਿਰ ਵਿਚ ਹਿੰਦੂਆਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ। ਕਰਫਿਊ ਲੱਗਣ ਅਤੇ ਗਵਰਨਰ ਰਾਜ ਲਾਗੂ ਹੋਣ ਦੇ ਬਾਵਜੂਦ ਪੰਜ ਅਤੇ ਛੇ ਤਰੀਕ ਨੂੰ ਵੀ ਗੜਬੜ ਜਾਰੀ ਰਹੀ। ਹਿੰਦੂਆਂ ਦੇ ਵਪਾਰ ਨੂੰ ਨੁਕਸਾਨ ਪੁੱਜਿਆ ਜਦੋਂਕਿ ਜ਼ਿਆਦਾਤਰ ਮੌਤਾਂ ਸਿੱਖਾਂ ਦੀਆਂ ਹੋਈਆਂ। ਇਸ ਦੇ ਨਾਲ ਹੀ 5 ਮਾਰਚ ਨੂੰ ਅੰਮ੍ਰਿਤਸਰ ਵਿਚ ਵੀ ਦੰਗੇ ਸ਼ੁਰੂ ਹੋ ਗਏ ਅਤੇ ਹਾਲਾਤ ਲਾਹੌਰ ਨਾਲੋਂ ਵੀ ਗੰਭੀਰ ਹੋ ਗਏ। ਕਾਂਗਰਸ ਕਮੇਟੀ ਦੀ ਰਿਪੋਰਟ ਮੁਤਾਬਿਕ (ਅੰਮ੍ਰਿਤਸਰ ਵਿਚ) ਏਨੀ ਤਬਾਹੀ ਹੋਈ ਜਿੰਨੀ ਮੈਦਾਨ-ਏ-ਜੰਗ ਵਿਚ ਦੁਸ਼ਮਣ ਦੇ ਹਮਲੇ ਕਾਰਨ ਵੀ ਨਹੀਂ ਹੁੰਦੀ। ਚੌਕ ਮਨੀ ਤੋਂ ਸ਼ੁਰੂ ਹੋਈ ਗੜਬੜ ਹਿੰਦੂਆਂ ਦੇ ਵਪਾਰਕ ਖੇਤਰਾਂ ਕਟੜਾ ਕਰਮ ਸਿੰਘ, ਲੋਹਗੜ੍ਹ ਅਤੇ ਹਾਲ ਬਜ਼ਾਰ ਤਕ ਫੈਲ ਗਈ। ਆਲੇ-ਦੁਆਲੇ ਦੇ ਮੁਸਲਮਾਨਾਂ ਨੇ ਦੁਕਾਨਾਂ ਲੁੱਟਣ ਮਗਰੋਂ ਉਨ੍ਹਾਂ ਨੂੰ ਅੱਗ ਲਾਈ। ਕਾਂਗਰਸ ਕਮੇਟੀ ਦੀ ਰਿਪੋਰਟ ਮੁਤਾਬਿਕ ਇਸ ਦੌਰਾਨ ਅੱਠ ਕਰੋੜ ਦੀ ਕੀਮਤ ਦੇ 8,000 ਘਰ ਢਹਿ-ਢੇਰੀ ਹੋ ਗਏ।
– ਲਾਹੌਰ ਤੋਂ ਸ਼ੁਰੂ ਹੋਈ ਹਿੰਸਾ ਪੱਛਮੀ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਅਟਕ, ਰਾਵਲਪਿੰਡੀ, ਜੇਹਲਮ ਅਤੇ ਮੁਲਤਾਨ ਤਕ ਪੁੱਜ ਗਈ। ਅਟਕ, ਰਾਵਲਪਿੰਡੀ ਅਤੇ ਜੇਹਲਮ- ਤਿੰਨ ਜ਼ਿਲ੍ਹਿਆਂ ਵਿਚ ਤਕਰੀਬਨ ਸੱਤ ਤੋਂ ਅੱਠ ਹਜ਼ਾਰ ਮੌਤਾਂ ਹੋਈਆਂ ਅਤੇ 40 ਤੋਂ 50 ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ। ਤਕਰੀਬਨ 40,000 ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਸਨ, ਨੇ ਕਾਹਲੀ ਨਾਲ ਸਥਾਪਤ ਕੀਤੇ ਗਏ ਕੈਂਪਾਂ ਵਿਚ ਆਸਰਾ ਲਿਆ। ਮਾਰਚ 1947 ’ਚ ਗੁੱਜਰ ਖਾਨ ਅਤੇ ਕੈਂਪਬੈੱਲਪੁਰ ਜ਼ਿਲ੍ਹਿਆਂ ਵਿਚ ਪੂਰੇ ਦੇ ਪੂਰੇ ਪਿੰਡ ਤਬਾਹ ਹੋ ਗਏ, ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਦਰਖਤਾਂ ਨਾਲ ਲਟਕਣ ਲੱਗੀਆਂ ਅਤੇ 11 ਸਾਲ ਤਕ ਦੀ ਉਮਰ ਦੀਆਂ ਬਾਲੜੀਆਂ ਵੀ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈਆਂ। ਇਹ ਵਹਿਸ਼ਤ ਫ਼ੌਜ, ਬਖਤਰਬੰਦ ਗੱਡੀਆਂ ਅਤੇ ਟੈਂਕਾਂ ਦੇ ਆਉਣ ਨਾਲ ਹੀ ਰੁਕੀ।
– ਤੱਥਾਂ ਦੀ ਪੜਤਾਲ ਕਰਨ ਲਈ ਬਣਾਈਆਂ ਨਾਗਰਿਕ ਕਮੇਟੀਆਂ ਵੱਲੋਂ ਨਾਂ ਦੱਸਣ ਦੇ ਬਾਵਜੂਦ ਮਾਰਚ ਵਿਚ ਹਿੰਸਾ ਕਰਨ ਵਾਲਿਆਂ ਵਿਚੋਂ ਬਹੁਤ ਥੋੜ੍ਹਿਆਂ ਖਿਲਾਫ਼ ਹੀ ਕਾਨੂੰਨੀ ਕਾਰਵਾਈ ਹੋਈ। ਮੋਹਰੀ ਸਿੱਖ ਸੰਸਥਾ, ਚੀਫ ਖ਼ਾਲਸਾ ਦੀਵਾਨ ਨੇ ਸਰਕਾਰ ਨੇ ਅਪੀਲ ਕੀਤੀ ਕਿ ਹਿੰਸਾ ਵਿਚ ਸ਼ਾਮਲ ਸਾਰੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਘੱਟਗਿਣਤੀਆਂ ਦੀ ਰਾਖੀ ਲਈ ਪੁਲੀਸ ਦੀ ਥਾਂ ਫ਼ੌਜ ਤਾਇਨਾਤ ਕੀਤੀ ਜਾਵੇ। ਇਸ ਨੇ ਪ੍ਰਸ਼ਾਸਨ ਵਿਚ ਹਿੰਦੂ ਸਿੱਖਾਂ ਦੀ ਗਿਣਤੀ 50 ਫ਼ੀਸਦੀ ਤਕ ਵਧਾਉਣ ਦੀ ਅਪੀਲ ਦੇ ਨਾਲ ਨਾਲ ਹਿੰਸਕ ਘਟਨਾਵਾਂ ਦੀ ਜਾਂਚ ‘ਨਿਰਪੱਖ ਅਫ਼ਸਰਾਂ’ ਤੋਂ ਕਰਵਾਉਣ ਦੀ ਬੇਨਤੀ ਵੀ ਕੀਤੀ। ਇਸ ਦੇ ਬਾਵਜੂਦ ਮੁਲਕ ਦੇ ਸਿਆਸੀ ਹਾਲਾਤ ਕਾਰਨ ਅਜਿਹਾ ਕੁਝ ਨਹੀਂ ਹੋ ਸਕਿਆ। ਹਿੰਦੋਸਤਾਨ ਛੱਡਣ ਦੀ ਤਿਆਰੀ ਕਰ ਰਹੇ ਅੰਗਰੇਜ਼ਾਂ ਦੀ ਥਾਂ ਮੁਸਲਿਮ ਲੀਗ ਦੇ ਸੱਦਿਆਂ ਦਾ ਲੋਕਾਂ ’ਤੇ ਵਧੇਰੇ ਅਸਰ ਹੋਇਆ। ਅਮਨ ਕਾਨੂੰਨ ਭੰਗ ਹੋਣ ਦੀਆਂ ਇਨ੍ਹਾਂ ਘਟਨਾਵਾਂ ਨੇ ਮਾਰੂ ਪ੍ਰਭਾਵ ਪਾਇਆ ਜਿਸ ਦਾ ਸਿੱਟਾ ਦੇਸ਼ਵੰਡ ਵੇਲੇ ਹੋਈ ਅਤਿ ਭਿਆਨਕ ਹਿੰਸਾ ਵਿਚ ਨਿਕਲਿਆ।
(ਇਆਨ ਟੈਲਬਟ ਤੇ ਗੁਰਹਰਪਾਲ ਸਿੰਘ ਦੀ ਪੁਸਤਕ ‘ਪਾਰਟੀਸ਼ਨ ਆਫ ਿੲੰਡੀਆ’ ਵਿਚੋਂ)
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ