Top
  • ਵਪਾਰ
  • ਮਨੋਰੰਜਨ
  • ਸਮਾਜ
  • ਖੇਡਾਂ
  • ਸਿਹਤ ਦਰਪਣ
  • ਰਾਜਨੀਤੀ
Impreza Impreza
  • ਨਿਊਜ਼ੀਲੈਂਡ
  • ਮੁੱਖ ਪੰਨਾ
  • ਵਿਦੇਸ਼
  • ਭਾਰਤ
  • ਸੰਪਾਦਕੀ
  • ਆਰਟੀਕਲ/ਲੇਖ
  • ਈ-ਪੇਪਰ
  • ਰੋਜ਼ਾਨਾ ਈ-ਪੇਪਰ
   View Details << Back    

ਮਹਾਤਮਾ ਗਾਂਧੀ: ਦੱਖਣ ਨਾਲ ਸਾਂਝ ---ਰਾਮਚੰਦਰ ਗੁਹਾ*


    
  

Share
  

ਆਧੁਨਿਕ ਦੌਰ ਦੇ ਕਿਸੇ ਵੀ ਹੋਰ ਭਾਰਤੀ ਦੇ ਮੁਕਾਬਲੇ ਮਹਾਤਮਾ ਗਾਂਧੀ ਦੇ ਜਨਮ ਦੀ ਪਛਾਣ ਕਿਤੇ ਵੱਧ ਉੱਚੇ ਰੁਤਬੇ ਵਾਲੀ ਹੈ। ਉਹ ਅਜਿਹਾ ਹਿੰਦੂ ਸੀ, ਜਿਸ ਨੇ ਆਪਣਾ ਜੀਵਨ ਮੁਸਲਮਾਨਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੇ ਲੇਖੇ ਲਾ ਦਿੱਤਾ (ਤੇ ਜਾਨ ਵੀ ਗਵਾਈ)। ਜਦੋਂ 1922 ਵਿਚ ਉਸ ‘ਤੇ ਰਾਜਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਅਤੇ ਅੰਗਰੇਜ਼ ਜੱਜ ਨੇ ਉਸ ਦਾ ਕਿੱਤਾ ਪੁੱਛਿਆ ਤਾਂ ਉਸ ਦਾ ਜਵਾਬ ਸੀ- ‘ਕਿਸਾਨ ਤੇ ਬੁਣਕਰ’। ਰੁਜ਼ਗਾਰ ਦੇ ਇਹ ਦੋਵੇਂ ਤਰੀਕੇ ਉਸ ਦੇ ਵਪਾਰੀ ਪੁਰਖਿਆਂ ਲਈ ਬਿਲਕੁਲ ਓਪਰੇ ਸਨ। ਉਹ ਗੁਜਰਾਤੀ ਭਾਸ਼ਾ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਇਸ ਦੇ ਸਾਹਿਤ ਵਿਚ ਕਾਬਿਲੇ-ਜ਼ਿਕਰ ਯੋਗਦਾਨ ਵੀ ਪਾਇਆ। ਉਹ ਭਾਰਤ ਦੇ ਹੋਰ ਸਾਰੇ ਭਾਸ਼ਾਈ ਖੇਤਰਾਂ ਬਾਰੇ ਵੀ ਜਾਣਕਾਰੀ ਰੱਖਦਾ ਸੀ ਤੇ ਉਨ੍ਹਾਂ ਨੂੰ ਪਿਆਰ ਕਰਦਾ ਸੀ।
ਮੈਂ ਉਸ ਦੀ ਜ਼ਿੰਦਗੀ ਅਤੇ ਕਰੀਅਰ ਉਤੇ ਆਪਣੀ ਅਕਾਦਮਿਕ ਖੋਜ ਦੇ ਆਧਾਰ ‘ਤੇ ਉਸ ਵਿਚ ਫ਼ਿਰਕਾਪ੍ਰਸਤੀ ਵਾਲੀ ਸੋਚ ਦੀ ਅਣਹੋਂਦ ਤੋਂ ਜਾਣੂ ਹਾਂ। ਇਸੇ ਮਹੀਨੇ ਮੈਨੂੰ ਉਦੋਂ ਗਾਂਧੀ ਦੇ ਲਾਸਾਨੀ ਸਰਬ-ਭਾਰਤੀ ਰੁਤਬੇ ਦੇ ਤਾਜ਼ਾ ਤੇ ਸ਼ਾਨਦਾਰ ਦਰਸ਼ਨ ਹੋਏ, ਜਦੋਂ ਮੈਂ ਕੋਇੰਬਟੂਰ (ਤਾਮਿਲਨਾਡੂ) ਵਿਚ ਉਸ ਦੇ 150ਵੇਂ ਜਨਮ ਦਿਨ ਸਬੰਧੀ ਸਮਾਗਮ ਵਿਚ ਸ਼ਿਰਕਤ ਕੀਤੀ (ਇਹ ਜਨਮ ਦਿਨ ਇਸ ਸਾਲ ਬਾਅਦ ਵਿਚ ਆਵੇਗਾ)। ਇਹ ਇਕ ਕੰਮ-ਕਾਜੀ ਦਿਨ (ਭਾਵ ਛੁੱਟੀ ਦਾ ਦਿਨ ਨਹੀਂ) ਸੀ ਅਤੇ ਸਵੇਰੇ 9 ਵਜੇ ਤੱਕ ਹੀ ਓਪਨ-ਏਅਰ ਹਾਲ ਪੂਰਾ ਭਰਿਆ ਹੋਇਆ ਸੀ। ਸ਼ਹਿਰ ਦੇ ਇਕ ਹਜ਼ਾਰ ਤੋਂ ਵੱਧ ਲੋਕ ਮਹਾਤਮਾ ਦੀ ਯਾਦ ਵਿਚ ਇਕੱਤਰ ਹੋ ਚੁੱਕੇ ਸਨ। ਇਨ੍ਹਾਂ ਵਿਚ ਨੌਜਵਾਨ, ਬਜ਼ੁਰਗ, ਮਰਦ, ਔਰਤਾਂ ਤੇ ਬੱਚੇ ਸ਼ਮਲ ਸਨ ਜੋ ਵੱਖ ਵੱਖ ਧਰਮਾਂ ਨਾਲ ਸਬੰਧਤ (ਜਾਂ ਜਿਨ੍ਹਾਂ ਦਾ ਕੋਈ ਧਰਮ ਨਹੀਂ ਸੀ) ਸਨ।
ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਸਮੂਹ-ਗੀਤਾਂ ਰਾਹੀਂ ਹੋਈ। ਵਿਦਿਆਰਥੀ ਬਹੁਤ ਵਧੀਆ ਸਿੱਖਿਅਤ ਤੇ ਸੁਰੀਲੀਆਂ ਆਵਾਜ਼ਾਂ ਵਾਲੇ ਸਨ। ਉਨ੍ਹਾਂ ਸਭ ਤੋਂ ਪਹਿਲਾਂ ਮਹਾਨ ਤਾਮਿਲ ਕਵੀ ਸੁਬਰਾਮਨੀਆ ਭਾਰਤੀ ਦੇ ਦੇਸ਼ਭਗਤੀ ਦੇ ਗੀਤ ਗਾਏ। ਫਿਰ ਮਸ਼ਹੂਰ ਹਿੰਦੀ ਗੀਤ ‘ਸਾਬਰਮਤੀ ਕੇ ਸੰਤ ਤੂਨੇ ਕਰ ਦਿਯਾ ਕਮਾਲ’ ਪੇਸ਼ ਕੀਤਾ ਜਿਹੜਾ ਮੂਲ ਰੂਪ ਵਿਚ ਕਵੀ ਪ੍ਰਦੀਪ ਨੇ 1954 ਦੀ ਫ਼ਿਲਮ ‘ਜਗ੍ਰਿਤੀ’ ਲਈ ਲਿਖਿਆ ਤੇ ਉਸ ਸਮੇਂ ਆਸ਼ਾ ਭੋਸਲੇ ਨੇ ਗਾਇਆ ਸੀ ਜੋ ਉਦੋਂ 21 ਕੁ ਵਰ੍ਹਿਆਂ ਦੀ ਸੀ। ਉਨ੍ਹਾਂ ਕੁਝ ਹੋਰ ਤਾਮਿਲ ਗੀਤ ਵੀ ਪੇਸ਼ ਕੀਤੇ ਅਤੇ ਸਮਾਪਤੀ ਮਹਾਤਮਾ ਦੇ ਪਿਆਰੇ ਦੋ ਭਜਨਾਂ ‘ਵੈਸ਼ਨਵ ਜਨ ਤੋ’ ਅਤੇ ‘ਰਘੂਪਤੀ ਰਾਘਵ ਰਾਜਾ ਰਾਮ’ ਨਾਲ ਕੀਤੀ।
ਬੱਚਿਆਂ ਨੂੰ ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਹੱਲਾਸ਼ੇਰੀ ਦਿੱਤੀ। ਫਿਰ ਵਡੇਰੀ ਉਮਰ ਦੇ ਲੋਕਾਂ ਦਾ ਇਕ ਸਮੂਹ ਪੁੱਜਿਆ ਤੇ ਮੰਚ ਉਤੇ ਛਾ ਗਿਆ। ਸਮੂਹ ਵਿਚ ਡਰਬਨ ਨਾਲ ਸਬੰਧਤ ਇਕ ਔਰਤ ਵੀ ਸੀ ਅਤੇ ਹੋਰ ਦਰਜਨ ਭਰ ਤਾਮਿਲ ਸਨ। ਇਨ੍ਹਾਂ ਸਾਰਿਆਂ ਦਾ ਉਸ ਦਿਨ ਸਨਮਾਨ ਕੀਤਾ ਗਿਆ। ਔਰਤ ਸੀ ਇਲਾ ਗਾਂਧੀ, ਮਹਾਤਮਾ ਦੀ ਪੋਤਰੀ, ਦੱਖਣੀ ਅਫ਼ਰੀਕਾ ਦੀ ਰੰਗਭੇਦੀ ਹਕੂਮਤ ਖ਼ਿਲਾਫ਼ ਦਲੇਰੀ ਨਾਲ ਸੰਘਰਸ਼ ਕਰਨ ਵਾਲੀ। ਉਹ ਮੁਲਕ ਦੀ ਪਹਿਲੀ ਬਹੁ-ਨਸਲੀ ਸੰਸਦ ਦੀ ਮੈਂਬਰ (ਐੱਮਪੀ) ਹੈ। ਉਸ ਨੂੰ ਆਪਣੇ ਜੱਦੀ ਮੁਲਕ ਵਿਚ ਸਦਭਾਵਨਾ ਕਾਇਮ ਰੱਖਣ ਲਈ ਕੀਤੀਆਂ ਬਿਹਤਰੀਨ ਸੇਵਾਵਾਂ ਲਈ ‘ਡਿਫੈਂਡਰ ਆਫ਼ ਪੀਸ’ (ਅਮਨ ਦੀ ਮੁਹਾਫ਼ਿਜ਼) ਦਾ ਐਵਾਰਡ ਦਿੱਤਾ ਜਾ ਰਿਹਾ ਸੀ। ਬਾਕੀ ਦਰਜਨ ਭਰ ਤਾਮਿਲ ਸਰਵੋਦਿਆ ਰਵਾਇਤ ਦੇ ਸਮਾਜ ਸੇਵਕ ਹਨ, ਜਿਨ੍ਹਾਂ ਆਪਣੀਆਂ ਜ਼ਿੰਦਗੀਆਂ ਗਾਂਧੀਵਾਦੀ ਸੋਚ ਜਿਵੇਂ ਬੁਨਿਆਦੀ ਸਿੱਖਿਆ, ਕਤਾਈ ਤੇ ਬੁਣਾਈ ਨੂੰ ਹੱਲਾਸ਼ੇਰੀ ਅਤੇ ਸਥਿਰ ਤੇ ਠੋਸ ਵਿਕਾਸ ਨੂੰ ਸਮਰਪਿਤ ਕੀਤੀਆਂ ਹਨ। ਇਲਾ ਗਾਂਧੀ ਆਪਣੀ ਉਮਰ ਦੇ ਪਿਛਲੇ ਸੱਤਰਵਿਆਂ ਵਿਚ ਹੈ ਅਤੇ ਬਾਕੀ ਐਵਾਰਡੀ ਤਾਂ ਹੋਰ ਵੀ ਵੱਧ ਉਮਰ ਦਰਾਜ਼ ਸਨ। ਇਕ ਸਨਮਾਨਤ ਸ਼ਖ਼ਸ ਤਾਂ 104 ਸਾਲਾਂ ਦਾ ਸੀ। ਜਦੋਂ ਇਨ੍ਹਾਂ ਨੂੰ ਐਵਾਰਡ ਵੰਡੇ ਜਾ ਰਹੇ ਸਨ ਤਾਂ ਦਰਸ਼ਕ ਤਾੜੀਆਂ ਰਾਹੀਂ ਉਸ ਦਾ ਮਾਣ ਵਧਾ ਰਹੇ ਸਨ।
ਕੋਇੰਬਟੂਰ ਦੇ ਇਸ ਸਮਾਗਮ ਦੇ ਦੋ ਮੁੱਖ ਪ੍ਰਬੰਧਕ ਸਨ। ਇਕ ਭਾਰਤੀ ਵਿਦਿਆ ਭਵਨ, ਜਿਸ ਦੀ ਸਥਾਪਨਾ 1938 ਵਿਚ ਲੇਖਕ, ਵਕੀਲ ਤੇ ਦੇਸ਼ਭਗਤ ਕੇਐੱਮ ਮੁਨਸ਼ੀ ਨੇ (ਭਵਨ ਦੀ ਵੈੱਬਸਾਈਟ ਮੁਤਾਬਕ) ‘ਮਹਾਤਮਾ ਗਾਂਧੀ ਦੇ ਆਸ਼ੀਰਵਾਦ ਨਾਲ ਕੰਮ ਕਰਦਿਆਂ’ ਕੀਤੀ ਸੀ। ਇਸੇ ਤਰ੍ਹਾਂ (ਸਮਾਗਮ ਵਾਲੇ ਦਿਨ ਭਵਨ ਦੇ ਪ੍ਰਤੀਨਿਧ ਵੱਲੋਂ ਦੱਸੇ ਮੁਤਾਬਕ) ਉਸ ਨੂੰ ਇਸ ਕੰਮ ਵਿਚ ਵੱਲਭ ਭਾਈ ਪਟੇਲ, ਜਵਾਹਰ ਲਾਲ ਨਹਿਰੂ, ਚੱਕਰਵਰਤੀ ਰਾਜਗੋਪਾਲਾਚਾਰੀ ਅਤੇ ਸਰਵਪੱਲੀ ਰਾਧਾਕ੍ਰਿਸ਼ਨਨ ਦਾ ਵੀ ਆਸ਼ੀਰਵਾਦ ਹਾਸਲ ਸੀ। ਦੂਜੀ ਪ੍ਰਬੰਧਕ ਸੰਸਥਾ ਸੀ ਸ਼ਾਂਤੀ ਆਸ਼ਰਮ, ਜਿਸ ਦੀ ਸਥਾਪਨਾ ਗਾਂਧੀਵਾਦੀ ਸਿੱਖਿਆਦਾਨੀ ਡਾ. ਐੱਮ ਆਰਾਮ ਨੇ 1986 ਵਿਚ ਕੀਤੀ ਸੀ। ਉਸ ਨੇ ਬਹੁਤ ਸਾਲ ਨਾਗਾਲੈਂਡ ਵਿਚ ਕੰਮ ਕੀਤਾ ਅਤੇ ਫਿਰ ਗਾਂਧੀਗ੍ਰਾਮ ਰੂਰਲ ਯੂਨੀਵਰਸਿਟੀ ਦਾ ਉਪ ਕੁਲਪਤੀ ਬਣ ਕੇ ਆਪਣੇ ਜੱਦੀ ਸੂਬੇ ਤਾਮਿਲਨਾਡੂ ਪਰਤ ਆਇਆ। ਸ਼ਾਂਤੀ ਆਸ਼ਰਮ ਦਾ ਸੰਚਾਲਨ ਹੁਣ ਉਸ ਦੀ ਧੀ ਡਾ. ਵੀਨੂ ਆਰਾਮ ਕਰਦੀ ਹੋਈ ਸਿਹਤ ਤੇ ਤੰਦਰੁਸਤੀ ਨੂੰ ਹੁਲਾਰਾ ਦੇਣ ਲਈ ਕੰਮ ਰਹੀ ਹੈ।
ਇਨ੍ਹਾਂ ਦੋ ਮੁੱਖ ਪ੍ਰਬੰਧਕਾਂ ਤੋਂ ਇਲਾਵਾ ਸਮਾਗਮ ਦੀ ਸਫਲਤਾ ਲਈ ਪੰਜਾਹ ਕੁ ਸੰਸਥਾਵਾਂ ਮਿਲ ਕੇ ਕੰਮ ਕਰ ਰਹੀਆਂ ਸਨ। ਇਨ੍ਹਾਂ ਵਿਚ ਗੁਰਦੁਆਰਾ ਸਿੰਘ ਸਭਾ, ਜਮਾਤ-ਏ-ਇਸਲਾਮੀ ਹਿੰਦ, ਕ੍ਰਿਸ਼ਚੀਅਨ ਫੈਲੋਸ਼ਿਪ ਹੌਸਪੀਟਲ, ਬ੍ਰਹਮਾ ਕੁਮਾਰੀਆਂ ਅਤੇ ਸ੍ਰੀ ਅੱਯੱਪਨ ਪੂਜਾ ਸੰਗਮ ਦੇ ਨਾਲ ਹੀ ਵਰਲਡ ਤੇਲਗੂ ਫੈਡਰੇਸ਼ਨ, ਸ੍ਰੀ ਕੋਇੰਬਟੂਰ ਗੁਜਰਾਤੀ ਸਭਾ, ਕਰਨਾਟਕ ਐਸੋਸੀਏਸ਼ਨ, ਕੋਇੰਬਟੂਰ ਹਿੰਦੀ ਪ੍ਰਚਾਰ ਸਭਾ ਅਤੇ ਰਾਜਸਥਾਨੀ ਸੰਘ ਆਦਿ। ਕੁਝ ਸਪਾਂਸਰਿੰਗ ਸੰਸਥਾਵਾਂ ਵੀ ਸਨ, ਜਿਨ੍ਹਾਂ ਦੇ ਨਾਵਾਂ ਤੋਂ ਉਨ੍ਹਾਂ ਦੇ ਤਾਮਿਲ ਪਿਛੋਕੜ ਦਾ ਪਤਾ ਲੱਗਦਾ ਸੀ, ਜਿਵੇਂ ਨਾਨੇਰੀ ਕੜਗਮ ਅਤੇ ਕਾਮਬਾਨ ਕੜਗਮ। ਕੁਝ ਗਾਂਧੀਵਾਦੀ ਸੰਸਾਵਾਂ ਵੀ ਸਹਿਯੋਗ ਦੇ ਰਹੀਆਂ ਸਨ, ਜਿਨ੍ਹਾਂ ਦੇ ਨਾਂ ‘ਮੇਜ਼ਬਾਨਾਂ ਦੀ ਕਮੇਟੀ’ ਵਿਚ ਦਰਜ ਸਨ, ਜਿਵੇਂ ਕਸਤੂਰਬਾ ਮੈਮੋਰੀਅਲ ਟਰਸਟ, ਗਾਂਧੀਪੁਰਮ ਸਰਵੋਦਿਆ ਸੰਘ ਅਤੇ ਅਹਿੰਸਾ ਫਾਊਂਡੇਸ਼ਨ।
ਸਮਾਗਮ ਲਈ ਭਾਸ਼ਾਵਾਂ ਅਤੇ ਧਾਰਮਿਕ ਅਕੀਦਿਆਂ ਦੀ ਵੰਨ-ਸੁਵੰਨਤਾ ਬਹੁਤ ਚੰਗੀ ਲੱਗੀ ਅਤੇ ਇਹ ਸਾਰੀ ਆਪਣੇ ਆਪ ਵਿਚ ਗਾਂਧੀਵਾਦੀ ਵੀ ਸੀ। ਇਸ ਦੇ ਨਾਲ ਹੀ, ਇਹ ਵੀ ਮਹਾਤਮਾ ਦੀ ਸੋਚ ਮੁਤਾਬਕ ਹੀ ਸੀ ਕਿ ਕੋਈ ਵੀ ਸਰਕਾਰੀ ਵਿਭਾਗ ਸਮਾਗਮ ਦੇ ਪ੍ਰਬੰਧਕਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਸੀ ਤੇ ਨਾ ਹੀ ਕੋਈ ਵੱਡਾ ਕਾਰੋਬਾਰੀ ਅਦਾਰਾ। ਇਹ ਸਵੈ-ਇੱਛਤ ਕੋਸ਼ਿਸ਼ ਸੀ ਜਿਸ ਨੂੰ ਸਿਰਫ਼ ਸ਼ਹਿਰੀ ਭਾਈਚਾਰਾ ਅਤੇ ਸ਼ਹਿਰੀ ਸੰਸਥਾਵਾਂ ਹੀ ਚਲਾ ਰਹੀਆਂ ਸਨ।
ਤਾਮਿਲਾਂ ਅਤੇ ਤਾਮਿਲਨਾਡੂ ਨਾਲ ਮਹਾਤਮਾ ਦਾ ਬੜਾ ਗੂੜ੍ਹਾ ਤੇ ਟਿਕਾਊ ਰਿਸ਼ਤਾ ਸੀ। ਇਸ ਦੀ ਸ਼ੁਰੂਆਤ ਦੱਖਣੀ ਅਫ਼ਰੀਕਾ ਵਿਚ ਹੋਈ, ਜਿਥੇ ਵੱਡੀ ਗਿਣਤੀ ਤਾਮਿਲਾਂ ਨੇ ਦਲੇਰੀ ਨਾਲ ਉਸ ਦੇ ਸੱਤਿਆਗ੍ਰਹਿਆਂ ਵਿਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਸ੍ਰੀ ਥੰਬੀ ਨਾਇਡੂ ਤੇ ਉਸ ਦੀ ਪਤਨੀ ਅਤੇ ਸ਼ਹੀਦ ਨਾਗੱਪਨ ਤੇ ਵਲਾਈਅੰਮਾ ਮੁੱਖ ਸਨ। ਦੱਖਣੀ ਅਫ਼ਰੀਕਾ ਵਿਚ ਮਹਾਤਮਾ ਦੇ ਤਾਮਿਲ ਦੋਸਤ ਜੇਐੱਮ ਲਾਜਾਰੁਸ ਨੇ ਹੀ ਗਾਂਧੀ ਨੂੰ ਸਭ ਤੋਂ ਪਹਿਲਾਂ ਭਾਰਤ ਦੇ ਅੰਦਰ ਜਾਰੀ ਜਾਤੀਵਾਦੀ ਵਿਤਕਰੇ ਬਾਰੇ ਜਾਣੂ ਕਰਵਾਇਆ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਜਦੋਂ ਵੀ ਉਹ ਭਾਰਤ ਵਿਚ ਕੋਈ ਅੰਦੋਲਨ ਚਲਾਉਣ ਤਾਂ ਲਾਜ਼ਮੀ ਤੌਰ ‘ਤੇ ਛੂਆਛਾਤ ਦਾ ਖ਼ਾਤਮਾ ਉਸ ਦਾ ਕੇਂਦਰੀ ਮੁੱਦਾ ਹੋਣਾ ਚਾਹੀਦਾ ਹੈ।
ਇਹੀ ਨਹੀਂ, ਭਾਰਤ ਵਿਚ ਕੰਮ ਕਰਦਿਆਂ ਵੀ ਗਾਂਧੀ ਦੇ ਕਈ ਕਰੀਬੀ ਤਾਮਿਲ ਸਨ। ਇਨ੍ਹਾਂ ਵਿਚ ਅਹਿਮ ਸਨ ਸੀ. ਰਾਜਗੋਪਾਲਾਚਾਰੀ, ਭਾਵ ‘ਰਾਜਾਜੀ’ ਜੋ ਗਾਂਧੀ ਦੇ ਦੱਖਣੀ ਕਮਾਂਡਰ ਸਨ। ਉਸ ਨੇ ਮਹਾਤਮਾ ਦੇ ਅੰਤਰ-ਧਰਮ ਸਦਭਾਵਨਾ, ਛੂਆਛੂਤ ਦੇ ਖ਼ਾਤਮੇ ਅਤੇ ਖਾਦੀ ਦੇ ਤਾਮਿਲਨਾਡੂ ਭਰ ਵਿਚ ਪ੍ਰਚਾਰ ਲਈ ਬਹੁਤ ਕੰਮ ਕੀਤਾ। ਰਾਜਾਜੀ ਬਹੁਤ ਦਲੇਰ ਅਤੇ ਖੁੱਲ੍ਹੇ ਵਿਚਾਰਾਂ ਵਾਲਾ ਸੀ, ਜਿਸ ਨੂੰ ਗਾਂਧੀ ਨੇ ਇਕ ਵਾਰ ‘ਆਪਣੀ (ਗਾਂਧੀ ਦੀ) ਅੰਤਰ-ਆਤਮਾ ਦਾ ਸੰਭਾਲਕਰਤਾ’ ਕਰਾਰ ਦਿੱਤਾ ਸੀ। ਗਾਂਧੀ ਦੇ ਹੋਰ ਤਾਮਿਲ ਸਾਥੀ ਸਨ, ਈਸਾਈ ਜੇਸੀ ਕੁਮਾਰੱਪਾ, ਜੋ ਕੋਲੰਬੀਆ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਅਰਥ ਸ਼ਾਸਤਰੀ ਸੀ (ਉਸ ਦੇ ਥੀਸਿਸ ਦੀ ਨਿਗਰਾਨੀ ਈਆਰਏ ਸੈਲਿਗਮੈਨ ਨੇ ਕੀਤੀ ਸੀ, ਜੋ ਪੀਐਚਡੀ ਦੀ ਡਿਗਰੀ ਲਈ ਡਾ. ਬੀਆਰ ਅੰਬੇਡਕਰ ਦਾ ਵੀ ਗਾਈਡ ਸੀ)। ਕੁਮਾਰੱਪਾ 1929 ਵਿਚ ਮੁੰਬਈ ‘ਚ ਆਪਣੀ ਵਧੀਆ ਚੱਲ ਰਹੀ ਅਕਾਊਂਟੈਂਸੀ ਦੀ ਪ੍ਰੈਕਟਿਸ ਛੱਡ ਕੇ ਗਾਂਧੀ ਦੇ ਅੰਦੋਲਨ ਵਿਚ ਸ਼ਾਮਲ ਹੋਇਆ। ਫਿਰ ਉਹ ਚਾਰ ਦਹਾਕਿਆਂ ਤੱਕ ਆਪਣੇ ਕਹਿਣ ਮੁਤਾਬਕ ‘ਟਿਕਾਊ ਅਰਥਚਾਰੇ’ (economy of permanence) ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਰਿਹਾ। ਉਸ ਦਾ ਪੱਕਾ ਭਰੋਸਾ ਸੀ ਕਿ ਸਨਅਤੀ ਸਮਾਜ (ਦੋਵੇਂ ਸਰਮਾਏਦਾਰੀ ਤੇ ਸਮਾਜਵਾਦੀ ਤਰਜ਼ ਦਾ) ਧਰਤੀ ਅਤੇ ਇਸ ‘ਤੇ ਰਹਿਣ ਵਾਲਿਆਂ ਨੂੰ ਤਬਾਹ ਕਰ ਦੇਵੇਗਾ। ਇਸ ਕਾਰਨ ਉਸ ਨੇ ਵਾਤਾਵਰਨ ਪੱਖੀ ਢੰਗ-ਤਰੀਕਿਆਂ ਰਾਹੀਂ ਪੇਂਡੂ ਅਰਥਚਾਰੇ ਦੀ ਮੁੜ ਉਸਾਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਇਸ ਮਕੱਦਸ ਨਾਲ ਪਾਣੀ ਦੀ ਸੰਭਾਲ, ਰੀਸਾਈਕਲਿੰਗ (ਵਸਤਾਂ ਦੀ ਮੁੜ ਵਰਤੋਂ), ਰਸਾਇਣਕ ਖਾਦਾਂ ਦੀ ਥਾਂ ਜੈਵਿਕ ਖਾਦਾਂ ਦੇ ਇਸਤੇਮਾਲ ਅਤੇ ਦਸਤਕਾਰੀ ਦੀਆਂ ਰਵਾਇਤਾਂ ਦੀ ਮੁੜ-ਸੁਰਜੀਤੀ ਆਦਿ ਨੂੰ ਉਤਸ਼ਾਹਿਤ ਕੀਤਾ। ਇਕ ਹੋਰ ਅਹਿਮ ਤਾਮਿਲ ਗਾਂਧੀਵਾਦੀ ਡਾ. ਸੁੰਦਰਮ ਰਾਮਾਚੰਦਰਨ ਸੀ, ਜਿਹੜਾ ਟੀਵੀਐੱਸ ਇੰਡਸਟਰੀਜ਼ ਵਾਲਿਆਂ ਦੇ ਖ਼ੁਸ਼ਹਾਲ ਕਾਰੋਬਾਰੀ ਪਰਿਵਾਰ ਵਿਚ ਜੰਮਿਆ ਸੀ। ਉਸ ਨੇ ਆਪਣੇ ਸੁੱਖਾਂ ਤੇ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਛੱਡ ਕੇ ਗ਼ਰੀਬਾਂ ਤੇ ਲੋੜਵੰਦਾਂ ਵਿਚ ਰਹਿਣ ਦਾ ਫ਼ੈਸਲਾ ਕੀਤਾ।
ਇਸ ਤੋਂ ਇਲਾਵਾ ਇਕ ਨਿਜੀ ਤੇ ਪਰਿਵਾਰਕ ਰਿਸ਼ਤਾ ਵੀ ਮਹਾਤਮਾ ਨੂੰ ਇਸ ਸੂਬੇ ਨਾਲ ਜੋੜਦਾ ਸੀ; ਜਿਥੇ ਉਸ ਦੇ ਤਿੰਨ ਬੱਚਿਆਂ ਨੇ ਗੁਜਰਾਤੀ ਜੀਵਨ ਸਾਥੀਆਂ ਨਾਲ ਵਿਆਹ ਕਰਵਾਏ, ਉਥੇ ਚੌਥੇ ਨੇ ਤਾਮਿਲ ਨੂੰ ਜੀਵਨ ਸਾਥੀ ਚੁਣਿਆ। ਇਸ ਰਿਸ਼ਤੇ ਦੇ ਬੱਚਿਆਂ ਅਤੇ ਅਗਲੀਆਂ ਪੀੜ੍ਹੀਆਂ ਵੱਲੋਂ ਗਾਂਧੀ ਦੇ ਤਾਮਿਲਨਾਡੂ ਨਾਲ ਰਿਸ਼ਤੇ ਨੂੰ ਅਗਾਂਹ ਵਧਾਇਆ ਜਾ ਰਿਹਾ ਹੈ।
ਤਾਮਿਲਾਂ ਸਿਰ ਗਾਂਧੀ ਦਾ ਬੜਾ ਭਾਰੀ ਕਰਜ਼ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦਾ ਵੀ ਗਾਂਧੀ ਸਿਰ ਘੱਟ ਕਰਜ਼ ਨਹੀਂ ਸੀ। ਯਕੀਨਨ ਗਾਂਧੀ ਦੇ ਹੋਰ ਅਹਿਮ ਭਾਰਤੀ ਸੂਬਿਆਂ ਨਾਲ ਵੀ ਅਜਿਹੇ ਹੀ ਗੂੜ੍ਹੇ ਰਿਸ਼ਤੇ ਸਨ। ਇਹ ਉਸ ਦੀ ਜ਼ਿੰਦਗੀ ਤੇ ਵਿਰਸਾਤ ਦਾ ਸਰਬ-ਭਾਰਤੀ ਗੁਣ ਹੀ ਹੈ, ਜੋ ਉਸ ਨੂੰ ਇਸ ਦੇਸ਼ ਵਿਚ ਜਨਮੇ ਹੋਰ ਸਮਾਜ ਸੁਧਾਰਕਾਂ ਅਤੇ ਸਿਆਸੀ ਆਗੂਆਂ ਤੋਂ ਨਿਵੇਕਲਾ ਸਥਾਨ ਦਿੰਦਾ ਹੈ। ਉਸ ਦੇ 150ਵੇਂ ਜਨਮ ਦੇ ਜਸ਼ਨਾਂ ਵਾਲੇ ਇਸ ਸਾਲ ਦੌਰਾਨ ਉਮੀਦ ਹੈ ਕਿ ਦੇਸ਼ ਦੇ ਹੋਰ ਸੂਬੇ ਵੀ ਉਸ ਨੂੰ ਚੇਤੇ ਕਰਨਗੇ ਅਤੇ ਗਾਂਧੀ ਨਾਲ ਆਪਣੇ ਰਿਸ਼ਤਿਆਂ ਤੇ ਸਮਝ ਨੂੰ ਹੋਰ ਅੱਗੇ ਵਧਾਉਣਗੇ। ਇਸ ਮਕਸਦ ਲਈ ਕੋਇੰਬਟੂਰ ਵਾਲੇ ਸਮਾਗਮ ਤੋਂ ਪ੍ਰੇਰਨਾ ਲੈਣੀ ਸਾਰਥਕ ਹੋ ਸਕਦੀ ਹੈ; ਜਿਸ ਨੂੰ ਆਮ ਨਾਗਰਿਕਾਂ ਨੇ ਹੀ ਚਿਤਵਿਆ ਤੇ ਸਫਲ ਬਣਾਇਆ, ਜਿਸ ਦੌਰਾਨ ਉਨ੍ਹਾਂ ਅੰਤਰ-ਖੇਤਰੀ ਤੇ ਅੰਤਰ-ਧਰਮ ਸਦਭਾਵਨਾ ਤੇ ਏਕਤਾ ਦੀ ਭਾਵਨਾ ਨਾਲ ਮਿਲ ਕੇ ਕੰਮ ਕੀਤਾ, ਜਿਹੜੀ ਇਸ ਦੇਸ਼ ਨੂੰ ਮਹਾਤਮਾ ਦੀ ਸਭ ਤੋਂ ਵੱਡੀ ਦੇਣ ਹੈ।
*’ਇੰਡੀਆ ਆਫਟਰ ਗਾਂਧੀ: ਦਿ ਹਿਸਟਰੀ ਆਫ ਦਿ ਵਰਲਡ’ਜ਼ ਲਾਰਜੈਸਟ ਡੈਮੋਕਰੇਸੀ’ ਲੇਖਕ ਦੀ ਚਰਚਿਤ ਕਿਤਾਬ ਹੈ।
  ਮਨੋਰੰਜਨ

  ਮੁੱਖ ਖ਼ਬਰਾਂ

ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋ...


ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦ...


'ਡਾਇਮੰਡ ਕਲੱਬ ਬਰੇਸ਼ੀਆ' ਨੇ ਕਰਵਾਇਆ ਫੁੱਟਬਾਲ ਟੂਰਨਾਮੈਂਟ, ਵੀਆਦਾਨਾ ਦੀ ਟੀਮ ਰਹੀ ਜੇਤੂ
ਇਟਲੀ ਦੇ ਸ਼ਹਿਰ ਬਰੇਸ਼ੀਆ ਦੇ 'ਡਾਇਮੰਡ ਕਲੱਬ' ਵਲੋਂ 6ਵਾਂ ਸਾਲਾਨਾ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਕਵਾਰਟਰ ਫਾਈਨਲ ਮਨੈਰਬਿਉ ਨਾਲ ਡਾਇਮੰਡ, ਐੱਨ. ...


ਭਾਰਤ ਦਾ ਚੀਨ, ਆਸਟ੍ਰੇਲੀਆ ਸਮੇਤ 10 ਦੇਸ਼ਾਂ ਨਾਲ ਵਪਾਰ ਘਾਟਾ
ਨਵੀਂ ਦਿੱਲੀ— ਭਾਰਤ ਦਾ ਪ੍ਰਸਤਾਵਿਤ ਖੇਤਰੀ ਮਜ਼ਬੂਤ ਆਰਥਕ ਹਿੱਸੇਦਾਰੀ (ਆਰ. ਸੀ. ਈ. ਪੀ.) ਸਮੂਹ ਦੇ 16 'ਚੋਂ 10 ਦੇਸ਼ਾਂ ਦੇ ਨਾਲ ਵਪਾਰ ਘਾਟਾ ਹੈ। ਇਨ੍ਹਾਂ 'ਚ ...


ਸੱਕੀ ਹਲਾਤਾਂ 'ਚ ਲੜਕੀ ਨੇ ਰੇਲ ਗੱਡੀ ਹੇਠ ਆਕੇ ਕੀਤੀ ਖੁਦਕੁਸ਼ੀ
ਬਠਿੰਡਾ: ਨੋਜਵਾਨਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸਦੇ ਚਲਦੇ ਜਿਥੇ ਬੀਤੇ ਦਿਨੀ ਸਿਵਲ ਹਸਪਤਾਲ ਵਿਖੇ ਜੀ...


ਉੱਤਰਾਖੰਡ 'ਚ ਵੱਡਾ ਹਾਦਸਾ, 45 ਲੋਕਾਂ ਦੀ ਮੌਤ
ਉਤਰਾਖੰਡ— ਉਤਰਾਖੰਡ ਦੇ ਕੋਟਦੁਆਰ 'ਚ ਪਿਪਲੀ—ਭੌਨ ਮੋਟਰ ਮਾਰਗ 'ਤੇ ਇਕ ਨਿੱਜੀ ਬੱਸ ਖੱਡ 'ਚ ਡਿੱਗ ਗਈ। ਇਸ ਭਿਆਨਕ ਹਾਦਸੇ 'ਚ 45 ਲੋਕਾਂ ਦੇ ਮਰਨ ਦੀ ਸੂਚਨਾ ਮਿਲ...

  Advertisements


  Feedback
© 2018. All rights Reserved. NZ TASVEER, Published Weekly from Newzealand.
  • ਮੁੱਖ ਪੰਨਾ
  • ਨਿਊਜ਼ੀਲੈਂਡ
  • ਵਿਦੇਸ਼
  • ਵਪਾਰ
  • ਮਨੋਰੰਜਨ
  • ਖੇਡਾਂ
  • ਸਿਹਤ
  • ਲਾਗਿਨ